ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ,
ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ,
ਤੈਂ ਦੇਸ਼ ਲਈ ਮਰਨਾ ਦੱਸਿਆ,
ਸੱਚ ਹੱਕ ਲਈ ਲੜਨਾ ਦੱਸਿਆ,
ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇ
ਭਗਤ ਤੇਰੀ ਸੋਚ ‘ਤੇ………………
ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀ
ਜਿਹਨਾਂ ਸਾਜਿ਼ਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀ
ਹਾਏ! ਅਫਸੋਸ ਉਹ ਅੱਜ ਦੇਸ਼ ਦੇ ਪਿਤਾ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………
ਤੈਨੂੰ ਜੋ ਦੱਸਦੇ ਨੇ ਅੱਤਵਾਦੀ
ਸੋਚ ਉਹਨਾਂ ਦੀ ਹੈ ਵੱਖਵਾਦੀ
ਉਹ ਭਾਰਤ ਨੂੰ ਧਰਮ ਦੇ ਨਾਂ ‘ਤੇ ਵੰਡਣਾ ਚਾਹੁੰਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………
ਤੇਰੀ ਨਾਸਤਿਕਤਾ ਦੀ ਸੋਚ ‘ਤੇ
ਉਹ ਵੀ ਹੋ ਜਾਂਦੇ ਖ਼ਾਮੋਸ਼ ਨੇ
ਜਿਹੜੇ ਆਪਣੇ ਆਪ ਨੂੰ ਤੇਰੇ ਵਾਰਸ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ………………
ਕੁੱਲੀ, ਗੁੱਲੀ, ਜੁੱਲੀ ਲਈ ਜੋ ਲੜਦੇ
ਜਿਹੜੇ ਉਹਨਾਂ ਦਾ ਇਨਕਾਉਂਟਰ ਕਰਦੇ
ਉਹੋ ਅੱਜ ਬੁੱਤ ਬਣਾ ਤੇਰੇ ਗਲ਼ ਹਾਰ ਫੁੱਲਾਂ ਦਾ ਪਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………
ਅੱਜ ਦੇ ਨੇਤਾ ‘ਤੇ ਅਭਿਨੇਤਾ
ਸੜਕਛਾਪ ਨੇ ਇਹ ਵਿਕ੍ਰੇਤਾ
ਤੇਰੇ ਨਾਂ ‘ਤੇ ਬੱਸ ਆਪਣੀਆਂ ਜੇਬਾਂ ਗਰਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ………………
ਸਾਡੀ ਦੋਗਲ਼ੀ ਨੀਤੀ ਕਰਕੇ
ਜੀਅ ਰਹੇ ਹਾਂ ਅਸੀਂ ਮਰ ਮਰ ਕੇ
ਤੇਰੇ ਜਿਹੇ ਪੁੱਤ ਕਿੱਥੇ ਸਾਡੇ ਘਰੀਂ ਸਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ
ਦੇ ਜੋ ਨਾਅਰੇ ਲਾਉਂਦੇ ਨੇ
ਤੇਰੀ ਸੋਚ ‘ਤੇ ਅੰਦਰੋਂ ਉਹ ਵੀ ਤਾਂ ਘਬਰਾਉਂਦੇ ਨੇ………………
-ਹਰਪ੍ਰੀਤ ਬਰਾੜ
Leave a Reply