ਮਿੱਤਰੋ!!! ਨਾਰੀ ਦਿਵਸ (8ਮਾਰਚ)’ਤੇ ਸ਼ੁਰੂ ਹੋਏ ਇਸਤਰੀ ਸੰਵੇਦਨਾ ਨੂੰ ਸਮਰਪਿਤ ਕਾਫਿਲੇ ਵਿੱਚ ਤੇਜ਼ੀ ਨਾਲ ਕਲਮਾਂ ਦੇ ਮੁਸਾਫਰ ਜੁੜਦੇ ਜਾ ਰਹੇ ਹਨ। ਲਗਾਤਾਰ ਰਚਨਾਵਾਂ ਆ ਰਹੀਆਂ ਹਨ ਤੇ ਹਰ ਇਕ ਰਚਨਾ ਵਿੱਚ ਨਾਰੀ ਦੇ ਮਨ ਦੀ ਸੰਵੇਦਨਾਂ ਨੂੰ ਬਖੂਬੀ ਪ੍ਰਗਟਾਇਆ ਗਿਆ ਹੈ। ਲਫ਼ਜ਼ਾਂ ਦਾ ਪੁਲ ਦਾ ਨਾਰੀ ਸਨਮਾਨ, ਸਮਾਜ ਵਿੱਚ ਬਰਾਬਰੀ ਦੇ ਹੱਕ ਵਿੱਚ ਅਤੇ ਕੁੱਖਾਂ ਵਿੱਚ ਕਤਲ ਦੇ ਖਿਲਾਫ ਤੁਰਿਆ ਇਹ ਕਾਫਿਲਾ ਲੰਬੇ ਪੈਂਡੇ ਤੈਅ ਕਰਨ ਲਈ ਤਿਆਰ ਹੈ। ਇਸੇ ਕਾਫਿਲੇ ਵਿੱਚ ਅੱਜ ਸਾਡੇ ਨਾਲ ਹਨ ਮੋਂਟਰਿਅਲ ਤੋਂ ਸਾਡੇ ਚਿੰਤਕ ਕਵੀ ਗੁਰਿੰਦਰਜੀਤ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਲਫ਼ਜ਼ਾਂ ਦੇ ਪੁਲ ਨੂੰ ਮਜ਼ਬੂਤ ਕਰਨ ਵਿੱਚ ਚੋਖਾ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਕਵਿਤਾ ਨਾਰੀ ਦਿਵਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤੁਹਾਡੇ ਵਿਚਾਰਾਂ ਦੀ ਭਰਪੂਰ ਆਸ ਹੈ। ਆਓ ਸਾਥੀਓ ਇਸ ਕਾਫਿਲੇ ਦਾ ਹਿੱਸਾ ਬਣੀਏ। ਇਸ ਵਿਸ਼ੇ ਤੇ ਹੋਰ ਰਚਨਾਵਾਂ ਲਈ ਖੁੱਲਾ ਸਦਾ ਹੈ।
ਨਾਰੀ ਦਿਵਸ
ਨਾਂ ਹੀ ਮੈਂ
ਨਾਰੀ ਦਿਵਸ ਦਾ
ਵਿਰੋਧ ਕਰਦਾਂ
ਜਾਂ
ਮਰਦ ਪ੍ਰਧਾਨਿਸਤਾਨ ਦਾ
ਝੰਡਾ ਲਹਿਰਾਉਣਾ ਚਾਹੁੰਦਾਂ
ਨਾਂ ਹੀ ਮਨ ਹੈ
ਬਾਬੇ ਨਾਨਕ ਦੇ
ਸੰਦੇਸ਼ ਦੀ
ਅਵੱਗਿਆ ਕਰਨ ਦਾ
ਸੋਚਦਾਂ
ਕੀ ਲੋੜ ਸੀ,
ਨਾਰੀ ਦਿਵਸ ਮਨਾਉਣ ਦੀ?
ਜੇਕਰ
ਮੇਰੀਆਂ ਦੋਵੇਂ ਧੀਆਂ ਦੇ ਜੰਮਣ ‘ਤੇ,
ਮੇਰੀਆਂ ਸਕੀਆਂ ਨਾਰੀਆਂ ਨੇ,
ਲੱਡੂ ਖਾਣ ਤੋਂ ਪਹਿਲੋਂ ਹੀ,
ਮੂੰਹਾਂ ‘ਤੇ,
ਛਿੱਕਲ਼ੀ ਨਾ ਬੰਨ੍ਹ ਲਈ ਹੁੰਦੀ
ਜੇਕਰ
ਆਪਣੇ ਖਸਮ ਤੋਂ ਚੋਰੀ
ਉਹ ‘ਤੇ ਉਸਦੀ ਮਾਂ,
ਜਾਂ
ਉਹ ‘ਤੇ ਉਸਦੀ ਸੱਸ,
ਮੁੰਡਾ ਮੰਗਣ,
ਡੇਰੇ ਨਾ ਗਈਆਂ ਹੁੰਦੀਆਂ…!
ਜੇਕਰ
ਬੱਸ ਦੀ ਭੀੜ ‘ਚ ਫਸੀ,
ਗਰਭਵਤੀ ਨਾਰੀ ਨੂੰ,
ਸੀਟ ਦੇਣ ਤੋਂ ਪਹਿਲਾਂ,
ਬੈਠੀਆਂ ਸਭ ਸਿਆਣੀਆਂ,
ਲੰਮੀ ਮੂਕ ਸੋਚ ਵਿੱਚ,
ਨਾ ਪੈ ਗਈਆਂ ਹੁੰਦੀਆਂ
ਜੇਕਰ
ਉਹ,
ਉਮਰ ਕੈਦ ਦੀਆਂ ਸਲਾਖਾਂ ਪਿੱਛੇ,
ਇਹ ਸੋਚ ਰਹੀ ਹੁੰਦੀ,
‘ਕਿਉਂ ਕੀਤਾ ਸੀ ਮੈਂ
ਮੁੰਡਾ ਲੈਣ ਖਾਤਰ..
ਉਸ ਮਾਸੂਮ ਦਾ ਕਤਲ….?’
ਆਓ ਨਾਰੀ ਦਿਵਸ ਮਨਾਈਏ,
ਨਾਰੀ ਨੂੰ,
ਨਾਰੀ ਵਿਚਲੀ,
‘ਉਸ’ ਨਾਰੀ ਤੋਂ ਬਚਾਈਏ,
ਜੋ
ਨਾਰੀ ਖਾਕ ਰੁਲ਼ਾਉਂਦੀ ਹੈ,
ਉਂਝ ਨਾਰੀ ਦਿਵਸ ਮਨਾਉਂਦੀ ਹੈ
ਗੁਰਿੰਦਰਜੀਤ
Leave a Reply