ਪੰਜਾਬੀ ਪਿਆਰਿਓ ਨਾਰੀ ਸੰਵੇਦਨਾਂ ਦੇ ਕਾਫ਼ਲੇ ਵਿੱਚ ਅਗਲੀ ਕਲਮ ਜੁੜੀ ਹੈ, ਸੰਧੂ ਗਜ਼ਲ ਸਕੂ਼ਲ ਦੇ ਜਾਨਸ਼ੀਨ ਜਨਾਬ ਜਸਵਿੰਦਰ ਮਹਿਰਮ ਦੀ। ਪੰਜਾਬੀ ਦਾ ਇਹ ‘ਮਾਸਟਰ’ ਗਜ਼ਲ ਦਾ ਵੀ ‘ਮਾਸਟਰ’ (ਮਾਹਿਰ) ਹੈ, ਪਰ ਇਹ ਨਜ਼ਮ ਕਿਉਂ ਲਿਖੀ ਪੁੱਛਣ ਤੇ ਕਹਿੰਦੇ ਕਿ ਇਸ ਸੰਵੇਦਨਾਂ ਨੂੰ ਲਫ਼ਜ਼ਾਂ ਵਿੱਚ ਪਰੋਣ ਲਈ ਨਜ਼ਮ ਜਿਆਦਾ ਚੰਗਾ ਮਾਧਿਅਮ ਲੱਗੀ। ਹੁਣ ਤੱਕ ਉਨ੍ਹਾਂ ਦੀਆਂ ਗਜ਼ਲਾਂ ਮਾਣ ਚੁੱਕੇ ਸਾਥੀਆਂ ਨੂੰ ਮਹਿਰਮ ਹੁਰਾਂ ਦੀ ਕਲਮ ਦਾ ਇਹ ਰੰਗ ਵੀ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਤੁਹਾਡੇ ਵਿਚਾਰ ਤੇ ਟਿੱਪਣੀਆਂ ਦੀ ਉਡੀਕ ਰਹੇਗੀ। ਲਫ਼ਜ਼ਾਂ ਦਾ ਪੁਲ ਦਾ ਨਾਰੀ ਦਿਵਸ ਦੀ ਬਜਾਇ ਨਾਰੀ ਵਰ੍ਹਾ ਮਨਾਉਣ ਦਾ ਫੈਸਲਾ ਪ੍ਰਵਾਨ ਕਰਦੇ ਹੋਏ, ਜੇ ਤੁਸੀ ਵੀ ਸਾਡੇ ਨਾਰੀ ਸੰਵੇਦਨਾ ਕਾਫ਼ਲੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਇਸ ਵਿਸ਼ੇ ਤੇ ਆਪਣੀ ਰਚਨਾ ਭੇਜ ਦੇਵੋ।
ਮਾਏਂ ਨੀ , ਸੁਣ ਮੇਰੀਏ ਮਾਏਂ
ਮੈਂ ਤੇਰੇ ਢਿੱਡ ਦੀ ਇੱਕ ਆਂਦਰ, ਤੇਰੇ ਅੰਦਰੋਂ ਬੋਲ ਰਹੀ ਹਾਂ
ਮੇਰੇ ਦਿਲ ਵਿੱਚ ਖੌਲ ਰਿਹਾ ਜੋ , ਨਾਲ ਤੇਰੇ ਦੁੱਖ ਫੋਲ ਰਹੀ ਹਾਂ
ਮਾਏਂ ਨੀ ,
ਤੂੰ ਕਿਉਂ ਕੁਝ ਵੀ ਤਰਸ ਨਾ ਖਾਵੇਂ
ਮੈਨੂੰ ਜੱਗ ਤੇ ਆਉਣ ਨਾ ਦੇਵੇਂ
ਆਪਣੀ ਕੁੱਖ ਦਾ ਹਰ ਵਾਰੀ ਹੀ , ਕਾਹਤੋਂ ਟੈਸਟ ਕਰਾ ਬਹਿੰਦੀ ਏਂ
ਆਪਣੇ ਹੱਥੀਂ ਆਪੇ ਕਾਹਤੋਂ , ਮੇਰੀ ਹੋਂਦ ਮਿਟਾ ਦਿੰਦੀ ਏਂ
ਕੁੱਖ ਦੇ ਵਿੱਚ ਹੀ ਕਤਲ ਕਰਾ ਕੇ , ਮੈਨੂੰ ਮਾਰ ਮੁਕਾ ਦਿੰਦੀ ਏਂ
ਮਾਏਂ ਨੀ ,
ਪੁੱਤ ਜੰਮਣ ਦੀ ਇੱਛਾ ਤੁੰ ਰੱਖਦੀ ਏਂ
ਨੂੰਹ ਰਾਣੀ ਦੇ ਸੁਪਨੇ ਤੱਕਦੀ ਏਂ
ਪਰ ਇਹ ਤਾਂ ਦੱਸ
ਉਹ ਵੀ ਤਾਂ ਕਿਸੇ ਦੀ ਧੀ ਹੀ ਹੋਊ
ਤੇਰੀ ਮਾਂ ਵੀ ਸੀ , ਤੇਰੀ ਸੱਸ ਵੀ ਹੈ
ਤੇ ਤੂੰ ਵੀ ਤਾਂ ਕਿਸੇ ਦੀ ਧੀ ਹੀ ਏਂ
ਮਾਏਂ ਨੀ ,
ਕੀ ਪਤੈ ਤੇਰੀ ਕਿਸਮਤ ‘ਚ ਪੁੱਤ ਹੋਵੇ ਹੀ ਨਾ
ਜੇ ਹੋਵੇ ਵੀ ਤਾਂ ਕਦੋਂ ਹੋਵੇ
ਤੇ ਕਿੰਨਵਾਂ ਗਰਭ ਹੋਵੇ
ਕੀ ਤੁੰ ਓਦੋਂ ਤੱਕ ਕਰਦੀ ਰਹੇਂਗੀ ਆਪਣੀ ਕੁੱਖ ਦਾ ਕਤਲ
ਕੀ ਪਤੈ ,
ਮੈਂ ਤੇਰੀ ਕੁੱਖ ਦੀ ਵੇਲ ਦਾ ਆਖਰੀ ਫਲ ਹੀ ਹੋਵਾਂ
ਤੇ ਮੇਰੇ ਕਤਲ ਤੋਂ ਬਾਅਦ
ਤੇਰੀ ਕੁੱਖ ਦੀ ਵੇਲ ਹੀ ਸੁੱਕ ਜਾਵੇ
ਤੇ ਫਿਰ ਸਾਰੀ ਉਮਰ ਤੂੰ ਫੁੱਲਾਂ ਨੂੰ ਤਰਸੇਂ
ਉਸਲਵੱਟਿਆਂ ‘ਚ ਤੇਰੀਆਂ ਲੰਘਣਗੀਆਂ ਰਾਤਾਂ
ਦਿਨ ਤੈਨੂੰ ਵੱਢ ਵੱਢ ਖਾਵਣਗੇ
ਮੰਜੇ ‘ਚੋਂ ਤੈਨੂੰ ਕੰਡੇ ਜਿਹੇ ਚੁੱਭਣਗੇ
ਬਾਪੂ ਦੀ ਪੀੜੀ ਨੂੰ ਅੱਗੇ ਤੋਰਨ ਵਾਲੀਏ
ਜਰਾ ਦੱਸ ਤੇ ਸਹੀ
ਤੂੰ ਭਲਾ ਕੀਹਦੀ ਪੀੜੀ ਦੀ ਨੂੰਹ ਏਂ
ਬਾਪੂ ਦੇ ਪੜਦਾਦੇ ਦਾ ਨਾਂ ਤਾਂ ਦੱਸ
ਤੇ ਜਾਂ ਫਿਰ ਦਾਦੀ ਨੂੰ ਪੁੱਛ
ਉਹਨੂੰ ਬਾਬੇ ਦੀਆਂ ਕਿੰਨੀਆਂ ਪੀੜ੍ਹੀਆਂ
ਹੁਣ ਤੱਕ ਯਾਦ ਹਨ
ਮਾਏਂ ਨੀ
ਹੁਣ ਰਿਸ਼ਤੇ ਬਦਲ ਗਏ ਹਨ
ਤੇ ਖਤਮ ਵੀ ਹਨ ਹੋ ਰਹੇ
ਚਾਚੇ, ਤਾਏ ਤਾਂ ਇੱਕ ਪਾਸੇ
ਮਾਮਾ, ਭੂਆ ਕਿਸ ਨੇ ਕਹਿਣਾ
ਤੇ ਕਿਸ ਨੂੰ ਕਹਿਣਾ
ਇੱਕ ਤੋਂ ਵੱਧ ਬੱਚੇ ਦੀ ਅੱਛੀ ਪਰਵਰਿਸ਼
ਕਰਨ ਦੀ ਹੁਣ ਹਿੰਮਤ ਨਹੀਂ ਕਿਸੇ ਦੀ
ਇਜ਼ਾਜਤ ਨਹੀਂ ਦਿੰਦਾ ਸਮਾਂ
ਤੇ ਨਾ ਹੀ ਮਹਿੰਗਾਈ ਤੇ ਪੜ੍ਹਾਈ ਦੇ ਹਾਲਾਤ
ਮਾਏਂ ਨੀ ,
ਨੂੰਹ ਪੁੱਤ ਇੱਕ ਦਿਨ ਅੱਡ ਹੋ ਜਾਵਣ
ਧੀਆਂ ਜਦ ਪੇਕੇ ਘਰ ਆਵਣ
ਮਾਂ ਬਾਪ ਦਾ ਦੁੱਖ ਵੰਡਾਵਣ
ਜਦ ਵੀ ਰੱਖੜੀ ਦਾ ਦਿਨ ਆਵੇ
ਭੈਣ ਖੁਸ਼ੀ ਵਿੱਚ ਨੱਚੇ ਗਾਵੇ
ਵੀਰ ਦਾ ਸੁੰਨਾ ਗੁੱਟ ਸਜਾਵੇ
ਮਾਏਂ ਨੀ,
ਮੈਂ ਕੋਈ ਕੰਡਿਆਲੀ ਥੋਰ ਨਹੀਂ ਹਾਂ
ਤੇ ਨਾ ਹੀ ਤੈਨੂੰ ਮਿਲਿਆ ਕੋਈ ਸਰਾਪ ਹਾਂ
ਮਾਏਂ ਨੀ ,
ਤੂੰ ਮੈਨੂੰ ਜਨਮ ਦੇ ਤੇ ਇਹ ਦੁਨੀਆਂ ਦੇਖਣ ਦੇ
ਮਾਣ ਕਰ ਆਪਣੇ ਆਪ ਤੇ
ਤੂੰ ਇਹ ਸੰਸਾਰ ਸਿਰਜ ਰਹੀ ਏਂ
ਰੱਬ ਦਾ ਦੂਜਾ ਰੂਪ ਬਣੀਂ ਏਂ
ਭੁੱਲੇ ਚੁੱਕੇ ਹੀ ਸਹੀ
ਕਦੇ ਕਹਿ ਦਿੰਦੇ ਸੀ ਸਿਆਣੇ
ਪਰ ਹੁਣ ਨਾ ਰਹੀ
ਮੈਂ ਕੰਨਿਆ, ਕੰਜਕ , ਮੈਂ ਲੱਛਮੀ
ਕੀ ਪਤੈ,
ਮੈਂ ਕੋਈ ਇੰਦਰਾ, ਅੰਮ੍ਰਿਤਾ
ਜਾਂ ਫਿਰ ਕਲਪਨਾ ਹੀ ਹੋਵਾਂ
ਤੇ ਜਨਮ ਤੋਂ ਬਾਅਦ ਕਰ ਜਾਵਾਂ ਰੌਸ਼ਨ
ਆਪਣਾ ਨਾਂ, ਤੇਰੀ ਕੁੱਖ ਤੇ ਬਾਪੂ ਦੀ ਪੀੜੀ…
Leave a Reply