ਜਸਵੰਤ ਜ਼ਫਰ ਨਵੀਂ ਪੀੜ੍ਹੀ ਦਾ ਸਮਰੱਥ ਅਤੇ ਚਿੰਤਨਸ਼ੀਲ ਕਵੀ ਹੈ। ਭਾਵੇਂ ਕਵਿਤਾਵਾਂ ਹੋਣ ਜਾਂ ਲੇਖ ਜ਼ਫਰ ਸਥਾਪਤ ਮਾਨਤਾਵਾਂ ਨੂੰ ਅੱਖਾਂ ਬੰਦ ਕਰਕੇ ਮੰਨਣ ਉੱਪਰ ਸਵਾਲ ਖੜ੍ਹੇ ਕਰਦਾ ਹੈ। ਅੱਜ ਜਦੋਂ ਅਸੀ ਇਸਤਰੀ ਦਿਵਸ ਦੇ ਮੱਦੇਨਜ਼ਰ ਵੱਖ ਵੱਖ ਢੰਗ ਨਾਲ ਆਪਣੀਆਂ ਕਲਮਾਂ ਚਲਾ ਰਹੇ ਹਾਂ, ਉਸਦੀ ਕਲਮ ਦੀ ਧਾਰ ਤੋਂ ਕਲਮਾਂ ਵਾਲਿਆਂ ਲਈ ਸਵਾਲ ਉਪਜਦੇ ਹਨ। ਇਸ ਕਵਿਤਾ ਰਾਹੀਂ ਉਹ ਸਵਾਲ ਸਮੂਹ ਪਾਠਕਾਂ ਦੇ ਰੂ-ਬ-ਰੂ ਹਨ।
ਕੁੱਖਾਂ ‘ਚ ਕਤਲ ਹੁੰਦੀਆਂ ਕੁੜੀਆਂ
ਕਵੀ ਜੀ!
ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ?
ਪੁੱਠੀ ਵਗਦੀ ਹਵਾ ਨਾਲ
ਆਪਣੇ ਸਾਹ ਵੀ ਜੁੜੇ ਹਨ
ਜੇ ਆਪਾਂ ਕਦੀ ਮਾਂ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦੀ
ਕੋਈ ਲੋੜ ਨਹੀਂ
ਜੇ ਕਦੀ ਭੈਣ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ
ਕੋਈ ਮਤਲਬ ਨਹੀਂ
ਜੇ ਕਦੀ ਕੁੜੀ ਦੀ ਗਾਲ਼ ਕੱਢੀ ਹੈ
ਤਾਂ ਇਸ ਕਤਲ ਦੇ ਖਿਲਾਫ਼ ਕਵਿਤਾ ਲਿਖਣ ਦਾ
ਆਪਾਂ ਨੂੰ ਕੋਈ ਹੱਕ ਨਹੀਂ
ਕੁੱਖਾਂ ਅੰਦਰਲੀਆਂ ਕੁੜੀਆਂ
ਹਵਾ ‘ਚ ਖਿਲਰੀਆਂ
ਮਾਵਾਂ ਭੈਣਾਂ ਦੀਆਂ ਗਾਲ਼ਾਂ ਸੁਣ ਕੇ
ਜੰਮਣੋਂ ਇਨਕਾਰ ਕਰਦੀਆਂ ਨੇ
ਮਮਤਾ ਮੂਰਤਾਂ ਮਾਵਾਂ ਨੂੰ
ਝੂਠੀਆਂ ਕਵਿਤਾਵਾਂ ਦੀ ਬਜਾਏ
ਅਣਜੰਮੀਆਂ ਧੀਆਂ ਦੀ
ਸੱਚੀ ਜਿਦ ਅੱਗੇ ਝੁਕਣਾ ਪੈਂਦਾ ਹੈ
ਕਵੀ ! ਆਪਾਂ ਕਿਹੜੇ ਕਤਲ ਦੀ ਗੱਲ ਕਰਦੇ ਹਾਂ?
ਜਸਵੰਤ ਜ਼ਫਰ
Leave a Reply