ਹੁਣ ਬਿਨ ਤੇਰੇ ਨਹੀਂ ਰਹਿ ਹੁੰਦਾ ਪਰ ਦੁਨੀਆ ਨੂੰ ਨਹੀਂ ਕਹਿ ਹੁੰਦਾ
ਕੀ ਤੇਰੇ ਮੇਰੇ ਰਿਸ਼ਤੇ ਨੂੰ
ਏ ਦੁਨੀਆ ਸਮਝ ਵੀ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।
ਦਿਲ ਕਰਦਾ ਜਗ ਨੂੰ ਆਖ ਦਿਆਂ
ਮੇਰਾ ਓਹਦੇ ਬਿਨਾ ਗੁਜ਼ਾਰਾ ਨਹੀਂ
ਇਸ ਖੂਬ ਲੰਮੇਰੀ ਜਿੰਦਗੀ ਵਿੱਚ
ਬਿਨਾ ਓਹਦੇ ਕੋਈ ਸਹਾਰਾ ਨਹੀਂ
ਕੀ ਸਾਥ ਤੇਰੇ ਦੀ ਮਨਜ਼ੂਰੀ
ਮੈਨੂੰ ਦੁਨੀਆ ਤੋਂ ਮਿਲ ਪਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।
ਇਹ ਸਾਂਝ ਮੁਹੱਬਤਾਂ ਵਾਲੀ ਜੋ
ਤੂੰ ਕਮਲੀ ਦੇ ਨਾਲ ਪਾਈ ਏ
ਇਹ ਜਿੰਦਗੀ ਕਿੱਦਾਂ ਜਿਉਣੀ ਏ
ਤੂੰ ਹੀ ਤਾਂ ਆਣ ਸਿਖਾਈ ਏ
ਅਜੇ ਨਵੇਂ ਨੇ ਇਹ ਰਾਹ ਜਿੰਦਗੀ ਦੇ
ਕੱਲੀ ਕਮਲੀ ਤੇਰੀ ਭੁੱਲ ਜਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।
ਇਕ ਰਬ ਅੱਗੇ ਅਰਜੋਈ ਏ
ਨਾ ਵੱਖ ਕਰੀਂ ਦੋ ਰੂਹਾਂ ਨੂੰ
ਅੱਜ ਪਿਆਰ ਦਾ ਸਾਵਣ ਮਿਲਿਆ ਏ
ਮੁੱਦਤਾਂ ਤੋਂ ਸੁੱਕਿਆਂ ਖੂਹਾਂ ਨੂੰ
ਜੇ ਇਹ ਸੁਣ ਲਈ ਤਾਂ ਵਾਦਾ ਏ
ਕਦੇ ਹੋਰ ਅਰਜ਼ ਨਾ ਆਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ ।।
ਇਕ ਤੂੰ ਹੋਵੇਂ ਇਕ ਮੈਂ ਹੋਵਾਂ
ਨਾ ਦੁਨੀਆਂ ਤੇ ਕੋਈ ਹੋਰ ਰਹੇ
ਤੂੰ ਕਹੀ ਜਾਏਂ ਮੈਂ ਸੁਣਦੀ ਰਹਾਂ
ਤੇ ਕੋਈ ਨਾ ਤੀਜਾ ਕੋਲ ਬਹੇ
ਕੀ ਪਤਾ ਕਦੋਂ ਤੱਕ ਇਹੋ ਜਿਹੀ
ਇਕ ਸ਼ਾਮ ਸੰਧੂਰੀ ਛਾਏਗੀ
ਜਾਂ ਸਾਥ ਤੇਰੇ ਨੂੰ ਤਰਸਦਿਆਂ
ਰੂਹ ਦੁਨੀਆ ਤੋਂ ਉਡ ਜਾਏਗੀ।
-ਗੁਰਪ੍ਰੀਤ ਸਿੰਘ
Leave a Reply