ਦਿਲ ਦੇ ਤਪਦੇ ਮਾਰੂਥਲ ਵਿਚ
ਅੱਕ ਫੰਭੜੀ ਦੀ ਛਾਂ।
ਖ਼ੁਸ਼ੀਆਂ ਦੇ ਕੱਦ ਮਧਰੇ ਹੋ ਗਏ
ਇਕ ਵੀ ਮੇਚ ਦੀ ਨਾ।
ਕਿੰਨੇ ਕਹਿਰ ਸੀ ਹੁੰਦੇ ਤੱਕੇ
ਏਸ ਸ਼ਹਿਰ ਦੀਆਂ ਗਲ਼ੀਆਂ ਨੇ,
ਸਾਡੇ ਨਾਲ ਤਾਂ ਠੱਗੀ ਕੀਤੀ
ਹਰ ਰੁੱਤੇ ਹੀ ਕਲੀਆਂ ਨੇ।
ਕਿਸੇ ਨਾ ਸਾਡਾ ਰੋਣਾ ਸੁਣਿਆ,
ਫੜੀ ਕਿਸੇ ਨਾ ਬਾਂਹ।
ਦਿਲ ਦੇ ਤਪਦੇ ਮਾਰੂਥਲ ਵਿਚ
ਅੱਕ ਫੰਭੜੀ ਦੀ ਛਾਂ…
ਆਪਣੇ ਲਹੂ ਨਾ’ ਪੂਰਾ ਕੀਤਾ
ਜਿਸ ਦੀਆਂ ਤਸਵੀਰਾਂ ਨੂੰ,
ਓਸੇ ਨੇ ਕਾਲਖ਼ ਮਲ਼ ਦਿੱਤੀ
ਬਣਦੇ ਹੀ ਤਕਦੀਰਾਂ ਨੂੰ।
ਰੂਹ ਦੇ ਉੱਤੇ ਲਿਖਿਆ ਤਾਂ ਵੀ
ਓਸੇ ਦਾ ਹੀ ਨਾਂ।
ਦਿਲ ਦੇ ਤਪਦੇ ਮਾਰੂਥਲ ਵਿਚ
ਅੱਕ ਫੰਭੜੀ ਦੀ ਛਾਂ…
ਹਉਕੇ ਜਿੰਨੀ ਹੀ ਉਮਰਾ ਸੀ
ਸਾਡੇ ਲਈ ਤਾਂ ਰੰਗਾਂ ਦੀ।
ਟੁੱਟ ਸਕੀ ਨਾ ਬੇੜੀ ਸਾਥੋਂ
ਕਚਕੜਿਆਂ ਤੇ ਵੰਗਾਂ ਦੀ।
ਮੰਦਰ ਦੇ ਵਿਚ ਖਾਲੀ ਪਈ ਏ
ਮੂਰਤ ਵਾਲੀ ਥਾਂ।
ਦਿਲ ਦੇ ਤਪਦੇ ਮਾਰੂਥਲ ਵਿਚ
ਅੱਕ ਫੰਭੜੀ ਦੀ ਛਾਂ।
ਖ਼ੁਸ਼ੀਆਂ ਦੇ ਕੱਦ ਮਧਰੇ ਹੋ ਗਏ
ਇਕ ਵੀ ਮੇਚ ਦੀ ਨਾ।
Leave a Reply