ਮਿੱਤਰੋ ਔਰਤ ਨੂੰ ਹਮੇਸ਼ਾ ਬਾਬਲ ਦੀ ਪੱਗ ਨਾਲ ਜੋੜ ਕੇ ਦੇਖਿਆ ਗਿਆ ਹੈ, ਕਦੇ ਮਾਂ ਦੀ ਗੋਦ ਨਾਲ ਨਹੀਂ। ਪੁੱਤ ਦੀਆਂ ਪੀੜੀਆਂ ਦੀ ਗੱਲ ਚੱਲਦੀ ਹੈ ਤਾਂ ਪੜਦਾਦੇ, ਦਾਦੇ, ਪਿਉ,ਪੁੱਤ, ਪੋਤਰੇ, ਪੜਪੋਤਰੇ ਦੀ ਗੱਲ ਹੁੰਦੀ ਹੈ, ਪਰ ਧੀਆਂ ਦੇ ਬਾਰੇ ਕਦੀ ਨਾਨੀ, ਮਾਂ, ਦੋਹਤੀ ਬਾਰੇ ਗੱਲ ਨਹੀਂ ਕੀਤੀ ਜਾਂਦੀ। ਅੱਜ ਲੋੜ ਇਸੇ ਸੋਚ ਨੂੰ ਅਪਣਾਉਣ ਦੀ ਹੈ ਕਿ ਧੀਆਂ ਜਿਸ ਘਰ ਜਾਂਦੀਆਂ ਹਨ ਨਾ ਸਿਰਫ ਉਸ ਵੰਸ਼ ਦਾ ਵਿਸਤਾਰ ਕਰਦੀਆਂ ਹਨ, ਬਲਕਿ ਆਪਣੀ ਕੁੱਲ ਦਾ ਵੀ ਨਾਮ ਰੌਸ਼ਨ ਕਰਦੀਆਂ ਹਨ। ਆਉ ਪ੍ਰਣ ਕਰੀਏ ਨੂੰਹਾਂ ਨੂੰ ਧੀਆਂ ਸਮਝੀਏ ‘ਤੇ ਧੀਆਂ ਦੀਆਂ ਜਾਈਆਂ ਨੂੰ ਪਿਆਰ ‘ਤੇ ਸਤਿਕਾਰ ਦੇਈਏ। ਤਦੇ ਸਾਡਾ ਸਮਾਜ ਸੰਪੂਰਨ ਥੀਵੇਗਾ। ਨਾਰੀ ਦਿਵਸ ਦੇ ਮੌਕੇ ‘ਤੇ ਇਸੇ ਖਿਆਲ ਨੂੰ ਸਮਰਪਿਤ ਇਕ ਕਵਿਤਾ, ਆਪਣੀ ਟਿੱਪਣੀ ਨਾਲ ਹੁੰਗਾਰਾ ਜ਼ਰੂਰ ਦੇਣਾ।
ਧੀ ਦੀ ਜਾਈ
ਅੱਜ ਫੇਰ ਮੇਰੀ ਗੋਦੀ ਵਿੱਚ
ਇਕ ਨਿੱਕੀ ਜਿੰਦ ਹੈ ਖੇਡ ਰਹੀ
ਇਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ
ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ‘ਚ
ਮਸਤੀ ਨਾਲ ਝੁਲਾਂਉਂਦੀ
ਦੁੱਧ ਚੁੰਘਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਗੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
‘ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ
ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਉਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ‘ਤੇ ਆਈ ਹੈ
ਅੱਜ ਮੇਰੀ ਗੋਦ ‘ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ
-ਦੀਪ ਜਗਦੀਪ ਸਿੰਘ
Leave a Reply