ਦੋਸਤੋ ‘ਲਫ਼ਜ਼ਾਂ ਦਾ ਪੁਲ’ ਦੇ ਨਿਵੇਕਲੇ ਉਪਰਾਲੇ ਨੂੰ ਸਮੂਹ ਸਾਥੀਆਂ ਦਾ ਭਰਵਾਂ ਦਾ ਹੁੰਗਾਰਾ ਮਿਲ ਰਿਹਾ। ਸਮੂਹ ਪੰਜਾਬੀਆਂ ਨੂੰ ਪੰਜਾਬੀ ‘ਤੇ ਇੰਟਰਨੈੱਟ ਦੀ ਸਾਂਝ ਲਈ ਉਤਸ਼ਾਹਿਤ ਕਰਨ ਦਾ ‘ਲਫ਼ਜ਼ਾਂ ਦਾ ਪੁਲ’ ਦਾ ਮਕਸਦ ਪੂਰਾ ਕਰਨ ਲਈ ਇਸ ਹੁੰਗਾਰੇ ਦੀ ਬੇਹੱਦ ਲੋੜ ਹੈ। ਇਸੇ ਲੜੀ ਵਿੱਚ ਮੋਂਟਰਿਅਲ (ਕੈਨੇਡਾ) ਤੋਂ ਦੋਸਤ ਗੁਰਿੰਦਰਜੀਤ ਸਿੰਘ ਹੁਰਾਂ ਨੇ ਬਹੁਤ ਮਜ਼ਬੂਤ ਹੁੰਗਾਰਾ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ‘ਤੇ ਉਨ੍ਹਾਂ ਇਕ ਇਹੋ ਜਿਹੀ ਕਵਿਤਾ ਭੇਜੀ ਹੈ, ਜੋ ਪੰਜਾਬੀ ਬੱਚਿਆਂ ‘ਤੇ ਨੌਜਵਾਨਾਂ ਨੂੰ ਵੰਗਾਰਦੀ ਹੈ। ਸਚਮੁੱਚ ਇਸ ਵੇਲੇ ਪੰਜਾਬੀ ਬੋਲੀ ਸਾਕਾ ਸਰਹੰਦ ਵਰਗੀ ਕੁਰਬਾਨੀ ਦੀ ਮੰਗ ਕਰਦੀ ਹੈ। ਇਸ ‘ਤੋਂ ਪਹਿਲਾਂ ਕਿ ਗਲੋਬਲਾਈਜੇਸ਼ਨ ਦਾ ਦੈਂਤ ਪੰਜਾਬੀਆਂ ਦੇ ਦੁਆਲੇ ਬਾਜ਼ਾਰ ਦੀਆਂ ਇੱਟਾਂ ਚਿਣ ਦੇਵੇ,ਇਸ ਜੰਗ ਦੀ ਮਸ਼ਾਲ ਸਾਨੂੰ ਚੁੱਕਣੀ ਪਵੇਗੀ। ਇਹ ਵੰਗਾਰ ਵਰਗੀ ਕਵਿਤਾ ਸੋਚਣ ਲਈ ਮਜਬੂਰ ਤਾਂ ਕਰਦੀ ਹੀ ਹੈ, ਨੌਜਵਾਨਾਂ ‘ਤੋਂ ਜਵਾਬ ਵੀ ਮੰਗਦੀ ਹੈ, ਜਵਾਬ ਦਾ ਇੰਤਜ਼ਾਰ ਰਹੇਗਾ।
ਅਸੀਂ 21ਵੀਂ ਸਦੀ ਦੇ ਬੱਚੇ..
ਕੰਧ ਸਰਹੰਦ ਅਸਾਂਨੂੰ
ਪੁੱਛੇ ਇੱਕ ਸਵਾਲ
ਉਮਰ ਜਿਨ੍ਹਾਂ ਦੀ ਹੈ
ਅੱਜ 5-7 ਸਾਲ..
ਰਾਤ ਨੂੰ ਖੜਕਾ ਹੋਵੇ
ਅਸੀਂ ਡਰ ਜਾਂਦੇ ਹਾਂ
ਬਿਜਲੀ ਚਲੀ ਜਾਵੇ
ਅਸੀਂ ਠਰ ਜਾਂਦੇ ਹਾਂ
ਕੀ ਲੜ ਸਕਦੇ ਹਾਂ
ਚਮਕੌਰ ਦੀ ਜੰਗ
ਕੀ ਪਹਿਨ ਸਕਦੇ ਹਾਂ
ਕੁਰਬਾਨੀ ਦੇ ਰੰਗ?
ਹੈ ਹਿੰਮਤ,
ਨੀਹਾਂ ਵਿਚ ਖੜਨ ਦੀ
ਹੈ ਹਿੰਮਤ,
ਜ਼ੁਲਮ ਮੂਹਰੇ ਅੜਨ ਦੀ
ਕਿਹੋ ਜਿਹਾ ਹੋਵੇਗਾ
ਉਹ ਹਿੰਦ ਦਾ ਰਾਖਾ
ਸਾਡੀ ਸਮਝ ਤੋਂ ਦੂਰ ਹੈ
ਸਰਹੰਦ ਦਾ ਸਾਕਾ
ਖੇਡੀ ਮੌਤ ਦੀ ਖੇਡ
ਸੀ ਉਹ ਖੇਡ ਬੇਮਿਸਾਲ
ਕੰਧ ਸਰਹੰਦ ਅਸਾਂਨੂੰ
ਪੁੱਛੇ ਇੱਕ ਸਵਾਲ
ਉਮਰ ਜਿਨ੍ਹਾਂ ਦੀ ਹੈ
ਅੱਜ 5-7 ਸਾਲ..
-ਗੁਰਿੰਦਰਜੀਤ ਸਿੰਘ
Leave a Reply