ਆਪਣੀ ਬੋਲੀ, ਆਪਣਾ ਮਾਣ

ਪੁਸਤਕ ਸਮੀਖਿਆ: ਇਹ ਸ਼ਬਦਾਂ ਦੇ ਕਾਫ਼ਲੇ-ਡਾਕਟਰ ਸੁਰਜੀਤ ਪਾਤਰ

ਅੱਖਰ ਵੱਡੇ ਕਰੋ+=
ਪੁਸਤਕ ਦਾ ਨਾਮ-ਸ਼ਬਦਾ ਦੇ ਕਾਫ਼ਲੇ, ਲੇਖਕ-ਕੁਲਬੀਰ ਸਿੰਘ ਸਿੱਧੂ,
ਸਮੀਖਿਆ-ਡਾਕਟਰ ਸੁਰਜੀਤ ਪਾਤਰ


ਕੁਲਬੀਰ ਸਿੰਘ ਸਿੱਧੂ ਦਾ ਮਨ ਸੋਹਣੇ ਸ਼ਬਦਾਂ, ਸੋਹਣੇ ਖਿਆਲਾਂ, ਸੋਹਣੇ ਸ਼ਿਅਰਾਂ ‘ਤੇ ਸੁਹਣੇ ਸੁਪਨਿਆਂ ਨਾਲ ਜਗਮਗਾਉਂਦਾ ਅਸਮਾਨ ਹੈ। ਉਹ ਸਤਿ ਸੁਹਾਣ ਸਦਾ ਮਨ ਚਾਉ ਦਾ ਵਰੋਸਾਇਆ ਹੋਇਆ ਸ਼ਖਸ ਹੈ।
ਪ੍ਰੋ: ਪੂਰਨ ਸਿੰਘ ਵਾਂਗ ਉਸ ਦੇ ਸੁਪਨਿਆਂ ਵਿਚ ਵੀ ਪੰਜਾਬ ਦੇ ਦਰਿਆ ਖਾੜ-ਖਾੜ ਚੱਲਦੇ ਹਨ:

‘‘ਰਾਵੀ ਸੁਹਣੀ ਪਈ ਵਗਦੀ
ਮੈਨੂੰ ਸਤਲੁਜ ਪਿਆਰਾ ਹੈ
ਮੈਨੂੰ ਬਿਆਸ ਪਈ ਖਿੱਚਦੀ
ਮੈਨੂੰ ਝਨਾਂ ਵਾਜਾਂ ਮਾਰਦੀ
ਮੈਨੂੰ ਜੇਹਲਮ ਪਿਆਰਦਾ
ਅਟਕਾਂ ਦੀ ਲਹਿਰਾਂ ਦੀ ਠਾਠ ਮੇਰੇ ਬੂਹੇ ਤੇ ਵੱਜਦੀ
ਖਾੜ ਖਾੜ ਚੱਲਣ ਵਿਚ ਮੇਰੇ ਸੁਫਨਿਆਂ
ਪੰਜਾਬ ਦੇ ਦਰਿਆ
ਪਿਆਰ ਅੱਗ ਇਨਾਂ ਨੂੰ ਲੱਗੀ ਹੋਈ
ਪਿਆਰਾ ਜਪੁ ਸਾਹਿਬ ਗਾਉਂਦੇ ਠੰਢੇ ਤੇ ਠਾਰਦੇ ਪਿਆਰਦੇ।’’

ਸ਼ੇਖ ਫ਼ਰੀਦ ਤੋਂ ਲੈ ਕੇ ਸ਼ਿਵ ਕੁਮਾਰ ਤੱਕ ਅਤੇ ਉਸ ਤੋਂ ਵੀ ਅੱਗੇ ਕੁਲਬੀਰ ਸਿੰਘ ਸਿੱਧੂ ਦੇ ਮਨ ਵਿਚ ਸ਼ਾਇਰੀ ਦੇ ਚਿਰਾਗ ਜਗਦੇ ਹਨ। ਉਸ ਲਈ ਪੰਜਾਬ ਇਕ ਧਰਤ-ਖੰਡ ਤਾਂ ਹੈ ਹੀ, ਉਸ ਤੋਂ ਵੀ ਵੱਧ ਇਹ ਇਕ ਰੌਸ਼ਨ ਇਤਿਹਾਸ, ਇਕ ਖਿਆਲ, ਇਕ ਸੁਪਨਾ, ਇਕ ਸੰਕਲਪ ਹੈ। ਉਸ ਨੂੰ ਲੱਗਦਾ ਹੈ ਕਿ ਇਹ ਖਿਆਲ, ਇਹ
ਸੁਪਨਾ ਇਸ ਵੇਲੇ ਸਾਨੂੰ ਆਪਣੀ ਸਾਕਾਰਤਾ ਲਈ ਪੁਕਾਰਦਾ ਹੈ।

ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਜਿਹੇ ਉ¤ਚੇ ਅਹੁਦਿਆਂ ’ਤੇ ਕੰਮ ਕਰਦਿਆਂ ਕੁਲਬੀਰ ਨੇ ਆਪਣੀ ਜੂਹ ਵਿਚਲੀ ਧਰਤੀ ਦੇ ਭੂਗੋਲ ਤੋਂ ਉਨਾਂ ਦਾ ਇਤਿਹਾਸ ਸੁਣਿਆ, ਨਵੇਂ ਸ਼ੁਭ ਕਰਮਨ ਦਾ ਇਤਿਹਾਸ ਸਿਰਜਿਆ ਤੇ ਉਸ ਧਰਤੀ ਉੱਤੇ ਉਸ ਇਤਿਹਾਸ ਨੂੰ ਰੂਪਮਾਨ ਕੀਤਾ ਅਤੇ ਆਪਣੇ ਸਫ਼ਿਆਂ ’ਤੇ ਅੰਕਿਤ ਕੀਤਾ। ਇਸ ਪੁਸਤਕ ਵਿਚ ਖਰੜ ਬਾਰੇ ਲਿਖਿਆ ਲੇਖ ‘ਖਰੜ ਸਿਰਫ਼ ਖੈੜ ਹੀ ਨਹੀਂ ਹੈ ਦੋਸਤੋ’ ਵੀ ਇਸੇ ਗੱਲ ਦੀ ਗਵਾਹੀ ਦਿੰਦਾ ਹੈ ਕਿ ਕੁਲਬੀਰ ਸਿੰਘ ਸਿੱਧੂ ਧਰਤ-ਖੰਡ ਨੂੰ ਸਿਰਫ਼ ਧਰਤ-ਦ੍ਰਿਸ਼ ਵਾਂਗ ਨਹੀਂ ਦੇਖਦਾ, ਉਹ ਉਸ ਦੇ ਕਣ-ਕਣ ਵਿਚੋਂ ਇਤਿਹਾਸ ਦੀਆਂ ਪੈੜਾਂ ਲੱਭ ਲੈਂਦਾ ਹੈ।

ਰੱਤ ਦੀ ਕਹਾਣੀ ਵੀ ਜੇ ਸਿਆਹੀ ਨਾਲ ਨਾ ਲਿਖੀ ਜਾਵੇ ਤਾਂ ਵਕਤ ਉਸ ਨੂੰ ਜੀਰ ਜਾਂਦੇ ਹਨ। ਇਸ ਗੱਲ ਦਾ ਕੁਲਬੀਰ ਸਿੰਘ ਸਿੱਧੂ ਨੂੰ ਤਿੱਖਾ ਅਹਿਸਾਸ ਹੈ। ਇਸ ਦਾ ਸਾਮਰਤੱਖ ਪ੍ਰਮਾਣ ‘ਮਨਾਂ ਨੂੰ ਰਹਾਓ ਦੇਣ ਦੀ ਲੋੜ’ ਵਾਲੇ ਲੇਖ ਵਿਚ ਮਿਲਦਾ ਹੈ। ਉਸ ਨੂੰ ਪ੍ਰੋ: ਪੂਰਨ ਸਿੰਘ ਤੋਂ ‘ਪੰਜਾਬ ਜਿਉਂਦਾ ਹੈ ਗੁਰਾਂ ਦੇ ਨਾਮ ’ਤੇ’ ਵਾਲੀ ਗੁੜਤੀ ਮਿਲੀ ਜਾਪਦੀ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ ‘300 ਸਾਲ ਗੁਰੂ ਦੇ ਨਾਲ!’ ਅਤੇ ‘ਆਪਣੇ ਮਸੀਹੇ ਭੁੱਲਣ ਵਾਲਿਓ!’, ‘ਗਿਆਨ ਗੋਸ਼ਟੀਆਂ ਦਾ ਕੀ ਫਾਇਦਾ?’, ‘ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ’ ਅਤੇ ‘ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ’ ਮੇਰੇ ਉਪਰੋਕਤ ਵਿਚਾਰ ਦੀ ਪ੍ਰੋੜਤਾ ਕਰਦੇ ਹਨ।

ਕੁਲਬੀਰ ਸਿੰਘ ਸਿੱਧੂ ਦੀਆਂ ਦੋ ਪੁਸਤਕਾਂ ਜੋ ਇਸ ਕਿਤਾਬ ਤੋਂ ਪਹਿਲਾਂ ਮੇਰੀ ਨਜ਼ਰ ਵਿਚੋਂ ਗੁਜ਼ਰੀਆਂ: ‘ਮਾਨਵਤਾ ਦਾ ਪ੍ਰਣਾਮ-ਸਰਬੰਸਦਾਨੀ ਦੇ ਨਾਮ’ ਅਤੇ ‘ਸਰਸਵਤੀ ਤੋਂ ਸਤਲੁਜ ਤੇ ਸਿੰਧ ਤੱਕ’ (ਪੰਜਾਬੀ ਸਭਿਅਤਾ ਦੇ ਤ੍ਰਿਵੈਣੀ ਸਿਹੱਦੇ) ਬਹੁਤ ਰਵਾਨੀ ਭਰੀ ਸ਼ਕਤੀਸ਼ਾਲੀ ਵਾਰਤਕ ਵਿਚ ਲਿਖੀਆਂ ਹੋਈਆਂ ਹਨ। ਸਿਰਫ਼ ਇਹੀ ਨਹੀਂ ਇਨਾਂ ਪੁਸਤਕਾਂ ਵਿਚਲੀ ਸਮੱਗਰੀ ਵੀ ਬਹੁਤ ਸਾਰਥਕ ਹੈ। ਕੁਲਬੀਰ ਹੋਰਾਂ ਆਪਣੇ ਵਿਸ਼ੇ ਨੂੰ ਗਹਿਰਾਈ ਅਤੇ ਵਿਸ਼ਾਲਤਾ ਪੱਖੋਂ ਜੋ ਵਿਸਥਾਰ ਦਿੱਤਾ ਹੈ, ਉਹ ਸਿਰਫ਼ ਖੋਜ ਸਦਕਾ ਹੀ ਸੰਪੰਨ ਨਹੀਂ ਹੋਇਆ। ਇਸ ਵਿਚ ਉਨਾਂ ਦਾ ਆਪਣੇ ਪੁਰਖਿਆਂ, ਆਪਣੀਆਂ ਜੜ੍ਹਾਂ, ਆਪਣੇ ਸ਼ਾਨਾ-ਮੱਤੇ ਵਿਰਸੇ ਪ੍ਰਤੀ ਅੰਤਾਂ ਦਾ ਮੋਹ-ਪਿਆਰ ਤੇ ਅਕੀਦਤ ਸ਼ਾਮਿਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਗੌਰਵਸ਼ਾਲੀ ਵਿਰਸੇ ਦੇ ਸਨਮੁੱਖ ਆਪਣੇ ਆਪ ਨੂੰ ਜਵਾਬਦੇਹ ਮਹਿਸੂਸ ਕਰਦੇ ਹਨ ਤੇ ਬੜੀ ਸ਼ਿੱਦਤ ਨਾਲ ਉਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾਉਂਦੇ ਹਨ ਕਿ :

‘ਦੂਰ ਜੇਕਰ ਅਜੇ ਸਵੇਰਾ ਹੈ
ਇਸ ’ਚ ਕਾਫੀ ਕਸੂਰ ਮੇਰਾ ਹੈ।’

ਇਸ ਤੋਂ ਇਲਾਵਾ ਉਨਾਂ ਦੀਆਂ ਦੋ ਹੋਰ ਪੁਸਤਕਾਂ ਵੀ ਮੇਰੇ ਧਿਆਨ ਵਿਚ ਹਨ। ਪਹਿਲੀ ‘ਚਾਨਣ ਦਾ ਬਾਗ਼’ ਜੋ ਕਿ ਜ਼ਿਲਾ ਫਿਰੋਜ਼ਪੁਰ ਤੇ ਬਠਿੰਡੇ ਦੇ ਹੋਏ ਨਾਮੀ ਕਿੱਸੇਕਾਰਾਂ ਤੇ ਉਨਾਂ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਸੀ।

ਦੂਜੀ ਪੁਸਤਕ ‘ਸ਼ਹੀਦੀ ਦੀਆਂ ਸਰਹੱਦਾਂ ਤੋਂ ਵੀ ਅੱਗੇ ਨਿਭੀ ਜਿਗਰੀ ਯਾਰਾਂ ਦੀ ਯਾਰੀ’ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਉਸ ਦੇ ਸਾਥੀਆਂ ਬਾਰੇ ਨਾਯਾਬ ਜਾਣਕਾਰੀ ਦਿੰਦੀ ਹੈ। ਕੁਲਬੀਰ ਮੈਨੂੰ ਦੱਸਦਾ ਹੈ ਕਿ ਉਹ ਹੁਣ ਵੀ ਇਸ ‘ਸ਼ਬਦਾਂ ਦੇ ਕਾਫ਼ਲੇ’ ਤੋਂ ਇਲਾਵਾ ਪੰਜਾਬ ਦੇ ਸਭਿਆਚਾਰਕ ਵਿਰਸੇ ਸਬੰਧੀ ‘ਵਿਰਸਾ ਤੇ ਵਿਸਮਾਦ’ ਅਤੇ ਖਾਸ ਤੌਰ ’ਤੇ ਸਿੱਖ ਅਰਦਾਸ ਵਿਚ ਆਏ ਅਕਹਿ ਅਤੇ ਅਸਹਿ ਕਸ਼ਟ ਸਹਾਰਦੇ ਹੋਏ ਸਿੰਘਾਂ ਤੇ ਸਿੰਘਣੀਆਂ ਦੀਆਂ ਜੀਵਨੀਆਂ ਤੇ ਕੁਰਬਾਨੀਆਂ ਬਾਰੇ ‘ਸ਼ਹੀਦਾਂ ਦੀ ਵਿਰਾਸਤ’ ਮੁਕੰਮਲ ਕਰਨ ਦੇ ਮੁਕਾਮ ਉਤੇ ਪਹੁੰਚਿਆ ਹੋਇਆ ਹੈ। ਅਕਾਲ ਪੁਰਖ ਮਿਹਰ ਕਰੇ ਕਿ ਉਹ ਇਸ ਕੰਮ ਨੂੰ ਨਿਰਵਿਘਨ ਸੰਪੰਨ ਕਰਕੇ ਆਪਣੇ ਲੋਕਾਂ ਦੀ ਝੋਲੀ ਪਾ ਸਕੇ।

ਹਥਲੀ ਪੁਸਤਕ ‘ਸ਼ਬਦਾਂ ਦੇ ਕਾਫ਼ਲੇ’ ਵਿਚ ਪੰਜਾਬੀ ਸਭਿਆਚਾਰ, ਸਿੱਖ ਧਰਮ, ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬ ਦਾ ਇਤਿਹਾਸ, ਪੰਜਾਬੀ ਆਚਰਣ, ਪੰਜਾਬੀ ਸਿੱਖਿਆ, ਪੰਜਾਬ ਦੀ ਜਵਾਨੀ, ਪੰਜਾਬ ਦੀ ਦਾਨਸ਼ਵਰੀ, ਪੰਜਾਬੀ ਨਾਰੀ, ਪੰਜਾਬ ਦੀ ਰਾਜਨੀਤੀ ਆਦਿ ਵਿਸ਼ਿਆਂ ਨੂੰ ਛੂੰਹਦੀਆਂ 36 ਵੰਨ-ਸੁਵੰਨੀਆਂ ਰਚਨਾਵਾਂ ਸ਼ਾਮਿਲ ਹਨ।

ਕੁਲਬੀਰ ਸਿੰਘ ਸਿੱਧੂ ਯਥਾਰਥਵਾਦੀ ਤੇ ਸਪਸ਼ਟਵਾਦੀ ਹੈ। ਉਹ ਮੰਨਦਾ ਹੈ ਕਿ ਸਮਾਜ ਤੇ ਸਭਿਆਚਾਰ ਹਮੇਸ਼ਾਂ ਗਤੀਸ਼ੀਲ ਹਨ। ਸਮੇਂ ਨਾਲ ਇਹ ਬਦਲਦੇ ਆਏ ਹਨ ਤੇ ਬਦਲਦੇ ਰਹਿਣੇ ਹਨ, ਪਰ ਉਸ ਦਾ ਫਿਕਰ-ਝੋਰਾ ਇਹ ਹੈ ਕਿ ਆਪਣੇ ਨੇਕ ਵਡੇਰਿਆਂ ਦੇ ਸਮੇਂ ਦੇ ਸਭਿਆਚਾਰ ਦੀਆਂ ਸਮਾਜਿਕ ਤੇ ਸਦਾਚਾਰਕ ਉ¤ਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਸਮੇਂ ਦੀਆਂ ਤਬਦੀਲੀਆਂ ਤੇ ਸਾਡੀਆਂ ਪ੍ਰਗਤੀਵਾਦੀ ਉ¤ਚੀਆਂ ਉਡਾਰੀਆਂ ਨਾਲ ਬਦਲਣੀਆਂ ਨਹੀਂ ਚਾਹੀਦੀਆਂ। ਸਗੋਂ ਇਸ ਤੋਂ ਵੀ ਵੱਧ ਸਾਡੀਆਂ ਧਾਰਮਿਕ ਤੇ ਪੁਰਾਣੀਆਂ ਨੈਤਿਕ ਕਦਰਾਂ-ਕੀਮਤਾਂ ਸਾਡੀ ਜੀਵਨ ਸ਼ੈਲੀ ਦਾ ਅਟੁੱਟ ਅੰਗ ਰਹਿਣੀਆਂ ਚਾਹੀਦੀਆਂ ਹਨ। ਇਸ ਲਈ ਤਾਂ ਉਹ ਕਹਿੰਦਾ ਹੈ ਕਿ ਭਾਵੇਂ ਸੱਤ ਅਕਾਸ਼ਾਂ ਦੇ ਉਡਾਰੂ ਬਣੀਏ ਤੇ ਭਾਵੇਂ ਸੱਤ ਸਮੁੰਦਰਾਂ ਦੇ ਤਾਰੂ ਬਣੀਏ, ਪਰ ਰੱਬਾ! ਅਸੀਂ ਕਦੇ ਆਪਣੇ ਸੋਹਣੇ ਪੰਜਾਬ ਦੀ ਮਿੱਟੀ ਦਾ ਮੋਹ ਨਾ ਛੱਡੀਏ। ਇਸ ਦਾ ਸਪਸ਼ਟ ਪ੍ਰਗਟਾਵਾ ‘ਖਿਆਲਾਂ ਦਾ ਚਿੜਚੋਲਾ’, ‘ਪੰਜਾਬੀ ਜੀਵਨ ਸ਼ੈਲੀ ਤੇ ਸਭਿਆਚਾਰ’ ਅਤੇ ‘ਇੰਗਲੈਂਡ ਵਿਚ ਮੋਟਰ-ਵੇਅ ’ਤੇ ਭੱਜੀ ਫਿਰਦੀ ਜ਼ਿੰਦਗੀ’ ਵਾਲੇ ਲੇਖਾਂ ਵਿਚ ਮਿਲਦਾ ਹੈ।

ਇਸ ਪੁਸਤਕ ਵਿਚ ਕੁਲਬੀਰ ਹੋਰਾਂ ਨੇ ਆਪਣੇ ਮਾਤਾ ਜੀ, ਪਿਤਾ ਜੀ ਤੇ ਦਾਦਾ ਜੀ ਨੂੰ ਵੀ ਬੜੀ ਸ਼ਿੱਦਤ ਨਾਲ ਕ੍ਰਮਵਾਰ ‘ਮੇਰੀ ਮਾਂ ਸੀ ਠੰਢੀ ਛਾਂ’, ਪਾਪਾ ਜੀ ਦੇ ਸ਼ਰਧਾਂਜਲੀ ਸਮਾਰੋਹ ਸਮੇਂ ‘ਆਦਰਸ਼ ਕਰਮਯੋਗੀ ਪਿਤਾ ਨੂੰ ਅਲਵਿਦਾ’ ਅਤੇ ‘ਖੂੰਡੇ ਵਾਲੇ ਬਾਬਾ ਜੀ ਸ੍ਰ: ਜਗਤ ਸਿੰਘ’ ਨੂੰ ਬੜੇ ਹੀ ਵਿਰਾਗ ਤੇ ਸੁਹਜਮਈ ਅੰਦਾਜ਼ ਵਿਚ ਯਾਦ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਦੋਸਤ ਡਾਕਟਰ ਸ਼ਵਿੰਦਰ ਸਿੰਘ ਸੰਧੂ ਤੇ ਉਸ ਦੀ ਧਰਮ ਪਤਨੀ ਬੀਬੀ ਮਨਵੀਨ ਕੌਰ ਸੰਧੂ ਦੀ ਬੇਵਕਤੀ ਮੌਤ ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਉਸ ਨੇ ਪ੍ਰੋਫੈਸਰ ਕਰਮ ਸਿੰਘ ਤੇ ਪ੍ਰੋਫੈਸਰ ਮਹਿੰਦਰ ਸਿੰਘ ਚੀਮਾ ਜਿਹੇ ਦੋਸਤਾਂ ਨੂੰ ਪੰਜਾਬੀ ਵਿਰਾਸਤ ਦੇ ਅਲੰਬਰਦਾਰ ਅਤੇ ਸ਼ਬਦਾਂ ਦੇ ਜੋਗੀ ਪੀਰ ਕਹਿ ਕੇ ਯਾਦ ਕੀਤਾ ਹੈ।

‘ਸਾਡੀ ਸਿੱਖਿਆ ਪ੍ਰਣਾਲੀ ਦੇ ਕੁਝ ਕੁ ਚਮਤਕਾਰੇ’ ਅਤੇ ‘ਮਹਾਂਭਾਰਤ ਦੇ ਵੀਰ ਅਭਿਮਨਯੂੰ ਤੁੱਲ ਅੱਜ ਦਾ ਵਿਦਿਆਰਥੀ’ ਵਾਲੇ ਲੇਖ ਸਾਡੇ ਵਿਦਿਅਕ ਢਾਂਚੇ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਅਜੋਕੀ ਸਥਿਤੀ ਬਾਰੇ ਉਸ ਦੀ ਡੂੰਘੀ ਚਿੰਤਾ ਦਾ ਸਾਨੂੰ ਅਹਿਸਾਸ ਕਰਵਾਉਂਦੇ ਹਨ। ਉਹ ਵਿਦਿਆ-ਮੰਦਿਰਾਂ ਰੂਪੀ ਸਕੂਲਾਂ ਤੇ ਕਾਲਜਾਂ ਵਿਚ ਮਿਆਰੀ ਤੇ ਸਦਾਚਾਰੀ ਸਿੱਖਿਆ ਦੀ ਘਾਟ ਬਾਰੇ ਚਿੰਤਤ ਹੈ, ਕਿਉਂਕਿ ਉਹ ਖ਼ੁਦ ਗੁਰੂਕੁਲ ਸਿੱਖਿਆ ਪ੍ਰਣਾਲੀ ਤੇ ਗੁਰੂ ਸ਼ਿਸ਼ ਪ੍ਰੰਪਰਾ ਦਾ ਧਾਰਨੀ ਹੈ। ਇਹ ਲੇਖ ਕੁਲਬੀਰ ਸਿੰਘ ਦੀ ਆਦਰਸ਼ ਅਧਿਆਪਕਾਂ ਤੇ ਵਿਦਿਆਰਥੀਆਂ ਸਬੰਧੀ ਸ਼ਿੱਦਤ ਭਰੀ ਸੋਚ ਤੇ ਉਸ ਦੇ ਸੰਕਲਪ ਦਾ ਲਖਾਇਕ ਹਨ।

ਇਸ ਤਰ੍ਹਾਂ ਹੀ ‘ਅਜ਼ਾਦ ਕੌਣ ਹੈ ਕਾਂ, ਕੁੱਤਾ ਜਾਂ ਆਦਮੀ’ ਰਾਜਸੀ ਲੀਕਾਂ ਅਤੇ ਇਨਸਾਨ ਦੀਆਂ ਆਪੇ ਆਪਣੇ ਪੈਰੀਂ ਪਾਈਆਂ ਬੇੜੀਆਂ ਤੇ ਦਿਲਚਸਪ ਵਿਅੰਗ ਹਨ। ਇਸ ਦਾ ਕਾਰਨ ਇਹ ਹੈ ਕਿ ਬੇਸ਼ੱਕ ਸੰਨ 1947 ਵਿਚ ਦੇਸ਼ ਦੀ ਅਣਹੋਈ ਵੰਡ ਹੋਈ, ਪਰ ਕੁਲਬੀਰ ਇਹ ਮਾਨਸਿਕ ਤੌਰ ’ਤੇ ਮੰਨਦਾ ਹੀ ਨਹੀਂ ਕਿ ਪੰਜਾਬ ਤੇ ਪੰਜਾਬੀਅਤ ਨੂੰ ਕਦੇ ਵੰਡਿਆ ਜਾ ਸਕਦਾ ਹੈ। ਉਸ ਦੀ ਸ਼ਿੱਦਤ ਭਰੀ ਸੰਵੇਦਨਾ ਹਿੰਦ-ਪਾਕਿ ਦੇ ਕਰੋੜਾਂ ਪੂਰਬੀ ਤੇ ਪੱਛਮੀ ਪੰਜਾਬ ਦੇ ਪੰਜਾਬੀਆਂ ਦੀਆਂ ਧੁਰ ਆਤਮਾ ਤੋਂ ਭਾਵਨਾਵਾਂ ਤੇ ਦਿਲੀ ਸਾਂਝਾਂ ਦੀ ਤਰਜਮਾਨੀ ਕਰਦੀ ਹੈ। ਉਸ ਦਾ ਇਸ ਪੁਸਤਕ ਵਿਚਲਾ ਲੇਖ ‘ਬਾਬਾ ਨਾਨਕ ਤੇ ਫ਼ਰੀਦ ਨੂੰ ਕਿਵੇਂ ਵੰਡਾਂਗੇ?’ ਉਸ ਦੀ ਸੋਚਣੀ ਕੁਦਰਤ ਦੇ ਅਟਲਾਧੇ ਨਿਯਮ ਨਾਲ ਸਰੋਬਾਰ ਹੈ ਕਿ ਪਾਣੀ ਵਿਚ ਕਦੇ ਲਕੀਰ ਖਿੱਚੀ ਹੀ ਨਹੀਂ ਜਾ ਸਕਦੀ। ਇਸ ਲਈ ‘ਫੇਰ ਮੇਲ ਕਰਾ ਦੇ ਰੱਬਾ ਦਿੱਲੀ ਤੇ ਲਾਹੌਰ ਦਾ’ ਵਰਗੇ  ਵਿਸ਼ਵਾਸ ਤੇ ਅਕੀਦਤਮੰਦੀ ਨਾਲ ਉਹ ਦੁਆ ਕਰਦਾ ਹੈ। ਉਸ ਦਾ ਲੇਖ ‘ਸਲਾਮ ਤੋਂ ਸਿਜਦੇ ਤੱਕ’ ਬੇਸ਼ੱਕ ਉਸ ਦੀ ਨੌਕਰੀ ਦੀ ਸ਼ੁਰੂਆਤ ਤੋਂ ਅਖੀਰ ਤਕ ਪੀਰਾਂ-ਫ਼ਕੀਰਾਂ ਪ੍ਰਤੀ ਸ਼ਰਧਾ ਸਬੰਧੀ ਹੈ, ਪਰ ਕੁਲ ਮਿਲਾ ਕੇ ਬਾਬਾ ਫ਼ਰੀਦ ਜੀ ਵਾਸਤੇ ਉਸ ਦੀ ਡੂੰਘੀ ਸ਼ਰਧਾ ਇਸ ਲੇਖ ਦਾ ਕੇਂਦਰ ਬਿੰਦੂ ਬਣਦੀ ਹੈ।

ਕੁਲਬੀਰ ਦੀ ਸੰਜੀਦਗੀ ਵਿਚ ਮਲਵਈ ਮਸਖਰਾਪਣ ਵੀ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਕਿਰਸਾਣੀ ਤੋਂ ਉਭਰਿਆ ਇਹ ਆਪਣੀ ਧਰਤੀ ਨਾਲ ਜੁੜਿਆ ਅਫ਼ਸਰ ਪੁੱਤ ਥਾਂ-ਥਾਂ ’ਤੇ ਮਿੱਠੀ ਮਸ਼ਕਰੀ ਕਰਦਾ ਹੈ। ਖਾਸ ਤੌਰ ’ਤੇ ‘ਕੁੱਝ ਹੱਸ ਵੇ ਮਨਾਂ ਕੁੱਝ ਖੇਡ ਵੇ ਮਨਾਂ’ ਵਾਲੇ ਲੇਖ ਵਿਚ ਤਾਂ ਉਹ ਸਾਰੇ ਪੰਜਾਬ ਤੇ ਪੰਜਾਬੀਆਂ ਨੂੰ ਹੀ ਹਾਸੇ ਦੀ ਟਕਸਾਲ ਬਣਾ ਦਿੰਦਾ ਹੈ। ਇਸ ਲੇਖ ਵਿਚ ਨਿਹੰਗਾਂ ਦੀ ਚੜ੍ਹਦੀਕਲਾ ਵਾਲੀ ਜੀਵਨ ਜਾਚ ਵੰਨਗੀ ਮਾਤਰ ਵਿਸ਼ੇਸ਼ ਤੌਰ ’ਤੇ ਦਿੱਤੀ ਗਈ ਹੈ। ਉਸ ਦੀ ਨਿਹੰਗਾਂ ਦੇ ਜੀਵਨ ਬਾਰੇ ਜਾਣਕਾਰੀ ਦੀ ਸ਼ੁਰੂਆਤ ਨਿਹੰਗ ਸਿੰਘਾਂ ਦੇ ਤਰਨਾ ਦਲ ਦੇ ਹੈ¤ਡਕੁਆਟਰ ਬਾਬਾ ਬਕਾਲਾ ਸਬ ਡਿਵੀਜ਼ਨ ਤੋਂ ਹੋਈ ਅਤੇ ਬੁੱਢਾ ਦਲ ਦੇ ਹੈ¤ਡਕੁਆਟਰ ਤਲਵੰਡੀ ਸਾਬੋ ਵਿਖੇ ਉਸ ਦੀ ਬਤੌਰ ਐ¤ਸਡੀ ਦੀ ਨਿਯੁਕਤੀ ਸਮੇਂ ਹੋਈ। ਇਸ ਲਈ ਹੀ ਉਸ ਨੂੰ ਸੁਭਾਵਿਕ ਤੌਰ ’ਤੇ ਆਮ ਲੋਕ ਤੇ ਉਸ ਦੇ ਸਾਥੀ ਨਿਹੰਗ ਸਿੰਘ ਜਾਂ ਜਥੇਦਾਰ ਦਾ ਨਾਮ ਵੀ ਅਕਸਰ ਦਿੰਦੇ ਰਹੇ ਹਨ।

ਫਿਰ ‘ਪੰਜਾਬੀ ਦੀ ਦੁਰਦਸ਼ਾ’, ‘ਡਰਦੀ ਹਰਿ ਹਰਿ ਕਰਦੀ’, ‘ਜਿਤੁ ਜੰਮਹਿ ਰਾਜਾਨ’, ‘ਕੌਮੀ ਆਚਰਣ ਇਕ ਟੇਢੀ ਖੀਰ’, ‘ਜਿਨ੍ਹੇ ਨਾਜ਼ ਹੈ ਹਿੰਦ ਪਰ’ ਅਤੇ ‘ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ’ ਵਾਲੇ ਸਾਰੇ ਲੇਖ ਮੌਜੂਦਾ ਹਾਲਾਤਾਂ ਸਬੰਧੀ ਉਸ ਦੀ ਸੰਜੀਦਗੀ ਤੇ ਗੰਭੀਰਤਾ ਦੇ ਬਹੁਤ ਵਧੀਆ ਸੁਮੇਲ ਵਾਲੀ ਉਸ ਦੀ ਵਿਅੰਗਕਾਰੀ ਨਾਲ ਭਰਪੂਰ ਹਨ। ਉਹ ਗੰਭੀਰ ਤੋਂ ਗੰਭੀਰ ਗੱਲ ਬੜੀ ਸਾਦਗੀ ਤੇ ਵਿਦਵਤਾ ਨਾਲ ਮਜ਼ਾਹੀਆ ਟੋਟਕਿਆਂ ਰਾਹੀਂ ਕਹਿਣ ਦਾ ਹੁਨਰ ਰੱਖਦਾ ਹੈ।

ਮੈਂ ਉਸ ਨੂੰ ਉਸ ਦੇ ਪ੍ਰਸ਼ਾਸਨਿਕ ਸਮੇਂ ਤੋਂ ਜਾਣਦਾ ਹਾਂ। ਜਦੋਂ ਕਿ ਉਹ ਆਪਣੀ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਕਰਕੇ ਜਾਣਿਆ ਜਾਂਦਾ ਸੀ। ਇਸ ਲਈ ਹੀ ਉਸ ਨੂੰ 1999 ਤੋਂ ਬਾਅਦ ਮਨਾਈਆਂ ਜਾਣ ਵਾਲੀਆਂ ਸਭ ਸ਼ਤਾਬਦੀਆਂ ਦਾ ਸੂਤਰਧਾਰ ਬਣਾਇਆ ਗਿਆ। ਪਰ ਉਹ ਇਨਾਂ ਸ਼ਤਾਬਦੀਆਂ ਦੇ ਪਿੱਛੇ ਜਾਂ ਸਰਕਾਰੀ ਨੌਕਰੀ ਦੇ ਰੌਲਿਆਂ-ਗੌਲਿਆਂ ਪਿੱਛੇ ਜੋ ਬੇਅੰਤ ਮਾਨਸਿਕ ਬੋਝ ਹੁੰਦਾ ਸੀ; ਉਸ ਨੂੰ ਮਲਵਈ ਅੰਦਾਜ਼ ਵਿਚ ਆਪਣੇ ਹੀ ਟੋਟਕਿਆਂ ਵਿਚ ਬਦਲ ਕੇ ਆਪ ਵੀ ਆਪਣਾ ਮਨ ਹੌਲਾ ਕਰ ਲੈਂਦਾ ਸੀ ਤੇ ਉਸ ਦੇ ਨਾਲ ਆਪਣੇ ਅਫ਼ਸਰਾਂ ਤੇ ਕਰਮਚਾਰੀਆਂ ਦੀ ਟੀਮ ਨਾਲ ਵੀ ਲੋੜ ਅਨੁਸਾਰ ਸ਼ੁਗਲ-ਮੁਗਲ ਕਰ ਲੈਂਦਾ ਸੀ। ਇਹ ਸਭ ਕੁਝ ਉਸ ਦੇ ਵਿਅਕਤੀਤਵ ਤੇ ਉਸ ਦੀ ਲੇਖਣੀ ਦਾ ਹੁਣ ਹਿੱਸਾ ਬਣ ਚੁੱਕਿਆ ਹੈ। ਉਸ ਦੇ ਦੋਸਤਾਂ ਨੇ ਉਸ ਨੂੰ ਅਕਸਰ ਕਹਿੰਦੇ ਸੁਣਿਆ ਸੀ ਕਿ ਜਦੋਂ ਮੇਰੇ ਉਤੇ ਕੋਈ ਮਾਨਸਿਕ ਦਬਾਅ ਬਣਦਾ ਹੈ ਤਾਂ ਗੁਰੂ ਕ੍ਰਿਪਾ ਨਾਲ ਮੈਨੂੰ ਕੋਈ ਨਾ ਕੋਈ ਅਜਿਹਾ ਟੋਟਕਾ ਜਾਂ ਫੁਰਨਾ ਫੁਰਦਾ ਹੈ, ਜੋ ਕਿ ਉਸ ਮਾਨਸਿਕ ਪ੍ਰੇਸ਼ਾਨੀ ਦਾ ਤੋੜ ਤੇ ਹੱਲ ਬਣ ਜਾਂਦਾ ਹੈ।

ਉਸ ਦੀ ਵਿਅੰਗਾਤਮਿਕ ਸ਼ੈਲੀ ਉਸ ਦੀ ‘ਸ਼ੁਭ ਕਰਮਨ’ ਦੀ ਦਿਲੀ ਖ਼ਾਹਿਸ਼ ਪ੍ਰਗਟਾਉਂਦੀ ਹੈ। ਕੁਲਬੀਰ ਦਾ ਵਿਅੰਗ ਇੰਨਾ ਸਿਹਤਮੰਦ ਹੈ ਕਿ ਆਪਣੇ ਆਪ ਨੂੰ ਤੇ ਆਪਣੇ ਵਰਗੇ ਹੋਰ ਸਰਕਾਰੀ ਅਹੁਦੇਦਾਰਾਂ ਨੂੰ ਵੀ ‘ਜਨਾਬੀ ਨੇ ਗਾਲਿਬ ਨਿਕੰਮਾ ਕਰ ਦੀਆ’ ਅਤੇ ‘ਦਫ਼ਤਰੀ ਸਭਿਆਚਾਰ ਦੇ ਰੰਗ-ਤਮਾਸ਼ੇ’ ਵਿਚ ਨਹੀਂ ਬਖਸ਼ਦਾ। ਸਪਸ਼ਟ ਹੈ ਕਿ ਉਹ ਆਪਣੇ ਆਪ ਉਤੇ ਵੀ ਹੱਸਣਾ ਜਾਣਦਾ ਹੈ ਤੇ ਦੂਜਿਆਂ ਨੂੰ ਹਸਾਉਣਾ ਵੀ ਜਾਣਦਾ ਹੈ। ਪਰ ਉਸ ਦੇ ਮਨ ਵਿਚ ਕਿਸੇ ਲਈ ਵਿਰੋਧ ਭਾਵ ਨਹੀਂ ਹੈ, ਸਗੋਂ ਆਪਣੇ ਲੋਕਾਂ ਲਈ ਪਿਆਰ ਹੀ ਪਿਆਰ ਹੈ।

‘ਸ਼ਬਦਾਂ ਦੇ ਕਾਫ਼ਲੇ’ ਵਿਚ ਪੰਜਾਬੀ ਸਭਿਆਚਾਰ ਦੇ ਅਤੀਤ ਅਤੇ ਭਵਿੱਖ ਦੇ ਭਰਪੂਰ ਝਲਕਾਰੇ ਮੌਜੂਦ ਹਨ। ਪਰ ਇਸ ਦਾ ਬਹੁਤਾ ਸਰੋਕਾਰ ਵਰਤਮਾਨ ਨਾਲ ਹੈ। ਵਰਤਮਾਨ ਦੀ ਹਰ ਘਟਨਾ, ਖ਼ਬਰ, ਦ੍ਰਿਸ਼ ਲੇਖਕ ਦੇ ਮਨ ਵਿਚ ਕਿੰਨਾ ਕੁੱਝ ਉਜਾਲਾ ਕਰ ਜਾਂਦਾ ਹੈ। ਇਹ ਤੱਥ ਗਵਾਹ ਹੈ ਕਿ ਕੁਲਬੀਰ ਸਿੰਘ ਸਿੱਧੂ ਦਾ ਮਨ ਸਿਰਫ਼ ਸੰਵੇਦਨਸ਼ੀਲ ਹੀ ਨਹੀਂ ਬਹੁਤ ਕਲਪਨਾਸ਼ੀਲ ਅਤੇ ਸਿਰਜਣਾਤਮਕ ਵੀ ਹੈ। ਉਸ ਦੀ ਨਜ਼ਰ ਹਰ ਘਟਨਾ ਦੀਆਂ ਜੜ੍ਹਾਂ ਤੱਕ ਹੀ ਨਹੀਂ ਉਸ ਦੇ ਫਲਾਂ ਤੱਕ ਵੀ ਜਾਂਦੀ ਹੈ। ਉਹ ਹਰ ਪਲ ਨੂੰ ਅਨੇਕ ਬੀਤੇ ਅਤੇ ਆਉਣ ਵਾਲੇ ਪਲਾਂ ਵਿਚ ਪਰੋ ਕੇ ਦੇਖਦਾ ਹੈ।

ਅਸਲ ਵਿਚ ਕੁਲਬੀਰ ਸਿੰਘ ਹਰ ਪਲ-ਹਰ ਛਿਣ ਇਤਿਹਾਸ ਜਿਉਂਦਾ ਹੈ। ਇਸ ਲਈ ਇਸ ਪੁਸਤਕ ਵਿਚ ਉਹ ਅਨੇਕ ਵਿਅਕਤੀਆਂ, ਮੰਜ਼ਰਾਂ, ਝਾਕੀਆਂ, ਮਾਨਸਿਕ ਅਵਸਥਾਵਾਂ ’ਚੋਂ ਲੰਘਦਾ ਹੋਇਆ ਆਪਣੀ ਇਸ ਪੁਸਤਕ ਦਾ ਅੰਤ ਇਤਿਹਾਸਕ ਪਿਛੋਕੜ ਵਾਲੇ ਲੇਖਾਂ ਨਾਲ ਕਰਦਾ ਹੈ। ਇਸ ਪ੍ਰਸੰਗ ਵਿਚ ਆਪਣੇ ਮਸੀਹੇ ਭੁੱਲਣ ਵਾਲਿਓ, ਗਿਆਨ ਗੋਸ਼ਟੀਆਂ ਦਾ ਕੀ ਫਾਇਦਾ, ਸ਼ਹੀਦੀ ਜੋੜ ਮੇਲੇ ਰੰਗ-ਤਮਾਸ਼ੇ ਨਹੀਂ ਹਨ, ਸਰਹਿੰਦ ਫਤਹਿ ਦੀ ਤ੍ਰੈਸ਼ਤਾਬਦੀ ਵੀ ਲੰਘ ਗਈ, ਉਸ ਦੇ ਇਕ ਤੋਂ ਵੱਧ ਇਕ ਲੇਖ ਕੌਮ ਦੇ ਸ਼ਹੀਦਾਂ ਪ੍ਰਤੀ ਡੂੰਘੀ ਸੰਵੇਦਨਾ ਤੇ ਜਾਗਰੂਕਤਾ ਦੇ ਲਖਾਇਕ ਹਨ। ਉਹ ਆਪਣੀ ਪੁਸਤਕ ਨੂੰ ਭਾਵਨਾ ਭਰਪੂਰ ਕੌਮੀ ਸ਼ਰਧਾਂਜਲੀ ਵਜੋਂ ਲਿਖੇ ‘ਪ੍ਰਣਾਮ ਸ਼ਹੀਦਾਂ ਨੂੰ’ ਵਾਲੇ ਲੇਖ ਨਾਲ ਸੰਪੰਨ ਕਰਦਾ ਹੈ।

ਕੁਲਬੀਰ ਸਿੰਘ ਸਿੱਧੂ ਹਰ ਛਿਣ ਆਪਣੇ-ਆਪ ਨੂੰ ਤੇ ਆਪਣੇ ਆਪ ਜਿਹਿਆਂ ਨੂੰ ਆਪਣੀ ਇਤਿਹਾਸਕ ਜ਼ਿੰਮੇਵਾਰੀ ਦੇ ਰੂ-ਬ-ਰੂ ਕਰਦਾ ਹੈ। ਉਹ ਕਿਸੇ ਪਲ ਗਾਫ਼ਲ ਨਹੀਂ ਹੋਣਾ ਚਾਹੁੰਦਾ। ਉਹ ਇਸ ਸੂਫੀ ਵਾਕ ਦਾ ਵਿੰਨ੍ਹਿਆ ਹੋਇਆ ਹੈ : ‘ਜੋ ਦਮ ਗਾਫ਼ਲ, ਸੋ ਦਮ ਕਾਫ਼ਰ।’ ਉਹ ਹਰ ਘੜੀ ਯਾਦ ਰੱਖਦਾ ਤੇ ਸਾਨੂੰ ਯਾਦ ਕਰਵਾਉਂਦਾ ਰਹਿੰਦਾ ਹੈ ਕਿ ਅਸੀਂ ਜਿਸ ਮਹਾਨ ਇਤਿਹਾਸ ਦੇ ਵਾਰਸ ਹਾਂ, ਸਾਡਾ ਕਿਰਦਾਰ ਉਸ ਨਾਲ ਬਰ ਮੇਚਣ ਦੇ ਯੋਗ ਕਿਉਂ ਨਹੀਂ?

‘ਸ਼ਬਦਾਂ ਦੇ ਕਾਫ਼ਲੇ’ ਕਈ ਪੱਖਾਂ ਤੋਂ ਇਕ ਭਰਪੂਰ ਪੁਸਤਕ ਹੈ। ਇਹ ਇਕ ਹੱਸਾਸ ਦਾਨਸ਼ਵਰ ਦੇ ਮਨ ਵਿਚ ਸਮੇਂ-ਸਮੇਂ ਉ¤ਠੀਆਂ ਤਰੰਗਾਂ ਦੀ ਸ਼ਬਦੀ ਤਸਵੀਰ ਹੈ। ਇਹ ਸੋਚਾਂ ਦਾ ਚੰਬਾ ਹੈ, ਅਹਿਸਾਸਾਂ ਦਾ ਝੁਰਮਟ ਹੈ ਤੇ ਦਿਲ ਵਿਚ ਉ¤ਠਦੀਆਂ ਛੱਲਾਂ ਦਾ ਅਨੁਵਾਦ ਹੈ। ਇਸ ਵਿਚ ਆਪਣੇ ਪੁਰਖਿਆਂ, ਆਪਣੇ ਸਮਕਾਲੀਆਂ ਅਤੇ ਆਪਣੇ ਵਾਰਸਾਂ ਨਾਲ ਇਕ ਸੂਖਮ ਗੁਫ਼ਤਗੂ ਹੈ। ਇਸ ਵਿਚ ਇਤਿਹਾਸ ਦੇ ਸਨਮੁੱਖ ਕੀਤਾ ਗਿਆ ਆਤਮ-ਚਿੰਤਨ ਹੈ।

ਇਹ ‘ਸ਼ਬਦਾਂ ਦੇ ਕਾਫ਼ਲੇ’ ਦਰਅਸਲ ਉਨ੍ਹਾਂ ਦਰਿਆਵਾਂ ਜਿਹੇ ਹਨ; ਜਿਹੜੇ ਪੂਰਨ ਸਿੰਘ ਦੇ ਸੁਫਨਿਆਂ ਵਿਚ ਖਾੜ-ਖਾੜ ਵੱਜਦੇ ਹਨ। ਇਹ ਸਦਾ ਜਾਗਦੇ ਹਨ, ਹਰ ਪਲ ਸਫ਼ਰ ਵਿਚ ਹਨ, ਇਨ੍ਹਾਂ ਦੇ ਸੀਨੇ ਪਈ ਖਿੱਚ ਕਦਮ-ਕਦਮ ਇਨ੍ਹਾਂ ਨੂੰ ਵਸਲ ਵੱਲ ਲਈ ਜਾਂਦੀ ਹੈ। ਇਹੀ ਤਾਂ ਜੀਵਨ ਆਦਰਸ਼ ਹੈ। ਪੂਰਨ ਸਿੰਘ ਹੋਰਾਂ ਦੇ ਹੀ ਲਫਜ਼ਾਂ ਵਿਚ :

‘ਦਰਿਆ ਹੋ ਰਹਿਣਾ
ਦਰਿਆ ਹੋ ਜੀਣਾ
ਇਹੀ ਸਾਡੇ ਸਤਿਗੁਰਾਂ ਦਾ ਸਾਨੂੰ ਆਦੇਸ਼ ਹੈ।’


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com