ਹੱਸਦਾ, ਖੇਡਦਾ, ਅਣਖੀ,
ਸਿਰ ਚੱਕ ਕੇ ਜਿਉਣ ਵਾਲਾ
ਹੁਣ
ਡਿੱਗੀ ਕੰਧ ਦੇ ਲੱਗੇ ਇੱਟਾਂ
ਦੇ ਢੇਰ ਆਂਗੂ
ਗੋਡਿਆਂ ਭਾਰ ਹੋਇਆ
ਅੱਖਾਂ ‘ਚ ਹੜ੍ਹਾਂ ਦੇ ਹੜ੍ਹ ਅੱਥਰੂ ਸਾਂਭੀ
ਨੀਵੀ ਪਾ,
ਉਂਗਲਾਂ ਨਾਲ ਮਿੱਟੀ ਫਰੋਲਦਾ
ਸ਼ਾਇਦ, ਆਵਦੀ ਹੋਂਦ ਦੇ ਖਿੱਲਰੇ ਮਣਕੇ ਲੱਭ ਰਿਹੈ
ਪਰ, ਕਦੇ ਸੱਥ ‘ਚ’ ਲਹੀ ਚੁੰਨੀ ਹੱਥ ਲਗਦੀ ਐ,
ਤੇ ਕਦੇ ਮੋਟਰ ਆਲੀ ਕਿੱਕਰ ਤੇ ਲਮਕਦਾ ਪੁੱਤ ਨਜ਼ਰੀਂ ਪੈਂਦੈ
ਹੁਣ ਸੁਨਿਹਰੀ ਕਣਕਾਂ ਦੇਖ
ਚਾਅ ਨੀ ਚੜਦਾ,
ਸਗੋਂ ਫਿਕਰ ਘੇਰਦੈ,
ਮੰਡੀ ‘ਚ’ ਹੋਣ ਵਾਲੀ ਲੁੱਟ ਦਾ,
ਤਾਂ ਹੀ
ਏਸ ਮਿੱਟੀ ਦੇ ਨੇੜਲੇ ਪੁੱਤਾਂ ਦੇ ਹੁਣ ਪੈਰ ਮੱਚਦੇ ਨੇ ਵੱਟਾਂ ਤੇ
ਆਦਤ ਪੈ ਗਈ ਐ,
ਪੱਬਾਂ ਤੇ ਕਲੱਬਾਂ ‘ਚ ਮਾਰਬਲ ਤੇ ਤੁਰਨ ਦੀ
ਸਾਂਭੀ ਫਿਰਦੇ ਨੇ,
ਸੁੰਨੇ ਖੇਤ, ਬੇਗਾਨੇ..
ਥਾਂ-ਥਾਂ ਖਿੱਲਰੀਆਂ ਬੀੜੀਆਂ,
ਟਰੈਕਟਰ ਦੇ ਟੈਰਾਂ ਤੇ ਥੁੱਕਿਆ ਪਾਨ ਵੇਖ
ਕੇਰਾਂ ਤਾਂ, ਧਾਹੀਂ ਰੋ ਪੈਂਦੈ ਬਾਪੂ (ਪੰਜਾਬ) ‘ਤੇ
ਪੁੱਤ, ਨਸ਼ਿਆਂ ‘ਚ ਗੜੁੱਚ,
ਬੇਸੁਰਤਾ ਵੜਦੈ ਘਰੇ
ਬੀੜੀ ਦੀ ਚੰਗਿਆੜੀ,
ਕਦੋਂ ਸਾਡੀ ਚੁੰਨੀ ਤੇ ਪੈਂਦੀ ਐ
ਪਤਾ ਹੀ ਨਹੀਂ ਲਗਦਾ…
ਅੱਖਾਂ ਮੀਚੀ ਬੈਠੇ ਬਾਪੂ ਨੂੰ
ਖਿਆਲ ਆਉਂਦੈ ਉਹਨਾ ਪੁੱਤਾਂ ਦਾ
ਜਿਹੜੇ, ਅਣਖ ਖਾਤਰ, ਆਪਾ ਵਾਰ ਦਿੰਦੇ ਸੀ
ਸ਼ਾਇਦ
ਬਾਪੂ ਕਿਸੇ ਸਹਾਰੇ ਨਾਲ ਮੁੱੜ ਖੜਾ ਹੋਣਾ ਲੋਚਦੈ
ਉਹਦੀਆਂ ਆਸ ਭਰੀਆਂ ਅੱਖਾਂ,
ਸਾਡੇ ਵੱਲ ਝਾਕਦੀਆਂ ਨੇ ਯਾਰੋ
ਆਪਾਂ ਬਾਪੂ ਨੂੰ ਗਲਵਕੜੀ ਪਾ ਕੇ ਚੁਕਣੈ
ਲੋਕਾਂ ਦੇ ਖਿਆਲ ਨੂੰ ਬਦਲਣੈ, ਬਈ
ਪੰਜਾਬੀ ਤਾਂ, ਦਾਰੂ ਪੀ, ਕੁੜੀਆਂ ਦੇ ਕਾਲਜ ਮੂਹਰੇ,
ਜੰਗ ਦੇ ਮੈਦਾਨ ਬਨਾਉਣ ਜੋਗੇ ਹੀ ਰਹਿ ਗਏ ਐ
ਉਹ ਆਪ ਵੇਖਣ
ਲੋੜ ਪੈਣ ਤੇ, ਆਵਦੀਆਂ ਦਾਤੀਆਂ, ਪੱਠਿਆਂ ਦੀ ਥਾਂ
ਜਾਲਮਾ ਦੇ ਗਾਟਿਆਂ ‘ਤੇ ਵੀ ਧਰਨਾ ਜਾਣਦੇ ਐ
ਆਵਦੇ ਹੱਕਾਂ ਵਾਸਤੇ ਲੜਨਾ, ਅੱਜ ਵੀ ਆਉਂਦਾ ਇਹਨਾ ਨੂੰ
“ਅਤਿ ਹੀ ਰਣ ਮਹਿ ਤਬ ਜੂਝ ਮਰੋਂ”
ਭੁਲਿਆ ਨੀ ਅਜੇ
ਸਾਂਭਲੋ ਯਾਰੋ!
ਡਿੱਗਦੇ ਬਾਪੂ ਨੂੰ
ਉਹਦੀ ਹੋਂਦ ਹੀ,
ਜਿੰਦਗੀ ਐ ਸਾਡੀ
-ਹਰਸਿਮਰਨਜੀਤ ਸਿੰਘ, ਢੁੱਡੀਕੇ
Leave a Reply