ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਵਾਲਿਆਂ ਦੀ ਕੀਰਤਨ ਸੀਡੀ ਰਿਲੀਜ਼

ਲੁਧਿਆਣਾ-ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ (ਹੁਸ਼ਿਆਰਪੁਰ) ਵਾਲਿਆਂ ਦੀ ਸੁਰੀਲੀ ਕੀਰਤਨ ਸੀ ਡੀ ‘ਕਾਰਜ ਸਤਿਗੁਰਿ ਆਪਿ ਸਵਾਰਿਆ’ ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖਿਆ ਸਾਸ਼ਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਰਵਾਇਤੀ ਤੰਤੀ ਸਾਜਾਂ ਨੂੰ ਮੁੜ ਸੁਰਜੀਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂ ਕਿ ਇਸ ਦਾ ਹੁਕਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ ਸਪਸ਼ਟ ਰੂਪ ਵਿੱਚ ਕੀਤਾ ਹੋਇਆ ਹੈ ਅਤੇ ਸਾਡੀ ਗੁਰਬਾਣੀ ਸੰਗੀਤ ਪਰੰਪਰਾ ਬਿਰਤੀ ਨੂੰ ਇਕਾਗਰ ਚਿੱਤ ਕਰਨ ਦੇ ਰਾਹ ਤੁਰਦੀ ਹੈ, ਵਿਸਫੋਟ ਦੇ ਰਾਹ ਨਹੀਂ। ਉਨ੍ਹਾਂ ਆਖਿਆ ਕਿ ਬਾਜ਼ਾਰੀ ਸੋਚ ਨੇ ਸਾਨੂੰ ਸਾਰਿਆਂ ਨੂੰ ਆਪਣੇ ਮੂਲ ਉਦੇਸ਼ ਨਾਲੋਂ ਨਿਖੇੜਿਆ ਹੈ ਅਤੇ ਸਾਡੇ ਕੀਰਤਨੀਏ ਭਰਾ ਵੀ ਬਾਜ਼ਾਰ ਦੀ ਬੋਲੀ ਬੋਲਣ ਲੱਗ ਪਏ ਹਨ। ਉਨ੍ਹਾਂ ਭਾਈ ਪਿਆਰਾ ਸਿੰਘ ਨੂੰ ਮੁਬਾਰਕ ਦਿੱਤੀ, ਜਿਨ੍ਹਾਂ ਨੇ ਬਾਜ਼ਾਰ ਦੀ ਥਾਂ ਗੁਰਬਾਣੀ ਸੰਗੀਤ ਦੇ ਅਸਲ ਰਵਾਇਤੀ ਰੰਗ ਨੂੰ ਗੁਆਚਣ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਇਸ ਵਿਸ਼ਵਾਸ਼ ਤੇ ਪਹਿਰਾ ਦੇਣ ਦੀ ਲੋੜ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐਸ ਪੀ ਸਿੰਘ ਨੇ ਡਾ: ਜੌਹਲ ਨਾਲ ਮਿਲ ਕੇ ਇਹ ਕੀਰਤਨ ਸੀ ਡੀ ਲੋਕ ਅਰਪਣ ਕੀਤੀ।
ਪੰਜਾਬੀ ਸਭਿਆਚਾਰ ਅਕੈਡਮੀ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਭਾਈ ਪਿਆਰਾ ਸਿੰਘ ਦੀ ਕੀਰਤਨਸ਼ੈਲੀ ਬਾਰੇ ਜਾਣਕਾਰੀ ਦਿੰਦਿਆਂਦੱਸਿਆ ਕਿ ਉਨ੍ਹਾਂ ਨੇ ਮਿੱਠਾ ਟਿਵਾਣਾ ਸੰਗੀਤ ਵਿਦਿਆਲਿਆ ਹੁਸ਼ਿਆਰਪੁਰ ਦੀ ਅਮੀਰ ਰਵਾਇਤ ਤੋਂ ਬਹੁਤ ਕੁਝ ਸਿੱਖਿਆ ਹੈ ਅਤੇ ਉਸੇ ਰੰਗ ਨੂੰ ਸੰਗਤਾਂ ਵਿੱਚ ਅੱਗੇ ਪ੍ਰਸਾਰਿਤ ਕਰਨ ਲਈ ਇਹ ਸੀ ਡੀ ਰਿਕਾਰਡ ਕੀਤੀ ਹੈ।
ਅੰਮ੍ਰਿਤਸਾਗਰ ਕੰਪਨੀ ਵੱਲੋਂ ਜਾਰੀ ਕੀਤੀ ਇਸ ਸੀ ਡੀ ਦੀ ਰੂਪਰੇਖਾ ਪੰਥ ਪ੍ਰਸਿੱਧ ਕੀਰਤਨੀਏ ਅਤੇ ਸੰਗੀਤ ਨਿਰਦੇਸ਼ਕ ਭਾਈ ਜਤਿੰਦਰਪਾਲ ਸਿੰਘ ‘ਪਾਲ’ ਨੇ ਤਿਆਰ ਕੀਤੀ ਹੈ।ਸ਼੍ਰੀ ਪਾਲ ਨੇ ਇਸ ਮੌਕੇ ਹਾਜ਼ਰ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਵਿੱਚ ਗੁਰਬਾਣੀ ਸੰਗੀਤ ਦੀ ਇਸ ਸੀ ਡੀ ਦਾ ਜਾਰੀ ਹੋਣਾ ਕੀਰਤਨੀਆਂ ਲਈ ਵੀ ਬੜੇ ਮਾਣ ਵਾਲੀ ਗੱਲ ਹੈ ਕਿਉਂ ਕਿ ਵਿਗਿਆਨ ਅਤੇ ਗੁਰੂ ਬਾਣੀ ਵੱਲ ਧਿਆਨ ਦਾ ਸੁਮੇਲ ਹੀ ਸਾਨੂੰ ਸਰਬਪੱਖੀ ਸੰਪੂਰਨ ਸਖਸ਼ੀਅਤ ਬਣਾਉਣ ਦਾ ਰਾਹ ਦੱਸ ਦਾ ਹੈ। ਇਸ ਮੌਕੇ ਅੰਮ੍ਰਿਤ ਸਾਗਰ ਕੰਪਨੀ ਦੇ ਮਾਲਕ ਸ: ਬਲਬੀਰ ਸਿੰਘ ਭਾਟੀਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਅਤੇ ਉੱਘੇ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਤੋਂ ਇਲਾਵਾ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।


Posted

in

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com