ਦਵਿੰਦਰ ਸਿੰਘ |
ਮੈਂ ਕੋਈ ਜੋਤਿਸ਼ੀ ਨਹੀਂ
ਪਰ ਏਸ ਡਰਾਉਣੀ ਚੁੱਪ ਪਿੱਛੋਂ
ਉਠਦੀ ਬਗਾਵਤ ਦਾ ਰੰਗ ਦੱਸ ਸਕਦਾਂ !!
ਮੈਂ ਕੋਈ ਵੇਦ ਨਹੀਂ ਪੜ੍ਹੇ
ਪਰ ਬੱਸ ਅੱਡੇ ‘ਤੇ ਭੀਖ ਮੰਗਦੀ
ਗਰੀਬੜੀ ਦੇ ਨੈਣਾਂ ਦੇ ਗੋਲ ਘੇਰਿਆਂ ‘ਚ ਤੱਕ
ਭਵਿੱਖ ਦੇ ਜੰਮਣ ਤੋਂ ਪਹਿਲਾਂ
ਮੈਂ ਭਾਰਤ ਦੀ ਕੁੰਡਲੀ ਘੜ ਸਕਦਾਂ !!
ਮੈਂ ਕੋਈ ਮੰਤਰ ਨਈ ਜਾਣਦਾ
ਪਰ ਕਾਲਜਾਂ ‘ਚ ਪੜ੍ਹਦੀਆਂ ਫਸਲਾਂ ਨੂੰ
ਲੱਗੀ ਅਮਰੀਕਨ ਸੁੰਡੀ ਵਾਚ
ਆਉਂਦੀ ਕੱਲ ਦਾ ਝਾੜ ਦੱਸ ਸਕਦਾਂ !!
ਮੈਂ ਜੋਤਿਸ਼ੀ ਨਹੀਂ
ਪਰ ਬਿਰਧ ਰੁੱਖਾਂ ਨੂੰ ਅਪਮਾਨਿਤ ਕਰਨ ਵਾਲੇ
ਅੱਲ੍ਹੜ ਬੂਟਿਆਂ ਨੂੰ
ਕੱਲ੍ਹ ਬਿਰਧ ਆਸ਼ਰਮਾਂ ‘ਚ ਤੱਕ ਸਕਦਾਂ !!
ਭਾਵੇਂ ਡੋਲ੍ਹਿਆ ਕਿਸਾਨਾਂ ਨੇ
ਖੇਤਾਂ ‘ਚ ਖੂਨ ਆਪਣਾ
ਪਰ ਮੈਂ ਜਾਣਦਾ ਕਿ
ਏਸ ਨਾਲ ਏਨਾ ਰੰਗ ਨਈ ਚੜ੍ਹਨਾ
ਕਿ ਚਿਤਰਿਆ ਜਾ ਸਕੇ
ਜਵਾਕਾਂ ਦੇ ਮੁਰਝਾਏ ਚਿਹਰਿਆਂ ਤੇ
ਖੁਸ਼ੀ ਦਾ ਇਕ ਹੁਸੀਨ ਪਲ !!
ਮੈਂ ਤੱਕ ਸਕਦਾਂ ਭਵਿੱਖ ਦੇ ਗਰਭ ‘ਚ
ਫੁੱਲਾਂ ਦੇ ਬਲਾਤਕਾਰੀਆਂ, ਜੋ ਰੱਖੇ ਨੇ
ਕਈ ਅਣਚਾਹੇ ਹਰਾਮ ਬੀਜ !!
ਮੈਂ ਕੋਈ ਜੋਤਿਸ਼ੀ ਨਹੀਂ
ਪਰ ਅੱਜ ਨੂੰ ਭਾਂਪ
ਮੈਂ ਕੱਲ ਨੂੰ ਬੇਪਰਦ ਕਰ ਸਕਦਾਂ…!!
-ਦਵਿੰਦਰ ਸਿੰਘ
Leave a Reply