ਸ਼ਾਮ-ਹਵਾ ਸੁੰਨ ਚੁਪ ਦਾ ਨਗਮਾ
ਦੁਖ ਦਾ ਸਾਇਆ ਸੁਰ ਨਾ ਹੋਇਆ
ਦਿਲ ਦਾ ਬੋਝ ਨਾ ਹਲਕਾ ਹੋਇਆ
ਲਹਿਰਾਂ ਸੰਗ ਪੱਥਰ ਤੇ ਬੈਠਾ
ਜ਼ਖਮਾਂ ਦੀ ਡੁੰਘਾਈ ਮਿਣਦਾ
ਦਿਲ ਵਿਚ ਖੁੱਭੇ ਕੰਡੇ ਗਿਣਦਾ
ਧੜਕਣ ਦੇ ਰੰਗ ਫਿੱਕੇ ਪੈਂਦੇ
ਵਕਤ-ਹਵਾਵਾਂ ਵਿਚ ਦਿਲ ਰੁੜਿਆ
ਯਾਦ ਪੁਰਾਣੀ ਲੈ ਕੇ ਉੜਿਆ
ਮਾਜ਼ੀ ਦੀ ਬੁੱਕਲ ਰਾਹਤ ਹੈ
ਵਰਤਮਾਨ ਦੀ ਰਾਤ ਹਨੇਰੀ
ਮੁਸਤਕਬਿਲ ਇਕ ਸੋਚ ਡੁੰਘੇਰੀ
ਦਿਵਸ-ਸਿਵਾ ਰੰਗ-ਰੰਗ ਬਲਦਾ ਹੈ
ਲਹਿੰਦੇ ਅੱਖੀਂ ਮੂਕ ਵਿਦਾਈ
ਪੌਣਾਂ ਧਾ ਗਲਵਕੜੀ ਪਾਈ
ਤਨਹਾਈ ਧੁਰ ਹੱਡਾਂ ਤਾਂਈ
ਸੋਚ ਬਿਰਖ ਦੇ ਪੱਤੀਂ ਛਾ ਗਈ
ਘੋਰ ਉਦਾਸੀ ਰੰਗ ਨੂੰ ਖਾ ਗਈ
ਧੁੰਦਾਂ ਵਿਚ ਇਕ ਚਿਹਰਾ ਉੱਗਿਆ
ਰਾਤਾਂ ਅੰਬਰੀਂ ਚੰਦ ਨਿਕਲਿਆ
ਹੁਸਨਾਂ ਦੇ ਜਜ਼ਬੇ ਵਿਚ ਢਲਿਆ
ਅੰਮ੍ਰਿਤ ਕਿਰਨਾਂ ਸ਼ੋਖ ਸੁਨੇਹਾ
ਸੀਨੇ ਤੋਂ ਵਲਵਲਾ ਹੈ ਫੁਟਿਆ
ਤਾਰੇ ਦੀ ਅੱਖ ਬਣ ਨਭ ਰੁਕਿਆ
ਰੂਹਾਨੀ ਇਕ ਵਜਦ ਥਿਆਇਆ
ਸਾਹਾਂ ਨੇ ਸੰਦਲ ਸੰਜੋਇਆ
ਰੂਹ ਨੇ ਨਾਦ ਸਪਰਸ਼ ਜੋ ਪਾਇਆ
ਰੂਹ ਦਾ ਅਪਣੇ ਵਿਚ ਖੋ ਜਾਣਾ
ਸੱਚ ਇਬਾਰਤ ਦਾ ਹੋ ਜਾਣਾ
ਕੁਦਰਤ ਸੰਗ ਇਕ-ਮਿਕ ਹੋ ਜਾਣਾ
ਚੁਪ -ਕੰਪਣ ਦਾ ਹੜ ਰੁਕਿਆ ਹੈ
ਬੁੱਲ੍ਹਾਂ ਉੱਤੇ ਨਾਦ ਨਾ ਥੀਂਦੇ
ਸ਼ਬਦ ਅਬੋਲ ਨੇ ਸਾਫ ਸੁਣੀਂਦੇ
ਗੈਬੀ ਹੱਥਾਂ ਤਨ ਨੂੰ ਟੋਹਿਆ
ਰੂਹ ਅੰਦਰ ਝਰਨਾਹਟ ਉੱਠੀ
ਹੋਂਦ ਗਵਾਚੀ ਫਿਰ ਤੋਂ ਉੱਠੀ
ਦੂਰ ਦਿਸ਼ਾਵਾਂ ਦੀ ਹੱਦ ਉੱਤੇ
ਜਗਦਾ ਇਕ ਮੁਸਕਾਨ ਇਸ਼ਾਰਾ
ਸ਼ਾਮਲ ਧੁਨ ਵਿਚ ਤਾਰਾ ਤਾਰਾ
ਰੂਹਾਂ ਦਾ ਭਰਪੂਰ ਸਹਾਰਾ
ਖਿੜਿਆ ਦਿਲ ਦਾ ਫੁੱਲ ਦੋਬਾਰਾ
Leave a Reply