ਅੰਮ੍ਰਿਤਬੀਰ ਕੌਰ |
“ਮੇਰਾ ਸੂਰਜ ਡੁੱਬਿਆ ਹੈ
ਤੇਰੀ ਸ਼ਾਮ ਨਹੀਂ ਹੈ”*
ਢਲਦੇ ਸੂਰਜ ਦੇ ਸੁਨਹਿਰੀ ਰੰਗ
ਰੰਗਾਂ ‘ਚੋਂ ਛਲਕਦੀ ਉਦਾਸੀ
ਮੇਰੀ ਬੋਲਦੀ ਖਾਮੋਸ਼ੀ ਵੀ ਹੁਣ
ਤੇਰੇ ਲਈ ਪੈਗ਼ਾਮ ਨਹੀਂ ਹੈ
ਸ਼ਾਮ ਸੁਨੇਹਾ ਲੈ ਆਈ
ਢਲਦੇ ਪਰਛਾਵਿਆਂ ਦਾ
ਕੁਝ ਬੀਤ ਜਾਣ ਦਾ
ਕੁਝ ਮੇਰੇ ਹੱਥੋਂ ਖੁਸ ਜਾਣ ਦਾ
ਅੱਜ ਫੇਰ ਆਵੇਗੀ ਰਾਤ
ਰੂਹ ਤੋਂ ਸੱਖਣੀ
ਰਾਤ ਪੁੰਨਿਆਂ ਦੀ ਅੱਜ
ਉਤਰੇਗੀ ਮੱਸਿਆ ਵਾਂਗ
ਅੱਜ ਦੀ ਰਾਤ
ਨਹੀਂ ਚੜ੍ਹੇਗਾ ਮੇਰਾ ਚੰਨ
ਕੋਈ ਲੋਅ ਨਹੀਂ ਕਰੇਗੀ ਰੌਸ਼ਨ
ਮੇਰੀਆਂ ਬਰੂਹਾਂ ਦੇ ਚਿਰਾਗ
ਇੱਕਲੀ
ਹਨੇਰਿਆ ਨਾਲ ਜੂਝਦੀ
ਮੇਰੀ ਜਿੰਦ ਲੱਭੇਗੀ
ਪੈੜਾਂ ਦੇ ਨਿਸ਼ਾਨ
ਅਦਿੱਖ ਪਰਛਾਵੇਂ ਚੁੰਮਦੀ
ਲ਼ਫ਼ਜ਼ਾਂ ਨੂੰ ਬੁੱਕਲ ਵਿਚ ਲੈ
ਸੱਜਰੀ ਸਵੇਰ ਨੂੰ ਤਾਂਘਦੀ
ਸੌਂ ਜਾਏਗੀ ਮੇਰੀ ਰੂਹ
-ਅੰਮ੍ਰਿਤਬੀਰ ਕੌਰ
================
*ਪਹਿਲੀਆਂ ਦੋ ਸਤਰਾਂ ਸੁਰਜੀਤ ਪਾਤਰ ਦੀ ਇਕ ਕਵਿਤਾ ਦੀਆਂ ਸਤਰਾਂ ਹਨ।
Leave a Reply