ਚੋਥੀ ਜਮਾਤ ‘ਚ ਪੜਦੀ ਬੇਟੀ ਨੂੰ
ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ
ਸਕੂਲ ਛਡਣ ਜਾਂਦਾ ..
ਤਾਂ ਉਹ ਰੋਜ ਸਵਾਲ ਕਰਦੀ ਏ
ਪਾਪਾ ਜੀ ਅਸੀਂ ਸ੍ਕੂਟਰ ਕਦੋਂ ਲੈਣਾ ?
ਜਦੋਂ ਵਾਪਸ ਮੁੜਦਾ ਹਾਂ
ਤਾਂ ਅਖਾਂ ‘ਚ ਬਣਦੇ ਨੇ
ਸੈਕੰਡ ਹੈਂਡ ਸਕੂਟਰਾਂ ਦੇ ਖਾਕੇ
ਕੰਨਾ ਚ ਵੱਜਦੇ ਨੇ
ਫਟੇ ਸਲਾਂਸਰ ਦੇ ਪਟਾਕੇ
ਪਰ ਖੀਸੇ ‘ਚ ਛਣਕਦੇ ਡਊਏ
ਕਹਿੰਦੇ,
ਔਕਾਤ ‘ਚ ਰਹਿ
ਘਰ ਜਾ ਕੇ ਬਾਪੂ ਤੋਂ ਪੁੱਛਿਆ
ਬਾਪੂ ਆਪਾ ਵੀ ਇਕ ਪੁਰਾਣਾ ਜਿਹਾ ਸਕੂਟਰ ਲੈ ਲਈਏ ?
ਆਣ ਜਾਣ ਦੀ ਮੌਜ ਹੋ ਜਾਣੀ
ਲੈ ਲੈ ਪੁਤਰ ਲੈ ਲੈ
ਪਰ ਇਹ ਦੱਸ ਵੇਚਣਾ ਕੌਣ ਐ ?
ਮੈਨੂੰ ਕਿ ਮਾਂ ਨੂੰ?
ਇਹੋ ਸਵਾਲ ਬੇਬੇ ਤੋਂ ਵੀ ਪੁਛਿਆ
ਲੈ ਲੈ ਪੁਤਰ ਲੈ ਲੈ
ਘਰ-ਬਾਰ ਵੇਚਦੇ
ਸਕੂਟਰ ਲੈ ਲੈ
ਤੂੰ ਕਰ ਮੌਜ
ਤੇ ਸਾਨੂੰ ਲੈ ਦੇ
ਇਕ ਸਲਫਾਸ ਦੀ ਡੱਬੀ
ਅੰਤ ਅੰਦਰ ਵੜਕੇ ਬਹਿ ਗਿਆਂ
ਸੋਚੀਂ ਪੈ ਗਿਆਂ
ਇਹੋ ਸਵਾਲ ਬੈਂਕ ਦੀ ਕਾਪੀ ਤੋਂ ਵੀ ਪੁੱਛਿਆ
ਇਕ ਮਿੱਤਰ ਜਮਾਤੀ ਤੋਂ ਵੀ ਪੁੱਛਿਆ
ਤਾਏ ਗੁਲਾਬੇ ਤੋਂ ਵੀ ਪੁੱਛਿਆ
ਗੁਰਦੁਆਰੇ ਦੇ ਬਾਬੇ ਤੋਂ ਵੀ ਪੁੱਛਿਆ
ਠੇਕੇ ਦੇ ਕਰਿੰਦੇ ਤੋਂ ਵੀ ਪੁੱਛਿਆ
ਸੰਦੂਕ ਦੇ ਜਿੰਦੇ ਤੋਂ ਵੀ ਪੁੱਛਿਆ
ਮਨਪਸੰਦ ਕਿਤਾਬਾਂ ਤੋਂ ਵੀ ਪੁੱਛਿਆ
ਭਾਂਤ ਭਾਂਤ ਦੀਆਂ ਸ਼ਰਾਬਾ ਤੋਂ ਵੀ ਪੁੱਛਿਆ
ਖੇਤਾਂ ‘ਚ ਖੜੇ ਪੀਲੇ ਪੀਲੇ ਝੋਨੇ ਤੋਂ ਵੀ ਪੁੱਛਿਆ
ਆੜਤੀ ਦੇ ਮੁੰਡੇ ਘੋਨੇ ਤੋਂ ਵੀ ਪੁੱਛਿਆ
ਹੱਥਾਂ ਦੀਆਂ ਲਕੀਰਾ ਤੋਂ ਵੀ ਪੁੱਛਿਆ
ਗੁਰੂਆਂ ਦੀਆਂ ਤਸਵੀਰਾਂ ਤੋਂ ਵੀ ਪੁੱਛਿਆ
ਕੋਈ ਜਵਾਬ ਨੀ
ਅੰਤ
ਇਕ ਸਿਰ ਦਰਦ ਦੀ ਗੋਲੀ ਖਾ ਕੇ ਸੌਂ ਗਿਆ
‘ਬਾਹਰੋ ਆਵਾਜ ਆਈ ਕੁੜੀ ਨੂੰ ਸਕੂਲੋਂ ਲੈ ਆਓ
ਛੁੱਟੀ ਦਾ ਵੇਲਾ ਹੋ ਗਿਆ’
ਅੱਜ ਬੇਟੀ ਨੂੰ ਸਕੂਲੋਂ ਲਿਆਣੋ ਵੀ ਡਰਦਾ ਹਾਂ
ਜਾਂਦਾ ਜਾਂਦਾ
ਤੁਹਾਨੂੰ
ਵਿਦਵਾਨਾਂ,ਬੁਧੀਜੀਵੀਆਂ ਨੂੰ ਵੀ
ਇਹੋ ਸਵਾਲ ਕਰਦਾਂ ਹਾਂ
ਕਿ ਇੱਕ ਸਾਧਾਰਨ ਕਿਸਾਨ ਨੇ
ਸਕੂਟਰ ਕਦੋਂ ਲੈਣਾ ਹੁੰਦੈ???
-ਬਲਵਿੰਦਰ ਸਿੰਘ
Leave a Reply