ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾਉਂਦੇ ਨੇ

ਦੋ ਪਰਿਵਾਰਾਂ ਦਾ ਆਪਸੀ ਮੇਲ ਕਰਵਾਉਣਾ ਅਤੇ ਦੋ ਜ਼ਿੰਦੜੀਆਂ ਨੂੰ ਇੱਕ ਪਵਿੱਤਰ ਬੰਧਨ ਵਿਚ ਬੰਨਣ ਦੇ ਕਾਰਜ ਨੂੰ ਹੀ ਵਿਆਹ ਜਾਂ ਸ਼ਾਦੀ ਦੀ ਰਸਮ ਕਿਹਾ ਜਾਂਦਾ ਹੈ। ਇਸ ਰਸਮ ਰਾਹੀਂ ਸਮਾਜ ਵਿੱਚ ਪਿਆਰ, ਸਰੋਕਾਰ, ਸਾਂਝੀਵਾਲਤਾ, ਏਕਤਾ ਅਤੇ ਸਥਿਰਤਾ ਹੀ ਨਹੀਂ ਵੱਧਦੀ, ਸਗੋਂ ਸਮਾਜ ਦਾ ਸਾਰਥਿਕ ਵਿਕਾਸ ਵੀ ਹੁੰਦਾ ਹੈ । ਪਰ, ਇਹ ਪਵਿੱਤਰ ਰਸਮ ਵੀ ਅਜੋਕੀ ਪਦਾਰਥਵਾਦੀ ਦੌੜ ਤੋਂ ਨਾ ਬਚ ਸਕੀ । ਲੋਕ ਆਪਣਾ ਨੱਕ ਬਚਾਉਂਦੇ-ਬਚਾਉਂਦੇ ਹੀ ਮਣਾਂ-ਮੂੰਹੀਂ ਕਰਜ਼ੇ ਦੇ ਬੋਝ ਹੇਠ ਆ ਰਹੇ ਨੇ, ਜੋ ਇੱਕ ਚਿੰਤਾ ਦਾ ਵਿਸ਼ਾ ਹੈ ।
ਅਜੋਕੀਆਂ ਵਿਆਹ-ਸ਼ਾਦੀਆਂ ਦਾ ਮਾਹੌਲ ਵੀ ਮੇਲੇ ਵਰਗਾ ਹੁੰਦਾ ਹੈ। ਇਹ ਜ਼ਿਆਦਾਤਰ ਮੈਰਿਜ-ਪੈਲੇਸਾਂ ਵਿੱਚ ਕੀਤੀਆਂ ਜਾਂਦੀਆਂ ਹਨ। ਇੱਕ ਪਾਸਿਉਂ ਮੇਲ ਆਈ ਜਾਂਦਾ ਤੇ ਦੂਸਰੇ ਪਾਸਿਉਂ ਜਾਈ ਜਾਂਦਾ ਹੈ। ਇਸ ਪਵਿੱਤਰ ਰਸਮ ਦੇ ਸ਼ੁੱਭ ਮੌਕੇ ‘ਤੇ ਪਹੁੰਚੇ ਹੋਏ ਮਹਿਮਾਨ ਖੱਟੇ-ਮਿੱਠੇ ਪਕਵਾਨਾਂ ਵੱਲ ਵੱਧ ਧਿਆਨ ਦਿੰਦੇ ਹਨ ਅਤੇ ਮੇਲ-ਮਿਲਾਪ, ਸਲਾਹ-ਮਸ਼ਵਰਾ ਤੇ ਆਪਸੀ ਗੱਲਬਾਤ ਤਾਂ ਨਾ-ਮਾਤਰ ਹੀ ਹੁੰਦੀ ਹੈ, ਬੱਸ  ਹੈਲੋ-ਹਾਏ ਨਾਲ ਕੰਮ ਸਰ ਜਾਂਦਾ ਹੈ।
ਇਨ੍ਹਾਂ ਪੈਲੇਸਾਂ ਵਿੱਚ ਬਣੇ ਹੋਏ ਪਕਵਾਨਾਂ ਦੀ ਬਹੁਤ ਬਰਬਾਦੀ ਹੁੰਦੀ ਹੈ। ਲੋਕ ਭਰੇ-ਭਰਾਏ ਡੂੰਨੇ ਬੜੀ ਸ਼ਾਨ ਨਾਲ ਚੁੱਕਦੇ ਤੇ ਸੁਆਦ ਮਾਤਰ ਹੀ ਚੱਖ ਕੇ ਬਾਕੀ ਦਾ ਭਰਿਆ-ਭਰਾਇਆ ਡੂੰਨਾ ਕੂੜਾ-ਕਰਕਟ ਦੇ ਡੱਬੇ ਵਿਚ ਸੁੱਟ ਦਿੰਦੇ ਹਨ। ਇਹ ਤਾਂ ਉਹੀ ਗੱਲ ਹੋਈ ਨਾ ਰੱਜੀ ਮੈਂਹ ਘਮਾਹ ਦਾ ਉਜਾੜਾ। ਇਸ ਮੇਲੇ ਵਿੱਚ ਕਈ ਤਾਂ ਖਾਣ-ਪੀਣ ਹੀ ਆਉਂਦੇ ਹਨ ਤੇ ਕਈ ਬਿਨਾਂ ਬੁਲਾਏ ਵੀ। ਅਖੇ, ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਸ਼ਰਾਬ-ਮੀਟ ਸਰੇਆਮ ਚਲਦਾ ਹੈ। ਲੋਕ ਇਸ ਤਰ੍ਹਾਂ ਟੁੱਟ ਕੇ ਪੈਂਦੇ ਹਨ ਜਿਉਂ ਭੁੱਖਾ ਸ਼ੇਰ ਸ਼ਿਕਾਰ ਨੂੰ ਪੈਂਦਾ ਹੈ । ਗਰਮ-ਸਰਦ, ਕੱਚਾ-ਪੱਕਾ ਸਭ ਛਕੀ ਜਾਂਦੇ ਹਨ । ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਡਾਕਟਰ ਕੋਲ ਜਾਣਾ ਪਵੇ ਕਿਉਂਕਿ ਵਿਆਹ ਦਾ ਖਾਣਾ ਖਾ ਕੇ ਜ਼ਿਆਦਤਰ ਲੋਕ ਬੀਮਾਰ ਹੋ ਜਾਂਦੇ ਹਨ।
ਘਰ ਦੇ ਤਾਂ ਸ਼ਗਨ ਦੇ ਲਿਫ਼ਾਫ਼ੇ ‘ਕੱਠੇ ਕਰਦੇ ਅਤੇ ਬਿੱਲ ਚੁਕਾਉਂਦੇ ਹੀ ਰਹਿ ਜਾਂਦੇ ਹਨ ਕਿ ਤਿੰਨ-ਚਾਰ ਘੰਟੇ ਵਿੱਚ ਵਿਆਹ ਦਾ ਕੰਮ ਤਮਾਮ ਹੋ ਜਾਂਦਾ ਹੈ । ਉਹ ਪੈਲਿਸ ਜੋ ਤਿੰਨ-ਚਾਰ ਘੰਟੇ ਪਹਿਲਾ ਪੂਰੇ ਜਲੌਅ ਵਿਚ ਸੀ, ਰੌਸ਼ਨੀ ਮੱਧਮ ਪੈਣੀ ਸ਼ੁਰੂ ਹੋ ਜਾਂਦੀ ਹੈ । ਲੋਕ ਖਾ-ਪੀ ਕੇ ਤੁਰਦੇ ਬਣਦੇ ਹਨ ਅਤੇ ਲੜਕੀ-ਲੜਕੇ ਨੂੰ ਆਸ਼ੀਰਵਾਦ ਦੇਣਾ ਵੀ ਆਪਣਾ ਫ਼ਰਜ਼ ਨਹੀਂ ਸਮਝਦੇ। ਅਜ ਕੱਲ੍ਹ ਦੇ ਵਿਆਹ-ਸਮਾਗਮ ਤਾਂ ਪਿਆਰ ਵਿਹੂਣੇ ਹੀ ਹੁੰਦੇ ਜਾ ਰਹੇ ਹਨ, ਜਦਕਿ ਪਹਿਲੇ ਸਮਿਆਂ ਵਿਚ ਮੇਲ-ਮਿਲਾਪ ਤਾਂ ਸਾਗਰ ਦੀਆਂ ਲਹਿਰਾਂ ਵਾਂਗ ਠਾਠਾਂ ਮਾਰ ਰਿਹਾ ਹੁੰਦਾ ਸੀ। ਸੋਚਣ ਵਾਲੀ ਗੱਲ ਹੈ ਕਿ ਇਹ ਬੋਝ ਕਿਸ ‘ਤੇ ਪੈਂਦਾ ਹੈ? ਕੌਣ ਹੈ ਇਸ ਲਈ ਜ਼ਿੰਮੇਵਾਰ?
ਸਿਆਣੇ ਸੱਚ ਕਹਿੰਦੇ ਹਨ ਕਿ ਅੱਜ ਦਾ ਵਿਆਹ ਮੁੱਠੀ ‘ਚ ਹੈ । ਪਰ, ਵਿਆਹ ਵਾਲਾ ਘਰ ਤਾਂ ਖੁਸ਼ੀਆਂ ਤੋਂ ਸੱਖਣਾ ਹੀ ਰਹਿ ਜਾਂਦਾ ਹੈ, ਜਦਕਿ ਪਹਿਲੇ ਸਮਿਆਂ ਵਿਚ ਪੂਰੀ ਚਹਿਲ-ਪਹਿਲ ਹੁੰਦੀ ਸੀ ਅਤੇ ਢੋਲ-ਢਮੱਕੇ ਵੱਜਣੇ ਤਾਂ ਕਈ ਦਿਨ ਪਹਿਲਾਂ ਤੋਂ ਸ਼ੁਰੁ ਹੋ ਜਾਂਦੇ ਸਨ । ਘਰ ਨੂੰ ਇੱਕ ਦੁਲਹਣ ਦੀ ਤਰ੍ਹਾਂ ਸਜਾਇਆ ਜਾਂਦਾ ਸੀ । ਮੇਲ ਆਉਂਦਾ, ਗਲੇ ਮਿਲਦਾ ਅਤੇ ਕੰਮ ‘ਚ ਹੱਥ ਵੀ ਵਟਾਉਂਦਾ ਸੀ। ਇਸ ਦੇ ਉਲਟ ਹੁਣ ਤਾਂ ਰੰਗ-ਬਰੰਗੀਆਂ ਰੋਸ਼ਨੀਆਂ ਹੋਣ ਦੇ ਬਾਵਜੂਦ ਘਰ ਸੁੰਨਾ-ਸੁੰਨਾ ਹੀ ਲੱਗਦਾ ਹੈ।
ਭਾਵੇਂ ਵਿਆਹ ਮੁੱਠੀ ਵਿਚ ਆ ਗਿਆ ਹੈ, ਪਰ ਇਸ ਦੀਆਂ ਰਸਮਾਂ ਮੁੱਕਣ ਦਾ ਨਾਂ ਨਹੀਂ ਲੈਂਦੀਆਂ । ਇਹ ਵਿਆਹ-ਰਸਮ ਤੋਂ ਕਿਤੇ ਅੱਗੇ ਨਿਕਲ ਜਾਂਦੀਆਂ ਹਨ ਤੇ ਇਨ੍ਹਾਂ ‘ਤੇ ਖ਼ਰਚ ਵੀ ਬੇਹਿਸਾਬ ਆਉਂਦਾ ਹੈ । ਲੋਕ ਤਾਂ ਜਾਨ-ਬੁੱਝ ਕੇ ਅੱਡੀਆਂ ਚੁੱਕ-ਚੁੱਕ ਕੇ ਫਾਹਾ ਲੈਂਦੇ ਹਨ । ਆਪਣੀ ਹੈਸੀਅਤ ਨੂੰ ਹੋਰ ਵਡਿਆਉਣ ਦੀ ਖਾਤਿਰ ਉਹ ਤਾਂ ਕਰਜ਼ਾਈ ਹੋ ਜਾਂਦੇ ਹਨ । ਗੱਲ ਕੀ, ਨੱਕ ਉੱਚਾ ਕਰਦੇ-ਕਰਦੇ ਹੀ ਨੱਕ ਵਢਾ ਬੈਠਦੇ ਹਨ।
ਸਾਰਿਆਂ ਦੀ ਸੁਣੋ, ਪਰ ਕਰੋ ਆਪਣੀ ਮਰਜ਼ੀ। ਆਪਣੀ ਹੈਸੀਅਤ ਮੁਤਾਬਕ ਹੀ ਪੈਰ ਪਸਾਰੋ । ਸਿਆਣਾ ਓਹੀ ਹੈ ਜੋ ਸੋਚ ਸਮਝ ਕੇ ਪੈਰ ਪੁੱਟਦਾ ਹੈ । ਇੱਕ ਵਾਰ ਕਮਾਨ ਤੋਂ ਨਿਕਲਿਆਂ ਤੀਰ ਦੁਬਾਰਾ ਹੱਥ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਹੀ ਇੱਕ ਵਾਰ ਦਾ ਬੰਦਾ ਟੁੱਟਿਆਂ ਮੁੜ ਪੈਰਾਂ ‘ਤੇ ਨਹੀਂ ਖੜ੍ਹਦਾ ।
ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਪਹਿਲੇ ਸਮਿਆਂ ਵਿਚ ਲੋਕ ਸਾਦ-ਮੁਰਾਦੇ ਵਿਆਹ-ਸ਼ਾਦੀਆਂ ਨੂੰ ਤਰਜੀਹ ਦਿੰਦੇ ਸਨ। ਪਰ ਅਜਕੱਲ੍ਹ ਤਾਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਮੈਰਿਜ ਪੈਲਿਸਾਂ ਨੂੰ ਦੌੜਦੇ ਹਨ। ਆਪਣੀ ਠੁੱਕ ਬਣਾਉਣ ਦੀ ਖਾਤਿਰ ਲੋੜ ਤੋਂ ਵੱਧ ਖ਼ਰਚਾ ਕਰ ਕੇ ਪਛਤਾਉਂਦੇ ਹਨ । ਉਹ ਇਹ ਗੱਲ ਵੀ ਮੰਨਣ ਲਈ ਤਿਆਰ ਨਹੀਂ ਹਨ ਕਿ ਲੜਕੀ-ਲੜਕਾ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲੈਣ। ਜੇ ਕਿਤੇ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਉਹ ਚਾਚਿਆਂ-ਮਾਮਿਆਂ ਕੋਲੋਂ ਉਹਨਾਂ ਦੇ ਡੱਕਰੇ-ਡੱਕਰੇ ਕਰਵਾ ਕੇ ਹੀ ਸਾਹ ਲੈਂਦੇ ਹਨ। ਉਂਝ ਭਾਵੇਂ ਚਾਚਿਆ-ਮਾਮਿਆਂ ਨਾਲ ਬੋਲ-ਚਾਲ ਹੈਗਾ ਵੀ ਹੈ ਜਾਂ ਨਹੀਂ, ਪਰ ਜਦੋਂ ਇਹੋ ਜਿਹੀ ਗੱਲ ਦਾ ਪਤਾ ਲੱਗਦਾ ਹੈ ਤਾਂ ਸਾਰੇ ਦੋਸਤ-ਦੁਸ਼ਮਣ ਇੱਕ ਹੋ ਜਾਂਦੇ ਹਨ ਤੇ ਗਿਣ-ਗਿਣ ਕੇ ਬਦਲੇ ਲੈਂਦੇ ਹਨ। ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਸਿਆਣੀ ਹੈ। ਉਹ ਸੌ ਵਾਰ ਸੋਚਦੀ ਤੇ ਫਿਰ ਹੀ ਅੱਗੇ ਤੁਰਦੀ ਹੈ; ਇਹ ਗੱਲ ਵੱਖਰੀ ਹੈ ਕਿ ਸਾਨੂੰ ਅਜੇ ਤੱਕ ਇਸ ਦੀ ਆਦਤ ਨਹੀਂ ਪਈ। ।
ਆਓ ਸਾਦ-ਮੁਰਾਦੇ ਵਿਆਹ ਰਚਾਈਏ ਅਤੇ ਸਭ ਦੀ ਝੋਲੀ ਖੁਸ਼ੀਆਂ ਪਾਈਏ। ਜੇ ਦਾਨ-ਪੁੰਨ ਕਰਨਾ ਹੀ ਹੈ ਤਾਂ ਗ਼ਰੀਬਾਂ ਵਿੱਚ ਕਰੋ, ਗ਼ਰੀਬੀ ਨੂੰ ਹਟਾਓ। ਫੂੰ-ਫਾਂਹ ਦੀ ਦੁਨੀਆਂ ਛੱਡ ਕੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਅਤੇ ਫਿਰ ਦੇਖੋ, ਵਿਆਹ-ਸ਼ਾਦੀ ਕਰਨ ਦਾ ਮਜ਼ਾ ਕੁਝ ਹੋਰ ਹੀ ਹੋਵੇਗਾ। ਜਿੱਥੋਂ ਤੱਕ ਸੰਭਵ ਹੋ ਸਕੇ, ਵਿਆਹ ਵਾਲੇ ਪਕਵਾਨ ਘਰ ਵਿੱਚ ਹੀ ਤਿਆਰ ਕੀਤੇ ਜਾਣ। ਇੱਕ ਤਾਂ ਖ਼ਰਚਾ ਘੱਟ ਆਵੇਗਾ ਤੇ ਦੂਸਰਾ ਆਇਆ ਮੇਲ ਬੀਮਾਰ ਨਹੀਂ ਹੋਵੇਗਾ। ਸਿਆਣਿਆਂ ਦਾ ਕਿਹਾ ਸੱਚ ਹੈ ਕਿ ਧੀ ਦਾ ਦਾਨ ਮਹਾਂ-ਦਾਨ ਹੈ। ਇਸ ਪੁੰਨ ਦਾ ਵਧੇਰੇ ਲਾਭ ਲੈਣ ਲਈ ਡੋਲੀ ਘਰ ਤੋਂ ਤੋਰੋ ਅਤੇ ਵਿੱਦਿਆ ਦੇ ਗਹਿਣੇ ਪਾਓ; ਇਸ ਵਿੱਚ ਹੀ ਸਭ ਦੀ ਭਲਾਈ ਹੈ, ਕਿਉਂ ਕਿ ਸਾਦ-ਮੁਰਾਦੇ ਵਿਆਹ ਹੀ ਸਮਾਜ ਦੇ ਗੌਰਵ ਨੂੰ ਚਾਰ ਚੰਨ ਲਗਾ ਸਕਦੇ ਹਨ ।

-ਦਲਵੀਰ ਸਿੰਘ ਲੁਧਿਆਣਵੀ, ਲੁਧਿਆਣਾ

Posted

in

, ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com