ਸਾਧੂ ਬਿਨਿੰਗ ਨੂੰ ਮਿਲਿਆ ਇਕਬਾਲ ਅਰਪਨ ਸਨਮਾਨ

ਕੈਲਗਰੀ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 13ਵੇਂ ਸਲਾਨਾ ਸਮਾਗਮ ਵਿਚ ਪ੍ਰਸਿੱਧ ਲੇਖਕ ਅਤੇ ਕੈਨੇਡਾ ਵਿਚ ਪੰਜਾਬੀ ਬੋਲੀ ਦੇ ਵਿਕਾਸ ਲਈ ਕੰਮ ਕਰਨ ਵਾਲੇ ਸਾਧੂ ਬਿਨਿੰਗ ਨੂੰ ਇਕਬਾਲ ਅਰਪਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ, ਜਨਰਲ ਸਕੱਤਰ ਬਲਜਿੰਦਰ ਸੰਘਾ ਅਤੇ ਪਾਲੀ ਵਿਰਕ ਵੱਲੋਂ ਇਕਬਾਲ ਅਰਪਨ ਯਾਦਗਾਰੀ ਅਵਾਰਡ ਦੀ ਪਲੈਕ ਭੇਂਟ ਕੀਤੀ ਗਈ। ਸਭਾ ਦੇ ਖ਼ਜ਼ਾਨਚੀ ਬਲਵੀਰ ਗੋਰੇ ਵੱਲੋਂ ਇਕ ਹਜ਼ਾਰ ਕੈਨੇਡੀਅਨ ਡਾਲਰ ਦਾ ਚੈਕ, ਜੋਗਿੰਦਰ ਸਿੰਘ ਸੰਘਾ ਵੱਲੋਂ ਸਭਾ ਦੀਆਂ ਕਿਤਾਬਾਂ ਦਾ ਸੈਟ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋਂ ਉਹਨਾਂ ਦੁਅਰਾ ਬਣਾਈ ਸਾਧੂ ਬਿਨਿੰਗ ਦੀ ਤਸਵੀਰ ਭੇਂਟ ਕੀਤੀ ਗਈ। ਮੀਤ ਪ੍ਰਧਾਨ ਹਰੀਪਾਲ ਨੇ ਸਾਧੂ ਬਿਨਿੰਗ ਬਾਰੇ ਆਪਣਾ ਵਿਸਥਾਰਥ ਲੇਖ ਪੜਦਿਆਂ ਕਿਹਾ ਕਿ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵੱਲੋਂ ਬਹੁਤ ਲੰਬੇ ਸਮੇਂ ਤੋਂ ‘ਵਤਨ’ ਮੈਗਜ਼ੀਨ ਬੜੀ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਸਾਧੂ ਬਿਨਿੰਗ ਪਿਛਲੇ ਦੋ ਦਹਾਕੇ ਤੋਂ ਪੰਜਾਬੀ ਬੋਲੀ ਨੂੰ ਕੈਨੇਡੀਅਨ ਭਾਸ਼ਾਂ ਦਾ ਦਰਜ਼ਾ ਦਿਵਾਉਣ ਲਈ ਯਤਨਸੀਲ ਹੈ। ਡਾਕਟਰ ਸਾਧੂ ਸਿੰਘ ਨੇ ਬਿਨਿੰਗ ਦੀ ਜ਼ਿੰਦਗੀ ਦੇ ਸਮੁੱਚੇ ਦ੍ਰਿਸ਼ਟੀਕੋਣ ਬਾਰੇ ਵਿਸਥਾਰ ਨਾਲ ਦੱਸਦਿਆ ਕਿਹਾ ਹੈ ਕਿ ਉਹਨਾਂ ਦੀ ਸਮੁੱਚੀ ਜ਼ਿੰਦਗੀ ਪੰਜਾਬੀ ਬੋਲੀ ਦੇ ਵਿਕਾਸ ਨੂੰ ਸਮਰਪਿਤ ਹੈ। ਰਘਬੀਰ ਸਿੰਘ ਸਿਰਜਣਾ ਨੇ ਬੜੇ ਪ੍ਰਭਾਵਸ਼ਾਲੀ ਸ਼ਬਦਾ ਰਾਹੀਂ ਸਾਧੂ ਬਿਨਿੰਗ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਭਾ ਵੱਲੋ ਸਾਧੂ ਬਿਨਿੰਗ ਦੀ ਇਕਬਾਲ ਅਰਪਨ ਯਾਦਗਾਰੀ ਐਵਰਾਡ ਲਈ ਚੋਣ ਨੂੰ ਬਹੁਤ ਵਧੀਆ ਉਪਰਾਲਾ ਅਤੇ ਸਹੀ ਚੋਣ ਦੱਸਦਿਆਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਨੂੰ ਵਧਾਈ ਦਿੱਤੀ।
26 ਮਈ 2012 ਦਿਨ ਸ਼ਨੀਵਾਰ ਨੂੰ ਫਾਲਕਿਨਰਿਜ/ਕੈਸਲਰਿੱਜ ਕਮਿਊਨਟੀ ਹਾਲ ਕੈਲਗਰੀ, ਕੈਨੇਡਾ ਵਿਚ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਧਾਨ ਮਹਿੰਦਰਪਾਲ ਐੱਸ. ਪਾਲ, ਮੁੱਖ ਮਹਿਮਾਨ ਸਾਧੂ ਬਿਨਿੰਗ, ਜਗਦੀਸ਼ ਕੌਰ ਬਿਨਿੰਗ, ਰਘਬੀਰ ਸਿੰਘ ਸਿਰਜਣਾ ਅਤੇ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਬਿਰਾਜਮਾਨ ਸਨ। ਬੱਚਿਆਂ ਵੱਲੋਂ ਭੰਗੜੇ ਰਾਹੀ ਪੰਜਾਬੀ ਸਭਿਆਚਾਰ ਦੀ ਰੰਗਾ-ਰੰਗ ਝਲਕ ਪੇਸ਼ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਬਲਵੀਰ ਗੋਰੇ ਅਤੇ ਤਰਲੋਚਨ ਸੈਂਭੀ ਵੱਲੋਂ ਬੁਲੰਦ ਅਵਾਜ਼ ਵਿਚ ਬਲਵੀਰ ਗੋਰੇ ਦੀ ਰਚਨਾ ‘ਲੁੱਟ ਸਾਧ ਪਖੰਡੀ ਨੇ ਲੋਕਾਂ ਨੂੰ ਧਰਮ ਦੀ ਆੜ ‘ਚੋ ਖਾਗੇ’ ਸੁਣਾਈ । ਸਭਾ ਵੱਲੋਂ ਕਰਵਾਏ ਗਏ ਬੱਚਿਆਂ ਦੇ ਪ੍ਰੋਗਰਾਮ ਦੀ ਡੀ.ਵੀ.ਡੀ. ਸਾਧੂ ਬਿਨਿੰਗ, ਮਹਿੰਦਰਪਾਲ ਐਸ. ਪਾਲ, ਜ਼ੋਰਾਵਰ ਬਾਂਸਲ ਅਤੇ ਰਣਜੀਤ ਲਾਡੀ ਵੱਲੋਂ ਰੀਲੀਜ਼ ਕੀਤੀ ਗਈ। ਪ੍ਰਧਾਨ ਮਹਿੰਦਰਪਾਲ ਐਸ. ਪਾਲ ਨੇ ਦੂਰ-ਦੁਰਾਡੇ ਤੋਂ ਪਹੁੰਚੇ ਲੇਖਕਾਂ, ਸਭ ਦਰਸ਼ਕਾਂ ਅਤੇ ਸਹਿਯੋਗੀਆਂ ਨੂੰ ਜੀ ਆਇਆ ਆਖਿਆ ਅਤੇ ਇਸ ਪ੍ਰੋਗਰਾਮ ਦੇ ਸਪਾਂਸਰਜ਼ ਅਤੇ ਮੀਡੀਆ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਅਜਿਹੇ ਪ੍ਰੋਗਰਾਮ ਉਲਕੀਣੇ ਅਸੰਭਵ ਹਨ। ਬਾਨੀ ਮੈਬਰਾਂ ਵਿਚੋਂ ਜਸਵੰਤ ਸਿੰਘ ਗਿੱਲ ਨੇ ਮਰਹੂਮ ਇਕਬਾਲ ਅਰਪਨ ਦੇ ਯਤਨਾਂ ਨਾਲ ਹੋਂਦ ਵਿਚ ਆਈ ਇਸ ਸਭਾ ਦੇ 12 ਸਾਲ ਦੇ ਕੀਤੇ ਕੰਮਾਂ ਤੇ ਝਾਤ ਪੁਆਈ, ਜਿਸ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ, ਬੱਚਿਆ ਦੇ ਪ੍ਰੋਗਰਾਮ, ਪਰਿਵਾਰਕ ਹਿੰਸਾ ਅਤੇ ਸਿਹਤ ਸਬੰਧੀ ਜਾਣਕਾਰੀ ਅਤੇ ਵਿਸ਼ਵ ਪੰਜਾਬੀ ਕਾਨਫਰੰਸ ਕੈਲਗਰੀ ਸ਼ਾਮਿਲ ਸੀ। ਇਸਤੋਂ ਬਾਅਦ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਵੱਲੋਂ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਸਭਾ ਨੂੰ ਇਸ ਸਮਾਗਮ ਦੀ ਵਧਾਈ ਦਿੱਤੀ। ਸਨਮਾਨ ਉਪਰੰਤ ਸਾਧੂ ਬਿਨਿੰਗ ਨੇ ਆਪਣੇ ਡੂੰਘੇ ਵਿਚਾਰ ਪੇਸ਼ ਕਰਦਿਆਂ ਪੰਜਾਬੀ ਬੋਲੀ ਲਈ ਕੀਤੇ ਜਾ ਚੁੱਕੇ ਅਤੇ ਹੋਣ ਵਾਲੇ ਕੰਮਾਂ ਬਾਰੇ ਦੱਸਦਿਆ ਆਖਿਆ ਕਿ ਸਾਨੂੰ ਹੋਰ ਜ਼ੁਬਾਨਾਂ ਵੀ ਸਿੱਖਣੀਆਂ ਚਾਹੀਦੀਆਂ ਹਨ, ਪਰ ਕਿਸੇ ਵੀ ਕੀਮਤ ਤੇ ਆਪਣੀ ਮਾਂ ਬੋਲੀ ਦਾ ਸੌਦਾ ਨਹੀਂ ਕਰਨਾ ਚਾਹੀਦਾ, ਸਗੋਂ ਇਸਦੇ ਵਿਕਾਸ ਲਈ ਹਰ ਯੋਗ ਸਾਧਨ ਵਰਤਦੇ ਹੋਏ ਇਕ ਕਾਫਲਾ ਬਣਕੇ ਚੱਲਣਾ ਚਾਹੀਦਾ ਹੈ। ਹਾਲ ਤਾੜੀਆਂ ਨਾਲ ਗੂੰਜ ਉਠਿਆ ਜਦੋਂ ਉਹਨਾਂ ਆਪਣੇ ਵਿਸ਼ਾਲ ਲੇਖਣੀ ਅਤੇ ਗਤੀਵਿਧੀਆਂ ਲਈ ਆਪਣੀ ਪਤਨੀ ਜਗਦੀਸ਼ ਕੌਰ ਬਿਨਿੰਗ ਦੇ ਅਣਮੁੱਲੇ ਯੋਗਦਾਨ ਦੀ ਚਰਚਾ ਕੀਤੀ। ਸਭਾ ਦੇ ਸਕੱਤਰ ਸੁਖਪਾਲ ਪਰਮਾਰ ਨੇ ਇਸ ਸਮਾਗਮ ਦੇ ਗੀਤ, ਗਜ਼ਲਾਂ ਅਤੇ ਕਵਿਤਾਵਾਂ ਦੇ ਦੌਰ ਦੀ ਸ਼ੁਰੂਆਤ ਕੀਤੀ। ਜਿਸ ਵਿਚ ਅਵਨਿੰਦਰ ਨੂਰ, ਜ਼ੋਰਾਵਰ ਬਾਂਸਲ, ਸੁਰਿੰਦਰ ਗੀਤ, ਹਰਮਿੰਦਰ ਕੌਰ ਢਿੱਲੋਂ, ਸੁਰਜੀਤ ਸਿੰਘ ਪੰਨੂ, ਦਲਜੀਤ ਸੰਧੂ, ਮੰਗਾ ਬਾਸੀ, ਤਰਲੋਚਨ ਸੈਂਭੀ, ਜਗਜੀਤ ਸੰਧੂ, ਬਲਜਿੰਦਰ ਸੰਘਾ, ਮਹਿੰਦਰਪਾਲ ਐਸ. ਪਾਲ, ਗੁਰਮੀਤ ਸਰਪਾਲ (ਪ੍ਰਧਾਨ ਰਾਇਲ ਵੂਮੇਨ ਸੁਸਾਇਟੀ), ਸੁਖਵੰਤ ਹੁੰਦਲ ਆਦਿ ਨੇ ਭਾਗ ਲਿਆ। ਸਭਾ ਵਲੋਂ ਆਪਣੇ ਲੇਖਕਾਂ ਅਤੇ ਚੇਤਨਾ ਪ੍ਰਕਾਸ਼ਨ ਦੀਆਂ ਕਿਤਾਬਾਂ ਦੀ ਵਿਸ਼ਾਲ ਪ੍ਰਰਦਰਸ਼ਨੀ ਲਗਾਈ ਗਈ। ਹਰਪ੍ਰਕਾਸ਼ ਜ਼ਨਾਗਲ ਦੇ ਚਿੱਤਰਾਂ ਦੀ ਪ੍ਰਦਰਸ਼ਨੀ ਨੂੰ ਲੋਕਾਂ ਨੇ ਉਤਸ਼ਾਹ ਨਾਲ ਵੇਖਿਆ। ਮਾਸਟਰ ਭਜਨ ਸਿੰਘ ਗਿੱਲ ਅਤੇ ਸੋਹਨ ਮਾਨ ਨੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਕਿਤਾਬਾਂ ਦੀ ਪ੍ਰਰਦਰਸ਼ਨੀ ਲਗਾਈ। ਵੈਨਕੂਵਰ ਤੋਂ ਪਹੁੰਚੇ ਗੁਰੂਮੇਲ, ਦਿਲਬਰ ਕੰਗ ਤੋਂ ਇਲਾਵਾ ਸਭਾ ਦੇ ਮੈਂਬਰ ਬੀਜਾ ਰਾਮ, ਪਰਮਜੀਤ ਸੰਦਲ, ਸਿਮਰ ਚੀਮਾ, ਸੁਰਿੰਦਰ ਚੀਮਾ, ਸਰਬਣ ਸੰਧੂ, ਮੰਗਲ ਚੱਠਾ, ਜਰਨੈਲ ਤੱਗੜ, ਗੁਰਬਚਨ ਬਰਾੜ, ਪਵਨਦੀਪ ਬਾਂਸਲ, ਗੁਰਲਾਲ ਰੁਪਲੋਂ, ਜਗਦੀਪ ਰੰਧਾਵਾ, ਚੰਦ ਸਿੰਘ ਸਦਿਓੜਾ, ਬਲਜਿੰਦਰ ਢਿਲੋਂ, ਲਖਵੀਰ ਸਿੰਘ ਅਤੇ ਹਰਜੀਤ ਕੌਰ ‘ਅਰਪਨ’ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਸਮਾਗਮ ਵਿਚ ਜਸਵੀਰ ਸਹੋਤਾ ਪ੍ਰਧਾਨ ਸਹਿਤ ਸਭਾ, ਜੱਸ ਚਾਹਲ ਸਕੱਤਰ ਰਾਈਟਰ ਫੋਰਮ, ਬਿੱਲ ਕਾਹਲੋ ਪ੍ਰਧਾਨ ਡਰੱਗ ਅਵੇਅਰਨੈਸ ਫਾਊਡੇਸ਼ਨ, ਹਰਪਿੰਦਰ ਸਿੰਘ ਸਿੱਧੂ (ਪੰਜਾਬ ਇਸ਼ੋਰੈਸ਼), ਹਰਚਰਨ ਸਿੰਘ ਪਰਹਾਰ, ਬ੍ਰਹਮ ਪ੍ਰਕਾਸ਼ ਲੁੱਡੂ, ਜਗਪ੍ਰੀਤ ਸ਼ੇਰਗਿੱਲ ਸਮੇਤ ਬਹੁਤ ਸਾਰੇ ਪੰਜਾਬੀ ਸੱਜਣ ਹਾਜ਼ਰ ਸਨ। ਦਿਲਬਰ ਕੰਗ ਦੀ ਅਗਵਾਈ ਹੇਠ ਓਮਨੀ ਟੀ. ਵੀ. ਵੱਲੋਂ ਸਮਾਗਮ ਦੀ ਵਿਸ਼ੇਸ਼ ਕਵਰੇਜ਼ ਕੀਤੀ ਗਈ। ਅਖੀਰ ਵਿਚ ਪ੍ਰਧਾਨ ਮਹਿੰਦਰਪਾਲ ਐਸ. ਪਾਲ ਨੇ ਸਭ ਦਾ ਧੰਨਵਾਦ ਕੀਤਾ। ਸਭਾ ਦੀ ਅਗਲੀ ਮਹੀਨਾਵਾਰ ਮੀਟਿੰਗ 17 ਜੂਨ 2012 ਦਿਨ ਐਤਵਾਰ ਨੂੰ ਕੋਸੋ ਹਾਲ ਵਿਚ ਹੋਵੇਗੀ।

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com