ਆਪਣੀ ਬੋਲੀ, ਆਪਣਾ ਮਾਣ

ਸਾਵੀ ਤੇ ਸਪੈਰੋ। ਡਾਇਰੀ ਦੇ ਪੰਨੇ । ਸੀਮਾ ਸੰਧੂ

ਅੱਖਰ ਵੱਡੇ ਕਰੋ+=
ਜਦ  ਅਸੀਂ ਅੰਮ੍ਰਿਤਸਰ ਸ਼ਿਫਟ ਹੋਏ ਤਾਂ ਕਿਰਾਏ ਦਾ ਘਰ ਸੀ ! ਦੋ ਪੋਰਸ਼ਨ ਸਨ। ਹੋਰ ਵੀ ਕਿਰਾਏਦਾਰ ਰਹਿੰਦੇ ਸਨ। ਬੱਚਿਆਂ ਦੀ ਪੜ੍ਹਾਈ ਕਰਕੇ ਆਉਣਾ ਪਿਆ ਸੀ, ਪਰ ਇੱਕ ਭਰੇ ਪੂਰੇ ਪਰਿਵਾਰ ਵਿੱਚੋਂ ਆ ਕੇ ਇਕੱਲੇ ਰਹਿਣਾ ਔਖਾ ਸੀ। ਘਰ ਵਿਚ ਹਮੇਸ਼ਾਂ ਹੀ ਕਮੀ ਮਹਿਸੂਸ ਹੁੰਦੀ ਵੱਡੀਆਂ ਦੀ। ਖ਼ਾਸ ਕਰਕੇ ਜਦ ਮੈਂ ਵੀ ਜੌਬ ਕਰਨੀ ਸ਼ੁਰੂ ਕਰ ਦਿੱਤੀ।  ਬੇਟੀ ਸਾਵੀ ਦਾ ਸਕੂਲ ਘਰ ਤੋਂ ਕਾਫੀ ਦੂਰ ਸੀ। ਉਦੋਂ ਉਹ ਸ਼ਾਇਦ ਤੀਸਰੀ ਜਮਾਤ ਵਿਚ ਪੜਦੀ ਸੀ… ਸਕੂਲ ਤੋਂ ਜਦੋਂ ਘਰ ਮੁੜਦੀ ਸੀ ਮੈਂ ਇਸ ਨੂੰ ਰੋਟੀ ਖੁਵਾ ਕੇ ਫਿਰ ਜੌਬ ਤੇ ਵਾਪਿਸ ਜਾਣਾ ਹੁੰਦਾ ਤਾਂ ਇਸ ਦੀ ਜ਼ਿੱਦ ਹੋਣੀ ਕੇ ਮੈਂ ਨਾ ਜਾਵਾਂ। ਪਰ ਜਦ ਚਲੀ ਜਾਂਦੀ ਉਹ ਬਹੁਤ ਇੱਕਲਾ ਮਹਿਸੂਸ  ਕਰਦੀ। ਪਰਿਵਾਰ ਵਿਚੋਂ ਆਕੇ ਰਹਿਣਾ ਔਖਾ ਸੀ। ਬੇਟਾ ਦਾਦੀ ਮਾਂ ਦੇ ਕੋਲ ਸੀ। ਉਹ ਅਜੇ ਸਕੂਲ ਨਹੀਂ ਸੀ ਜਾਂਦਾ ਪਰ ਸ਼ਰਾਰਤੀ ਬਹੁਤ ਸੀ। ਉਹ ਦਾਦਾ-ਦਾਦੀ ਕੋਲ ਬਹੁਤ ਖੁਸ਼ ਸੀ ਮਨ ਆਈਆਂ ਕਰਦਾ… ਲਾਡਲਾ ਪੋਤਾ… ਜੋ ਦਿਲ ਕਰਦਾ ਉਹੀ ਕਰਦਾ।

punjabi poetry and memoir writer seema sandhu
ਸੀਮਾ ਸੰਧੂ

ਇੱਕ ਦਿਨ ਮੈ ਆਈ ਤੇ ਸਾਵੀ ਮੇਰੇ ਤੋਂ ਪਹਿਲਾਂ ਘਰ ਆ ਗਈ। ਫਟਾਫੱਟ ਅੰਦਰ ਵੱਲ ਨੂੰ ਆਹੁਲੀ ਤਾਂ ਅੰਦਰ ਮੈਨੂੰ ਕਿਸੇ ਨਾਲ ਗੱਲਾਂ ਕਰਨ ਦੀ ਅਵਾਜ਼ ਆ ਰਹੀ ਸੀ। ਮੈਂ ਸੋਚਿਆ ਕੋਈ ਪਿੰਡੋ ਆਇਆ ਹੋਣਾ। ਕਈ ਵਾਰ ਵੀਰ ਹੁਰੀਂ ਦੁੱਧ ਜਾਂ ਕੋਈ ਹੋਰ ਚੀਜ਼ ਵਸਤ ਲੈ ਕੇ ਆ ਜਾਂਦੇ ਸਨ। ਪਰ ਮੈਂ ਅੰਦਰ ਦੇਖਿਆ ਕੋਈ ਵੀ ਨਹੀਂ ਸੀ ਪਰ ਸਾਵੀ ਛੱਤ ਵੱਲ ਮੂੰਹ ਕਰੀ ਗੱਲਾਂ ਵਿਚ ਮਗਨ ਸੀ। ਮੈਨੂੰ ਯਾਦ ਆ ਗਿਆ ਕੇ ਅਸੀਂ ਬਚਪਨ ਵਿਚ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਹੋਏ, ਏਦਾਂ ਹੀ ਗੱਲਾਂ ਕਰਦੇ ਹੁੰਦੇ ਸੀ। ਇਹ ਵੀ ਖੇਡਦੀ ਹੋਣੀ ਹੈ, ਪਰ ਉਸ ਕੋਲ ਖਿਡੌਣਾ ਵੀ ਨਹੀਂ ਸੀ ਗੇਮ ਵੀ ਇੱਕ ਪਾਸੇ ਪਈ ਸੀ।
ਮੈਂ ਪੁਛਿਆ, “ਬੇਟਾ ਕਿਸ ਨਾਲ ਗੱਲਾਂ ਕਰ ਰਹੇ ਹੋ?”
ਕਹਿੰਦੀ, “ਆਪਣੇ ਦੋਸਤ ਨਾਲ !!”
ਮੈਂ ਹੈਰਾਨੀ ਨਾਲ ਦੂਜਾ ਸਵਾਲ ਕਰ ਦਿੱਤਾ, “ਕਿਹੜਾ ਦੋਸਤ ਬੱਚੇ!”  
“ਮੰਮਾ ਮੇਰਾ ਇੱਕ ਨਿੱਕਾ ਜਿਹਾ ਦੋਸਤ ਹੈ ਦੇਖੋ…ਉਪਰ ਵੱਲ ਦੇਖੋ ! ਉਸ ਦਾ ਨਾਮ ਹੈ ਗੁੱਲੂ ਸਪੈਰੋ !”

ਮੈਂ ਉਪਰ ਤੱਕਿਆ ਤਾਂ,  ਛੱਤ ਵਿੱਚ ਜਿੱਥੇ ਝੂਮਰ ਲੱਗਣਾ ਹੁੰਦਾ ਹੈ ਉਹ ਜਗ੍ਹਾ ਖ਼ਾਲੀ ਸੀ ਤੇ ਉਸ ਵਿਚ ਇੱਕ ਪੂੰਛ ਜਿਹੀ ਨਜ਼ਰ ਆ ਰਹੀ ਸੀ !!
ਸਾਵੀ ਨੇ ਇੱਕਲ ਦੂਰ ਕਰਨ ਦਾ ਰਸਤਾ ਲੱਭ ਲਿਆ ਸੀ। ਸ਼ਾਇਦ ਉਹ ਇੱਕ ਘਰੇਲੂ ਪੰਛੀ ਸੀ, ਕੋਈ ਚਿੜਾ, ਜੋ ਦੋਸਤੀ ਜਿਹੇ ਰਿਸ਼ਤੇ ਦੀ ਕੜੀ ਸੀ। ਕਿੰਨੀ ਸਿਆਣੀ ਹੋ ਗਈ ਸੀ ਕੁਝ ਹੀ ਦਿਨਾਂ ਵਿੱਚ। ਹੁਣ ਉਹਨਾਂ ਦੀ ਦੋਸਤੀ ਬਹੁਤ ਗਹਿਰੀ ਹੋ ਗਈ ਸੀ। ਉਹ ਉਦਾਸ ਵੀ ਨਹੀਂ ਸੀ ਰਹਿੰਦੀ। ਚੁੱਪਚਾਪ ਆਪਣਾ ਕਮਰਾ ਬੰਦ ਕਰ ਲੈਂਦੀ। ਫਿਰ ਸ਼ਾਮ ਨੂੰ ਸਾਰੀਆਂ ਗੱਲਾਂ ਕਰਦੀ। ਦੱਸਦੀ ਕਿੰਨੀ ਵਾਰ…  
ਇਹੀ ਅਪ੍ਰੇਲ ਦੀ ਸ਼ੁਰੁਆਤ ਸੀ। ਠੰਡਾ ਮਿੱਠਾ ਜਿਹਾ ਮੌਸਮ ਸੀ। ਪੇਪਰ ਹੋ ਰਹੇ ਸਨ ਤੇ ਮੈਂ ਬੀਜੀ ਨੂੰ ਕਿਹਾ ਸੀ ਕੇ ਤੁਸੀਂ ਆ ਜਾਓ। ਬੇਟਾ ਵੀ ਨਾਲ ਹੀ ਆ ਗਿਆ ਆਪਣੀ ਦਾਦੀ ਨਾਲ। ਇੱਕ ਦਿਨ ਗੁੱਲੂ ਬਾਹਰੋਂ ਉੱਡਦਾ ਆਇਆ ਤੇ ਪੱਖੇ ਨਾਲ ਵੱਜ ਕੇ ਮਰ ਗਿਆ। ਸਾਵੀ ਸਕੂਲ ਤੋਂ ਨਹੀਂ ਸੀ ਮੁੜੀ। ਬੀਜੀ ਨੂੰ ਪਤਾ ਸੀ ਕੇ ਜੇ ਸਾਵੀ ਨੂੰ ਪਤਾ ਲੱਗਿਆ ਤਾਂ ਬਹੁਤ ਰੋਵੇਗੀ। ਅਸਾਂ ਸਾਰੀਆਂ ਰਲ ਕੇ ਸਲਾਹ ਬਣਾਈ ਕੇ ਉਸ ਨੂੰ ਨਹੀ ਦਸਾਂਗੇ ਕੇ ਗੁੱਲੂ ਸਪੈਰੋ ਮਰ  ਗਿਆ। ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਉਹ ਕੋਲ ਖ਼ਾਲੀ ਪਏ ਪਲਾਟ ਵਿਚ ਚਿੜੇ ਨੂੰ ਸੁੱਟ ਆਏ। ਕਹਿੰਦੇ ਜਦ ਪੁੱਛੇਗੀ ਤਾਂ ਕਹਿ ਦਿਆਂਗੇ ਕੇ ਹੁਣ ਗਰਮੀ ਆ ਗਈ। ਇਸ ਲਈ ਉਹ ਹੋਰ ਕੀਤੇ ਚਲਾ ਗਿਆ।
ਉਹ ਘਰ ਆਈ… ਸਕੂਲ ਬੈਗ ਰੱਖ ਕੇ ਉਸ ਨੇ ਛੱਤ ਵੱਲ ਵੇਖਿਆ। ਰੋਟੀ ਖਾਂਦੀ ਵੀ ਕਈ ਵਾਰ ਦੇਖਿਆ।
ਬੇਟਾ ਸ਼ਰਾਰਤੀ ਸੀ….ਕਹਿੰਦਾ ,’ਦੀਦੀ ! ਦੀਦੀ  ਇੱਕ ਗੱਲ ਦੱਸਾਂ। ਤੇਰਾ ਚਿੜਾ ਮਰ ਗਿਆ” ਬੀਜੀ ਨੇ ਘੂਰੀ ਵੀ ਵੱਟੀ। ਮੈਂ ਅੱਖ ਨਾਲ ਇਸ਼ਾਰਾ ਕੀਤਾ ਪਰ ਉਹ ਨਾ ਟੱਲਿਆ। ਕਿਹਾ ਕੇ ਇਹ ਝੂਠ ਬੋਲਦਾ ਹੈ। ਪਰ ਉਹ ਨਾ ਮੰਨਿਆ। ਸਾਵੀ ਦਾ ਰੰਗ ਇਕ ਦਮ ਪੀਲਾ ਪੈ ਗਿਆ। ਪਰ ਉਹ ਸ਼ੈਤਾਨ, ਉਥੇ ਲੈ ਗਿਆ, ਬੀਜੀ ਜਿੱਥੇ ਚਿੜਾ ਸੁੱਟ ਕੇ ਆਏ ਸੀ!!

ਸਾਵੀ ਉਸ ਨੂੰ ਹੱਥ ਤੇ ਰੱਖ ਕੇ ਘਰ ਲੈ ਆਈ… ਬੜਾ ਚਿਰ ਰੋਂਦੀ ਰਹੀ ..! ਅਸੀਂ ਉਸ ਨੂੰ ਬਥੇਰਾ ਚੁੱਪ ਕਰਾਉਂਦੇ ਰਹੇ।
ਪਰ ਰੋ-ਰੋ ਕੇ ਆਖਰ ਸੌਂ ਗਈ ਤੇ ਅਸੀਂ ਉਸ ਮਰੇ ਛਿੜੇ ਨੂੰ ਉਸ ਦੇ ਹੱਥ ਵਿਚੋਂ ਹੌਲੀ ਜਿਹੀ ਕੱਢ ਕੇ ਬਾਹਰ ਸੁੱਟ ਆਏ। ਉਹ ਕਈ ਦਿਨ ਬਹੁਤ ਉਦਾਸ ਰਹੀ। ਚੁੱਪ ਚਾਪ ਜਿਹੀ। ਕਲਾਸਾਂ ਦੋਬਾਰਾ ਸ਼ੁਰੂ ਹੋ ਗਈਆਂ। ਪੜ੍ਹਾਈ ਵੀ ਕੌਨਵੈਂਟ ਸਕੂਲ ਦੀ ਸੀ, ਔਖੀ ਸੀ। ਉਸ ਦੇ ਉਸ ਪਹਿਲੀ ਤਿਮਾਹੀ ਵਿੱਚੋਂ ਬਹੁਤ ਘੱਟ ਨੰਬਰ ਆਏ।

ਪਰ ਹੁਣ ਦੇਖਦੀ ਹਾਂ ਕਦੀ ਕੋਈ ਚਿੜੀ ਘਰ ਦਾ ਰਾਹ ਨਹੀ ਕਰਦੀ। ਪਤਾ ਨਹੀਂ ਇਹ ਕਿੱਥੇ ਅਲੋਪ ਹੋ ਗਈਆਂ  ਹਨ। ਕਦੇ ਕੋਈ ਆਹਲਣਾ ਨਹੀਂ ਦਿਸਦਾ। ਸ਼ਾਇਦ ਅਸੀਂ ਤਰੱਕੀ ਦੇ ਰਾਹ ਤੇ ਹਾਂ ਜਾਂ ਫਿਰ ਬਹੁਤ ਕਮਜ਼ਰਫ਼ ਹੋ ਗਏ ਹਾਂ! 

-ਸੀਮਾ ਸੰਧੂ, ਅੰਮ੍ਰਿਤਸਰ

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

, ,

Tags:

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com