ਸਿੱਖ ਧਰਮ ਰਾਜਨੀਤਕ ਨਹੀਂ ਨੈਤਿਕ ਸੱਤਾ ਦਾ ਲਖਾਇਕ ਹੈ

‘ਸਿੱਖ ਕੌਮ: ਹਸਤੀ ਤੇ ਹੋਣੀ’ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ

ਲੁਧਿਆਣਾਸਿੱਖ ਧਰਮ ਰਾਜਨੀਤਕ ਪ੍ਰਭੂਸੱਤਾ ਦੀ ਬਜਾਏ ਨੈਤਿਕ ਸੱਤਾ ਦਾ ਲਖਾਇਕ ਹੈ, ਇਹ ਵਿਚਾਰ ਲੁਧਿਆਣਾ ਦੇ ਪੰਜਾਬੀ ਭਵਨ ਵਿਚ ਹੋਏ ਪੁਸਤਕ ਰਿਲੀਜ਼ ਸਮਾਰੋਹ ਅਤੇ ਵਿਚਾਰ ਗੋਸ਼ਟੀ ਦੌਰਾਨ ਚਾਰ ਘੰਟੇ ਚੱਲੀ ਪ੍ਰਭਾਵਸ਼ਾਲੀ ਬਹਿਸ ਵਿਚ ਭਾਗ ਲੈਂਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ ਪ੍ਰਗਟ ਕੀਤੇ। ਸਿੱਖ ਰਾਜਨੀਤੀ ਬਾਰੇ ਪਿਛਲੇ ਸਮਿਆਂ ਵਿਚ ਅਜਮੇਰ ਸਿੰਘ ਦੀਆਂ ਛਪੀਆਂ ਤਿੰਨ ਪੁਸਤਕਾਂ ਬਾਰੇ ਵੱਖ-ਵੱਖ ਵਿਦਵਾਨਾਂ ਵੱਲੋਂ ਲਿਖੇ ਲੇਖਾਂ ਦੀ ਅਮੋਲਕ ਸਿੰਘ ਅਤੇ ਪ੍ਰੋਫੈਸਰ ਗੁਰਦਿਆਲ ਬੱਲ ਦੁਆਰਾ ਸੰਪਾਦਿਤ ਅਤੇ ਚੇਤਨਾ ਪ੍ਰਕਾਸ਼ਨ ਦੁਆਰਾ ਪ੍ਰਕਾਸ਼ਤ ਪੁਸਤਕ ‘ਸਿੱਖ ਕੌਮ: ਹਸਤੀ ਤੇ ਹੋਣੀ’ ਦਾ ਰਿਲੀਜ਼ ਸਮਾਰੋਹ ਸ਼ਬਦਲੋਕ ਲੁਧਿਆਣਾ ਵਲੋਂ ਕੀਤਾ ਗਿਆ। ਪ੍ਰੱਸਿਧ ਇਤਿਹਾਸਕਾਰ ਡਾਕਟਰ ਜੇ. ਐੱਸ ਗਰੇਵਾਲ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ। ਪ੍ਰੋਫੈਸਰ ਪਿਰਥੀਪਾਲ ਸਿੰਘ ਕਪੂਰ ਨੇ ਮੁੱਖਸੁਰ ਭਾਸ਼ਨ ਦਿੰਦਿਆਂ ਕਿਹਾ ਕਿ ਅਜਮੇਰ ਸਿੰਘ ਦੀਆਂ ਪੁਸਤਕਾਂ ਨੇ ਜਿਥੇ ਕਈ ਗੰਭੀਰ ਮਸਲਿਆਂ ਤੇ ਸੰਵਾਦ ਛੇੜਿਆ ਹੈ, ਉਥੇ ਇਹਨਾਂ ਵਿਚ ਇਤਿਹਾਸਕ ਨਜ਼ਰੀਏ ਤੋਂ ਊਣਤਾਈਆਂ ਦੀ ਵੀ ਭਰਮਾਰ ਹੈ। ਪ੍ਰੋਫੈਸਰ ਬਾਵਾ ਸਿੰਘ ਨੇ ਕਿਹਾ ਕਿ ਸਾਨੂੰ ਰਵਾਇਤੀ ਮਾਰਕਸੀ ਅਤੇ ਸਿੱਖ ਨਜ਼ਰੀਏ ਦੀ ਬਜਾਏ ਬਦਲਦੀਆਂ ਪ੍ਰਸਥਿਤੀਆ ਦੇ ਮੱਦੇਨਜ਼ਰ ਸਿੱਖ ਮਸਲੇ ਵਿਚਾਰਨ ਲਈ ਖੁੱਲ੍ਹਾ ਦ੍ਰਿਸ਼ਟੀਕੋਨ ਅਪਨਾਉਣ ਦੀ ਲੋੜ ਹੈ। ਡਾਕਟਰ ਹਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਸਿੱਖ ਸਿਆਸਤ ਲਈ ਉੱਚੇ ਇਖਲਾਕੀ ਆਦਰਸ਼ਾ ਦੀ ਪਾਲਣਾ ਤੋਂ ਬਿਨਾ ਪ੍ਰਾਪਤੀ ਅਸੰਭਵ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਰਾਜੇਸ਼ ਨੇ ਇਸ ਗੱਲ ਤੇ ਖੇਦ ਪ੍ਰਗਟ ਕੀਤਾ ਕਿ ਪੰਜਾਬ ਸਬੰਧੀ ਪੰਜਾਬੀ ਹਿੰਦੂਆਂ ਵਲੋਂ ਬਣਦੀ ਆਵਾਜ਼ ਨਾ ਉਠਾਏ ਜਾਣ ਕਰਕੇ ਪੰਜਾਬੀ ਕੌਮ ਦੇ ਮਸਲੇ ਸਿੱਖ ਮਸਲੇ ਬਣਦੇ ਰਹੇ ਹਨ। ਨੌਜਵਾਨ ਚਿੰਤਕ ਸੁਮੇਲ ਸਿੰਘ ਨੇ ਕਿਹਾ ਕਿ ਵੀਹਵੀਂ ਸਦੀ ਤੋਂ ਮਗਰਲੇ ਸਮੇਂ ਦੇ ਸਿੱਖ ਸੰਘਰਸ਼ ਨੇ ਪੰਜਾਬ ਦਾ ਬੇਹੱਦ ਬੌਧਿਕ ਨੁਕਸਾਨ ਕੀਤਾ ਹੈ। ਉਹਨੇ ਕਿਹਾ ਕਿ ਪੰਜਾਬ ਦੇ ਪ੍ਰਗਤੀਸ਼ੀਲ਼ ਬੁਧੀਜੀਵੀ ਵਰਗ ਨੂੰ ਪੰਜਾਬ ਨਾਲ ਜੁੜੇ ਹਰ ਮੁੱਦੇ ਤੇ ਆਪਣੀ ਸ਼ਮੂਲੀਅਤ ਕਰਨੀ ਚਾਹੀਦੀ ਹੈ। ਸਿੱਖ ਯੂਥ ਆਫ ਪੰਜਾਬ ਦੇ ਆਗੂ ਪ੍ਰਭਜੋਤ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਦਾ ਕਿਰਦਾਰ ਸੈਕੂਲਰ ਹਿੰਦੂ ਰਾਸ਼ਟਰ ਵਾਲਾ ਹੈ ਜੋ ਸਿੱਖ ਪੰਥ ਲਈ ਬੇਹੱਦ ਅਸਹਿਣਸ਼ੀਲ ਹੈ। ਪ੍ਰੋਫੈਸਰ ਅਵਤਾਰ ਸਿੰਘ ਫਗਵਾੜਾ ਨੇ ਕਿਹਾ ਕਿ ਸਿੱਖਾਂ ਨੂੰ ਆਪਣੀ ਸਿਆਸਤ ਹਮੇਸ਼ਾ ਗੁਰੂ ਇਤਿਹਾਸ ਅਤੇ ਗੁਰਬਾਣੀ ਦੀ ਕਸਵੱਟੀ ਤੇ ਪਰਖਣੀ ਚਾਹੀਦੀ ਹੈ। ਸ਼ਾਇਰ ਜਸਵੰਤ ਜ਼ਫ਼ਰ ਨੇ ਸਾਰੀ ਬਹਿਸ ਨੂੰ ਸੂਤਰਬੱਧ ਕੀਤਾ। ਪ੍ਰਧਾਨਗੀ ਭਾਸ਼ਨ ਵਿਚ ਡਾਕਟਰ ਜੇ. ਐਸ. ਗਰੇਵਾਲ ਨੇ ਕਿਹਾ ਕਿ ਵੀਹਵੀਂ ਸਦੀ ਦੀ ਸਿੱਖ ਸਿਆਸਤ ਵਿਚ ਮਾਸਟਰ ਤਾਰਾ ਸਿੰਘ ਦਾ ਰੋਲ ਸਭ ਤੋਂ ਮਹੱਤਵਪੂਰਨ ਹੈ ਅਤੇ ਸਿੱਖ ਸਿਆਸਤ ‘ਚੋਂ ਅਕਾਲੀ ਦਲ ਦੇ ਸਥਾਨ ਨੂੰ ਘਟਾ ਕੇ ਨਹੀਂ ਦੇਖਿਆਂ ਜਾਣਾ ਚਾਹੀਦਾ। ਇਸ ਮੌਕੇ ਹੋਰਾਂ ਤੋਂ ਇਲਾਵਾ ਡਾਕਟਰ ਬਲਕਾਰ ਸਿੰਘ, ਡਾਕਟਰ ਗੁਰਇਕਬਾਲ ਸਿੰਘ, ਅਮਰਜੀਤ ਸਿੰਘ ਗਰੇਵਾਲ, ਡਾਕਟਰ ਸਰੂਪ ਸਿੰਘ ਅਲੱਗ, ਕਰਮਜੀਤ ਸਿੰਘ ਔਜਲਾ, ਕਹਾਣੀਕਾਰ ਸੁਖਜੀਤ, ਸ਼੍ਰੀ ਸਤੀਸ਼ ਗੁਲਾਟੀ, ਰਛਪਾਲ ਸਿੰਘ ਗਿੱਲ, ਸਵਰਨਜੀਤ ਸਵੀ ਆਦਿ ਹਾਜ਼ਰ ਸਨ।


Posted

in

, ,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com