ਸੁਰਜੀਤ ਕੌਰ, ਹੁਰਾਂ ਨੇ ਦਿੱਲੀ ਤੋਂ ਪੰਜਾਬ ਅਤੇ ਫਿਰ ਟੋਰਾਂਟੋ, ਕੈਨੇਡਾ ਤੱਕ ਦਾ ਸਫ਼ਰ ਕੀਤਾ ਹੈ। ਵਿਦਿਆਰਥੀ ਜੀਵਨ ਤੋਂ ਕਲਾ ਅਤੇ ਸਾਹਿਤ ਅੰਗ-ਸੰਗ ਰਿਹਾ ਹੈ। ਉਨ੍ਹਾਂ ਦੇ ਆਉਣ ਨਾਲ ਲਫ਼ਜ਼ਾਂ ਦਾ ਪੁਲ ਤੇ ਇਕ ਹੋਰ ਥੰਮ ਉਸਰਿਆ ਹੈ, ਜੋ ਇਸ ਪੁਲ ਨੂੰ ਮਜ਼ਬੂਤ ਕਰੇਗਾ।
ਸਖੀ !
ਮੈਂ ਸੋਚਾਂ-
ਆਖਿਰ ਕੀ ਹੁੰਦੀਆਂ ਨੇ ਇਹ ਸੋਚਾਂ !
ਕੀ ਇਹ ਰੰਗ ਬਿਰੰਗੀਆਂ ਤਿਤਲੀਆਂ
ਫ਼ੜਣ ਲਗੋ ਤਾਂ ਹੱਥੋਂ ਖਿਸਕੀਆਂ !
ਜਾਂ ਕੰਬਦੀਆਂ
ਡਰਦੀਆਂ
ਭਜਦੀਆਂ ਲਹਿਰਾਂ
ਕਲ…ਕਲ…
ਕਲ…ਕਲ…
ਸ਼ੋਰ ਮਚਾਉਂਦੀਆਂ
ਫ਼ੜ ਨਾ ਹੁੰਦੀਆਂ
ਪੱਬਾਂ ਹੇਠੋਂ ਖਿਸਕਦੀਆਂ ਜਾਂਦੀਆਂ !
ਸਖੀ ਮੈਂ ਸੋਚਾਂ
ਕੀ ਹੁੰਦੀਆਂ ਨੇ ਇਹ ਸੋਚਾਂ !
ਕੀ ਇਹ
ਮਨ ਦੀ ਕੈਨਵੈਸ ਤੋਂ
ਸੈਨਤਾਂ ਮਾਰਦੀਆਂ
ਸੋਨ ਸੁਨਿਹਰੀ ਕਿਰਨਾਂ
ਇੰਦਰਧਨੁਸ਼ੀ ਰੰਗ ਸਮੇਟੀ
ਅੰਬਰੋਂ ਉਤੇ ਉਡਦੀਆਂ ਜਾਂਦੀਆਂ
ਨਜ਼ਰ ਨਾ ਆਉਂਦੀਆਂ !
ਕੀ ਹੁੰਦੀਆਂ ਨੇ
ਇਹ ਸੋਚਾਂ !
ਸਖੀ !
ਇਹ ਸੋਚਾਂ
ਕਿੰਨੇ ਰੰਗ ਵਟਾਵਣ
ਕਦੇ ਕਦੇ ਕਾਲੀਆਂ ਸਿਆਹ ਹੋ ਜਾਵਣ
ਥਰ ਥਰ……
ਥਰ ਥਰ ਅੰਦਰ ਕੰਬੇ
ਸਰਦਲ ਉਤੇ ਤਾਂਡਵ ਹੋਵੇ
ਸੋਚਾਂ ਦੇ ਪਰਛਾਵੇਂ
ਰੁਦਨ ਦੇ ਬਣੇ ਬਹਾਨੇ !
ਟਲਿਆਂ ਟਲਦੇ ਨਾ
ਵਧਦੇ ਜਾਂਦੇ …
ਵਧਦੇ ਜਾਂਦੇ……
ਸਖੀ ਕੀ ਹੁੰਦੀਆਂ ਨੇ
ਇਹ ਸੋਚਾਂ !
ਕਦੇ ਕਦੇ ਇਹ ਸੋਚਾਂ
ਜਿਵੇਂ ਬੰਜਰ ਧਰਤੀ-
ਕੋਹਾਂ ਮੀਲਾਂ ਤਕ ਪੱਸਰੀ
ਨਾ ਮਹਿਕ ਮਿੱਟੀ ਦੀ ਆਵੇ
ਨਾ ਕੋਈ ਬੀਜ ਬੀਜਿਆ ਜਾਵੇ
ਨਾ ਕੋਈ ਬੂਟਾ ਹੀ ਲਹਿਰਾਵੇ
ਨਾ ਕੋਈ ਫੁਲ ਹੱਸਣ ਆਵੇ
ਕੱਲਰ ਪੁਟਿਆਂ ਕੁਛ ਹੱਥ ਨਾ ਆਵੇ !
ਸਖੀ ਕੀ ਹੁੰਦੀਆਂ ਨੇ
ਇਹ ਸੋਚਾਂ !
ਕੁਛ ਸੋਚਾਂ
ਕਲਸ ਸੋਨੇ ਦਾ
ਮਨੁੱਖ ਦੇ ਮੱਥੇ ਮੁਕਟ ਸੋਨੇ ਦਾ
ਮਨ ਮਸਤਕ ਵਿਚ ਜਦ ਅਲਖ ਜਗਾਵਣ
ਚੰਨ ਤਾਰਿਆਂ ਦੇ ਰਾਹ ਦਿਖਾਵਣ
ਸਰਦਲ ਉਤੇ ਆਈ ਦਿਵਾਲੀ
ਮਨ ਦੇ ਬੂਹੇ ਸ਼ਗਨ ਮਨਾਵਣ
ਜਗਦੀਆਂ ਸੋਚਾਂ
ਜਗ ਜਗਾਵਣ
ਸੋਚਾਂ ਹੀ ਸਾਡਾ ਕਰਮ ਬਣ ਜਾਵਣ !
ਸਖੀ ਮੈਂ ਅਕਸਰ ਸੋਚਾਂ
ਕੀ ਹੁੰਦੀਆਂ ਨੇ ਇਹ ਸੋਚਾਂ !
Leave a Reply