ਆਪਣੀ ਬੋਲੀ, ਆਪਣਾ ਮਾਣ

ਹਿੰਦ-ਪਾਕ ਦੋਸਤੀ ਨੂੰ ਹੁੰਗਾਰਾ ਦਿੰਦੀ ‘ਸਾਂਝ’ ਦੀ ਘੁੰਡ ਚੁਕਾਈ

ਅੱਖਰ ਵੱਡੇ ਕਰੋ+=

ਲੁਧਿਆਣਾ: 30 ਅਕਤੂਬਰ: ਬਜ਼ੁਰਗ ਪੰਜਾਬੀ ਲੇਖਕ ਸ: ਗੁਰਦਿਤ ਸਿੰਘ ਕੰਗ ਨੇ ਅੱਜ ਭਾਰਤ ਵਿੱਚ ਲੁਧਿਆਣਾ ਅਤੇ ਪਾਕਿਸਤਾਨ ਵਿੱਚ ਲਾਹੌਰ ਤੋਂ ਛਪਣ ਵਾਲੇ ਤ੍ਰੈਮਾਸਕ ਸਾਹਿਤਕ ਪੱਤਰ ‘ਸਾਂਝ’ ਦਾ ਸੱਜਰਾ ਅੰਕ ਰਿਲੀਜ਼ ਕਰਦਿਆਂ ਕਿਹਾ ਹੈ ਕਿ ਜਿੰਨਾਂ ਚਿਰ ਹਿੰਦ–ਪਾਕਿ ਦੋਸਤੀ ਦੀਆਂ ਤੰਦਾਂ ਮਜ਼ਬੂਤ ਨਹੀਂ ਹੁੰਦੀਆਂ ਉਨਾਂ ਚਿਰ ਦੱਖਣੀ ਏਸ਼ੀਆ ਦੇ ਅਮਨ ਨੂੰ ਸਲਾਮਤ ਨਹੀਂ ਰੱਖਿਆ ਜਾ ਸਕਦਾ। ਕਲਾਕਾਰ ਲਿਖਾਰੀ ਅਤੇ ਬੁੱਧੀਜੀਵੀ ਜਿੰਨੀ ਮੁਹੱਬਤ ਦੀ ਬਾਤ ਪਾਉਂਦੇ ਹਨ ਓਨੀ ਹੀ ਹਥਿਆਰਾਂ ਵਾਲੇ ਨਫਰਤ ਦੀ ਧੂਣੀ ਬਾਲ ਦਿੰਦੇ ਹਨ ਜਿਸ ਦੇ ਧੂੰਏਂ ਨਾਲ ਅਮਨ ਦੇ ਚਾਹਵਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ। ਉਨ੍ਹਾਂ ਆਖਿਆ ਕਿ ਸਾਂਝ ਦਾ ਪ੍ਰਕਾਸ਼ਨ ਇਸ ਗੱਲ ਦੀ ਗਵਾਹੀ ਹੈ ਕਿ ਅਸੀਂ ਦੋਵੇਂ ਧਿਰਾਂ ਅਮਨ ਚਾਹੁੰਦੇ ਹਾਂ। ਉਨ੍ਹਾਂ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਇਸ ਪਰਚੇ ਵਿੱਚ ਦੋਹਾਂ ਦੇਸ਼ਾਂ ਦੇ ਲਿਖਾਰੀਆਂ ਦੀਆਂ ਲਿਖਤਾਂ ਪ੍ਰਮੁੱਖਤਾ ਨਾਲ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਹਨ।
ਐਚ ਡੀ ਐਫ ਸੀ ਬੈਂਕ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਇੰਜ. ਪ੍ਰਤਾਪ ਸਿੰਘ ਨੇ ਆਖਿਆ ਕਿ ‘ਸਾਂਝ’ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੀ ਪੇਸ਼ਕਾਰੀ ਇਤਿਹਾਸਕ ਦਸਤਾਵੇਜ ਦੇ ਰੂਪ ਵਿੱਚ ਇਧਰਲੇ ਪੰਜਾਬੀਆਂ ਨੇ ਪ੍ਰਵਾਨ ਕੀਤੀ ਹੈ ਅਤੇ ਇਸ ਨੂੰ ਪੁਸਤਕ ਰੂਪ ਵਿੱਚ ਵੀ ਪ੍ਰਕਾਸ਼ਤ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਡਾ. ਜਗਤਾਰ ਸਿੰਘ ਧੀਮਾਨ ਅਤੇ ਡਾ. ਮਨੂ ਸ਼ਰਮਾ ਸੋਹਲ ਵੱਲੋਂ ਇਸ ਦੇ ਗੁਰਮੁੱਖੀ ਅਖਰਾਂ ਵਿੱਚ ਸੰਪਾਦਨ ਅਤੇ ਲਾਹੌਰ ਤੋਂ ਜਾਵੇਦ ਬੂਟਾ ਅਤੇ ਅਹਿਮਦ ਸਲੀਮ ਤੋਂ ਇਲਾਵਾ ਪ੍ਰਬੰਧਕੀ ਸੰਪਾਦਕ ਸਫੀਰ ਰਾਮਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਹਿੰਮਤ ਕਰਕੇ ਦੋਹਾਂ ਦੇਸ਼ਾਂ ਵਿਚਕਾਰ ਸਾਹਿਤ ਰੂਪੀ ਮੁਹੱਬਤ ਦਾ ਪੁਲ ਉਸਾਰਿਆ ਹੈ।
ਇਸ ਸਾਹਿਤਕ ਪੱਤਰ ਦੇ ਸੰਪਾਦਕ ਮੰਡਲ ਵੱਲੋਂ ਧੰਨਵਾਦ ਕਰਦਿਆਂ ਡਾ: ਜਗਤਾਰ ਧੀਮਾਨ ਨੇ ਆਖਿਆ ਕਿ ਉਹ ਇਸ ਅੰਕ ਵਿੱਚ ਸ਼ਾਮਿਲ ਲਿਖਾਰੀਆਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਇਸ ਪਰਚੇ ਨੂੰ ਸ਼ਿੰਗਾਰਿਆ ਹੈ। ਇਧਰਲੇ ਪੰਜਾਬ ਤੋਂ ਸੁਭਾਸ਼ ਸ਼ਰਮਾ, ਬੂਟਾ ਸਿੰਘ ਚੌਹਾਨ, ਅਸ਼ਵਨੀ ਬਾਗੜੀਆਂ, ਨਰਿੰਦਰ ਡਾਂਸੀਵਾਲੀਆ, ਵਿਨੋਦ ਖੁਰਾਣਾ, ਮਨਜੀਤ ਪੱਟੀ, ਜਗੀਰ ਸਿੰਘ ਪ੍ਰੀਤ, ਗੁਰਚਰਨ ਕੌਰ ਕੋਚਰ ਅਤੇ ਅਲੀ ਰਾਜਪੁਰਾ ਦੀਆਂ ਲਿਖਤਾਂ ਸ਼ਾਮਿਲ ਕੀਤੀਆਂ ਗਈਆਂ ਹਨ, ਜਦ ਕਿ ਬਾਕੀ ਲਿਖਤਾਂ ਪਾਕਿਸਤਾਨੀ ਲਿਖਾਰੀਆਂ ਦੀਆਂ ਹਨ। ਇਸ ਮੌਕੇ ਉੱਘੇ ਪੰਜਾਬੀ ਲੇਖਕ ਗੁਰਭਜਨ ਗਿੱਲ, ਡਾ. ਨਿਰਮਲ ਜੌੜਾ, ਉਰਦੂ ਕਵੀ ਵਿਸ਼ਾਲ ਖੁੱਲਰ ਅਤੇ ਇਸ ਪਰਚੇ ਦੇ ਮੁੱਖ ਪੰਨੇ ਦੇ ਚਿਤਰਕਾਰ ਕੁਲਵੰਤ ਸਿੰਘ ਬਸਰਾ ਵੀ ਹਾਜ਼ਰ ਸਨ।


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com