ਕਿਉਂ ਸ਼ਿਕਾਰੀ ਦੀ ਨਸ-ਨਸ ਵਿਚ ਖੋਲਦੈ ਕਾਲਾ ਲਹੂ।
ਨਾਟਕੀ ਢੰਗ ਨਾਲ ਇਸਦਾ ਅੰਤ ਹੋਵੇਗਾ ਜਰੂਰ,
ਇਕ ਡਰਾਮੇ ਵਾਂਗ ਹੈ ਇਹ ਵਾਰਤਾ ਹੋਈ ਸ਼ੁਰੂ।
ਭੀਲ ਤੋਂ ਗੁਰਦਖ਼ਸ਼ਣਾ ਵਿਚ ਪੰਜੇ ਉਂਗਲਾਂ ਮੰਗਦੈ,
ਹੇਜ਼ ਅਰਜੁਨ ਦਾ ਜਤਾਉਂਦਾ ਹੈ ਇਵੇਂ ਅਜ ਦਾ ਗੁਰੂ।
ਸ਼ੀਸ਼ਿਆਂ ਦੇ ਮੁਲ ਵਿਕਣੋਂ ਤੂੰ ਹੁਣੇ ਇਨਕਾਰ ਕਰ,
ਲੰਘ ਜਾਣੇ ਨੇ ਨਹੀਂ ਤਾਂ ਹੀਰਿਆਂ ਦੇ ਪਾਰਖੂ।
ਸੁਪਨਿਆਂ ਦੀ ਜੂਹ ‘ਚੋਂ ਮੁੜਨਾ ਮੈਨੂੰ ਲਗਦੀ ਕਾਇਰਤਾ,
ਭਾਵੇਂ ਪੂਰੀ ਹੋ ਰਹੀ ਹੈ ਟੁਕੜਿਆਂ ਵਿਚ ਆਰਜ਼ੂ।
ਯਾਦਾਂ ਦੀ ਇਕ ਚਿਣਗ ਉਸਦੇ ਦਿਲ ‘ਚ ਲਾ ਆਇਆ ਹਾਂ ਮੈਂ,
ਤਨਹਾਈਆਂ ਦੇ ਨੇਰ੍ਹਿਆਂ ਵਿਚ ਰੌਸ਼ਨੀ ਕਰਦੀ ਰਹੂ।
ਕੋਇਲ ਦੀ ਆਵਾਜ਼ ਭਰਕੇ ਟੋਨ ਦਿੱਤੀ ਹੈ ਬਣਾ,
ਸੁੱਕਿਆਂ ਬਾਗਾਂ ‘ਚੋਂ ਵੀ ਹੁਣ ਸੁਣਦੀ ਹੈ ‘ਉਹ’ ਕੂ-ਹਕੂ।
ਨਾ ਕਿਸੇ ਸ਼ੀਸ਼ੇ ਨੂੰ ਦਿਸੀਆਂ ਨਾ ਨਜ਼ਰ ਨੇ ਪਰਖੀਆਂ,
ਚਿਪਕੀਆਂ ਸਨ ਚਿਹਰੇ ‘ਤੇ ਮੁਸਕਾਨਾਂ ਕਿੰਨੀਆਂ ਫ਼ਾਲਤੂ।
ਪੌਣ ਹੈ ਜਾਂ ਸ਼ਬਦ ਹੈ ਜਾਂ ਅਣਕਿਹਾ ਇਹ ਕੌਣ ਹੈ,
ਚੁਪ ਦੀ ਭਾਸ਼ਾ ‘ਚ ਮੇਰੇ ਨਾਲ ਕਰਦਾ ਗੁਫ਼ਤਗੂ।
-ਦਾਦਰ ਪੰਡੋਰਵੀ, ਫ਼ਗਵਾੜਾ
Leave a Reply