
ਸਾਹਿਤ ਤੇ ਸਭਿਆਚਾਰ ਦੇ ਰੰਗ । ਅੰਮ੍ਰਿਤਸਰ ਸਾਹਿਤ ਉਤਸਵ 2021
ਚਾਰ ਰੋਜ਼ਾ ਪੁਸਤਕ ਮੇਲੇ ਵਿਚ ਵਿਕੀਆਂ 30 ਲੱਖ ਦੀਆਂ ਪੁਸਤਕਾਂਸਾਹਿਤ, ਸਭਿਆਚਾਰ ਤੇ ਵਿਰਾਸਤ ਨਾਲ ਸਜੇ 70 ਤੋਂ ਜ਼ਿਆਦਾ ਸਟਾਲ
-ਦੀਪ ਜਗਦੀਪ ਸਿੰਘ*
ਪੰਜਾਬ ਨੂੰ ਤਾਂ ਮੇਲਿਆਂ ਦਾ ਵਰ ਮਿਲਿਆ ਹੋਇਆ ਹੈ। ਆਪਣੀ ਹੋਸ਼ ਸੰਭਾਲਣ ਤੋਂ ਪਹਿਲਾਂ ਦੇ ਅਸੀਂ ਜਗਰਾਵਾਂ ਦੇ ਰੌਸ਼ਨੀਆਂ ਦੇ ਮੇਲੇ ਤੇ ਛਪਾਰ ਦੇ ਮੇਲੇ ਤੋਂ ਲੈ ਕੇ ਆਨੰਦਪੁਰ ਦੇ ਵਿਸਾਖੀ ਦੇ ਮੇਲਿਆਂ ਤੱਕ ਬਾਰੇ ਸੁਣਦੇ ਰਹੇ ਹਾਂ। ਜਿਉੇਂ-ਜਿਉਂ ਪੰਜਾਬ ਵਿਚ ਅੱਖਰ ਗਿਆਨ ਵਿਚ ਵਾਧਾ ਹੋਇਆ, ਪੜ੍ਹਨ ਤੇ ਲਿਖਣ ਵਾਲਿਆਂ ਦਾ ਵੀ ਵਾਧਾ ਹੋਇਆ। ਪੜ੍ਹਨ ਵਾਲਿਆਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਿੱਥੇ ਲੇਖਕਾਂ ਨੇ ਇਕ ਤੋਂ ਵਧ ਕੇ ਇਕ ਪੁਸਤਕਾਂ ਲਿਖੀਆਂ ਉੱਥੇ ਹੀ ਦੇਸ਼-ਵਿਦੇਸ਼ ਵਿਚ ਪਾਠਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਪੁਸਤਕ ਮੇਲਿਆਂ ਦਾ ਪਿੜ ਬੱਝਣ ਲੱਗਾ। ਪਿਛਲੇ ਸਮਿਆਂ ਵਿਚ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਤੋਂ ਲੈ ਕੇ ਸੱਤ ਸਮੁੰਦਰ ਪਾਰ ਘੁੱਗ ਵੱਸਦੇ ਪੰਜਾਬੀਆਂ ਦੇ ਗਲੋਬਲ ਪਿੰਡਾਂ ਤੱਕ ਪੁਸਤਕ ਮੇਲਿਆਂ ਦਾ ਸਭਿਆਚਾਰ ਪ੍ਰਫੁੱਲਤ ਹੋਇਆ ਹੈ। ਇਹੀ ਨਹੀਂ ਦਿੱਲੀ ਤੇ ਜੈਪੁਰ ਵਿਚ ਹੁੰਦੇ ਸੰਸਾਰ ਪੱਧਰ ਦੇ ਪੁਸਤਕ ਮੇਲਿਆਂ ਵਿਚ ਗੰਭੀਰ ਪੰਜਾਬੀ ਪਾਠਕ ਰੇਲਗੱਡੀਆਂ ਭਰ ਕੇ ਪਹੁੰਚਦੇ ਹਨ ਤੇ ਪੰਡਾਂ ਬੰਨ੍ਹ ਕੇ ਵਿਸ਼ਵ ਸਾਹਿਤ ਦੀਆਂ ਸ਼ਾਹਕਾਰ ਰਚਨਾਵਾਂ ਲੈ ਕੇ ਮੁੜਦੇ ਹਨ। ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਖੁੱਲ੍ਹੇ ਮੈਦਾਨ ਵਿਚ ਲੱਗਣ ਵਾਲੇ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਜਲੌ ਵੀ ਇਹੋ ਜਿਹਾ ਹੀ ਹੈ। ਇਸ ਵਾਰ ਤਾਂ ਨੌਜਵਾਨ ਪਾਠਕ ਬੋਰੀਆਂ ਭਰ ਕੇ ਕਿਤਾਬਾਂ ਮੋਢਿਆਂ 'ਤੇ ਚੁੱਕੀ ਲੈ ਜਾਂਦੇ ਦੇਖੇ ਗਏ।
ਮਾਰਚ ਮਹੀਨੇ ਦੀ 2 ਤੋਂ 5 ਤਰੀਕ ਦੌਰਾਨ ਹੋਏ ਅੰਮ੍ਰਿਤਸਰ ਸਾਹਿਤ ਉਤਸਵ 2021 ਦੀ ਚਰਚਾ ਫਰਵਰੀ ਮਹੀਨੇ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਜਿਵੇਂ ਬਸੰਤ ਆਪਣੇ ਜੋਬਨ 'ਤੇ ਆ ਰਹੀ ਸੀ ਉਵੇਂ ਹੀ ਇਸ ਉਤਸਵ ਦੀਆਂ ਤਿਆਰੀਆਂ ਜੋਬਨ 'ਤੇ ਸਨ। ਉਤਸਵ ਦੇ ਅਧਿਕਾਰਕ ਫੇਸਬੁੱਕ ਪੰਨੇ 'ਤੇ ਸਾਹਿਤ-ਪ੍ਰੇਮਿਆਂ ਦਾ ਉਤਸਾਹ ਦੇਖਣ ਵਾਲਾ ਸੀ। ਹਰ ਕੋਈ ਸੁਲਾਹ ਮਾਰ ਇਕ ਦੂਜੇ ਨੂੰ ਸੁਲਾਹ ਮਾਰ ਰਿਹਾ ਸੀ, 'ਚੱਲਣੈ ਬਾਈ ਅੰਬਰਸਰ?' ਤੇ ਹੋਰ ਕੋਈ ਗ਼ੁਜ਼ਾਰਿਸ਼ ਕਰ ਰਿਹਾ ਸੀ 'ਜੇ ਕੋਈ ਬਠਿੰਡੇ ਵੱਲੋਂ ਜਾਣ ਵਾਲਾ ਹੋਵੇ ਤਾਂ ਮੈਨੂੰ ਵੀ ਲੈ ਚੱਲਿਉ।' ਬਾਕੀ ਅੱਗੇ ਹੋ-ਹੋ ਕਹਿ ਰਹੇ ਸਨ, 'ਮਿਲਦੇ ਆਂ ਫੇਰ!'
ਉਦਘਾਟਨ
ਲੌਕਡਾਊਨ ਤੋਂ ਬਾਅਦ ਇਹ ਆਪਣੇ ਆਪ ਵਿਚ ਇਸ ਕਿਸਮ ਦਾ ਪਹਿਲਾ ਮੇਲਾ ਹੋਣ ਵਾਲਾ ਸੀ। ਮੇਲੇ ਦਾ ਮੇਜ਼ਬਾਨ ਪੰਜਾਬੀ ਅਧਿਐਨ ਵਿਭਾਗ ਦਾ ਸਾਰਾ ਸਟਾਫ਼ ਮੇਲੇ ਦੇ ਹਰ ਪੱਖ ਨੂੰ ਯਾਦਗਾਰ ਬਣਾਉਣ ਵਿਚ ਜੁਟਿਆ ਹੋਇਆ ਸੀ। ਪੰਜਾਬ ਦੇ ਕਈ ਪ੍ਰਕਾਸ਼ਕ ਪਹਿਲੀ ਮਾਰਚ ਦੀ ਦੁਪਹਿਰ ਨੂੰ ਹੀ ਆ ਕੇ ਆਪਣੇ ਸਟਾਲਾਂ 'ਤੇ ਪੁਸਤਕਾਂ ਸਜਾਉਣ ਲੱਗ ਪਏ ਸਨ। ਦੇਖਦੇ-ਦੇਖਦੇ ਦੋ ਮਾਰਚ ਦੀ ਉਹ ਸਵੇਰ ਆ ਗਈ ਜਦੋਂ ਸੂਹਾ ਰੀਬਨ ਕੱਟ ਕੇ ਇਸ ਰੰਗ-ਬਰੰਗੇ ਮੇਲੇ ਦਾ ਉਦਘਾਟਨ ਹੋਣਾ ਸੀ। ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਸਨ। ਮੱਠੀ-ਮ