ਸਦਮੇ, ਉਜਾੜੇ, ਵਿਸਥਾਪਨ ਅਤੇ ਸੰਘਰਸ਼ ਦੀ ਬਿਰਤਾਂਤਕ ਦਾਸਤਾਨ – ਸਾਲ 2024 ਦਾ ਨਾਵਲ
ਸਾਲ 2025 ਦੀ ਪੂਰਵ ਸੰਧਿਆ ‘ਤੇ ਪੰਜਾਬੀ ਨਾਵਲ ਨੇ ਆਪਣੀ ਉਮਰ ਦੇ 126 ਸਾਲ ਹੰਢਾ ਲਏ ਹਨ।
ਸਾਲ 2024 ਦੇ ਪੰਜਾਬੀ ਨਾਵਲ ਦੀ ਰਚਨਾਤਮਿਕ ਸੁਰ ਬਹੁਵੰਨੀ ਰਹੀ ਹੈ। ਇਸ ਵਿੱਚ ਸਮਕਾਲੀ ਦੌਰ ਦੀਆਂ ਵਿਸੰਗਤੀਆਂ ਦੇ ਦਿਸਦੇ ਅਤੇ ਪਰਿਚਿਤ ਸਰੂਪ ਨੂੰ ਪਾਤਰਾਂ, ਘਟਨਾਵਾਂ ਅਤੇ ਸਥਿਤੀਆਂ ਦੇ ਸਰਲੀਕਰਨ ਵਿੱਚ ਪੇਸ਼ ਕਰਨ ਦੀ ਰੁਚੀ ਵੀ ਹੈ ਪਰ ਇਸਦੇ ਨਾਲ ਸਮਾਜ, ਇਤਿਹਾਸ, ਦਰਸ਼ਨ ਅਤੇ ਹੋਰ ਗਿਆਨ ਪਰੰਪਰਾਵਾਂ ਨਾਲ ਸੰਵਾਦ ਸਿਰਜਦੀਆਂ ਰਚਨਾਵਾਂ ਦੀ ਹਾਜ਼ਰੀ ਨੇ ਪਾਠਕਾਂ ਦੀ ਸੋਚ ਨੂੰ ਨਵੀਆਂ ਜੁੰਬਿਸ਼ਾਂ ਵੀ ਦਿੱਤੀਆਂ ਹਨ।
ਇਸ ਸਾਲ ਦੀ ਪ੍ਰਤੀਨਿਧ ਨਾਵਲੀ ਪਰੰਪਰਾ ਨੇ ਸਦਮੇ, ਹਿੰਸਾ, ਵਿਸਥਾਪਨ, ਉਜਾੜੇ ਅਤੇ ਸੰਘਰਸ਼ਾਂ ਦੀ ਦਾਸਤਾਨ ਨੂੰ ਪੰਜਾਬ ਦੇ ਨਿਕਟਕਾਲੀਨ ਇਤਿਹਾਸ ਦੀ ਗਲਪੀ ਪੇਸ਼ਕਾਰੀ ਤੇ ਸਮਕਾਲ ਦੀਆਂ ਬੇਤਰਤੀਬੀਆਂ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਹੈ। ਇਸ ਨਾਲ ਕੁੱਝ ਨਾਵਲੀ ਕ੍ਰਿਤਾਂ ਨੇ ਇਤਿਹਾਸ, ਦਰਸ਼ਨ ਅਤੇ ਚਿੰਤਨ ਪ੍ਰਤੀ ਸਥਾਪਿਤ ਮਿੱਥਾਂ/ਮਾਨਤਾਵਾਂ ਨੂੰ ਤੋੜਨ ਦਾ ਯਤਨ ਵੀ ਕੀਤਾ ਹੈ। ਅਜਿਹੇ ਨਾਵਲਾਂ ਨੇ ਖੋਜ ਕੇਂਦਰਿਤ, ਵਿਵੇਕਸ਼ੀਲ ਅਤੇ ਚਿੰਤਨ ਪ੍ਰਧਾਨ ਬਿਰਤਾਂਤ ਦ੍ਰਿਸ਼ਟੀ ਨਾਲ ਟੈਕਸਟ ਨੂੰ ਸਹਿਜਤਾ ਤੇ ਠਰੰਮੇ ਨਾਲ ਸਿਰਜਣ ਦੇ ਪ੍ਰਤਿਮਾਨ ਵੀ ਦਿੱਤੇ ਹਨ। ਇਸ ਨਾਲ ਪਾਠਕ ਵੀ ਲੇਖਕੀ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਟੈਕਸਟ ਨੂੰ ਨਵੇਂ ਅਰਥਾਂ ਵਿੱਚ ਗ੍ਰਹਿਣ ਵੱਲ ਕੁੱਝ ਕਦਮ ਤੁਰਿਆ ਹੈ।
ਇਸ ਪ੍ਰਸੰਗ ਵਿੱਚ ਸਾਲ ਦੇ ਜਿਹੜੇ ਨਾਵਲ ਜ਼ਿਆਦਾ ਧਿਆਨ ਦੀ ਤਵੱਜੋ ਰੱਖਦੇ ਹਨ ਉਨ੍ਹਾਂ ਵਿੱਚ
ਜਸਵੀਰ ਮੰਡ ਦਾ ‘ਚੁਰਾਸੀ ਲੱਖ ਯਾਦਾਂ’, ਬਲਦੇਵ ਸਿੰਘ ਸੜਕਨਾਮਾ ਦਾ ‘ਯਸ਼ੋਧਰਾ’, ਮਨਮੋਹਨ ਦਾ ‘ਮਨ ਪੰਖੀ ਭਇਓ’, ਬਲਵੀਰ ਪਰਵਾਨਾ ਦਾ ‘ਰੌਲਿਆਂ ਵੇਲੇ’, ਜਸਵੀਰ ਸਿੰਘ ਰਾਣਾ ਦਾ ‘70% ਫੀਸਦੀ ਪ੍ਰੇਮ ਕਥਾ’, ਜਸਵਿੰਦਰ ਸਿੰਘ ਦਾ ‘ਸੁਰਖ ਸਾਜ਼’, ਬਲਵਿੰਦਰ ਸਿੰਘ ਗਰੇਵਾਲ ਦਾ ‘ਟਾਕੀਆਂ ਵਾਲਾ ਪਜਾਮਾ’, ਹਰਜੀਤ ਅਟਵਾਲ ਦਾ ‘ਘਰ’ ਆਦਿ ਵਿਸ਼ੇਸ਼ ਹਨ।
ਸਮਕਾਲੀ ਨਾਵਲ ਦੀ ਇਕ ਥੀਮਿਕ ਇਕਾਈ ਵਿੱਚ ਭਾਰਤੀ ਇਤਿਹਾਸ ਦੇ ਵਿਸ਼ੇਸ਼ ਕਾਲਖੰਡਾਂ ਦੀਆਂ ਖਾਮੋਸ਼ੀਆਂ ਸਮੇਤ ਵਿਭਿੰਨ ਦਰਸ਼ਨ ਪੱਧਤੀਆਂ ਨੂੰ ਖੋਜ ਕੇਦਰਿਤ ਦ੍ਰਿਸ਼ਟੀਆਂ ਨਾਲ ਪੇਸ਼ ਕਰਨ ਦੇ ਰੁਝਾਨ ਹਨ।
ਸਾਲ 2024 ਦੇ ਲੇਖੇ-ਜੋਖੇ ਦੀ ਲੰਬਾਈ ਨੂੰ ਦੇਖਦੇ ਹੋਏ ਅਸੀਂ ਪਾਠਕਾਂ ਦੀ ਸਹੂਲਤ ਲਈ ਅਸੀਂ ਇਸ ਲੇਖੇ-ਜੋਖੇ ਨੂੰ ਨਾਵਲ ਦੇ ਵਿਸ਼ੇ ਅਨੁਸਾਰ ਹੇਠ ਲਿਖੇ ਪੰਜ ਹਿੱਸਿਆਂ ਵਿੱਚ ਵੰਡਿਆ ਹੈ। ਹਰ ਵਿਸ਼ੇ ਬਾਰੇ ਲਿਖੇ ਗਏ ਨਾਵਲਾਂ ਦੇ ਲੇਖੇ-ਜੋਖੇ ਨੂੰ ਇਕ ਵੱਖਰੇ ਹਿੱਸੇ ਵੱਜੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਹੇਠਾਂ ਦਿੱਤੇ ਸਿਰਲੇਖਾਂ ਦੇ ਲਿੰਕਾਂ ‘ਤੇ ਕਲਿੱਕ ਕਰ ਕੇ ਤੁਸੀਂ ਹਰ ਵਿਸ਼ੇ ਦਾ ਲੇਖਾ-ਜੋਖਾ ਪੜ੍ਹ ਸਕਦੇ ਹੋ।
ਸੰਨ ਸੰਤਾਲੀ ਬਾਰੇ ਨਾਵਲ
ਸੰਨ ਚੁਰਾਸੀ ਬਾਰੇ ਨਾਵਲ
ਵਿਦੇਸ਼ੀ ਜੀਵਨ ਪਰਵਾਸ ਬਾਰੇ ਨਾਵਲ
ਨਾਰੀਵਾਦੀ ਨਾਵਲ
ਪੁਰਾਣੇ ਕਿੱਸਿਆਂ ‘ਤੇ ਆਧਾਰਤ ਨਾਵਲ
ਸਾਲ ਦੇ ਕੁੱਝ ਹੋਰ ਨਾਵਲਾਂ ਵਿੱਚ ਬੂਟਾ ਸਿੰਘ ਚੌਹਾਨ ਦਾ ਨਾਵਲ ‘ਲਵ ਪ੍ਰਾਜੈਕਟ’ ਵਿਸ਼ੇਸ਼ ਹੈ ਜਿਸ ਵਿੱਚ ਪੂੰਜੀਵਾਦੀ ਸਮਾਜ ਅੰਦਰ ਪਿਆਰ ਰਿਸ਼ਤਿਆਂ ਦੇ ਮੁਨਾਫਾ ਕੇਂਦਰਿਤ ਪ੍ਰਾਜੈਕਟ ਵਿੱਚ ਤਬਦੀਲ ਹੋਣ ਪ੍ਰਤੀ ਜਾਗਰੂਕਤਾ ਭਰਿਆ ਬਿਰਤਾਂਤ ਸਿਰਜਦਾ ਹੈ। ਨਾਵਲ ਦਾ ਕੇਂਦਰੀ ਪਾਤਰ ਤਨਵੀਰ ਪੂੰਜੀ ਦੇ ਜਲੌਅ ਦਾ ਸ਼ਿਕਾਰ ਹੋ ਕੇ ਹੁਸਨਪ੍ਰੀਤ ਅਤੇ ਅਨੂਪ ਵਰਗੀਆਂ ਲੜਕੀਆਂ ਨੂੰ ਮੁਹੱਬਤ ਦੇ ਭਰਮਾਊ ਆਵੇਸ਼ ਵਿੱਚ ਉਲਝਾ ਕੇ ਪਿਆਰ ਨੂੰ ਮੁਨਾਫਾਮੁੱਖੀ ਪ੍ਰਾਜੈਕਟ ਵਿੱਚ ਤਬਦੀਲ ਕਰ ਦਿੰਦਾ ਹੈ।
ਬੂਟਾ ਸਿੰਘ ਚੌਹਾਨ ਦਾ ਦੂਜਾ ਨਾਵਲ ‘ਗੁੱਡ ਲੱਕ’ ਵੀ ਸਮਾਜਿਕ ਰਿਸ਼ਤਿਆਂ ਵਿੱਚਲੀ ਬੇਵਿਸ਼ਵਾਸੀ, ਆਰਥਿਕ ਅਸਮਾਨਤਾਵਾਂ ਅਤੇ ਮਨੁੱਖੀ ਜੀਵਨ ਦੀਆਂ ਬੇਤਰਤੀਬੀਆਂ ਨੂੰ ਰੌਚਿਕ ਕਥਾ ਸ਼ੈਲੀ ਵਿੱਚ ਬਿਆਨਦਾ ਹੈ।
ਮਨਦੀਪ ਰਿੰਪੀ ਦਾ ਨਾਵਲ ‘ਵਕਤ ਦੇ ਖੀਸੇ ‘ਚੋਂ’ ਵਿੱਚ ਮਨੁੱਖ ਦੇ ਹੱਥੋਂ ਨਿਕਲੇ ਜਾਂਦੇ ਸਮੇਂ ਨੂੰ ਆਸ਼ਾਵਾਦ, ਹਿੰਮਤ ਤੇ ਸੂਝ ਬੂਝ ਨਾਲ ਸੰਭਾਲਣ ਦਾ ਸੰਦੇਸ਼ ਦਿੱਤਾ ਮਿਲਦਾ ਹੈ। ਜਸਵਿੰਦਰ ਪੰਜਾਬੀ ਦਾ ਨਾਵਲ ‘ਮੁਰਗਾਬੀਆਂ’ ਸਾਹਿਤਕ ਸੰਸਾਰ ਅੰਦਰਲੇ ਕੁਹਜ ਦਾ ਬਿਰਤਾਂਤ ਹੈ ਜਿਸ ਵਿੱਚ ਲੇਖਕਾਂ ਦੇ ਅਵਸਰਵਾਦੀ ਰੁਝਾਨ, ਸਾਹਿਤ ਸਭਾਵਾਂ ਅਤੇ ਸਾਹਿਤ ਦੀ ਸੌੜੀ ਰਾਜਨੀਤੀ ਦੇ ਪ੍ਰਸੰਗ ਪੇਸ਼ ਹੋਏ ਹਨ।
ਚਿੰਤਾ ਕੇਂਦਰਿਤ ਬਿਰਤਾਂਤਕਾਰੀ ਦੀ ਇਸੇ ਲੜੀ ਵਿੱਚ ਇਸ ਸਾਲ ਡਾ ਸਚਿਨ ਦਾ ਨਾਵਲ ‘ਬੀਜੀ’, ਭੁਪਿੰਦਰ ਸਿੰਘ ਮਾਨ ਦਾ ‘ਗੁੰਮਰਾਹ’, ਜਸਵਿੰਦਰ ਰੱਤੀਆਂ ਦਾ ‘ਕੂੰਜਾਂ’, ‘ਸਾਧੂ ਰਾਮ ਲੰਗੇਆਣਾ ‘ਭੂਤਾਂ ਦੇ ਸਿਰਨਾਵੇਂ’, ਪੂਨੀਸ਼ ਨਾਗਲਾ ਦਾ ‘ਪਾਗਲਾਂ ਦਾ ਦੇਸ਼’, ਆਦਿ ਪ੍ਰਕਾਸ਼ਿਤ ਹੋਏ ਹਨ। ਉਕਤ ਨਾਵਲ ਆਦਰਸ਼ਵਾਦੀ ਯਥਾਰਥ, ਉਦੇਸ਼ਭਾਵੀ ਬਿਰਤਾਂਤ ਅਤੇ ਲਕੀਰੀ ਬਿਰਤਾਂਤਕਾਰੀ ਵਾਲੇ ਹਨ ਜਿਨ੍ਹਾਂ ਵਿੱਚ ਘਟਨਾਵਾਂ, ਪਾਤਰਾਂ ਅਤੇ ਸਥਿਤੀਆਂ ਦੇ ਉਪਦੇਸ਼ਨੁਮਾ ਵਿਵਰਨ ਭਾਰੂ ਹਨ।
ਉਪਰੋਕਤ ਚਰਚਾ ਅਧੀਨ ਨਾਵਲਾਂ ਵਿੱਚ ਨਵੇਂ ਲੇਖਕ ਵੀ ਸ਼ਾਮਿਲ ਹਨ ਜਿਨ੍ਹਾਂ ਤੋਂ ਭਵਿੱਖ ਵਿੱਚ ਲੇਖਣੀ ਨੂੰ ਗਹਿਰ ਗੰਭੀਰਤਾ ਵਾਲੇ ਪ੍ਰਾਜੈਕਟ ਵੱਜੋਂ ਅਪਣਾ ਕੇ ਲਿਖਣ ਦੀ ਉਮੀਦ ਹੈ।
ਕੁੱਲ ਮਿਲਾ ਕੇ ਸਾਲ 2024 ਦਾ ਨਾਵਲ ਹਰ ਮਨੋ-ਅਵਸਥਾ ਵਾਲੇ ਪਾਠਕਾਂ ਲਈ ਰਚਨਾ ਸਮੱਗਰੀ ਲੈ ਕੇ ਪੇਸ਼ ਹੋਇਆ ਹੈ।
ਸਾਲ ਦੇ ਗੰਭੀਰ ਨਾਵਲਾਂ ਦੇ ਸਾਂਝੇ ਲੱਛਣਾਂ ਵਿੱਚ ਚਿੰਤਨ ਕੇਂਦਰਿਤ ਬਿਰਤਾਂਤਕਾਰੀ, ਭਾਸ਼ਾ ਦੀ ਸਫੋਟਮਈ ਵਰਤੋਂ ਸਮੇਤ ਇਤਿਹਾਸ ਦੇ ਸੰਕਟਸ਼ੀਲ ਸਮਿਆਂ ਅੰਦਰ ਪੰਜਾਬੀ ਬੰਦੇ ਦੀ ਹੋਂਦ ਦਾ ਮਸਲਾ ਬਹੁਪਰਤੀ ਪ੍ਰਸੰਗਾਂ ਵਿੱਚ ਪੇਸ਼ ਹੋਇਆ ਹੈ। ਪੰਜਾਬੀ ਨਾਵਲ ਦੀ ਪਰਿਚਿਤ ਪਰੰਪਰਾ ਦਿਸਦੇ ਸਮਾਜ ਦੀ ਚਲੰਤ ਪੇਸ਼ਕਾਰੀ ਨਾਲ ਜੁੜੀ ਰਹੀ ਹੈ ਜਦਕਿ ਇਤਿਹਾਸ ਪ੍ਰਤੀ ਰੁਮਾਂਟਿਕ ਕਿਸਮ ਦੇ ਅਰਥਾਂ ਦਾ ਉਤਪਾਦਨ ਕਰਦੀ ਰਹੀ ਹੈ। ਪਰ ਇਸ ਸਾਲ ਦੇ ਗੰਭੀਰ ਨਾਵਲਾਂ ਵਿੱਚ ਇਤਿਹਾਸ ਦੇ ਖੂੰਖਾਰ ਸਦਮਿਆਂ ਦੀ ਬਿਰਤਾਂਤਕਾਰੀ ਦੇ ਨਵੇਂ ਬਿਰਤਾਂਤਕ ਪੋਚ ਬਾਹਰ ਆਏ ਹਨ।
ਮਰਹੂਮ ਨਾਵਲਕਾਰ ਮਿਲਾਨ ਕੁੰਦੇਰਾ ਆਪਣੀ ਕਿਤਾਬ ‘ਦਾ ਆਰਟ ਆਫ ਨਾਵਲ’ ਵਿੱਚ ਨਾਵਲ ਨੂੰ ਉਪਦੇਸ਼ ਜਾਂ ਸੰਦੇਸ਼ ਦੇਣ ਦੀ ਥਾਂ ਸਵਾਲ ਉਠਾਉਣ ਵਾਲੀ ਵਿਧਾ ਤਸਲੀਮ ਕਰਦਾ ਹੈ। ਪਰ ਪੰਜਾਬੀ ਨਾਵਲ ਨਿਗਾਰੀ ਸਵਾਲਾਂ ਨੂੰ ਉਠਾਉਣ ਦੀ ਥਾਂ ਜਵਾਬ ਦੇਣ ਦੀ ਕਾਹਲ ਤੋਂ ਮੁਕਤ ਨਹੀਂ। ਇਸ ਪੱਖ ਤੋਂ ਪੰਜਾਬੀ ਨਾਵਲਕਾਰਾਂ ਨੂੰ ਹੋਰ ਸੁਚੇਤ ਰਹਿਣ ਦੀ ਲੋੜ ਹੈ।
-ਡਾ ਜੇ ਬੀ ਸੇਖੋਂ, ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗੋਬਿਦ ਸਿੰਘ ਖਾਲਸਾ ਕਾਲਜ, ਮਾਹਿਲਪੁਰ (ਹੁਸ਼ਿਆਰਪੁਰ)
ਸੰਪਰਕ: 8437089769
Leave a Reply