ਉਜਾੜੇ ਦੀ ਬਰਬਰਤਾ ਅਤੇ ਕਰੂਰਤਾ ਨੂੰ ਮਹਿਜ਼ ਇਤਿਹਾਸ ਦੀ ਗਲਪੀ ਪੇਸ਼ਕਾਰੀ ਤੱਕ ਰੱਖਣ ਦੀ ਥਾਂ ਪੰਜਾਬੀਆਂ ਦੇ ਵਿਸਥਾਪਨ/ਪਰਵਾਸ ਵੱਲ ਹਿਜਰਤ ਕਰਨ ਅਤੇ ਪਰਵਾਸੀ ਫੇਟਾਂ ਵਿੱਚ ਬਿਨਸਣ ਤੇ ਉਪਜਣ ਦੇ ਸੰਘਰਸ਼ੀ ਵਸਤੂ ਵੇਰਵੇ ਵੀ ਇਨ੍ਹਾਂ ਕ੍ਰਿਤਾਂ ਦਾ ਹਿੱਸਾ ਬਣੇ ਹਨ।
ਹਰਜੀਤ ਅਟਵਾਲ ਦਾ ਨਾਵਲ ‘ਘਰ’ ਇਸ ਪ੍ਰਸੰਗ ਵਿੱਚ ਵਿਸ਼ੇਸ਼ ਇਜਾਫਾ ਕਰਦਾ ਹੈ ਜਿੱਥੇ ਪਰਵਾਸ ਅੰਦਰ ਘਰ, ਪਛਾਣ ਅਤੇ ਸਥਾਪਤੀ ਲਈ ਕੀਤੀ ਪੰਜਾਬੀ ਬੰਦੇ ਦੀ ਜੱਦੋ ਜਹਿਦ ਦੀ ਦਾਸਤਾਨ ਪੇਸ਼ ਹੈ।
ਹਰਜੀਤ ਅਟਵਾਲ ਦੇ ਇਸ ਨਾਵਲ ਵਿੱਚ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਪੱਛਮ ਦੇ ਪੂੰਜੀਵਾਦੀ ਮੁਲਕਾਂ ਨੂੰ ਪਰਵਾਸ ਕਰਨ ਦੀ ਸਿੱਕ, ਪਰਿਵਾਰਾਂ ਦੀ ਸੈਟਲਮੈਂਟ ਅਤੇ ਬਾਅਦ ਵਿੱਚ ਪਿੱਛੇ ਮੁੜਨ ਵਾਲੀਆਂ ਬੇੜੀਆਂ ਦੇ ਟੁੱਟਦੇ ਰੱਸਿਆਂ ਦੇ ਸਮਾਂਨਅੰਤਰ ਤੁਰਦੇ ਮਾਨਸਿਕ ਕਰਮਾਂ/ਪ੍ਰਤਿਕਰਮਾਂ ਦੀ ਲੜੀ ਪੇਸ਼ ਹੋਈ ਹੈ। ਇਹ ਪਰਵਾਸ ਦਾ ਦੂਜਾ ਦੌਰ ਹੈ ਜਿੱਥੇ ਵਾਊਚਰ ਵੀਜ਼ੇ ਰਾਹੀਂ ਪੰਜਾਬੀ ਬੰਦੇ ਦਾ ਇੰਗਲੈਂਡ ਦੀ ਧਰਤੀ ਨਾਲ ਸਿੱਧਾ ਵਾਹ ਪੈਂਦਾ ਹੈ।
ਇਸ ਨਾਵਲ ਦਾ ਕੇਂਦਰੀ ਪਾਤਰ ਆਰਵ ਪੰਜਾਬ ਦੇ ਨਿਮਨ ਵਰਗੀ ਪਰਿਵਾਰ ਵਾਲੇ ਦਸ ਬਾਰਾਂ ਖਣਾਂ ਵਾਲੇ ਘਰ ਵਿੱਚੋਂ ਨਿਕਲ ਕੇ ਇੰਗਲੈਂਡ ਪੁੱਜਦਾ ਅਜਿਹੇ ਘਰ ਦਾ ਸੁਪਨਾ ਸਿਰਜਦਾ ਹੈ ਜਿਹੜਾ ਉਸਦੀ ਸਥਿਰਤਾ ਦੀ ਨਿਸ਼ਾਨੀ ਹੋਵੇ ਜਿਸ ਵਿੱਚੋਂ ਉਹ ਆਪਣੀ ਹੋਂਦ ਨੂੰ ਦੇਖਣ ਦਾ ਲੁਤਫ ਲੈ ਸਕੇ। ਬਿਰਤਾਂਤ ਦੀ ਇਹ ਪ੍ਰਥਮ ਇਕਾਈ ਘਰ ਪ੍ਰਤੀ ਬੰਦੇ ਦੇ ਸੁਪਨ ਸੰਸਾਰ ਨਾਲ ਜੁੜੀ ਹੈ ਜਿਸ ਪਿੱਛੇ ਨਿਮਨ ਵਰਗੀ ਘਰ ਪਰਿਵਾਰ ਦੀਆਂ ਤੰਗੀਆਂ ਤੁਰਸ਼ੀਆਂ ਅਤੇ ਸੀਮਤ ਸਾਧਨ ਉਸਦੀਆਂ ਅਸੀਮਤ ਇੱਛਾਵਾਂ ਨੂੰ ਬੂਰ ਪੈਣ ਤੋਂ ਰੋਕੀ ਰੱਖਦੇ ਹਨ। ਉਹ ਵਕਾਲਤ ਕਰਨ ਉਪਰੰਤ ਆਪਣੇ ਪਿਤਾ ਦੇ ਮਾਮੇ ਇੰਦਰ ਸਿੰਘ ਕੋਲ ਇੰਗਲੈਂਡ ਪੁੱਜ ਜਾਂਦਾ ਹੈ ਜਿੱਥੋਂ ਉਸਦਾ ਪਰਵਾਸ ਦੀ ਓਪਰੀ ਧਰਤੀ ਅਤੇ ਬੇਗਾਨੇ ਸਭਿਆਚਾਰ ਨਾਲ ਬਹੁਤ ਪੇਚੀਦਾ ਅਤੇ ਗੁੰਝਲਦਾਰ ਸਬੰਧ ਕਾਇਮ ਹੁੰਦਾ ਹੈ।
ਅਟਵਾਲ ਨੇ ਆਰਵ ਦੇ ਮਾਧਿਅਮ ਨਾਲ ਪਰਵਾਸ ਵਿੱਚਲੀ ਮਾਨਵੀ ਹੋਂਦ ਦੇ ਤਿੱਖੇ ਉਤਰਾਅ ਚੜਾਅ, ਜਿੱਤਾਂ/ਹਾਰਾਂ, ਚਾਵਾਂ/ਵਿਗੋਚਿਆਂ ਸਮੇਤ ਤਮਾਮ ਉਲਟ ਭਾਵੀ ਪਰਿਸਥਿਤੀਆਂ ਨੂੰ ਕੇਂਦਰੀ ਪਾਤਰ ਦੇ ਹਿੰਮਤੀ ਤੇ ਸੰਘਰਸ਼ਸ਼ੀਲ ਖਾਸੇ ਵਿੱਚ ਪੇਸ਼ ਕੀਤਾ ਹੈ। ਨਾਵਲ ਅੰਦਰ ਇਕ ਪਾਸੇ ਪਰਵਾਸ ਅੰਦਰ ਸਥਾਪਤੀ ਲਈ ਜੂਝਦਾ ਆਰਵ ਦਾ ਹੱਠ ਧਰਮ ਆਪਣੀ ਚਰਮ ਸੀਮਾ ‘ਤੇ ਹੈ ਦੂਜੇ ਪਾਸੇ ਪਰਾਈ ਧਰਤੀ ਦੇ ਤੂਫਾਨੀ ਸੰਕਟਾਂ ਦਾ ਵੇਗ ਪੂਰੇ ਜੋਬਨ ‘ਤੇ ਰਹਿੰਦਾ ਹੈ। ਲੇਖਕ ਨੇ ਇਸ ਭੇੜ ਨੂੰ ਜਿੱਤ ਹਾਰ ਦੇ ਸੰਦੇਸ਼ਮੁੱਖੀ ਅਤੇ ਨਿਖੇੜਾਮੂਲਕ ਬਿਰਤਾਂਤਕ ਤੋੜੇ ਨਾਲ ਨਹੀਂ ਨਜਿੱਠਿਆ ਸਗੋਂ ਟੈਕਸਟ ਦੇ ਖੁੱਲ੍ਹੇ ਅੰਤ ਦੁਆਰਾ ਪਰਵਾਸੀ ਯਥਾਰਥ ਦੀ ਗਾਥਾ ਨੂੰ ਰਮਜ਼ੀ, ਸੂਖਮ ਅਤੇ ਸੰਕੇਤਭਾਵੀ ਲਹਿਜ਼ੇ ਵਿੱਚ ਪੇਸ਼ ਕੀਤਾ ਹੈ। ਇਸ ਪਿੱਛੋ ਆਰਵ ਸੀਸਾਂ ਨਾਲ ਵਿਆਹ ਕਰਵਾਉਂਦਾ ਹੈ।
ਨਾਵਲ ਵਿੱਚ ਉਕਤ ਦੰਪਤੀ ਜੋੜਾ ਘਰ ਨੂੰ ਪੱਕੀ ਠਾਹਰ ਬਣਾਉਣ ਲਈ ਸਿਰਤੋੜ ਯਤਨ ਕਰਦੇ ਹਨ ਪਰ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ, ਆਰਥਿਕ ਮੰਦਵਾੜੇ, ਵਪਾਰ ਦੇ ਉਤਰਾਅ ਚੜਾਅ, ਆਵਾਸ ਦੇ ਮਸਲੇ, ਸਾਕਾਦਾਰੀ ਸਬੰਧਾਂ ਦੀਆਂ ਬੇਤਰਤੀਬੀਆਂ, ਨਸਲਵਾਦ, ਪੀੜੀ ਪਾੜੇ ਸਮੇਤ ਤਮਾਮ ਤਰ੍ਹਾਂ ਦੇ ਸੰਕਟ ਉਨ੍ਹਾਂ ਦੀ ਜ਼ਿੰਦਗੀ ‘ਤੇ ਪਰਛਾਵੇਂ ਬਣ ਕੇ ਛਾਏ ਰਹਿੰਦੇ ਹਨ।
ਹਰਜੀਤ ਅਟਵਾਲ ਦਾ ਇਹ ਨਾਵਲ ਪੜਦਿਆਂ ਬੰਗਾਲੀ ਪਰਵਾਸੀ ਲੇਖਿਕਾ ਝੁੰਪਾ ਲਹਿਰੀ ਦਾ ਨਾਵਲ ‘ਦਾ ਨੇਮਸੇਕ’ ਯਾਦ ਆਉਂਦਾ ਹੈ ਜਿਸ ਵਿੱਚ ਅਸ਼ੋਕ ਅਤੇ ਆਸ਼ਿਮਾ ਦਾ ਦੰਪਤੀ ਪਰਵਾਸੀ ਜੀਵਨ ਬੇਤਰਤੀਬੀਆਂ ਭਰਿਆ ਰਹਿੰਦਾ ਹੈ ਜਿਸਦਾ ਅਸਰ ਉਨ੍ਹਾਂ ਦੇ ਪੁੱਤਰ ਗੋਗੋਲ ਦੇ ਪਛਾਣ ਸੰਕਟਾਂ ਨਾਲ ਸਿਖਰ ‘ਤੇ ਪੁੱਜ ਜਾਂਦਾ ਹੈ। ਆਸਿਮਾ ਨੂੰ ਜਾਪਣ ਲੱਗਦਾ ਹੈ ਪਰਵਾਸੀ ਹੋਣਾ ਸਾਰੀ ਉਮਰ ਲਈ ਗਰਭਵਤੀ ਹੋਣ ਵਾਂਗ ਹੈ- ਜਿੱਥੇ ਇਕ ਲੰਮੀ ਉਡੀਕ, ਲਗਾਤਾਰ ਦਬਾਅ ਅਤੇ ਹਮੇਸ਼ਾਂ ਆਪਣੀ ਹੋਂਦ ਤੋਂ ਬਾਹਰ ਰਹਿਣ ਦੀ ਭਾਵਨਾ ਭਾਰੂ ਹੁੰਦੀ ਹੈ।
ਇੰਝ ਪਰਵਾਸੀ ਨਾਵਲ ਪਰੰਪਰਾ ਵਿੱਚ ਜਸਵਿੰਦਰ ਸਿੰਘ ਦੇ ਨਾਵਲ ਦਾ ਪਾਤਰ ਹਰੀਪਾਲ ਅਤੇ ਹਰਜੀਤ ਅਟਵਾਲ ਦੇ ਨਾਵਲ ਦਾ ਪਾਤਰ ਆਰਵ ਪਰਵਾਸੀ ਨਾਵਲ ਵਿੱਚ ਭਾਰੂ ਸਿੱਖ ਕਿਸਾਨੀ ਪਿਛੋਕੜ ਵਾਲੇ ਪਰਵਾਸੀ ਪਾਤਰਾਂ ਦੀ ਥਾਂ ਪੰਜਾਬ ਤੋਂ ਸੰਕਟਸ਼ੀਲ ਦੌਰ ਵਿੱਚ ਤਹਿਕੇ ਭਰਪੂਰ ਤੇ ਸਹਿਮਿਆਂ ਹਿੰਦੂ ਮਨੋਵਿਗਿਆਨ ਲੈ ਕੇ ਪਰਵਾਸ ਦੀ ਨਵੀਂ ਹਿਜਰਤ ਨਾਲ ਇਕ ਵੱਖਰੀ ਭਿੜੰਤ ਵਿੱਚ ਪੇਸ਼ ਹੋਏ ਹਨ।
ਟਾਕੀਆਂ ਵਾਲਾ ਪਜਾਮਾ
ਵਿਸਥਾਪਨ ਨਾਲ ਜੁੜੀਆਂ ਪ੍ਰਤੀਕੂਲ ਸਥਿਤੀਆਂ ਅੰਦਰ ਸੰਘਰਸ਼ ਦੀ ਰੂੜ੍ਹੀ ਉਕਤ ਨਾਵਲਾਂ ਦਾ ਕੇਂਦਰੀ ਮਰਕਜ ਹੈ ਜਿਸਦਾ ਨਿਵੇਕਲਾ ਪਾਸਾਰ ਬਲਵਿੰਦਰ ਸਿੰਘ ਗਰੇਵਾਲ ਦੇ ਜੀਵਨੀਮੂਲਕ ਨਾਵਲ ‘ਟਾਕੀਆਂ ਵਾਲਾ ਪਜਾਮਾ’ ਵਿੱਚ ਪੇਸ਼ ਹੈ।
ਨਾਵਲ ਦਾ ਮੁੱਖ ਪਾਤਰ ਗੁਰਮੇਲ ਸਿੰਘ ਹੈ ਜਿਹੜਾ ਸੀਮਤ ਸਾਧਨਾਂ ਵਾਲੇ ਪੰਜਾਬ ਦੇ ਜਗੀਰੂ ਮਾਹੌਲ ਵਿੱਚ ਪਲਦਾ ਦੇਹ, ਦਲੇਰੀ ਅਤੇ ਦਿਮਾਗ ਦੀਆਂ ਬਰਕਤਾਂ ਸਦਕਾ ਸੰਘਰਸ਼ ਰੱਤੀ ਉੱਚ ਦੁਮਾਲੜੀ ਜ਼ਿੰਦਗੀ ਨੂੰ ਮਾਣਦਾ ਹੈ।
ਦੇਸ਼ ਦੀ ਆਜ਼ਾਦੀ ਤੋਂ ਉਪਰੰਤ ਦੇ ਪੰਜਾਬੀ ਸਮਾਜਿਕ ਅਰਥਚਾਰੇ ਦੀ ਚਾਲ ਨੂੰ ਹਰੀ ਕ੍ਰਾਂਤੀ ਤੋਂ ਬਾਅਦ ਦੇ ਬਹੁਪਾਸਾਰੀ ਸੰਕਟਾਂ ਤੱਕ ਪੇਸ਼ ਕਰਦਿਆਂ ਗੁਰਮੇਲ ਸਿੰਘ ਵਰਗੇ ਟਰੇਡ ਯੂਨੀਅਨ ਨੂੰ ਪ੍ਰਣਾਏ ਪਾਤਰ ਦੇ ਨਿੱਜੀ ਅਤੇ ਲੋਕ ਹਿਤੂ ਸੰਘਰਸ਼ ਨੂੰ ਨਾਵਲ ਵਿੱਚ ਰੂਪਮਾਨ ਕੀਤਾ ਗਿਆ ਹੈ। ਨਾਵਲ ਦਾ ਅਹਿਮ ਪਾਸਾਰ ਗੁਰਮੇਲ ਸਿੰਘ ਦੇ ਜੀਵਨੀਮੂਲਕ ਵੇਰਵਿਆਂ ਦੇ ਸਮਾਂਨਅੰਤਰ ਨਿੱਜੀ ਅਤੇ ਪ੍ਰਾਈਵੇਟ ਸੈਕਟਰ ਵਿੱਚ ਟਰੇਡ ਯੂਨੀਅਨ ਦੀ ਸੰਘਰਸ਼ਸ਼ੀਲ ਦਾਸਤਾਨ ਦੀ ਪੇਸ਼ਕਾਰੀ ਨਾਲ ਜੁੜਿਆ ਹੈ।
ਨਾਵਲ ਵਿੱਚ ਮੁੱਖ ਪਾਤਰ ਗੁਰਮੇਲ ਸਿੰਘ ਦੇ ਮਾਧਿਅਮ ਨਾਲ ਪੀਐੱਸਯੂ ਦੇ ਸੰਘਰਸ਼ੀ ਵੇਰਵਿਆਂ, ਟਰੇਡ ਯੂਨੀਅਨਾਂ ਦੀਆਂ ਪ੍ਰਾਪਤੀਆਂ ਸਮੇਤ ਕਮਿਊਨਿਸਟ ਲਹਿਰ ਦੇ ਉਭਾਰ, ਦੋਫਾੜ, ਅੰਤਰ ਵਿਰੋਧ ਅਤੇ ਨਿਘਾਰ ਤੱਕ ਦੇ ਹਾਲਾਤ ਪੇਸ਼ ਕਰਦਿਆਂ ਰਚਨਾਕਾਰ ਨੇ ਮਨੁੱਖੀ ਬੰਦੇ ਦੀ ਹਿੰਮਤ, ਸਿਦਕ ਅਤੇ ਪ੍ਰਤੀਬੱਧਤਾ ਦੀ ਬੇਮਿਸਾਲ ਪੇਸ਼ਕਾਰੀ ਕੀਤੀ ਹੈ। ਨਾਵਲ ਦੀ ਬਣਤਰ ਵਿੱਚ ਲੇਖਕ ਦੇ ਸੂਤਰਧਾਰਾਈ ਬੋਲਾਂ ਵਿੱਚਲੀ ਦਾਰਸ਼ਨਿਕਤਾ, ਪਾਤਰਾਂ ਦਾ ਆਪਣੇ ਸੰਸਕ੍ਰਿਤਕ ਪਰਿਵੇਸ਼ ਵਿੱਚ ਵਿਚਰਨ ਸਮੇਤ ਪ੍ਰਤੀਕਮਈ ਭਾਸ਼ਾ ਦਾ ਪ੍ਰਯੋਗ ਅਹਿਮ ਹੈ ਜਿਸ ਨਾਲ ਨਾਵਲ ਦੀ ਟੈਕਸਟ ਅਰਥਾਂ ਦੀ ਰਵਾਇਤੀ ਘੇਰਾਬੰਦੀ ਤੋਂ ਪਾਰ ਨਿਕਲ ਕੇ ਸੰਵਾਦ ਦੇ ਨਵੇਂ ਧਰਾਤਲ ਛੁੰਹਦੀ ਹੈ।
ਬਿਰਤਾਂਤ ਦੀ ਉਸਾਰੀ ਵਿੱਚ ਭਾਸ਼ਾ ਦੀ ਰਮਜ਼ ਭਰਪੂਰ, ਸੰਕੇਤਮਈ ਅਤੇ ਰਹੱਸਮੁੱਖੀ ਵਰਤੋਂ ਕਰਨ ਵਿੱਚ ਬਲਵਿੰਦਰ ਗਰੇਵਾਲ ਵਾਂਗ ਜਸਵੀਰ ਰਾਣਾ ਵੀ ਵੱਖਰੀ ਕਤਾਰ ਦਾ ਲੇਖਕ ਹੈ
70% ਫੀਸਦੀ ਪ੍ਰੇਮ ਕਥਾ
ਜਿਸਦਾ ਇਸ ਸਾਲ ਪ੍ਰਕਾਸ਼ਿਤ ਨਾਵਲ ‘70% ਫੀਸਦੀ ਪ੍ਰੇਮ ਕਥਾ’ ਗਰੇਵਾਲ ਦੀ ਜੀਵਨੀਮੂਲਕ ਕਥਾਕਾਰੀ ਦੇ ਸਮਾਂਨਅੰਤਰ ਸਵੈਜੀਵਨੀਮੂਲਕ ਨਾਵਲੀ ਵਿਧਾ ਦਾ ਅਹਿਮ ਵਾਧਾ ਹੈ। ਇਸ ਸਾਲ ਦੀਆਂ ਇਹ ਦੋਵੇਂ ਰਚਨਾਵਾਂ ਜੀਵਨ ਅਤੇ ਸਵੈ ਜੀਵਨ ਦੇ ਅੰਤਰ ਵਿਰੋਧਾਂ, ਸੰਘਰਸ਼ਾਂ, ਮਨੋਭਾਵਾਂ ਸਮੇਤ ਸੁਪਨਿਆਂ ਅਤੇ ਹਕੀਕਤਾਂ ਵਿੱਚ ਉਪਜਦੀ ਬਿਨਸਦੀ ਮਨੁੱਖੀ ਹੋਂਦ ਦੀ ਅਲੌਕਿਕ ਆਭਾ ਵਾਲੇ ਬਿਰਤਾਂਤ ਹਨ।
ਰਾਣਾ ਦੇ ਉਕਤ ਨਾਵਲ ਵਿੱਚ ਜਾਦੂਈ ਯਥਾਰਥ ਅਤੇ ਫੈਟਸੀ ਦੇ ਸੁਮੇਲ ਨਾਲ ਬੁਣੀ ਬਿਰਤਾਂਤਕਾਰੀ ਵਿੱਚ ਮੌਤ ਚਿੰਤਨ ਨਾਲ ਜੁੜੀ ਦਾਰਸ਼ਨਿਕਤਾ ਕੇਂਦਰ ਵਿੱਚ ਹੈ। ਲੇਖਕ ਆਪਣੇ ਪਿਤਾ ਅਤੇ ਮਾਤਾ ਦੇ ਸ਼ਬਦ ਚਿੱਤਰਾਂ ਵਰਗੇ ਬਿਰਤਾਂਤ ਉਸਾਰ ਕੇ ਪੁਰਖਿਆਂ ਨਾਲ ਸੰਵਾਦ ਦੀ ਲੰਮੀ ਲੜੀ ਉਸਾਰਦਾ ਹੈ। ਇਕ ਫੌਜੀ ਪਿਤਾ ਦਾ ਸਮਾਜਿਕ ਅਤੇ ਰਿਸ਼ਤਾਗਤ ਪੱਧਰ ‘ਤੇ ਬੇਗਾਨਗੀ ਅਤੇ ਉਪਰਾਮਤਾ ਭਰਿਆ ਜੀਵਨ ਰੂਪਮਾਨ ਕਰਦਿਆਂ ਲੇਖਕ ਨੇ ਰਿਸ਼ਤਾ ਨਾਤਾ ਪ੍ਰਣਾਲੀ ਦੀਆਂ ਵਿੱਥਾਂ ਵਿੱਚ ਸਹਿਕਦੀਆਂ ਤਰਲ ਮਾਨਵੀ ਭਾਵਨਾਵਾਂ ਦੀ ਪ੍ਰਤੀਕਮਈ ਪੇਸ਼ਕਾਰੀ ਕੀਤੀ ਹੈ।
ਮਾਂ ਨਾਲ ਜੈਵਿਕ ਰਿਸ਼ਤੇ ਦੇ ਸਮਾਂਨਅੰਤਰ ਇਕ ਸੰਸਥਾ ਵਾਲੀ ਸਾਂਝ ਪੇਸ਼ ਕਰਦਿਆਂ ਨਾਵਲ ਵਿੱਚ ਸਧਾਰਨ ਦਿਸਦੀਆਂ ਘਟਨਾਵਾਂ ਪਿਛਲੀ ਦਾਰਸ਼ਨਿਕ ਅਤੇ ਅਲੌਕਿਕ ਰੰਗਤ ਪਾਠਕਾਂ ਨੂੰ ਸੰਮੋਹਿਤ ਕਰਦੀ ਹੈ। ਇਸ ਰਚਨਾ ਵਿੱਚ ਮੌਤ ਚਿੰਤਨ ਦੇ ਅਨੇਕਾਂ ਪਾਸਾਰ ਹਨ। ਮੌਤ ਚਿੰਤਨ ਨਾਲ ਜੁੜੀ ਦਾਰਸ਼ਨਿਕਤਾ ਨੂੰ ਲੇਖਕ ਨੇ ਧਰਤੀ ਅੰਦਰ ਸੱਤਰ ਫੀਸਦੀ ਪਾਣੀ ਦੇ ਸਮਾਂਨਅੰਤਰ ਮਾਨਵੀ ਦੇਹ ਵਿੱਚ ਸੱਤਰ ਫੀਸਦੀ ਪਾਣੀ ਦੇ ਮੈਟਾਫਰ ਤੋਂ ਰਿਸ਼ਤਿਆਂ ਦੇ ਜਲਪ੍ਰਵਾਹ ਤੱਕ ਦੀ ਅੰਤਿਮ ਯਾਤਰਾ ਤੱਕ ਕਈ ਪ੍ਰਸੰਗਾਂ ਵਿੱਚ ਵਰਤਿਆ ਹੈ।
ਲੇਖਕ ਗੁਰਮਤਿ ਦਰਸ਼ਨ ਵਿੱਚ ‘ਪਵਨ ਗੁਰੂ ਪਾਣੀ ਪਿਤਾ . . .’ ਦੇ ਅਰਥਾਂ ਦੇ ਪ੍ਰਸੰਗ ਵਿੱਚ ਮਾਨਵੀ ਹੋਂਦ ਵਿੱਚ ਉਸਦੇ ਪਿਤਾ ਪੁਰਖਿਆਂ ਦੀ ਜੈਨੇਟਿਕ ਹੋਂਦ ਦਾ ਸਵਾਲ ਉਠਾਉਂਦਾ ਹੈ। ਉਹ ਇਸ ਸਵਾਲ ਦੀ ਸਾਰਥਿਕਤਾ ਲਈ ਜਿੱਥੇ ਪਾਣੀ ਦੇ ਮੈਟਾਫਰ ਨੂੰ ਨਾਵਲ ਅੰਦਰ ਬਹੁਅਰਥੀ ਘੇਰਿਆਂ ਵਿੱਚ ਵਰਤਦਾ ਹੈ ਉੱੰਥੇ ਹੀ ਪੂਰੇ ਨਾਵਲ ਵਿੱਚ ਪੁਰਖਿਆਂ ਨਾਲ ਗੰਭੀਰ ਵਿਚਾਰ ਵਿਮਰਸ਼ ਦੀ ਮੁਦਰਾ ਵਿੱਚ ਹੀ ਰਹਿੰਦਾ ਹੈ। ਨਾਵਲ ਦੀ ਵਿਸ਼ੇਸ਼ਤਾ ਸਵੈ ਜੀਵਨੀ ਮੂਲਕ ਨਾਵਲਾਂ ਵਿੱਚਲੀ ਸਵੈ ਦੀ ਗਲੋਰੀਫਿਕੇਸ਼ਨ ਤੋਂ ਪਰੇ ਰਹਿਣ ਅਤੇ ਚਲੰਤ ਘਟਨਾਵਾਂ ਪਿਛਲੇ ਰਹੱਸ ਨੂੰ ਸਿਰਜਣ ਵਿੱਚ ਹੈ। ਪਿਤਾ ਦੀ ਮੌਤ ‘ਤੇ ਉਹ ਨਚੀਕੇਤਾ ਵਾਂਗ ਬਾਹਰੋਂ ਚੜਤ ਅਤੇ ਅੰਦਰੋਂ ਅਸਤ ਵਾਲੀ ਮਨੋ ਦਸ਼ਾ ਵਿੱਚੋਂ ਲੰਘਦਾ ਹੈ।
ਮਾਂ ਨਾਲ ਆਪਣੀ ਸਾਂਝ ਨੂੰ ਉਸ ਮੇਮਣੇ ਦੀ ਖਿੱਚ ਨਾਲ ਜੋੜਦਾ ਹੈ ਜਿਹੜਾ ਆਪਣੀ ਮਾਂ ਦੀ ਖੱਲ ਨਾਲ ਬਣੀ ਮਿਰਦੰਗ ਦੀਆਂ ਧੁਨਾਂ ਪ੍ਰਤੀ ਖਿੱਚਿਆ ਜਾਂਦਾ ਤਾਉਮਰ ਰੁਦਨ, ਵਿਗੋਚੇ ਅਤੇ ਊਣੀ ਹੋਂਦ ਵਿੱਚ ਘਿਰਿਆ ਰਹਿੰਦਾ ਹੈ। ਜਸਵੀਰ ਰਾਣਾ ਨੇ ਪੰਜਾਬੀ ਬਿਰਤਾਂਤਕਾਰੀ ਵਿੱਚ ਮੌਤ, ਦਹਿਸ਼ਤ, ਸਦਮੇ ਅਤੇ ਮਨੁੱਖੀ ਹੋਂਦ ਦੇ ਵਿਸਥਾਪਨ ਦੇ ਪ੍ਰਗਟਾਵੇ ਲਈ ਲੋਕਧਾਰਾਈ ਚਿੰਤਨ ਨਾਲ ਭਰੀ ਵਿਸਫੋਟਕ ਭਾਸ਼ਾ ਈਜ਼ਾਦ ਕੀਤੀ ਹੈ। ਇਸ ਭਾਸ਼ਾ ਦਾ ਤਲਿਸਮੀ ਤੇ ਤੇਜੱਸਵੀ ਸੰਸਾਰ ਦਿਸਣਹਾਰ ਅਤੇ ਸਪਾਟ ਯਥਾਰਥ ਤੋਂ ਪਾਰ ਦੀ ਗੱਲ ਹੈ ਜੋ ਕਿ ਇਸ ਨਾਵਲ ਵਿੱਚ ਮੁੱਖ ਬਿਰਤਾਂਤਕਾਰ ਦੇ ਮਾਨਸਿਕ ਘੋਲਾਂ, ਦਵੰਦਾਂ ਅਤੇ ਦੁਬਿਧਾਵਾਂ ਵਿੱਚੋਂ ਝਲਕਦਾ ਹੈ।
ਅਲਵਿਦਾ . . . ਕਦੇ ਵੀ ਨਹੀਂ
ਸਵੈ ਜੀਵਨੀ ਮੂਲਕ ਨਾਵਲੀ ਪਰੰਪਰਾ ਵਿੱਚ ਇਸ ਸਾਲ ਦਾ ਨਾਵਲ ਪਰਵਾਸੀ ਲੇਖਿਕਾ ਲਾਜ ਨੀਲਮ ਸੈਣੀ ਦਾ ‘ਅਲਵਿਦਾ . . . ਕਦੇ ਵੀ ਨਹੀਂ’ ਛਪਿਆ ਹੈ। ਲਾਜ ਨੀਲਮ ਸੈਣੀ ਨੇ ਇਸ ਨਾਵਲ ਵਿੱਚ ਆਵਾਸ ਅਤੇ ਪਰਵਾਸ ਨਾਲ ਜੁੜੀ ਆਪਣੀ ਜ਼ਿੰਦਗੀ ਦੇ ਸੰਘਰਸ਼ ਨੂੰ ਪੇਸ਼ ਕੀਤਾ ਹੈ। ਲੇਖਿਕਾ ਨੇ ਨਾਵਲ ਦੇ ਹਰ ਕਾਂਡ ਦੇ ਆਰੰਭ ਵਿੱਚ ਸੰਬੋਧਨੀ ਸ਼ੈਲੀ ਦੁਆਰਾ ਵਕਤ ਦੇ ਵਹਿਣ ਵਿੱਚ ਵਗਦੀ ਜ਼ਿੰਦਗੀ ਨੂੰ ਦਾਰਸ਼ਨਿਕ ਛੋਹਾਂ ਦੇਣ ਦੇ ਯਤਨ ਕੀਤੇ ਹਨ। ਨਾਵਲ ਵਿੱਚ ਖੁਸ਼ੀ, ਉਦਾਸੀ, ਮੌਤ, ਚਾਅ, ਉਮੰਗਾਂ ਅਤੇ ਸੁਪਨਿਆਂ ਨਾਲ ਜੁੜੇ ਨਿੱਕੇ ਨਿੱਕੇ ਕਥਾ ਦਿਲਚਸਪ ਕਥਾ ਵੇਰਵੇ ਇਸਦੀ ਪਾਠਯੋਗਤਾ ਨੂੰ ਬਰਕਰਾਰ ਰੱਖਦੇ ਹਨ।
-ਡਾ ਜੇ ਬੀ ਸੇਖੋਂ, ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗੋਬਿਦ ਸਿੰਘ ਖਾਲਸਾ ਕਾਲਜ, ਮਾਹਿਲਪੁਰ (ਹੁਸ਼ਿਆਰਪੁਰ)
ਸੰਪਰਕ: 8437089769
Leave a Reply