ਲਫ਼ਜ਼ਾਂ ਦਾ ਪੁਲ, ਮੌਜੂਦਾ ਦੌਰ ਦੇ ਸੰਚਾਰ ਸਾਧਨਾ ਰਾਹੀਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਨਿਤ ਨਵੇਂ ਤਜਰਬੇ ਕਰਦਾ ਰਹਿੰਦਾ ਹੈ, ਜਿਨ੍ਹਾਂ ਨੂੰ ਪਾਠਕ/ਲੇਖਕ ਖਿੜ੍ਹੇ ਮੱਥੇ ਪਰਵਾਨ ਕਰਦੇ ਹਨ ਅਤੇ ਭੱਵਿਖ ਵਿਚ ਕਾਰਜ ਕਰਨ ਲਈ ਹੱਲਾਸ਼ੇਰੀ ਦਿੰਦੇ ਹਨ। ਅੱਜ ਅਸੀ ਇੰਟਰਨੈੱਟ ਦੀ ਦੁਨੀਆਂ ਵਿਚ ਪੰਜਾਬੀ ਸਾਹਿਤ ਜਗਤ ਦਾ ਨਿਵੇਕਲਾ ਤਜਰਬਾ ਕਰਨ ਜਾ ਰਹੇ ਹਾਂ। ਇਹ ਸ਼ਾਇਦ ਦੁਨੀਆ ਵਿਚ ਪਹਿਲਾ ਮੌਕਾ ਹੋਵੇਗਾ, ਜਦੋਂ ਕਿਸੇ ਪੰਜਾਬੀ ਲੇਖਕ ਦੀ ਕਿਤਾਬ ਦੀ ਘੁੰਡ ਚੁਕਾਈ ਇੰਟਰਨੈੱਟ ਰਾਹੀਂ ਦੁਨੀਆ ਭਰ ਵਿਚ ਹੋ ਰਹੀ ਹੈ। ਇਹ ਪੁਸਤਕ ਹੈ, ਨੌਜਵਾਨ ਵਿਅੰਗਕਾਰ ਸਮਰਜੀਤ ਸਿੰਘ ਸ਼ਮੀ ਦਾ ਪਹਿਲਾ ਵਿਅੰਗ-ਸੰਗ੍ਰਹਿ ‘ਡੱਬੂ ਸ਼ਾਸਤਰ’, ਜਿਸ ਵਿਚਲੇ ਲੇਖਾਂ ਰਾਹੀਂ ਸਾਮਾਜਿਕ ਮਸਲਿਆਂ ਨੂੰ ਸੂਖ਼ਮ ਨਜ਼ਰ ਨਾਲ ਦੇਖਿਆ ਹੈ ਅਤੇ ਇਨ੍ਹਾਂ ਨੂੰ ‘ਸੁਨਹਿਰੀ ਤਸ਼ਤਰੀ’ ਦੀ ਬਜਾਇ ਵਿਅੰਗ ਵਾਲੀ ਕਮਾਨ ਦੀ ਪਾਨ ਤੇ ਰੱਖ ਕੇ ਪਰੋਸਿਆ ਹੈ। ਸ਼ਮੀ ਦੇ ਤਰਸ਼ਕ ਵਿਚ ਵਿਅੰਗ ਦੇ ਐਸੇ ਤੀਰ ਹਨ, ਜੋ ਪਾਠਕ ਨੂੰ ਨਾ ਸਿਰਫ਼ ਮਸਲਿਆਂ ਨਾਲ ਸਿੱਧਾ ਰੂ-ਬ-ਰੂ ਕਰਵਾਂਉਂਦੇ, ਦਿਮਾਗ ਨੂੰ ਰੌਸ਼ਨ ਕਰਦੇ ਨੇ, ਬਲਕਿ ਜਦੋਂ ਖੁੱਭਦੇ ਨੇ ਤਾਂ ਚੂੰਢੀ ਵੱਢਦੇ ਨੇ, ਪਰ ਇਹ ਚੂੰਢੀ ਸਿਰਫ ਟੀਸ ਨਹੀਂ ਦਿੰਦੀ, ਬਲਕਿ ਢਿੱਡੀ ਪੀੜ ਵੀ ਪਾਉਂਦੀ ਹੈ। ਸਾਡੇ ਇਸ ਤਜਰਬੇ ਵਿਚ ਸਾਥ ਦੇਣ ਲਈ ਅਸੀ ਸ਼ਮੀ ਹੁਰਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਇਸ ਘੁੰਡ ਚੁਕਾਈ ਰਾਹੀਂ ਅਸੀ ਪੁਸਤਕ ਦੇ ਸਰਵਰਕ ਅਤੇ ਮੁੱਖ ਬੰਦ ਦੇ ਨਾਲ ਹੀ ਇਕ ਵਿਅੰਗ ਵੀ ਪ੍ਰਕਾਸ਼ਿਤ ਕਰ ਰਹੇ ਹਾਂ, ਤਾਂ ਜੋ ਇਹ ਇੰਟਰਨੈੱਟੀ ਘੁੰਢ ਚੁਕਾਈ ਸਾਰਥਕ ਹੋ ਨਿਬੜੇ…। ਆਪ ਸਭ ਦੇ ਹੁੰਗਾਰੇ, ਨਿਹੋਰੇ ਅਤੇ ਟਿੱਪਣੀਆਂ ਦੀ ਉਡੀਕ ਰਹੇਗੀ। -ਲਫ਼ਜ਼ਾਂ ਦਾ ਸੇਵਾਦਾਰ
ਡੱਬੂ ਸ਼ਾਸ਼ਤਰ : ਮਨਫ਼ੀ ਹੋ ਰਹੇ ਮਨੁੱਖ ਲਈ ਹਾਸਿਆਂ ਦੀ ਸਤਰੰਗੀ ਪੀਂਘ
ਮਨ ਖੁਸ਼ ਹੁੰਦਾ ਹੈ ਤਾਂ ਮਨੁੱਖ ਹੱਸਦਾ ਹੈ। ਰੂਹ ਸ਼ਰਸ਼ਾਰ ਹੁੰਦੀ ਹੈ ਤਾਂ ਮਨੁੱਖ ਅਨੰਦਤ ਹੁੰਦਾ ਹੈ। ਖੁਸ਼ੀ ਜੀਵਨ ਦਾ ਅੰਮ੍ਰਿਤ ਹੇ ਜਿਸਦੀ ਅਣਹੋਂਦ ਮਨੁੱਖ ਦੇ ਅੰਤਰ ’ਚ ਮਾਰੂਥਲ ਪੈਦਾ ਕਰ ਦਿੰਦੀ ਹੈ ਤੇ ਅਜਿਹੇ ਮਨੁੱਖ ਦੇ ਮਨ ਰੂਪੀ ਆਕਾਸ਼ ਤੇ ਹਾਸਿਆਂ ਦੀ ਸਤਰੰਗੀ ਪੀਂਘ ਸ਼ਾਇਦ ਕਦੇ ਨਹੀਂ ਚੜ੍ਹਦੀ।
ਅੱਜ ਦਾ ਮਨੁੱਖ ਬਹੁਤ ਜਿਆਦਾ ਪਦਾਰਥਵਾਦੀ ਹੋਣ ਕਰਕੇ ਜੀਵਨ ਦੇ ਜੰਗਲ ’ਚ ਵਿਚਾਰਗੀ ਦੀ ਹਾਲਤ ’ਚ ਵਿਚਰ ਰਿਹਾ ਹੈ। ਪੈਸੇ ਦੀ ਦੌੜ ’ਚ ਸ਼ਾਮਿਲ ਮਨੁੱਖ ਪਾਸ ਸਮਾਂ ਨਹੀਂ ਕਿ ਉਹ ਟਹਿਕਦੇ ਫ਼ੁੱਲਾਂ ਨੂੰ ਮਸਤੀ ’ਚ ਸਿਰ ਹਿਲਾਂਦਿਆਂ ਵੇਖ ਸਕੇ। ਕਲ ਕਲ ਕਰਦੇ ਝਰਨਿਆਂ ਅਤੇ ਮਸਤੀ ’ਚ ਵਹਿੰਦੀਆਂ ਨਦੀਆਂ ਦੇ ਗੀਤ ਸੁਣ ਸਕੇ। ਪੰਛੀਆਂ ਦੇ ਬੋਲਾਂ ਦੇ ਅਰਥ ਸਮਝ ਸਕੇ। ਦੇਹੀ ਸੱਭਿਆਚਾਰ ਨੇ ਮਨੁੱਖ ਨੂੰ ਮਨ ਦੀ ਅਸਲੀ ਖੁਸ਼ੀ ਤੋਂ ਵਿਰਵਾ ਕਰ ਦਿੱਤਾ ਹੈ। ਉਹ ਕੁਦਰਤ ਤੋਂ ਦੂਰ ਹੋ ਕੇ ਖੁਸ਼ੀ ਵਿਹੂਣਾ ਫਿਰ ਰਿਹਾ ਹੈ। ਅੱਜ ਦਾ ਮਨੁੱਖ ਗੈਰ ਕੁਦਰਤੀ ਵਰਤਾਰੇ ਕਰਕੇ ਮਨਫ਼ੀ ਹੋ ਰਿਹਾ ਹੈ। ਪੈਸਾ ਜਮ੍ਹਾਂ ਹੋ ਰਿਹਾ ਹੈ ਅਤੇ ਖੁਸ਼ੀ ਖਾਰਜ ਹੋ ਰਹੀ ਹੈ। ਇਹ ਅੱਜ ਦੇ ਮਨੁੱਖ ਦੀ ਤਰਾਸਦੀ ਹੈ ਕਿ ਉਹ ਕੁਦਰਤੀ ਰੂਪ ’ਚ ਹੱਸਣਾ ਭੁੱਲ ਗਿਆ ਹੈ।
ਨੌਜਵਾਨ ਲੇਖਕ ਸਮਰਜੀਤ ਸਿੰਘ ਸ਼ਮੀ ਨੇ ਆਪਣੀ ਕਲਮ ਰਾਹੀਂ ਖੁਸ਼ੀਆਂ ਤੋਂ ਵਿਰਵੇ ਹੋ ਰਹੇ ਅੱਜ ਦੇ ਮਨੁੱਖ ਵਾਸਤੇ ਯਥਾਰਥ ਤੇ ਅਧਾਰਤ ਹਾਸਿਆਂ ਦੀ ਫੁਲਝੜੀ ਤਿਆਰ ਕੀਤੀ ਹੈ ਜਿਸ ਦਾ ਨਾਂ ਉਸਨੇ ਰੱਖਿਆ ਹੈ ‘ਡੱਬੂ ਸ਼ਾਸ਼ਤਰ’। ਇਸ ‘ਡੱਬੂ ਸ਼ਾਸ਼ਤਰ’ ਨਾਮੀ ਪਲੇਠੀ ਪੁਸਤਕ ਦੇ ਲੇਖਾਂ ਨਾਲ ਲੇਖਕ ਪਾਠਕਾਂ ਦੇ ਰੂਬਰੂ ਇਸ ਆਸ ਨਾਲ ਹੋਇਆ ਜਾਪਦਾ ਹੈ ਕਿ ਇਹ ਕ੍ਰਿਤਾਂ ਪੜ੍ਹਨ ਉਪਰੰਤ ਉਨ੍ਹਾਂ ਦੇ ਮਨ ਰੂਪੀ ਆਕਾਸ਼ ਤੇ ਹਾਸਿਆਂ ਦੀ ਸਤਰੰਗੀ ਪੀਂਘ ਚੜ੍ਹੇ ਅਤੇ ਇਹ ਸਤਰੰਗੀ ਪੀਂਘ ਫ਼ਿਰ ਕਦੇ ਨਾ ਉਤਰੇ।
ਹੱਥਲੀ ਪੁਸਤਕ ਵਿਚਲੀਆਂ ਕ੍ਰਿਤਾਂ ਤੇ ਸਰਸਰੀ ਨਜ਼ਰ ਮਾਰਦਿਆਂ ਜਾਪਦਾ ਹੈ ਕਿ ਲੇਖਕ ਨੇ ਕਟਾਖ਼ਸ਼ ਤੇ ਅਧਾਰਤ ਚਿੰਨ੍ਹਾਤਮਕ ਵਿਧਾ ਰਾਹੀਂ ਮਨੁੱਖ ਦੇ ਮਨ ਦੀ ਅਤੇ ਸਮਾਜ ਦੀਆਂ ਥੋਥੀਆਂ ਕਦਰਾਂ ਕੀਮਤਾਂ ਦੀ ਚੀਰਫ਼ਾੜ ਕਰਦਿਆਂ ਪਾਠਕ ਨੂੰ ਹੱਸਣ ਤੇ ਸੋਚਣ ਲਈ ਸਮੱਗਰੀ ਪੇਸ਼ ਕੀਤੀ ਹੈ। ਜਦੋਂ ਮੈਂ ਕਾਲਜ ਪੜ੍ਹਿਆ ਕਰਦਾ ਸਾਂ ਤਾਂ ਮੈਨੂੰ ਹਾਸਰਸ ਦੇ ਉੱਘੇ ਲੇਖਕ ਡਾ. ਗੁਰਨਾਮ ਸਿੰਘ ਤੀਰ ਦੀ ਪੁਸਤਕ ‘ਮੈਨੂੰ ਮੈਥੋਂ ਬਚਾਓ’ ਪੜ੍ਹਨ ਦਾ ਮੌਕਾ ਮਿਲਿਆ ਸੀ। ਜਦੋਂ ਅਸੀਂ ਚਾਰ ਪੰਜ ਦੋਸਤ ਵਿਹਲੇ ਪਲਾਂ ’ਚ ਇਸ ਪੁਸਤਕ ਵਿਚਲੀਆਂ ਕ੍ਰਿਤਾਂ ਨੂੰ ਵਾਰੋ ਵਾਰੀ ਪੜ੍ਹਦੇ ਤਾਂ ਹੱਸਦਿਆਂ ਹੱਸਦਿਆਂ ਢਿੱਡੀਂ ਪੀੜਾਂ ਪੈ ਜਾਂਦੀਆਂ। ਸ਼ਮੀ ਦੀ ਪੁਸਤਕ ‘ਡੱਬੂ ਸ਼ਾਸ਼ਤਰ’ ਪੜ੍ਹ ਕੇ ਵੀ ਅਜਿਹਾ ਹੀ ਮਹਿਸੂਸ ਹੁੰਦਾ ਹੈ।
ਲੇਖਕ ‘ਦੋ ਗੱਲਾਂ ਕਰੀਏ’ ਕ੍ਰਿਤ ਵਿਚ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿ ਅੱਜ ਦਾ ਮਨੁੱਖ ਅੰਤਰਮੁਖੀ ਹੋ ਕੇ ਜੀਵਨ ਦੇ ਖੁੱਲ੍ਹੇਪਣ ਤੋਂ ਵਿਰਵਾ ਹੋ ਰਿਹਾ ਹੈ ਅਤੇ ਨੀਰਸਤਾ ਵੱਲ ਵਧ ਰਿਹਾ ਹੈ। ‘ਚਾਹ ਪਾਣੀ’ ਸਮਾਜ ’ਚ ਫ਼ੈਲੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਹੈ ਅਤੇ ‘ਜ਼ਮਾਨਾ ਬਦਲ ਗਿਆ’ ’ਚ ਬਦਲਦੇ ਸਮਾਜਿਕ ਮਾਪਦੰਡਾਂ ਅਤੇ ਸਰੋਕਾਰਾਂ ਵੱਲ ਇਸ਼ਾਰਾ ਕਰਦਾ ਹੈ। ਸਰਕਾਰ ਤੇ ਮੁਲਾਜ਼ਮਾਂ ਦੇ ਸਬੰਧਾਂ ਨੂੰ ਸਹੀ ਚਿਤਰਦਾ ਹੈ ‘ਮੁਲਾਜਮ ਤਾਂ ਸਾਧ ਹੁੰਦੇ ਨੇ’। ‘ਬੁਰੀ ਨਜ਼ਰ’ ਵਹਿਮਾਂ ਭਰਮਾਂ ਤੇ ਕਟਾਖ਼ਸ਼ ਹੈ ਅਤੇ ਮਨੁੱਖ ਨੂੰ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਦਾ ਹੈ। ‘ਫ਼ੂਕ ਦਿਆਂਗੇ ਪੁਤਲਾ ਬਣਾ ਕੇ’ ਵਿਚ ਲੇਖਕ ਜਬਰਦਸਤ ਢੰਗ ਨਾਲ ਸੰਦੇਸ਼ ਦਿੰਦਾ ਹੈ ਕਿ ਮਸਲੇ ਖੜ੍ਹੇ ਹੀ ਰਹਿੰਦੇ ਹਨ, ਕੇਵਲ ਪੁਤਲੇ ਸਾੜੇ ਜਾਂਦੇ ਹਨ। ਇਸੇ ਤਰਾਂ ‘ਚਰਚਾ’ ਗਰੀਬਾਂ ਨਾਲ ਹੋ ਰਹੇ ਮਜ਼ਾਕ ਦੀ ਗਾਥਾ ਪੇਸ਼ ਕਰਦਾ ਹੈ। ‘ਕੀ ਮੈਂ ਝੂਠ ਬੋਲਿਆ?’ ਜੋਤਿਸ਼ ਦੇ ਪਾਜ ਨੂੰ ਉਘਾੜਦਾ ਜਾਪਦਾ ਹੈ। ਸਮਾਜਿਕ ਅਤੇ ਰਾਜਨੀਤਿਕ ਥੋਥਪਣ ਤੇ ਹਾਸਰਸ ਨਾਲ ਭਰਪੂਰ ਇਨ੍ਹਾਂ ਸਮੁੱਚੇ ਲੇਖਾਂ ਰਾਹੀਂ ਸ਼ਮੀ ਬੜੀ ਦਲੇਰੀ ਨਾਲ ਕਹਿੰਦਾ ਹੈ ‘ਡੱਬੂ ਸ਼ਾਸ਼ਤਰ ਜਿੰਦਾਬਾਦ!’ ਉਹ ਸਮਾਜ ਨੂੰ ਸ਼ੀਸ਼ਾ ਵਿਖਾਉਂਦਾ ਪਾਠਕ ਨੂੰ ਹੱਸਣ ਤੇ ਸੋਚਣ ਲਈ ਮਜਬੂਰ ਕਰਦਾ ਹੈ। ਇਹ ਹੀ ਉਸਦੇ ਚਿੰਤਨ ਤੇ ਸ਼ੈਲੀ ਦਾ ਨਿਵੇਕਲਾਪਣ ਹੈ।
ਮੈਂ ਸਮਰਜੀਤ ਸਿੰਘ ਸ਼ਮੀ ਦੀ ਇਸ ਪਲੇਠੀ ਪੁਸਤਕ ਨੂੰ ਖੁਸ਼ਆਮਦੀਦ ਆਖਦਾ ਹੋਇਆ ਉਸਦੀ ਕਲਮ ਤੋਂ ਭਵਿੱਖ ਵਿਚ ਅਜਿਹੀਆਂ ਹੋਰ ਕ੍ਰਿਤਾਂ ਲਈ ਆਸਵੰਦ ਹਾਂ।
-ਬੀ. ਐੱਸ. ਬੱਲੀ, ਜਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ।
ਡੱਬੂ ਸ਼ਾਸਤਰ ਵਿਚੋਂ ਪੜ੍ਹੋ ਵਿਅੰਗ ਵਿਅੰਗ:ਮੁਲਾਜ਼ਮ ਤਾਂ ਸਾਧ ਹੁੰਦੇ ਨੇ । ਸਮਰਜੀਤ ਸ਼ਮੀ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply