ਆਪਣੀ ਬੋਲੀ, ਆਪਣਾ ਮਾਣ

Future of Punjabi / ਪੰਜਾਬੀ ਬੋਲੀ ਕਿੱਧਰ ਨੂੰ ?

ਅੱਖਰ ਵੱਡੇ ਕਰੋ+=

ਇਹ ਪੈਂਫ਼ਲੇਟ 1960ਵਿਆਂ ਦੇ ਦੂਜੇ ਅੱਧ ਵਿੱਚ ਛਪਿਆ ਸੀ। ਸਾਡੇ ਕੋਲ ਜੋ ਇਸ ਦੀ ਡਿਜੀਟਲ ਕਾਪੀ ਹੈ, ਉਸ ਉੱਤੇ ਹਰਨਾਮ ਸਿੰਘ ਸ਼ਾਨ ਹੁਰਾਂ ਦੇ ਦਸਤਖ਼ਤ ਨਾਲ 27.10.1968 ਦੀ ਤਰੀਕ ਪਾਈ ਹੋਈ ਹੈ। ਪੈਂਫ਼ਲੇਟ ਦੇ ਅੰਦਰ ਪ੍ਰੋਫ਼ੈਸਰ ਕਿਸ਼ਨ ਸਿੰਘ ‘ਮੋਰਚਾ ਲਾ ਕੇ ਪੰਜਾਬੀ ਬੋਲੀ ਦਾ ਹੱਕ ਲਿਆ ਹੈ’ ਲਿਖਦੇ ਹਨ, ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਪੈਂਫ਼ਲੇਟ 1966 ਵਿਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਦਾ ਹੈ। ਆਪਣੇ ਵੱਲੋਂ ਅਸੀਂ ਇਸ ਦੇ ਛਪਣ ਦੇ ਸਟੀਕ ਸਮੇਂ ਦੀ ਘੋਖ ਜਾਰੀ ਰੱਖੀ ਹੋਈ ਹੈ। ਆਪਣੇ ਸੁਹਿਰਦ ਪਾਠਕਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਜੇ ਤੁਹਾਨੂੰ ਇਸ ਦੇ ਛਪਣ ਸਾਲ ਬਾਰੇ ਜਾਣਕਾਰੀ ਹੋਵੇ ਤਾਂ ਸਾਨੂੰ ਜ਼ਰੂਰ ਦੱਸਣ। ਦੂਜੀ ਜ਼ਰੂਰੀ ਗੱਲ ਇਹ ਹੈ ਕਿ ਇਹ ਛਪਿਆ ਹੋਇਆ ਪੈਂਫ਼ਲੇਟ ਸਾਡੇ ਕੋਲ ਜਿਸ ਰੂਪ ਵਿਚ ਆਇਆ ਹੈ, ਉਸ ਵਿਚ ਬਹੁਤ ਥਾਈਂ ਅੱਧਕ, ਪੈਰੀਂ ਬਿੰਦੀਆਂ ਨਹੀਂ ਵਰਤੇ ਗਏ, ਸ਼ਬਦ ਜੋੜਾਂ ਦੇ ਰੂਪ ਅੱਜ ਪ੍ਰਚਲਿੱਤ ਸ਼ਬਦ ਜੋੜਾਂ ਤੋਂ ਵੱਖਰੇ ਹਨ। ਇਸ ਵਾਸਤੇ ਇਸ ਨੂੰ ਡਿਜੀਟਲ ਰੂਪ ਵਿਚ ਪ੍ਰਕਾਸ਼ਿਤ ਕਰਦਿਆਂ, ਅਸੀਂ ਮੂਲ-ਖਰੜੇ ਨੂੰ ਅੱਖਰ-ਅੱਖਰ ਇੰਨ-ਬਿੰਨ ਹੀ ਛਾਪਿਆ ਹੈ, ਬਿਨਾਂ ਕੋਈ ਸੋਧ-ਸੁਧਾਈ ਜਾਂ ਸੰਪਾਦਨਾ ਕੀਤੇ। ਇਸ ਵਾਸਤੇ ਸ਼ਬਦ ਜੋੜਾਂ ਦੇ ਮਾਮਲੇ ਵਿਚ ਕੋਈ ਬਹਿਸ ਜਾਂ ਵਾਦ-ਵਿਵਾਦ ਦਾ ਉੱਤਰ ਅਸੀਂ ਨਹੀਂ ਦੇਵਾਂਗੇ। -ਸੰਪਾਦਕ

ਪੰਜਾਬੀ ਬੋਲੀ ਕਿੱਧਰ ਨੂੰ?

– ਜਸਵੰਤ ਸਿੰਘ ਕੰਵਲ

ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਾ ਈਮਾਨਦਾਰ ਤਬਕਾ ਇਕਸੁਰ ਹੋ ਕੇ ਪੁਕਾਰ ਉਠਿਆ ਹੈ ਕਿ ਪੰਜਾਬੀ ਬੋਲੀ ਨੂੰ ਹਿੰਦੀਆਉਣ ਤੇ ਸੰਸਕ੍ਰਿਤਾਉਣ ਦਾ ਜਿਹੜਾ ਕੰਮ ਪੰਜਾਬੀ ਯੂਨੀਵਰਸਿਟੀ ਨੇ ਆਪਣਾ ਦੀਨ ਈਮਾਨ ਬਣਾ ਲਿਆ ਹੈ, ਮਾਂ-ਬੋਲੀ ਨਾਲ ਸਰਾਸਰ ਧ੍ਰੋਹ ਹੈ। ਭਾਵੇਂ ਇਸ ਕੰਮ ਤੇ ਬਹੁਤਾ ਪੈਸਾ ਕੇਂਦਰੀ ਸਰਕਾਰ ਵਲੋਂ ਲਾਇਆ ਜਾ ਰਿਹਾ ਹੈ ਪ੍ਰੰਤੂ ਪੰਜਾਬੀ ਯੂਨੀਵਰਸਟੀ ਨੇ ਵੀ “ਮਾਂ ਨਾਲੋਂ ਧੀ ਹੇਜਲੀ” ਵਾਲਾ ਰਵੱਈਆ ਅੱਪਣਾ ਪੰਜਾਬੀ ਸ਼ਬਦ-ਜੋੜਾਂ ਨੂੰ ਹਿੰਦੀ ਰੂਪਾਂ ਅਨੁਸਾਰ ਢਾਲਣਾ ਸ਼ੁਰੂ ਕਰ ਦਿਤਾ ਹੈ।

Book and Pen
Punjabi Boli Kidhar Nu? ਪੰਜਾਬੀ ਬੋਲੀ ਕਿੱਧਰ ਨੂੰ? Professor Kishan Singh

ਅਸੀਂ ਪੰਜਾਬੀਆਂ ਦੀ ਅਣਖ ਨੂੰ ਵੰਗਾਰਦੇ ਹਾਂ ਕਿ ਸਰਕਾਰੀ ਪੱਧਰ ’ਤੇ ਹੋ ਰਹੇ ਇਸ ਉਪੱਦਰਵ ਨੂੰ ਰੋਕਿਆ ਜਾਵੇ। ਅਸੀਂ ਹਿੰਦੀ, ਸੰਸਕ੍ਰਿਤ ਅਤੇ ਉਰਦੂ, ਫ਼ਾਰਸੀ, ਅਰਬੀ ਤੇ ਅੰਗਰੇਜ਼ੀ, ਦੋਹਾਂ ਧਰਾਵਾਂ ਤੋਂ ਸਹਾਇਤਾ ਲੈਂਦਿਆਂ ਪੰਜਾਬੀ ਬੋਲੀ ਦੇ ਕੁਦਰਤੀ ਜੁੱਸੇ, ਸੁਭਾ ਤੇ ਗੌਰਵ ਨੂੰ ਕਾਇਮ ਰਖਦਿਆਂ ਹੋਇਆਂ, ਪੰਜਾਬੀ ਬੋਲੀ ਦੀ ਉਨਤੀ ਤੇ ਵਿਕਾਸ ਦੇ ਚਾਹਵਾਨ ਹਾਂ । ਪ੍ਰੰਤੂ ਪੰਜਾਬੀ ਯੂਨੀਵਰਸਟੀ ਨੇ ਪੰਜਾਬੀ ਜ਼ਬਾਨ ਨੂੰ ਅਧਰੰਗ ਕਰਨਾ ਸ਼ੁਰੂ ਕਰ ਦਿਤਾ ਹੈ।

ਜੇਕਰ ਸਰਕਾਰੀਆਂ ਨੇ ਪੰਜਾਬੀ ਬੋਲੀ ਨੂੰ ਹਿੰਦੀਆਉਣ ਦੀ ਆਪਣੀ ਕ-ਰੁੱਚੀ ਨੂੰ ਨਾ ਤਿਆਗਿਆ ਤਾਂ ਇਹ ਮਸਲਾ ਇਕ ਦਿਨ ਸਿਆਸੀ ਰੂਪ ਧਾਰ ਲਵੇਗਾ । ਅਸੀਂ ਪੰਜਾਬੀ ਨੂੰ ਹੀਜੜੀ ਬਣਦੀ ਵੇਖ ਕਿਵੇਂ ਸਹਾਰ ਸਕਦੇ ਹਾਂ ?

ਪੰਜਾਬੀ ਬੋਲੀ ਕਿੱਧਰ ਨੂੰ?

ਪ੍ਰੋਫ਼ੈਸਰ ਕਿਸ਼ਨ ਸਿੰਘ

51 ਹਜ਼ਾਰ ਰੁਪਏ ਦਾ
ਬਾਬਾ ਫ਼ਰੀਦ ਗਲਪ ਸਨਮਾਨ
ਪ੍ਰਾਪਤ ਨਾਵਲ
ਕੀ ਜਾਣਾ ਮੈਂ ਕੌਣ?

Punjabi Novel Ki Jana Main Kon

ਬੋਲੀ, ਸਮਾਜਕ ਉਸਾਰੀ, ਸਮਾਜਕ ਮਨੁਖੀ ਅਨੁਭਵ ਦੇ ਪ੍ਰਗਟਾ ਦੇ ਨੇਮ ਵਿਚੋਂ ਪੈਦਾ ਹੁੰਦੀ, ਉਸਰਦੀ ਹੈ। ਬੋਲੀ ਦੇ ਰੇਸ਼ਿਆਂ ਵਿਚ ਮਨੁਖ, ਉਸਦੀ ਸਭਿਅਤਾ, ਉਸਦੀ ਕਲਚਰ ਹੁੰਦੀਆਂ ਹਨ, ਬੋਲੀ ਤੇ ਸਮਾਜਕ ਚੇਤਨਤਾ ਦਾ ਆਪਸ ਵਿਰ ਰਿਸ਼ਤਾ ਡਾਇਲੈਕਟਿਕ ਹੁੰਦਾ ਹੈ। ਆਪਣੀ ਉਚੇਚੀ ਕੋਸ਼ਸ਼ ਨਾਲ ਜਿਸ ਤਰੀਕੇ ਨਾਲ ਅਸੀਂ ਆਪਣੀ ਬੋਲੀ ਨੂੰ ਉਸਰ ਰਹੀ ਸਭਿਅਤਾ ਦੇ ਹਾਣੀ ਬਣਾ ਰਹੇ ਹਾਂ ਇਸਦਾ ਮੋੜਵਾਂ ਅਸਰ ਸਾਡੀ ਚੇਤਨਤਾ ਉਤੇ ਹੋਣਾ ਲਾਜ਼ਮੀ ਹੈ । ਅਸੀਂ ਕਾਸ਼ਤਕਾਰੀ ਨਜ਼ਾਮ ਵਿਚੋਂ ਲੰਘ ਕੇ ਸਨਅਤੀ ਸਭਿਅਤਾ ਉਸਾਰਨ ਦੇ ਆਹਰ ਵਿਚ ਹਾਂ । ਸਭਿਅਤਾ ਉਸਾਰਨ ਦਾ ਮਤਲਬ ਮਾਦੀ ਸਾਇੰਸਾਂ ਪੜ੍ਹਨਾ, ਕੁਦਰਤ ਦਾ ਗਿਆਨ ਹਾਸਲ ਕਰਨਾ ਅਤੇ ਮਸ਼ੀਨਾਂ ਲਾਉਣਾ ਹੀ ਨਹੀਂ। ਸੋਚਣ, ਮਹਿਸੂਸ ਦੇ ਢੰਗ ਨੂੰ ਨਵੇਂ ਸਿਰਿਓਂ ਉਸਾਰਨਾ, ਦਿਲ ਦਿਮਾਗ਼ ਨੂੰ ਬਦਲਣਾ, ਸਨਅਤੀ ਸੰਸਕ੍ਰਿਤੀ ਨੂੰ ਵਜੂਦ ਵਿਚ ਲਿਆਉਣਾ ਹੈ। ਸਭਿਅਤਾ ਦੇ ਅਨੁਸਾਰੀ ਸੰਸਕ੍ਰਿਤੀ ਉਸਾਰਨ ਤੋਂ ਬਗੈਰ ਸਭਿਅਤਾ ਵਜੂਦ ਵਿਚ ਆ ਹੀ ਨਹੀਂ ਸਕਦੀ ।

ਸਨਅਤੀ ਸਭਿਅਤਾ ਦੀ ਉਸਾਰੀ ਦੇ ਨੁਕਤੇ ਤੋਂ ਸਾਡਾ ਸਮਾਜ ਪਛੜਿਆ ਹੋਇਆ ਹੈ । ਪਰ ਖ਼ਾਸ ਇਤਿਹਾਸਕ ਕਾਰਣਾਂ ਕਰ ਕੇ ਜਿੰਨੀ ਸਨਅਤੀ ਸਭਿਅਤਾ ਤੇ ਉਸਦੇ ਨਾਲ ਸਾਇੰਟਿਫ਼ਿਕ ਚੇਤਨਤਾ ਅਸੀਂ ਉਸਾਰੀ ਵੀ ਹੈ ਉਹ ਆਪਣੀਆਂ ਬੋਲੀਆਂ ਰਾਹੀਂ ਨਹੀਂ, ਅੰਗਰੇਜ਼ੀ ਰਾਹੀਂ ਉਸਾਰੀ ਹੈ ।

ਹੁਣ ਅਸੀਂ ਇਸ ਕੋਸ਼ਸ਼ ਵਿਚ ਹਾਂ ਕਿ ਨਾ ਸਿਰਫ ਸਨਅਤੀ ਤੌਰ ਉਤੇ ਹੀ ਸਾਡਾ ਪਛੜਿਆਪਨ ਖਤਮ ਹੋਵੇ, ਬਲਕਿ ਸਾਡੀ ਬੋਲੀ ਇਸ ਸਨਅਤੀ ਉਸਾਰੀ ਤੇ ਉਸਦੀ ਚੇਤਨਤਾ ਦਾ ਭਾਰ ਚੁਕੇ। ਚੂੰਕਿ ਨਵੇਂ ਆਰਥਕ ਸਮਾਜਕ ਨਜ਼ਾਮ; ਨਵੀਂ ਸਭਿਅਤਾ ਦੀ ਉਸਾਰੀ ਹੋ ਰਹੀ ਹੈ, ਇਸ ਵਾਸਤੇ ਬੋਲੀ ਵਿਚ ਵੀ ਗੁਣਾਤਮਕ ਤਬਦੀਲੀ ਆਉਣੀ ਲਾਜ਼ਮੀ ਹੈ । ਹੁਣ ਸਾਡੇ ਸਾਹਮਣੇ ਮਸਲਾ ਪੇਸ਼ ਇਹ ਹੈ ਕਿ ਅਸੀਂ ਉਚੇਚੀ ਕੋਸ਼ਸ਼ ਨਾਲ ਆਪਣੀ ਬੋਲੀ ਨੂੰ ਸਭਿਅਤਾ ਦੀ ਉਸਾਰੀ ਦੇ ਕੰਮਾਂ ਦਾ ਭਾਰ ਚੁਕਾਉਣ ਦੀ ਕਰ ਰਹੇ ਹਾਂ। ਸਵਾਲ ਇਹ ਹੈ ਕਿ ਅਸੀਂ ਕੀ ਤਰੀਕਾ ਅਖ਼ਤਿਆਰ ਕਰ ਰਹੇ ਹਾਂ ? ਕੀ ਇਹ ਸਹੀ ਤੇ ਸਾਇੰਟਿਫ਼ਿਕ ਹੈ ਤੇ ਫ਼ਾਇਦੇ-ਮੰਦ ਸਾਬਤ ਹੋਵੇਗਾ ਜਾਂ ਗਲਤ ਹੈ ਤੇ ਹਾਨੀ ਪੁਚਾਵੇਗਾ ?

ਇਹ ਕੰਮ ਖਾਸ ਸਮਾਜਕ ਸਿਆਸੀ ਪ੍ਰਸੰਗ ਵਿਚ ਹੋ ਰਿਹਾ ਹੈ । ਮੁਲਕ ਬੁਰਜਵਾਜ਼ੀ ਦੌਰ ਵਿਚ ਹੈ । ਹਿੰਦੂ ਤੇ ਮੁਸਲਮ ਬੁਰਜਵਾਜ਼ੀ ਦੇ ਆਪਸ ਵਿਚ ਵਿਰੋਧ ਨੇ ਮੁਲਕ ਦੀ ਵੰਡ ਕਰਾਈ, ਮੁਲਕ ਵਿਚ ਹਿੰਦੂ ਬੁਰਜਵਾਜ਼ੀ ਸ਼ਾਵਨਿਸਟਿਕ ਹੈ ਅਤੇ ਹਿੰਦੀ ਬੈਲਟ ਦੀ ਰੀਵਾਈਵਲਿਸਟ ਵੀ। ਹਿੰਦੀ ਬੈਲਟ ਦੀ ਹਿੰਦੂ ਬੁਰਜਵਾਜ਼ੀ ਦਾ ਖ਼ਾਸ ਸਿਆਸੀ ਨਿਸ਼ਾਨਾ ਹੈ ਅਤੇ ਉਸਦੇ ਅਧੀਨ ਬੋਲੀ ਬਾਬਤ ਉਸਦੀ ਖ਼ਾਸ ਨੀਤੀ ਹੈ ਅਤੇ ਉਸਦੇ ਖ਼ਾਸ ਸਿੱਟੇ ਹਨ । ਉਹ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣਾ ਚਾਹੁੰਦੀ ਹੈ । ਉਸਦਾ ਅੰਦਾਜ਼ਾ ਹੈ ਕਿ ਜੇ ਮੁਲਕ ਵਿਚੋਂ ਅੰਗਰੇਜ਼ੀ ਕੱਢੀ ਜਾਵੇ ਤਾਂ ਮੁਲਕ ਨੂੰ ਲਿੰਕ ਬੋਲੀ ਰਖਣੀ ਤਾਂ ਪਵੇਗੀ ਅਤੇ ਐਸੀ ਬੋਲੀ ਸਿਵਾਇ ਹਿੰਦੀ ਤੋਂ ਹੋਰ ਹੋ ਨਹੀਂ ਸਕਦੀ । ਸੋ ਉਹ ਅੰਗਰੇਜ਼ੀ ਨੂੰ ਮੁਲਕ ਵਿਚੋਂ ਖ਼ਤਮ ਹੋਇਆ ਭਾਲਦੀ ਹੈ । ਦੂਸਰੇ ਉਹ ਮੁਸਲਮ ਵਿਰੋਧੀ ਹੈ । ਹਿੰਦੂ ਸ਼ਾਵਨਿਜ਼ਮ ਨੂੰ ਉਸ ਦੇ ਵਿਰੋਧੀ ਜਮਾਈ ਰਖਣਾ ਉਸਨੂੰ ਹਰ ਨੁਕਤੇ ਤੋਂ ਪੁਗਦਾ ਹੈ । ਜਿੰਨਾ ਚਿਰ ਇਹ ਜਜ਼ਬਾ ਤੇਜ਼ ਹੈ ਅਤੇ ਮੁਸਲਮ ਵਿਰੋਧੀ ਹੈ ਲੋਕਾਂ ਦੇ ਲੈਫਟ ਵੱਲ ਨੂੰ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਇਸ ਦੀ ਰੀਵਾਈਵਲਿਸਟ ਵਸਤੂ ਉਸ ਨੂੰ ਹੋਰ ਵੀ ਮੁਆਫ਼ਕ ਹੈ। ਸੋ ਉਹ ਹਿੰਦੀ ਤੇ ਹੀ ਸੰਤੁਸ਼ਟ ਨਹੀਂ। ਉਹ ਹਿੰਦੀ ਨੂੰ ਸੰਸਕ੍ਰਿਤਾਈ ਜਾ ਰਹੀ ਹੈ । ਮੁਲਕ ਦੀ ਏਕਤਾ ਦੇ ਨਾਹਰੇ ਹੇਠ ਉਹ ਸੰਸਕ੍ਰਿਤਾਈ ਹਿੰਦੀ ਦੀ ਸ਼ਬਦਾਵਲੀ ਨੂੰ ਹਰ ਬੋਲੀ ਵਿਚ ਵਰਤੀ ਜਾਣ ਵਾਸਤੇ ਹਰ ਮੁਮਕਿਨ ਕੋਸ਼ਸ਼ ਕਰ ਰਹੀ ਹੈ।

ਪੰਜਾਬ ਦੀ ਹਿੰਦੂ ਬੁਰਜਵਾਜ਼ੀ ਮੁਸਲਮ ਵਿਰੋਧ, ਅਤੇ ਹਿੰਦੀ ਦੇ ਮਸਲੇ ਉਤੇ ਉਸਦੇ ਐਨ ਨਾਲ ਹੈ । ਸਿਖ ਬੁਰਜਵਾਜ਼ੀ ਵਿਚ ਸਾਹਸ ਹੀ ਨਹੀਂ । ਉਹ ਥੋੜ੍ਹੀ ਗਿਣਤੀਆਂ ਦੀ ਰਾਖੀ ਵਾਸਤੇ ਪੈਂਤੜਾ ਮੱਲਣ ਨੂੰ ਤਿਆਰ ਹੀ ਨਹੀਂ ।

ਇਸ ਵੇਲੇ ਸਾਡੇ ਸੈਕੂਲਰ ਈਮਾਨ ਦਾ ਟੈਸਟ ਸਾਡਾ ਮੁਸਲਮਾਨਾਂ ਵਲ ਰਵੱਈਆ ਹੈ । ਮੁਸਲਮਾਨ ਵਸੋਂ ਨਾਲ ਕੀ ਬੀਤਦਾ ਹੈ ਸਿਖ ਬੁਰਜਵਾਜ਼ੀ ਨੂੰ ਇਸ ਦੀ ਚਿੰਤਾ ਹੀ ਨਹੀਂ । ਉਸਦੇ ਉਸਦੀ ਆਪਣੀ ਤਕਦੀਰ ਉਤੇ ਕੀ ਅਸਰ ਹੋਣਗੇ, ਉਸਦਾ ਉਨ੍ਹਾਂ ਵੱਲ ਧਿਆਨ ਹੀ ਨਹੀਂ। ਉਸ ਦਾ ਮੂਲ ਮਨੋਰਥ ਹਿੰਦੂ ਬੁਰਜਵਾਜ਼ੀ ਦੇ ਮਨਜ਼ੂਰੇ ਨਜ਼ਰ ਹੋਣਾ ਹੈ। ਮਸਲਾ ਸਿਰਫ ਇਹ ਹੈ ਕਿ ਕਿਸ ਤਰ੍ਹਾਂ ਅਤੇ ਕਿਨ੍ਹਾਂ ਸ਼ਰਤਾਂ ਉਤੇ। ਇਕ ਤਬਕਾ ਤਾਂ ਕੁਛ ਅੜਦਾ ਹੈ, ਕੋਈ ਸਹੂਲਤਾਂ, ਹਕ ਤਾਂ ਲੈਣਾ ਚਾਹੁੰਦਾ ਹੈ, ਪਰ ਇਸ ਤਬਕੇ ਨੂੰ ਬੋਲੀ, ਕਲਚਰ ਆਦਿ ਦੇ ਮੁਹਾਜ਼ ਬਾਬਤ ਨਾ ਕੋਈ ਅਹਿਸਾਸ ਹੈ ਅਤੇ ਨਾ ਇਹ ਉਨ੍ਹਾਂ ਦੇ ਅਜੰਡੇ ਉਤੇ ਹੈ । ਬੋਲੀ, ਸਾਹਿਤ, ਕਲਚਰ ਆਦਿ ਦੂਸਰੇ ਤਬਕੇ ਦੇ ਹੱਥ ਵਿਚ ਹੈ ਅਤੇ ਉਹ ਹਿੰਦੀ ਬੈਲਟ ਦੀ ਹਿੰਦੂ ਬੁਰਜਵਾਜ਼ੀ ਅਗੇ ਵਿਛਿਆ ਪਿਆ ਹੈ । ਇਸ ਤਬਕੇ ਨਾਲ ਹੀ ਰਾਜ ਪ੍ਰਬੰਧ ਵਿਚ ਕਾਬਜ਼ ਇਨ੍ਹਾਂ ਮਹਿਕਮਿਆਂ ਦੇ ਅਫ਼ਸਰ, ਕਰਮਚਾਰੀ ਆਦਿ ਹਨ । ਇਹ ਸਿਰਫ ਵਿਛੇ ਹੋਏ ਹੀ ਨਹੀਂ। ਇਨ੍ਹਾਂ ਦੀ ਹਾਲਤ ‘ਚੋਰ ਨਾਲੋਂ ਪੰਡ ਕਾਹਲੀ’ ਵਾਲੀ ਹੈ । ਹਿੰਦੂ ਸ਼ਾਵਨਿਸਟਿਕ, ਰੀਵਾਈਵਲਿਸਟ, ਬੁਰਜਵਾਜ਼ੀ ਵਾਲਾ ਮੁਸਲਮ ਵਿਰੋਧੀ ਤਅੱਸਬ ਇਨ੍ਹਾਂ ਦੀ ਆਪਣੀ ਜਿਦ ਜਾਨ ਹੈ । ਇਨ੍ਹਾਂ ਵਾਸਤੇ ਨਾ ਕੋਈ ਸੈਕੂਲਰ ਪੈਂਤੜਾ ਹੈ ਨਾ ਕੋਈ ਉਸਦੇ ਅਮਲੀ ਅਰਥ : ਕਾਫੀ ਹਿੱਸਾ ਅਖੌਤੀ ਸਮਾਜਵਾਦੀਆਂ ਦਾ ਵੀ ਮੁਸਲਮ ਵਿਰੋਧੀ ਤਅੱਸਬ ਤੋਂ ਬੱਰੀ ਨਹੀਂ। ਵੈਸੇ ਵੀ ਲੋਕ ਲਹਿਰ ਵਾਲੇ ਕਲਚਰਲ ਮੁਹਾਜ਼ ਤੇ ਉਸਦੀ ਅਹਿਮੀਅਤ ਤੋਂ ਘਟ ਹੀ ਜਾਣੂ ਹਨ। ਉਨ੍ਹਾਂ ਨੂੰ ਸ਼ਾਇਦ ਹੀ ਪੂਰਾ ਅਹਿਸਾਸ ਹੈ ਕਿ ਪੰਜਾਬੀ ਬੋਲੀ ਵਿਚ ਵੀ ਲੋਕ ਵਿਰੋਧੀ, ਹਿੰਦੂ ਬੁਰਜਵਾਜ਼ੀ ਹਿਤੀ ਪੈਂਤੜਾ ਉਸਾਰਿਆ ਜਾ ਰਿਹਾ ਹੈ । ਉਨ੍ਹਾਂ ਨੂੰ ਇਸ ਗੱਲ ਦਾ ਘੱਟ ਹੀ ਚਾਨਣ ਲਗਦਾ ਹੈ ਕਿ ਸਾਹਿਤ ਵਿਚ ਰੂਪ ਤੇ ਸ਼ੈਲੀ ਵਾਂਗ, ਬੋਲੀ ਦੀ ਉਸਾਰੀ ਵਿਚ ਵੀ ਜਮਾਤੀ ਪੈਂਤੜੇ ਹੁੰਦੇ ਹਨ। ਜਮਾਤੀ ਜਦੋਜਹਿਦ ਹੁੰਦੀ ਹੈ। ਲਿਖਾਰੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਵੀ ਸ਼ਾਇਦ ਹੀ ਇਸ ਮਸਲੇ ਬਾਬਤ ਕਦੀ ਸਾਇੰਟਿਫਿਕ ਤੌਰ ਤੇ ਸੋਚਿਆ ਅਤੇ ਜਥੇਬੰਦ ਹੋ ਕੇ ਆਪਣੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਮਸਲਾ ਪੰਜਾਬੀ ਨੈਸ਼ਨੈਲਿਟੀ ਦੀ ਉਸਾਰੀ, ਉਸ ਦੀ ਵਸਤੂ, ਉਸਦੇ ਜੁੱਸੇ, ਉਸਦੀ ਅਮੀਰੀ, ਉਸਦੀ ਸਿਹਤ, ਉਸ ਦੇ ਨਰੋਏਪਨ ਤੇ ਭਵਿਖ ਦੀ ਉਸਾਰੀ ਵਿਚ ਉਸਦੀ ਹੰਢਣਸਾਰੀ ਦਾ ਹੈ। ਦੂਸਰੇ ਲਫਜ਼ਾਂ ਵਿਚ ਸਾਡੇ ਸਾਰੇ ਭਵਿਖ ਦਾ, ਸਾਡੀ ਪੰਜਾਬੀਆਂ ਦੀ ਬਣ ਰਹੀ ਤਕਦੀਰ ਦਾ ਹੈ।

ਬੋਲੀ ਬਾਬਤ ਲਈ ਗਈ ਲਾਈਨ ਦੇ ਅਮਲੀ ਤੌਰ ਤੇ ਸਿੱਟੇ ਕੀ ਹਨ ? ਜਿਸ ਰੁਖ ਇਹ ਲਿਜਾਈ ਜਾ ਰਹੀ ਹੈ ਇਹ ਪਹੁੰਚਾਏਗੀ ਕਿਥੇ ?

ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ

chitarlekha best punjabi novel

ਜੋ ਸ਼ਾਵਨਿਸ਼ਟ ਤੇ ਰੀਵਾਈਵਲਿਸਟ ਹਿੰਦੂ ਬੁਰਜਵਾਜ਼ੀ ਹਿੰਦੀ ਨੂੰ ਸ਼ਕਲ ਦੇ ਰਹੀ ਹੈ । ਉਸਦੀ ਹੀ ਪੰਜਾਬੀ ਨਕਲ ਕਰ ਰਹੀ ਹੈ । ਨਕਲ ਵੀ ਐਸੀ ਕਰ ਰਹੀ ਹੈ ਕਿ ਉਸਦੀ ਦਿੱਤੀ ਲਾਈਨ ਉਤੇ ਉਸ ਨਾਲੋਂ ਵੀ ਸਵਾਈ ਹੋ ਕੇ ਚਲ ਰਹੀ ਹੈ । ਇਸ ਵਿਚ ਹੁਣ ਦੀ ਹਿੰਦੀ ਵਾਲਾ ਹੀ ਉਰਦੂ, ਫ਼ਾਰਸੀ ਪਰੰਪਰਾ ਵਿਰੁਧ ਤਅੱਸਬ ਹੈ । ਨਾ ਸਿਰਫ਼ ਉਰਦੂ ਫ਼ਾਰਸੀ ਦੀ ਪਰੰਪਰਾ ਵਲੋਂ ਕੋਈ ਲਫਜ਼ ਲਿਆ ਹੀ ਨਹੀਂ ਜਾ ਰਿਹਾ ਬਲਕਿ ਜੋ ਲਫਜ਼ ਇਸ ਪਰੰਪਰਾ ਤੋਂ ਆ ਕੇ ਪੰਜਾਬੀ ਦੀ ਜਿੰਦ ਜਾਨ ਬਣ ਚੁਕੇ ਹਨ, ਪੰਜਾਬੀ ਹੋ ਚੁਕੇ ਹਨ, ਲੋਕਾਂ ਦੀ ਜ਼ਬਾਨ ਉਤੇ ਹਨ, ਸਾਡੇ ਪੁਰਾਣੇ ਸਾਹਿਤ ਵਿਚ ਅੰਕਤ ਹਨ ਉਨ੍ਹਾਂ ਨੂੰ ਵੀ ਜ਼ਹਿਰ ਸਮਝ ਕੇ ਚੁਣ ਚੁਣ ਕੇ ਕਢਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਥਾਂ ਸੰਸਕ੍ਰਿਤਾਈ ਹਿੰਦੀ ਦੇ ਉਹ ਲਫਜ਼ ਲਿਆਂਦੇ ਜਾ ਰਹੇ ਹਨ ਜੋ ਸਾਡੀ ਜ਼ਬਾਨ ਨੂੰ ਉਪਰਾਂਦੇ ਹਨ ਅਤੇ ਜੋ ਸਾਡੇ ਲੋਕ ਮੁਹਾਵਰੇ ਦਾ ਹਿੱਸਾ ਨਹੀਂ । ਜਿਨ੍ਹਾਂ ਨੂੰ ਸਾਡੇ ਜਜ਼ਬੇ ਦੀ ਪਾਣ ਨਹੀਂ, ਜੋ ਸਾਡੇ ਅੰਦਰਲੇ ਦੇ ਮਾਹੌਲ ਨੂੰ ਪ੍ਰਗਟ ਨਹੀਂ ਕਰਦੇ, ਜਿਨ੍ਹਾਂ ਵਿਚੋਂ ਸਾਨੂੰ ਆਪਣਾ ਮੁਹਾਂਦਰਾ ਨਹੀਂ ਦਿਸਦਾ, ਅਤੇ ਦੀ ਇਸ ਤੋਂ ਵੀ ਵਧ, ਜਿਨ੍ਹਾਂ ਵਿਚ ਸਾਇੰਟਿਫਿਕ ਚੇਤਨਤਾ ਦੀ ਝਲਕ ਹੀ ਨਹੀਂ । ਇਹ ਹੁਣ ਦੀ ਹਿੰਦੀ ਵਾਂਗ ਹੀ ਅੰਗਰੇਜ਼ੀ ਤੋਂ ਐਉਂ ਦੂਰ ਨਸਦੀ ਹੈ ਜਿਵੇਂ ਇਸਦਾ ਮੂਲ ਮਨੋਰਥ ਹੀ ਅੰਗਰੇਜ਼ੀ ਕੋਲੋਂ ਹਰ ਕੀਮਤ ਤੇ, ਆਪਣਾ ਨੁਕਸਾਨ ਕਰਾ ਕੇ ਵੀ ਪੱਲਾ ਤਾਂ ਛੁੜਾਉਣਾ ਹੁੰਦਾ ਹੈ। ਇਸਨੂੰ ਐਉਂ ਮਹਿਸੂਸ ਹੁੰਦਾ ਹੈ ਜਿਵੇਂ ਜੇ ਅੰਗਰੇਜ਼ੀ ਦਾ ਕੋਈ ਅਸਰ ਜਾਂ ਲਫਜ਼ ਰਹਿ ਗਿਆ ਤਾਂ ਇਹ ਭਿੱਟੀ ਜਾਵੇਗੀ । ਇਸ ਵਿਚ ਵੀ ਉਹ ਹੀ ਜ਼ਹਿਨੀਅਤ ਕੰਮ ਕਰ ਰਹੀ ਜੋ ਹੁਣ ਦੀ ਹਿੰਦੀ ਵਿਚ ਪ੍ਰਵੇਸ਼ ਕਰ ਰਹੀ ਹੈ ਕਿ ਇਸਲਾਮ ਦੇ ਮੁਲਕ ਵਿਚ ਆਉਣ ਤੋਂ ਲਗ ਕੇ 1947 ਤਕ ਦੇ ਇਤਿਹਾਸ ਦਾ ਬੋਲੀ ਤੇ ਚੇਤਨਤਾ ਵਿਚੋਂ ਖੁਰਾ ਖੋਜ ਹੀ ਮਿਟਾਇਆ ਜਾਏ । ਬੋਲੀ ਤੇ ਕਲਚਰ ਨੂੰ ਨਿਰੋਲ, ਇਸਲਾਮ ਦੇ ਆਉਣ ਤੋਂ ਪਹਿਲਾਂ ਦੀ ਹਿੰਦੂ ਪਰੰਪਰਾ ਉਤੇ ਹੀ ਉਸਾਰਿਆ ਜਾਵੇ। ਨਾਹਰਾ ਤਾਂ ਇਹ ਦਿੱਤਾ ਜਾ ਰਿਹਾ ਹੈ ਕਿ ਸਰਕਾਰੇ ਦਰਬਾਰੇ ਲੋਕ ਬੋਲੀਆਂ ਇਸ ਵਾਸਤੇ ਲਾਗੂ ਕੀਤੀਆਂ ਜਾ ਰਹੀਆਂ ਹਨ, ਅਤੇ ਵਿਦਿਆ ਦਾ ਮਾਧਿਅਮ ਇਸ ਵਾਸਤੇ ਬਣਾਈਆਂ ਜਾ ਰਹੀਆਂ ਹਨ ਕਿ ਲੋਕ ਰੱਜ ਕੇ ਜ਼ਿੰਦਗੀ ਦੀ ਉਸਾਰੀ ਵਿਚ ਹਿੱਸਾ ਪਾ ਸਕਣ, ਅਤੇ ਸਾਡੀ ਨੈਸ਼ਨੈਲਿਟੀ ਤੇ ਸਾਡੀ ਪ੍ਰਤਿਭਾ ਆਪਣਾ ਪੂਰਾ ਕੱਦ ਕਰ ਸਕਣ । ਪਰ ਅਮਲੀ ਤੌਰ ਉਤੇ ਬੋਲੀ ਹੱਦੋਂ ਵਧ ਪੰਡਤਾਈ ਜਾ ਰਹੀ ਹੈ । ਐਨੀ ਕਿ ਲੋਕ ਬੋਲੀ ਉਸ ਵਿਚ ਆਟੇ ਵਿਚ ਲੂਣ ਜਿੰਨੀ ਵੀ ਨਹੀਂ। ਲੋਕਾਂ ਨੂੰ ਉਹ ਉਨੀ ਹੀ ਓਪਰੀ ਹੈ ਜਿੰਨੀ ਕੋਈ ਬਾਹਰਲੀ ਬੋਲੀ । ਜੇ ਇਸਦੇ ਖਿਲਾਫ਼ ਕੋਈ ਇਤਰਾਜ਼ ਕਰਦਾ ਹੈ ਤਾਂ ਸੁਣਾਇਆ ਅਗੋਂ ਇਹ ਜਾਂਦਾ ਹੈ ਕਿ ਪੰਜਾਬੀ ਨੇ ਹੁਣ ਨਿਰਾ ਹਲ ਹੀ ਨਹੀਂ ਵਾਹੁਣਾ, ਇਸ ਨੇ ਵਡੇ ਵਡੇ ਕੰਮ ਕਰਨੇ ਹਨ ਜਿਵੇਂ ਵਡੇ ਵਡੇ ਕੰਮ ਵਾਸਤੇ ਜ਼ਰੂਰੀ ਹੈ ਕਿ ਪੰਜਾਬੀ, ਪੰਜਾਬੀ ਹੀ ਨਾ ਰਹੇ । ਮਾਇਆ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਧੁਰੋਂ ਮਾਇਆ ਸਾਡੀ ਸੇਵਾ ਵਾਸਤੇ ਆਈ ਸੀ ਪਰ ਇਥੇ ਆਣ ਕੇ ਇਹ ਘਰ ਦੀ ਮਾਲਕ ਬਣ ਬੈਠੀ ਹੈ ਅਤੇ ਸਾਨੂੰ ਇਸਨੇ ਆਪਣੇ ਘਰੋਂ ਬਾਹਰ ਕਢ ਦਿਤਾ ਹੈ । ਸੰਸਕ੍ਰਿਤਾਈ ਹਿੰਦੀ ਤੋਂ ਲਫਜ਼ ਲੈਂਦਿਆਂ ਕਿਹਾ ਇਹ ਜਾਂਦਾ ਹੈ ਕਿ ਇਹ ਪੰਜਾਬੀ ਦੀ ਉਸਾਰੀ ਵਾਸਤੇ ਲਏ ਜਾ ਰਹੇ ਹਨ । ਪਰ ਇਹ ਪੰਜਾਬੀ ਦੀ ਉਸਾਰੀ ਉਸ ਤਰ੍ਹਾਂ ਹੀ ਕਰਦੇ ਹਨ ਜਿਸ ਤਰ੍ਹਾਂ ਅਮ੍ਰੀਕਨ ਵੀਤਨਾਮੀਆਂ ਦੇ ਬੰਦੇ, ਬੁਢੀਆਂ, ਬਚਿਆਂ ਨੂੰ ਮਾਰ, ਉਨ੍ਹਾਂ ਦੇ ਘਰ ਘਾਟ ਸਾੜ ਫੂਕ, ਉਨ੍ਹਾਂ ਦੀ ਕਾਇਨਾਤ ਨੂੰ ਵੀ ਖਤਮ ਕਰਕੇ ਉਨ੍ਹਾਂ ਨੂੰ ਬਚਾ ਰਹੇ ਹਨ । ਸੰਸਕ੍ਰਿਤਾਈ ਹਿੰਦੀ ਦੇ ਲਫਜ਼ ਪੰਜਾਬੀ ਵਿਚ ਨਹੀਂ ਆ ਰਹੇ । ਉਹ ਤਾਂ ਪੰਜਾਬੀ ਨੂੰ ਉਸਦੇ ਘਰੋਂ ਕੱਢਕੇ ਉਸ ਦੇ ਥਾਂ ਹਿੰਦੀ ਨੂੰ ਵਸਾਈ ਜਾ ਰਹੇ ਹਨ ਇਸ ਨੀਤੀ ਹੇਠ ਲਿਖੀ ਜਾ ਰਹੀ ਪੰਜਾਬੀ ਵਿਚ, ਸਿਵਾਇ ਕਿਰਿਆ ਤੇ ਗੁਰਮੁਖੀ ਲਿੱਪੀ ਦੇ ਪੰਜਾਬੀ ਹੈ ਕਿਥੇ? ਇਕ ਦੋ ਦਹਾਕੇ ਗੱਲ ਇਸ ਤਰ੍ਹਾਂ ਹੀ ਚਲਦੀ ਰਹੀ ਤਾਂ ਸਿਵਾਇ ਲੋਕਾਂ ਦੀ ਜ਼ਬਾਨ ਦੇ, ਪੰਜਾਬੀ ਰਹਿ ਕਿਥੇ ਜਾਏਗੀ ? ਅੰਗਰੇਜ਼ੀ ਬਾਬਤ ਇਹ ਕਿਹਾ ਜਾਂਦਾ ਹੈ ਕਿ ਇਸਨੇ ਬੁਧੀ ਵਰਗ ਤੇ ਆਮ ਲੋਕਾਂ ਵਿਚ ਬਹੁਤ ਪਾੜਾ ਪਾ ਦਿੱਤਾ ਹੈ । ਕੀ ਸੰਸਕ੍ਰਿਤਾਈ ਹਿੰਦੀ ਲਿਖਦੇ ਪੜ੍ਹਦੇ ਬੁਧੀ ਵਰਗ ਤੇ ਆਮ ਲੋਕਾਂ ਵਿਚ ਕੋਈ ਸਾਂਝ ਮੁਮਕਿਨ ਹੋ ਸਕਦੀ ਹੈ ? ਆਖਣ ਨੂੰ ਵਿਦਿਆ ਦਾ ਮਾਧਿਅਮ ਪੰਜਾਬੀ ਬਣਾਇਆ ਜਾ ਰਿਹਾ ਹੈ । ਇਸ ਵਾਸਤੇ ਕਿ ਵਿਦਿਆਰਥੀ ਵਖੋ ਵਖ ਮਜ਼ਮੂਨ ਆਪਣੀ ਮਾਦਰੀ ਬੋਲੀ ਵਿਚ ਸੌਖੇ ਸਮਝ ਸਕਣ ਅਤੇ ਉਨ੍ਹਾਂ ਵਿਚ ਜ਼ਿਆਦਾ ਮਾਹਿਰ ਬਣ ਸਕਣ । ਇਸ ਨੀਤੀ ਨੂੰ ਨੇਪਰੇ ਚੜ੍ਹਾਉਣ ਵਾਸਤੇ ਅੰਗਰੇਜ਼ੀ ਦੀਆਂ ਵਖ ਵਖ ਮਜ਼ਮੂਨਾਂ ਦੀਆਂ ਕਿਤਾਬਾਂ ਦੇ ਪੰਜਾਬੀ ਵਿਚ ਅਨੁਵਾਦ ਕਰਾਏ ਜਾ ਰਹੇ ਹਨ । ਪਰ ਅਮਲੀ ਤੌਰ ਤੇ ਇਹ ਕੀਤੇ ਜਾ ਰਹੇ ਅਨੁਵਾਦ ਪੰਜਾਬੀ ਵਿਚ ਨਹੀਂ, ਸੰਸਕ੍ਰਿਤਾਈ ਹਿੰਦੀ ਵਿਚ ਹਨ। ਇਨ੍ਹਾਂ ਦਾ ਮਨੋਰਥ ਵਿਦਿਆਰਥੀਆਂ ਨੂੰ ਆਪੋ ਆਪਣੇ ਮਜ਼ਮੂਨਾਂ ਵਿਚ ਤਾਕ ਕਰਨਾ ਨਹੀਂ ਬਲਕਿ ਸੰਸਕ੍ਰਿਤਾਈ ਹਿੰਦੀ ਦੀ ਸ਼ਬਦਾਵਲੀ ਨੂੰ ਹਰ ਮਜ਼ਮੂਨ ਵਿਚ ਪ੍ਰਚਲਤ ਕਰਨਾ ਹੈ। ਐਸੇ ਅਨੁਵਾਦ ਕਰਨ ਤੇ ਕਰਾਉਣ ਵਾਲਿਆਂ ਨੂੰ ਇਸ ਗੱਲ ਦੀ ਚਿੰਤਾ ਹੀ ਨਹੀਂ ਕਿ ਮਜ਼ਮੂਨ ਵਿਦਿਆਰਥੀਆਂ ਦੇ ਪੱਲੇ ਪੈਂਦਾ ਹੈ ਕਿ ਨਹੀਂ । ਇਸ ਸੰਸਕ੍ਰਿਤਾਈ ਹਿੰਦੀ ਨੂੰ ਪੰਜਾਬੀ ਦੇ ਕਈ ਲਿਖਾਰੀ ਬੜੇ ਚਾਅ ਨਾਲ ਵਰਤ ਰਹੇ ਹਨ । ਉਨ੍ਹਾਂ ਨੇ ਇਸ ਵਿਚ ਆਪਣੀ ਨਿਜਾਤ ਸਮਝੀ ਹੈ। ਐਸੇ ਲਿਖਾਰੀਆਂ ਕੋਲ ਕਹਿਣ ਨੂੰ ਘਟ ਹੀ ਕੋਈ ਚੀਜ਼ ਹੈ ਪਰ ਇਸ ਪੰਡਤਾਈ ਬੋਲੀ ਦੀ ਦਬਾ ਦਬ ਕੰਧ ਖੜੀ ਕਰਕੇ ਉਹ ਸਮਝਦੇ ਹਨ ਕਿ ਪਾਠਕਾਂ ਦੀਆਂ ਅੱਖਾਂ ਵਿਚ ਉਹ ਵਿਦਵਾਨ ਹੋਣ ਦਾ ਅਸਰ ਪਾ ਲੈਂਦੇ ਹਨ । ਕੋਈ ਖ਼ਾਸ ਚੀਜ਼ ਪੱਲੇ ਨਾ ਹੋਣ ਦੇ ਬਾਵਜੂਦ ਉਹ ਸਮਝਦੇ ਹਨ, ਉਨ੍ਹਾਂ ਦਾ ਭਰਮ ਭਾ ਬਣ ਜਾਂਦਾ ਹੈ।

ਬੋਲੀ ਸਮਾਜਕ ਮਨੁਖੀ ਜ਼ਿੰਦਗੀ ਦੀ ਉਸਾਰੀ ਦਾ ਵਸੀਲਾ ਹੈ । ਹੋ ਰਹੇ ਸਮਾਜਕ ਅਨੁਭਵ ਦਾ ਇਹ ਪ੍ਰਗਟਾ ਹੈ ਅਤੇ ਅਨੁਭਵ ਦਾ ਰੂਪ ਹੋਣ ਦੇ ਨਾਤੇ ਇਸਦਾ ਉਸ ਉਤੇ ਮੋੜਵਾਂ ਅਸਰ ਹੁੰਦਾ ਹੈ।

ਸਾਡੀ ਬੋਲੀ ਦੀ ਨੀਤੀ ਅਚੇਤ ਜਾਂ ਸੁਚੇਤ ਸਾਡੇ ਪੰਜਾਬੀ ਨੈਸ਼ਨੈਲਿਟੀ ਦੇ ਤਸੱਵਰ ਉਤੇ ਨਿਰਭਰ ਹੈ। ਅਜ ਦੀ ਹਿੰਦੀ ਵਾਲਿਆਂ ਦਾ ਤਸੱਵਰ ਤਅੱਸਬ ਤੇ ਆਧਾਰਤ ਹੈ, ਗ਼ੈਰ ਸਾਇੰਟਿਫ਼ਿਕ ਹੈ, ਗਲਤ ਹੈ ਅਤੇ ਲੰਮੀ ਨਜ਼ਰ ਨਾਲ ਵੇਖਿਆ ਉਨ੍ਹਾਂ ਨੂੰ ਆਪਣੇ ਆਪ ਨੂੰ ਵੀ ਹਾਨੀਕਾਰਕ ਹੈ । ਇਤਿਹਾਸ ਦੇ ਪੈਰ ਚਿਤਰ ਹੂੰਝ ਕੇ ਮਿਟਾਏ ਨਹੀਂ ਜਾ ਸਕਦੇ । ਸਮਝ ਨਾਲ ਛਾਣ ਕੇ ਵਰਤਿਆਂ ਉਨ੍ਹਾਂ ਨੂੰ ਮਿਟਾਣ ਦੀ ਲੋੜ ਵੀ ਨਹੀਂ ਹੁੰਦੀ। ਸਗੋਂ ਉਹ ਸ਼ਕਤੀ ਤੇ ਅਮੀਰੀ ਦਾ ਸੋਮਾਂ ਹੁੰਦੇ ਹਨ। ਅਸੀਂ ਚਾਹੁੰਦੇ ਹਾਂ ਕਿ ਉਸਰ ਰਹੀ ਪੰਜਾਬੀ ਨੈਸ਼ਨੈਲਿਟੀ ਵਧ ਤੋਂ ਵਧ ਪ੍ਰਗਤੀਵਾਦੀ ਨਿਰੋਈ ਤੇ ਅਮੀਰ ਹੋਵੇ, ਬਣ ਰਹੇ ਹਾਲਾਤ ਦੀ ਤੱਕੜੀ ਵਿਚ ਸਾਵੀਂ ਨਾਲੋਂ ਵੀ ਸਵਾਈ ਉਤਰੇ ਅਤੇ ਸਾਇੰਟਿਫਿਕ ਤੇ ਵਿਸ਼ਾਲ ਲੀਹਾਂ ਉਤੇ ਉਸਰੇ । ਇਸ ਵਾਸਤੇ ਸਭ ਨਾਲੋਂ ਬੁਨਿਆਦੀ ਲਾਜ਼ਮੀ ਚੀਜ਼ ਹੈ ਸਾਨੂੰ ਆਪਣੀ ਹਸਤੀ ਹੋਂਦ ਦਾ ਅਹਿਸਾਸ ਸਾਡੀ ਆਪਣੇ ਆਪ ਵਿਚ ਬਰਕਰਾਰੀ ਆਪਣੀ ਹਸਤੀ ਹੋਂਦ ਦੀ ਚੇਤਨਤਾ ਅਤੇ ਆਪਣੇ ਘਰ ਵਿਚ ਸਾਡੀ ਅਹਿਲ ਮਲਕੀਅਤ ਉਤੇ ਸਾਡਾ ਸ਼ਾਕਰ ਰਹਿਣਾ। ਜੇ ਸਾਡੀ ਆਪਣੀ ਸ਼ਖ਼ਸੀਅਤ ਹੀ ਮਾਤਾ ਦਾ ਮਾਲ ਹੈ ਅਤੇ ਜੋ ਪੰਜਾਬੀ ਨੈਸ਼ਨੈਲਿਟੀ ਦੇ ਸਾਡੇ ਤਸੱਵਰ ਵਿਚ ਹੀ ਜਿੰਦ ਜਾਨ ਨਹੀਂ ਤਾਂ ਸਾਡੇ ਉਤੇ ਇਕ ਅਸਰ ਗ਼ਲਬਾ ਪਾ ਲਵੇ ਭਾਵੇਂ ਦੂਸਰਾ । ਉਨ੍ਹਾਂ ਦੀ ਆਪਸ ਵਿਚ ਲੜਾਈ ਹੈ, ਸਾਡੀ ਤਾਂ ਹਾਰ, ਗ਼ੁਲਾਮੀ ਤੇ ਮੁਰਦੇਹਾਣ ਹੀ ਹੈ । ਬੋਲੀ ਦੇ ਖੇਤਰ ਵਿਚ ਸਾਡੀ ਸ਼ਖ਼ਸੀਅਤ, ਸਾਡੀ ਆਪਣੀ ਹਸਤੀ ਹੋਂਦ ਕੀ ਹੈ ? ਪੰਜਾਬ ਦੇ ਲੋਕਾਂ ਦੇ ਮੂੰਹੋਂ ਬੋਲੀ ਜਾ ਰਹੀ ਬੋਲੀ, ਉਸਦਾ ਮੁਹਾਂਦਰਾ, ਉਸਦੇ, ਉਨ੍ਹਾਂ ਦੇ ਬਣਾਇ ਜਾ ਰਹੇ ਪੈਟਰਨ, ਉਨ੍ਹਾਂ ਦੀ ਰੋਜ਼ ਬਰੋਜ਼ੀ ਜ਼ਿੰਦਗੀ ਤੋਂ ਬਣ ਰਹੇ ਬਿੰਬ, ਲੋਕਧਾਰ ਅਤੇ ਗੁਰੂ ਗਰੰਥ ਸਾਹਿਬ, ਵਾਰਸ ਸ਼ਾਹ ਤੇ ਹੋਰ ਪੁਰਾਣੇ ਸਾਹਿਤ ਦੀ ਬੋਲੀ, ਉਸਦਾ ਮੁਹਾਂਦਰਾ ਉਸਦੇ ਬਿੰਬ, ਜੇ ਸਾਡੀ ਇਨ੍ਹਾਂ ਵਿਚ ਬਰਕਰਾਰੀ ਨਹੀਂ, ਅਸੀਂ ਇਨ੍ਹਾਂ ਨਾਲੋਂ ਟੁਟੇ ਹੋਏ ਹਾਂ ਤਾਂ ਸਾਡੀਆਂ ਜੜ੍ਹਾਂ ਹੀ ਨਹੀਂ । ਸਾਡੀ ਬਰਕਰਾਰ ਸ਼ਖ਼ਸੀਅਤ ਹੀ ਨਹੀਂ ਜਿਸਨੇ ਕਿ ਆ ਰਹੇ ਅਸਰਾਂ ਨੂੰ ਸੁੰਘ ਕੇ, ਪਰਖ ਕੇ, ਤੋਲ ਕੇ, ਆਪਣੀ ਲੋੜ, ਆਪਣੇ ਸੁਭਾ, ਜੁੱਸੇ ਤੋ ਹਾਜ਼ਮੇ ਮੁਤਾਬਿਕ ਲੈਣਾ ਜਾਂ ਦੁਰਕਾਰਨਾ ਹੈ । ਹੋਰਨਾਂ ਬੋਲੀਆਂ ਨਾਲ ਲੈਣ ਦੇਣ, ਸਾਡੇ ਜੁਸੇ, ਸਾਡੇ ਸਰੀਰ, ਸਾਡੀ ਪ੍ਰਤਿਭਾ ਨੇ ਕਰਨਾ ਹੈ । ਸੋ ਆਪਣੀ ਬਰਕਰਾਰੀ ਆਪਣੀ ਮਜ਼ਬੂਤ ਹੋਂਦ ਬਾਬਤ ਦੋ ਰਾਵਾਂ ਹੋ ਹੀ ਨਹੀਂ ਸਕਦੀਆਂ । ਜਿਨਾਂ ਚਿਰ ਅਸੀਂ ਛਾਨਣਾ ਫੜਨ ਜੋਗੇ ਨਹੀਂ ਸਾਰਾ ਤਾਣਾ ਪੇਟਾ ਹੀ ਵਿਗੜਿਆ ਹੋਇਆ ਹੈ।

ਅਸੀਂ ਹੁਣ ਸਨਅਤੀ ਸਭਿਅਤਾ ਉਸਾਰਨ ਦੇ ਦੌਰ ਵਿਚ ਹਾਂ। ਸਾਨੂੰ ਸਾਇੰਸ ਦਾ ਗਿਆਨ ਚਾਹੀਦਾ ਹੈ ਅਤੇ ਉਸਦੇ ਅਨੁਸਾਰੀ ਸੰਸਕ੍ਰਿਤੀ । ਐਸੀ ਸੰਸਕ੍ਰਿਤੀ ਜੋ ਬਣ ਰਹੇ ਹਾਲਾਤ ਦੇ ਹਾਣੀ, ਭਵਿਖ ਰੁਖੀ, ਸਾਇੰਟਿਫ਼ਿਕ ਤੇ ਲੋਕ ਹਿਤੀ ਹੋਵੇ। ਪਰ ਜਿਸ ਦੀਆਂ ਨੀਹਾਂ ਲਾਜ਼ਮੀ ਸਾਡੀ ਤੁਰੀ ਆਉਂਦੀ ਕਲਚਰ ਹੋਵੇ, ਜਿਸ ਨਾਲ ਭੂਤ ਤੇ ਭਵਿਖ ਦੇ ਆਪਸ ਵਿਚ ਡਾਇਲੈਕਟਿਕ ਰਿਸ਼ਤੇ ਵਾਲਾ ਰਿਸ਼ਤਾ ਬਣੇ ਤਾਂ ਕਿ ਬਣ ਰਿਹਾ ਮੁਹੱਕਬ ਪਾਇਦਾਰ ਤੇ ਨਰੋਆ ਹੋਵੇ। ਹੋਣ ਵਾਲੇ ਹੋ ਚੁਕੇ, ਦੋਹਾਂ ਦੀ ਉਸਨੂੰ ਸ਼ਕਤੀ ਪ੍ਰਾਪਤ ਹੋਵੇ ਤਾਂ ਕਿ ਪੰਜਾਬੀ ਸੁਭਾ ਤੇ ਪੰਜਾਬੀ ਪ੍ਰਤਿਭਾ ਵਿਕਾਸ ਵਿਚ ਆਵੇ, ਜ਼ਿੰਦਗੀ ਦੀ ਅਗਲੀ ਪਉੜੀ ਆਪਣੇ ਰੰਗ ਵਿਚ ਚੜ੍ਹੇ ਨਾ ਕਿ ਉਹ ਆਪਣਾ ਮੂਲ ਗਵਾ ਕੇ ਕਿਸੇ ਹੋਰ ਦੇ ਸੱਚੇ ਵਿਚ ਢਲੇ ।

ਇਤਿਹਾਸਕ ਕਾਰਨਾਂ ਕਰਕੇ ਸਾਇੰਸ ਦਾ ਗਿਆਨ ਤੇ ਉਸਦੇ ਅਨੁਸਾਰੀ ਚੇਤਨਤਾ ਸੰਸਕ੍ਰਿਤੀ ਅਸਾਂ ਬਹੁਤ ਸਾਰੀ ਅੰਗਰੇਜ਼ੀ ਤੋਂ ਲਈ ਹੈ ਅਤੇ ਲੈਣੀ ਹੈ।

ਸੋ ਸਾਡਾ ਅੰਗਰੇਜ਼ੀ ਨੂੰ ਸ਼ਾਹ ਰਾਹ ਸਿਰਫ਼ ਕਾਇਮ ਹੀ ਨਹੀਂ ਰਹਿਣਾ ਚਾਹੀਦਾ, ਇਸ ਨੂੰ ਹੋਰ ਵੀ ਪੱਕਿਆਂ ਕਰਨਾ ਚਾਹੀਦਾ ਹੈ । ਜਦੋਂ ਸਾਡੀ ਅੰਗਰੇਜ਼ੀ ਤਕ ਪਹੁੰਚ ਸਿੱਧੀ ਹੈ, ਕੋਈ ਵਜ੍ਹਾ ਨਹੀਂ ਅਸੀਂ ਇਸ ਮਿਲੀ ਹੋਈ ਸਹੂਲਤ ਨੂੰ ਕਿਉਂ ਗਵਾਈਏ ਅਤੇ ਸਾਇੰਸ ਦੇ ਗਿਆਨ ਤੇ ਸਨਅਤੀ ਸੰਸਕ੍ਰਿਤੀ ਨੂੰ ਹਿੰਦੀ, ਜਿਸ ਨੇ ਕਿ ਆਪ ਇਥੋਂ ਹੀ ਲੈਣੀ ਹੈ, ਦੇ ਪਿਛਲਗ ਬਣ ਕੇ ਲਈਏ । ਹਿੰਦੀ ਇਸ ਵਕਤ ਰੀਵਾਈਵਲਿਸਟ ਹੈ ਅਸੀਂ ਉਸਦਾ ਇਹ ਰੋਗ ਮੁਫ਼ਤ ਦਾ ਆਪਣੇ ਆਪ ਨੂੰ ਕਿਉਂ ਸਹੇੜੀਏ ? ਅਸੀਂ ਉਸ ਨਾਲੋਂ ਸਨਅਤੀ ਗਿਆਨ ਤੇ ਸਾਇੰਟਿਫ਼ਿਕ ਚੇਤਨਤਾ ਵਿਚ ਅੱਗੇ ਕਿਉਂ ਨਾ ਲੰਘੀਏ ? ਦੋਸਤਾਨਾਂ ਮੁਕਾਬਲੇ ਵਿਚ ਉਸਨੂੰ ਪਛਾੜ ਕੇ ਕਿਉਂ ਨਾ ਵਿਖਾਈਏ ? ਆਉਣ ਵਾਲੇ ਕਾਫ਼ੀ ਦਹਾਕਿਆਂ ਤਕ, ਜਦੋਂ ਤਕ ਕਿ ਸਾਡੀ ਆਪਣੀ ਸਾਇੰਸ ਬਾਲਗ ਨਹੀਂ ਹੋ ਜਾਂਦੀ, ਸਾਨੂੰ ਅੰਗਰੇਜ਼ੀ ਸਾਇੰਟਿਫ਼ਿਕ ਤੇ ਕਾਰਗਰ ਤਰੀਕੇ ਨਾਲ ਪੜ੍ਹਨੀ ਚਾਹੀਦੀ ਹੈ ਅਤੇ ਬੁਧੀ ਵਰਗ ਨੂੰ ਆਪਣੇ ਮਜ਼ਮੂਨ ਦੀਆਂ ਅੰਗਰੇਜ਼ੀ ਵਿਚ ਕਿਤਾਬਾਂ ਸੁਭੈਕੀ ਹੀ ਪੜ੍ਹਨ ਦੇ ਯੋਗ ਹੋਣਾ ਚਾਹੀਦਾ ਹੈ । ਜਿਸ ਚੀਜ਼ ਵਾਸਤੇ ਪੰਜਾਬੀ ਵਿਚ ਲਫਜ਼ ਨਾ ਹੋਵੇ ਅੰਗਰੇਜ਼ੀ ਵਿਚੋਂ ਲਫਜ਼ ਲੈਣੋ ਝਿਜਕਣਾ ਨਹੀਂ ਚਾਹੀਦਾ । ਜਿਸ ਤਰ੍ਹਾਂ ਕਿ ਉਰਦੂ ਵਿਚ ਹੋ ਰਿਹਾ ਹੈ | ਲਫਜ਼ ਖੁਲ੍ਹੇ ਦਿਲ ਨਾਲ ਲੈਣੇ ਚਾਹੀਦੇ ਹਨ। ਬੋਲੀਆਂ ਦੇ ਆਪਸ ਵਿਚ ਲੈਣ ਦੇਣ ਦਾ ਕਾਇਦਾ ਹੈ ਕਿ ਜਿਥੋਂ ਚੀਜ਼ ਜਾਂ ਸਕੰਲਪ ਆਇਆ ਉਥੋਂ ਹੀ ਲਫਜ਼ ਆਇਆ । ਜ਼ਿੰਦਗੀ ਦੀ ਅਮਲੀ ਵਰਤੋਂ ਵਿਚ ਅੰਗਰੇਜ਼ੀ ਦੇ ਜੋ ਲਫਜ਼ ਪੰਜਾਬੀ ਵਿਚ ਆ ਚੁਕੇ ਹਨ ਉਹ ਪੰਜਾਬੀ ਹਨ ਅਤੇ ਇਸ ਤਰ੍ਹਾਂ ਹੀ ਜੋ ਪੰਜਾਬੀ ਰੂਪ ਧਾਰ ਲੈਣਗੇ ਉਹ ਪੰਜਾਬੀ ਬਣ ਜਾਣਗੇ, ਉਹ ਚਲਣਗੇ, ਬਾਕੀ ਦੇ ਆਪਣੇ ਆਪ ਖ਼ਤਮ ਹੋ ਜਾਣਗੇ । ਖ਼ਤਮ ਉਦੋਂ ਹੋਣਗੇ ਜਦੋਂ ਉਨ੍ਹਾਂ ਦੇ ਥਾਂ ਪੰਜਾਬੀ ਆਪਣੇ ਕੋਲੋਂ ਲਫਜ਼ ਪੈਦਾ ਕਰ ਦੇਵੇਗੀ। ਜ਼ਿੰਦਗੀ ਦੀ ਉਸਾਰੀ ਸਾਇੰਸ, ਸੰਸਕ੍ਰਿਤੀ, ਚੇਤਨਤਾ ਤੇ ਬੋਲੀਆਂ ਦੇ ਲੈਣ ਦੇਣ ਵਿਚ ਬਦੇਸ਼ੀ ਤੇ ਦੇਸੀ ਦਾ ਤਸੱਵਰ ਹੀ ਗ਼ਲਤ ਹੈ। ਜੋ ਸਾਨੂੰ ਚਾਹੀਦਾ ਹੈ ਉਹ ਸਾਡਾ ਹੈ, ਭਾਵੇਂ ਉਹ ਕਿਤੇ ਵੀ ਪੈਦਾ ਹੋਇਆ ਹੋਵੇ। ਜੋ ਸਾਨੂੰ ਹਾਨੀਕਾਰਕ ਹੈ ਉਹ ਓਪਰਾ ਹੈ ਪੈਦਾ ਭਾਵੇਂ ਸਾਡੇ ਹਥੋਂ, ਸਾਡੇ ਘਰ ਹੀ ਹੋਇਆ ਹੋਵੇ। ਸਾਇੰਸ ਤਾਂ ਸਮੂਹੀ, ਕੌਮਾਂਤਰੀ ਹੈ । ਉਸ ਵਹਿਣ ਨਾਲੋਂ ਬਦੋ ਬਦੀ ਆਪਣੇ ਆਪ ਨੂੰ ਅਡ ਕਰਨਾ, ਜਾਣ ਬੁਝ ਕੇ ਆਪਣੇ ਅਗੇ ਡੱਕਾ ਮਾਰਨਾ ਤੇ ਨੁਕਸਾਨ ਕਰਾਉਣ ਵਾਲੀ ਗੱਲ ਹੈ। ਸੋ ਅੰਗਰੇਜ਼ੀ ਨੂੰ ਬਦੇਸ਼ੀ ਸਮਝ ਕੇ ਉਸ ਤੋਂ ਲਫ਼ਜ਼ ਲੈਣੋਂ ਸੰਗਣਾ ਗ਼ਲਤੀ ਹੈ । ਅੰਗਰੇਜ਼ੀ ਸਾਇੰਸ ਤੇ ਸਨਅਤੀ ਸੰਸਕ੍ਰਿਤੀ ਨਾਲ ਹੰਢੀ ਵਰਤੀ ਤੇ ਭਵਿਖ-ਰੁਖੀ ਜ਼ਬਾਨ ਹੈ । ਅੰਗਰੇਜ਼ੀ ਤੋਂ ਹੋਇਆ ਸਾਡੇ ਉਤੇ ਅਸਰ ਉਸ ਤੋਂ ਆਏ ਅਤੇ ਆ ਰਹੇ ਲਫਜ਼ ਸੰਕਲਪ ਅੰਗਰੇਜ਼ੀ ਨਹੀਂ । ਉਹ ਸਾਡਾ ਆਪਣਾ ਹੱਡ ਮਾਸ ਹਨ । ਜ਼ਿੰਦਗੀ ਦੀ ਉਸਾਰੀ ਦਾ ਕਾਨੂੰਨ ਹੈ ਕਿ ਸੰਕਲਪ, ਚੇਤਨਤਾ ਆਦਿ ਲਈ ਉਹ ਹੀ ਜਾਂਦੀ ਹੈ ਜਿਸ ਦੀ ਆਪ ਨੂੰ ਲੋੜ ਹੁੰਦੀ ਹੈ ਅਤੇ ਜੋ ਸਮਾਜ ਆਪ ਈਜਾਦ ਤੇ ਪੈਦਾ ਕਰਨ ਵਾਲਾ ਹੀ ਹੁੰਦਾ ਹੈ। ਸੋ ਉਹ ਅਸਰ ਸਾਡਾ ਆਪਣਾ ਆਪ ਹਨ । ਐਨੀ ਤੇਜ਼ੀ ਨਾਲ ਹੋ ਰਹੀਆਂ ਈਜਾਦਾਂ ਤੇ ਉਨ੍ਹਾਂ ਤੋਂ ਪੈਦਾ ਹੋ ਰਹੇ ਸੰਕਲਪਾਂ ਬਾਬਤ ਇਹ ਰੂਲ ਪਾਸ ਕਰ ਦੇਣਾ ਕਿ ਮਸਲਨ ਅਖ਼ਬਾਰ ਨਵੀਸ ‘ ਤੇ ਰੋਜ਼ ਬਰੋਜ਼ੀ ਗਿਆਨ ਦੇਣ ਵਾਲਾ ਲੇਖਕ ਹਰ ਚੀਜ਼ ਵਾਸਤੇ ਆਪਣੀ ਬੋਲੀ ਜਾਂ ਸੰਸਕ੍ਰਿਤ ਧਾਤੂਆਂ ਤੋਂ ਲਫਜ਼ ਘੜੇ, ਅਤੇ ਅੰਗਰੇਜ਼ੀ ਦੇ ਲਫਜ਼ ਨਾ ਵਰਤੇ, ਬੜੀ ਹਾਨੀਕਾਰਕ ਅਣਹੋਣੀ ਤੇ ਹਵਾਈ ਗੱਲ ਹੈ।

ਅਰਬੀ, ਫ਼ਾਰਸੀ, ਉਰਦੂ ਪਰੰਪਰਾ ਪੰਜਾਬੀ ਨੂੰ ਓਪਰੀ ਨਹੀਂ।

51 ਹਜ਼ਾਰ ਰੁਪਏ ਦਾ
ਬਾਬਾ ਫ਼ਰੀਦ ਗਲਪ ਸਨਮਾਨ
ਪ੍ਰਾਪਤ ਨਾਵਲ
ਕੀ ਜਾਣਾ ਮੈਂ ਕੌਣ?

Punjabi Novel Ki Jana Main Kon

ਇਸਲਾਮੀ ਅਸਰ ਤੇ ਉਸ ਰਾਹੀਂ ਇਨ੍ਹਾਂ ਬੋਲੀਆਂ ਦੀ ਪਰੰਪਰਾ ਪੰਜਾਬੀ ਦੀ ਦਾਈ ਹੈ। ਉਘੇ ਤੌਰ ਤੇ ਪੰਜਾਬੀ ਸਾਹਿਤ ਤੇ ਪੰਜਾਬੀ ਰਾਸ਼ਟਰੀ ਸਾਹਿਤਕ ਕਲਚਰ ਅਰੰਭ ਹੀ ਫਰੀਦ ਤੋਂ ਹੁੰਦੀ ਹੈ। ਇਤਿਹਾਸਕਾਰਾਂ ਦੀ ਰਾਇ ਹੈ ਕਿ ਇਸਲਾਮ ਦੇ ਆਉਣ ਨੇ ਮੁਲਕ ਦੇ ਸ਼ਮਾਲੀ ਹਿਸੇ ਵਿਚ ਭਗਤੀ ਲਹਿਰ ਦੇ ਵਿਕਾਸ ਨੂੰ ਸਹਾਇਤਾ ਦਿੱਤੀ । ਪੰਜਾਬ ਵਿਚ ਹੋਏ ਅਸਰ ਤੋਂ ਤਾਂ ਕੋਈ ਮੁਨਕਰ ਹੋ ਹੀ ਨਹੀਂ ਸਕਦਾ। ਲੋਕ ਹਿਤ ਦੇ ਪੈਂਤੜੇ ਤੋਂ ਨੈਸ਼ਨੈਲਿਟੀ ਦਾ ਮਸਲਾ ਪਹਿਲੀ ਵੇਰ ਭਗਤੀ ਤੇ ਸੂਫੀ ਲਹਿਰ ਨੇ ਖੜ੍ਹਾ ਕੀਤਾ, ਅਤੇ ਸਿਖ ਲਹਿਰ ਦੇ ਅਧੀਨ ਇਸ ਨੇ ਮਹਾਨ ਰਾਸ਼ਟਰੀ ਸਾਹਿਤ ਪੈਦਾ ਕੀਤਾ । ਉਸ ਪਾਏ ਦਾ ਸਾਹਿਤ ਅਜੇ ਤਕ ਮੁੜ ਪੈਦਾ ਨਹੀਂ ਹੋਇਆ। ਨਾ ਸਿਰਫ਼ ਅੱਧੀ ਨਾਲੋਂ ਜ਼ਿਆਦਾ ਪੰਜਾਬੀ ਨੈਸ਼ਨੈਲਿਟੀ ਅਜ ਵੀ ਇਸਲਾਮੀ ਰੂਪ ਵਿਚ ਹੈ ਬਲਕਿ ਇਸਲਾਮੀ ਅਸਰ ਪੰਜਾਬੀ ਦੇ ਜਨਮ ਤੋਂ ਲਗ ਕੇ ਉਸ ਦੀ ਰਗ ਰਗ ਵਿਚ ਹੈ । ਮੁਢ ਤੋਂ ਲੈ ਕੇ ਪੰਜਾਬੀ ਨੂੰ ਦੋ ਧਾਰਾਵਾਂ ਅਮੀਰ ਕਰਦੀਆਂ ਆਈਆਂ ਹਨ । ਜਨਮ ਤਾਂ ਇਸਨੇ ਸੰਸਕ੍ਰਿਤੀ ਸੋਮੇਂ ਤੋਂ ਪੈਦਾ ਹੋਈਆਂ ਬੋਲੀਆਂ ਤੋਂ ਹੀ ਲਿਆ ਪਰ ਤਕਰੀਬਨ ਜਨਮ ਤੋਂ ਹੀ ਅਰਬੀ ਫ਼ਾਰਸੀ ਪਰੰਪਰਾ ਇਸਨੂੰ ਮੰਮੇਂ ਪਾਉਂਦੀ ਆਈ ਹੈ । ਜੇ ਕਿਸੇ ਦੇ ਪਿਓ ਨੇ ਆਪਣੀ ਜ਼ਾਤੋਂ, ਮਜ਼੍ਹਬੋਂ, ਨਸਲੋਂ ਬਾਹਰ ਵਿਆਹ ਕਰਵਾਇਆ ਹੋਵੇ ਅਤੇ ਉਸਦੇ ਬੱਚੇ ਨੂੰ ਉਸੇ ਪਿਓ ਦੀ ਬਰਾਦਰੀ ਵਾਲੇ ਇਹ ਕਹਿਣ ਕਿ ਤੂੰ ਆਪਣੀ ਮਾਂ ਦੇ ਅਸਰੋਂ ਪਾਕ ਹੋ ਜਾ ਤਾਂ ਉਹ ਆਪਣੇ ਰੰਗਾਂ ਵਿਚ ਵਗਦੇ ਲਹੂ ਨੂੰ ਕਿਸ ਤਰ੍ਹਾਂ ਬਦਲ ਸਕਦਾ ਹੈ ? ਜੋ ਕਿਸੇ ਤਰ੍ਹਾਂ ਬਦਲ ਵੀ ਸਕਦਾ ਹੋਵੇ ਤਾਂ ਬਦਲਣ ਤੋਂ ਮਗਰੋਂ ਉਸਦਾ ਆਪਣਾ ਆਪ ਪਿਛੇ ਰਹਿ ਕੀ ਜਾਵੇਗਾ ? ਜੇ ਅਸੀਂ ਪੰਜਾਬੀ ਵਿਚੋਂ ਅਰਬੀ ਫ਼ਾਰਸੀ, ਉਰਦੂ, ਪਰੰਪਰਾ ਨੂੰ ਕਢ ਦੇਈਏ ਤਾਂ ਪੰਜਾਬੀ ਪੰਜਾਬੀ ਹੀ ਨਹੀਂ ਰਹੇਗੀ। ਜੇ ਪਾਕਸਤਾਨ ਵਾਲੇ ਪੰਜਾਬੀ ਵੀ ਤਅੱਸਬ ਦਾ ਸ਼ਿਕਾਰ ਹੋ ਜਾਣ ਅਤੇ ਉਸ ਤਅੱਸਬ ਨੂੰ ਬੋਲੀ ਵਿਚ ਵੀ ਲੈ ਆਉਣ, ਅਤੇ ਉਹ ਆਪਣੀ ਪੰਜਾਬੀ ਵਿਚੋਂ ਸੰਸਕ੍ਰਿਤ ਦੀ ਧਾਰਾ ਦੇ ਅਸਰ ਨੂੰ ਖ਼ਤਮ ਕਰਨਾ ਚਾਹੁਣ ਤਾਂ ਉਹ ਆਪਣੀ ਮਾਦਰੀ ਬੋਲੀ ਦਾ ਗਲ ਘੁਟਣ, ਆਪਣੀ ਕਲਚਰ ਦਾ ਭੋਗ ਪਾਉਣ, ਆਪਣੀ ਲੋਕਧਾਰਾ ਨੂੰ ਜਲਾਉਣ ਤੇ ਆਪਣੀ ਨੈਸ਼ਨਲ ਸ਼ਖ਼ਸੀਅਤ ਨੂੰ ਤਬਾਹ ਕਰਨ ਤੋਂ ਬਗ਼ੈਰ ਕਰ ਕਿਸ ਤਰ੍ਹਾਂ ਸਕਦੇ ਹਨ ? ਜੋ ਉਨ੍ਹਾਂ ਬਾਬਤ ਸਹੀ ਹੈ ਉਹ ਕਾਫੀ ਹਦ ਤਕ ਸਾਡੇ ਉਤੇ ਵੀ ਲਾਗੂ ਹੈ । ਪੰਜਾਬੀ ਮੁਰੱਕਬ ਹੈ ਇਨ੍ਹਾਂ ਦੋਹਾਂ ਧਾਰਾਵਾਂ ਦਾ। ਭਾਵੇਂ ਕੋਈ ਇਸ ਵਿਚੋਂ ਇਕ ਨੂੰ ਕਢੇ ਭਾਵੇਂ ਦੁਸਰੇ ਨੂੰ ਹਥ ਉਹ ਪੰਜਾਬੀ ਦੇ ਕਲੇਜੇ ਨੂੰ ਪਾਉਂਦਾ ਹੈ । ਅਰਬੀ, ਫਾਰਸੀ, ਉਰਦੂ ਪਰੰਪਰਾ ਨੂੰ ਪੰਜਾਬੀ ਵਿਚੋਂ ਖਤਮ ਕਰਕੇ ਨੁਕਸਾਨ ਅਸੀਂ ਇਸਲਾਮ ਤੇ ਮੁਸਲਮਾਨ ਨੂੰ ਨਹੀਂ ਪੁਚਾ ਰਹੇ, ਜੜ੍ਹੀਂ ਤੇਲ ਆਪਣੀ ਦੇ ਰਹੇ ਹਾਂ । ਕਲਚਰ ਆਪਣੀ ਨੂੰ ਛਾਂਗ ਕੇ ਇਕਹਿਰੀ ਕਰ ਰਹੇ ਹਾਂ । ਬੋਲੀ ਮਨੁਖ ਤੇ ਉਸਦੀ ਕਲਚਰ ਦਾ ਅਕਸ ਹੁੰਦੀ ਹੈ । ਅਸੀਂ ਪੰਜਾਬੀ ਵਿਚ ਕੁਛ ਸ਼ਬਦਾਵਲੀ ਲੈ ਤੇ ਉਸ ਵਿਚੋਂ ਕੁਛ ਕਢ ਹੀ ਨਹੀਂ ਰਹੇ । ਇਸ ਵੇਗ ਵਿਚ ਫੈਸਲਾ ਸਾਡੀ ਕਲਚਰ ਦੇ ਜੁਸੇ ਦਾ, ਸਾਡੀ ਨੈਸ਼ਨੈਲਿਟੀ ਦੀ ਸ਼ਖ਼ਸੀਅਤ ਦੀਆਂ ਨੀਹਾਂ ਦਾ ਹੋ ਰਿਹਾ ਹੈ। ਹਿੰਦੂ ਤੇ ਮੁਸਲਿਮ ਬੁਰਜਵਾਜ਼ੀਆਂ ਦੇ ਆਪਸ ਵਿਚ ਵਿਰੋਧ ਦੇ ਹਥੋਂ ਪੰਜਾਬੀ ਨੈਸ਼ਨੈਲਿਟੀ ਨਾਲ ਧ੍ਰੋਹ ਹੋਇਆ ਹੈ । ਪੰਜਾਬੀ ਨੈਸ਼ਨੈਲਿਟੀ ਦੀ ਉਸਾਰੀ ਦੇ ਨੁਕਤੇ ਤੋਂ ਪੰਜਾਬ ਦੀ ਵੰਡ ਮਹਾਨ ਦੁਖਾਂਤ ਸੀ । ਬੋਲੀ ਤੇ ਕਲਚਰ ਨੂੰ ਮਜ਼੍ਹਬੀ ਬਿਨਾ ਉਤੇ ਧੁਰੋਂ ਸਿਰੋਂ ਵੰਡ ਦੇਣਾ ਜਗੋਂ ਬਾਹਰਾ ਉਪੱਦਰ ਹੈ, ਖੁਦਕਸ਼ੀ ਹੈ । ਪੰਜਾਬੀ ਵਿਚੋਂ ਅਰਬੀ ਫ਼ਾਰਸੀ, ਉਰਦੂ ਦੀ ਪਰੰਪਰਾਂ ਨੂੰ ਖਤਮ ਕਰਨਾ ਚੰਦ ਲਫਜ਼ਾਂ ਦੇ ਕਢਣ ਦਾ ਹੀ ਮਸਲਾ ਨਹੀਂ, ਸਾਡੇ ਸਾਹਿਤਕ ਕਲਚਰਲ ਵਿਰਸੇ ਨੂੰ ਪਾਸ਼ ਪਾਸ਼ ਕਰਨਾ ਹੈ। ਇਸ ਤਰ੍ਹਾਂ ਕੀਤਿਆਂ ਨਾ ਸਿਰਫ ਵਾਰਸ ਸ਼ਾਹ, ਫਰੀਦ, ਬੁਲ੍ਹਾ, ਸ਼ਾਹ ਹੁਸੈਨ ਸਭ ਸੂਫੀ ਹੀ ਓਪਰੇ ਹੋ ਜਾਣਗੇ । ਨਾ ਸਿਰਫ ਹਾਸ਼ਮ ਤੇ ਕਿੱਸਾਕਾਰ ਹੀ ਅਜਨਬੀ ਬਣ ਜਾਣਗੇ ਬਲਕਿ ਸਾਨੂੰ ਗੁਰੂ ਗਰੰਥ ਸਾਹਿਬ ਦੇ ਕਾਫੀ ਹਿੱਸੇ ਨੂੰ ਵੀ ਨੱਪਣਾ ਪਵੇਗਾ। ਸਾਹਿਤਕ ਕਲਚਰਲ ਵਿਰਸੇ ਦੇ ਇਤਨੇ ਹਿੱਸੇ ਨੂੰ ਤਲਾਂਜਲੀ ਦੇ ਕੇ ਸਾਡੇ ਪੱਲੇ ਆਪਣੇ ਆਪ ਦਾ ਰਹਿ ਕੀ ਜਾਵੇਗਾ? ਪੰਜਾਬੀ ਬੋਲੀ ਦੀ ਉਸਾਰੀ ਵਿਚ ਜੋ ਨੀਤੀ ਅਜ ਅਖ਼ਤਿਆਰ ਕੀਤੀ ਜਾ ਰਹੀ ਹੈ ਉਸਦਾ ਨਤੀਜਾ ਐਨ ਇਹ ਹੀ ਹੋਵੇਗਾ।

ਪੰਜਾਬੀ ਨੈਸ਼ਨੈਲਿਟੀ ਬਾਬਤ ਇਕ ਹੋਰ ਵੀ ਤੱਥ ਹੈ ਜੋ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਦੀ ਅਧੀ ਨਾਲੋਂ ਜ਼ਿਆਦਾ ਵਸੋਂ ਹੱਦੋਂ ਪਾਰ ਵਸਦੀ ਹੈ । ਇਹ ਨੈਸ਼ਨੈਲਿਟੀ ਸਿਆਸੀ ਤੌਰ ਤੇ ਅਜ ਵੰਡੀ ਹੋਈ ਹੈ ਪਰ ਵਿਰੋਧੀ ਬੁਰਜਵਾਜ਼ੀਆਂ ਦੀ ਸਿਆਸੀ ਤੌਰ ਤੇ ਪਾਈ ਲਕੀਰ ਇਸ ਨੂੰ ਕਦੋਂ ਤੱਕ ਕਲਚਰਲ ਤੇ ਸਾਹਿਤਕ ਤੌਰ ਤੇ ਦੋ ਫ਼ਾੜ ਰਖ ਸਕਦੀ ਹੈ ? ਜਿਵੇਂ ਜਿਵੇਂ ਲੋਕ ਹਿਤੀ ਪੈਂਤੜਾ ਦੋਹੀਂ ਪਾਸੀਂ ਬਰਕਰਾਰ ਹੋਵੇਗਾ ਇਹ ਪਾੜਾ ਘਟੇਗਾ। ਇਸਦਾ ਇਹ ਮਤਲਬ ਨਹੀਂ ਕਿ ਓਧਰੋਂ ਇਸਲਾਮੀ, ਤੇ ਅਰਬੀ ਫ਼ਾਰਸੀ, ਉਰਦੂ ਪਰੰਪਰਾ ਅਤੇ ਏਧਰੋਂ ਹਿੰਦੂ ਤੇ ਸੰਸਕ੍ਰਿਤੀ ਧਾਰਾ ਖਤਮ ਹੋ ਜਾਣਗੀਆਂ । ਬਿਲਕੁਲ ਨਹੀਂ। ਪਰ ਅਜ ਦੇ ਪ੍ਰਸੰਗ ਤੇ ਹੁਣ ਦੀ ਪੱਧਰ ਤੇ ਪੋਜ਼ੀਸ਼ਨ ਤਕਰੀਬਨ ਉਹ ਹੀ ਬਣ ਜਾਵੇਗੀ ਜੋ ਫਰੀਦ, ਬੁਲ੍ਹੇ, ਵਾਰਸ ਸ਼ਾਹ ਤੇ ਗੁਰਬਾਣੀ ਦੀ ਸੀ । ਬੋਲੀ, ਬਿੰਬਾਵਲੀ, ਵਿਚ ਤਰਜੀਹ ਦਾ ਫਰਕ ਤਾਂ ਢੇਰ ਚਿਰ ਰਹੇਗਾ, ਅਤੇ ਰਹਿਣਾ ਚਾਹੀਦਾ ਹੈ । ਇਹ ਸਾਡੀ ਨੈਸ਼ਨੈਲਿਟੀ ਦੇ ਅਨੁਭਵ ਦੀ ਵਿਸ਼ਾਲਤਾ ਤੋਂ ਅਮੀਰੀ ਦੀ ਨਿਸ਼ਾਨੀ ਹੈ।

ਚੂੰਕਿ ਪੰਜਾਬੀ ਨੂੰ ਇਨ੍ਹਾਂ ਦੋਹਾਂ ਧਾਰਾਵਾਂ ਦੀ ਪਾਲਣਾ ਤੁਰੀ ਆਈ ਹੈ ਇਸ ਵਾਸਤੇ ਇਸ ਦੀ ਸ਼ਬਦਾਵਲੀ ਤਕਰੀਬਨ ਦੋਹਰੀ ਹੈ । ਹਰ ਵਿਸ਼ੇ, ਹਰ ਸੰਕਲਪ ਬਾਬਤ ਇਕ ਪਾਸੇ ਤੋਂ ਅਰਬੀ ਫ਼ਾਰਸੀ ਦੀ ਧਾਰਾ ਤੋਂ ਲਫ਼ਜ਼ ਹਨ ਅਤੇ ਦੂਸਰੇ ਪਾਸੇ ਸੰਸਕ੍ਰਿਤੀ ਧਾਰਾ ਤੋਂ ਦੋਹਾਂ ਸੋਮਿਆਂ ਦੇ ਲਫ਼ਜ਼ ਲੋਕਾਂ ਦੀ ਜ਼ਬਾਨ ਤੇ ਪੰਜਾਬੀ ਬਣੇ ਹੋਏ ਹਨ । ਪ੍ਰਸੰਗ ਤੇ ਸੁਭਾ ਮੁਤਾਬਿਕ ਜਿਸ ਲਫਜ਼ ਨੂੰ ਕਿਸੇ ਦਾ ਜੀ ਚਾਹੇ ਕੋਈ ਵਰਤੇ । ਇਹ ਹੀ ਤਰੀਕਾ ਹੋ ਰਹੇ ਉਸਾਰ ਵਿਚ ਆ ਜਾਣਾ ਚਾਹੀਦਾ ਹੈ । ਹਰ ਲੇਖਕ ਚਾਹੁੰਦਾ ਹੈ ਕਿ ਲਫਜ਼ ਉਹ ਇਕ ਵੇਰ ਵਰਤ ਬੈਠਾ ਹੈ ਉਸਨੂੰ ਉਹ ਛੇਤੀ ਛੇਤੀ ਦੂਸਰੀ ਵਾਰ ਨਾ ਵਰਤਣਾ ਪਵੇ । ਉਸੇ ਮਤਲਬ ਦੇ ਉਸ ਕੋਲ ਐਨੇ ਲਫਜ਼ ਹੋਣੇ ਚਾਹੀਦੇ ਹਨ ਕਿ ਵਰਤੇ ਗਏ ਦੀ ਮੁੜ ਵਾਰੀ ਆਉਂਦਿਆਂ ਨੂੰ ਕਾਫੀ ਵਿਥ ਪੈ ਜਾਵੇ । ਸੋ ਸਾਡੀ ਬੋਲੀ ਦੀ ਦੋਹਰੀ ਸ਼ਬਦਾਵਲੀ ਔਗੁਣ ਨਹੀਂ, ਅਮੀਰੀ, ਵਿਸ਼ਾਲਤਾ ਹੈ । ਹੁਣ ਚੂੰਕਿ ਉਚੇਚੀ ਕੋਸ਼ਸ਼ ਨਾਲ ਹਰ ਮਜ਼ਮੂਨ ਦੀ ਸ਼ਬਦਾਵਲੀ ਦਿੱਤੀ ਜਾ ਰਹੀ ਹੈ । ਇਸ ਵਾਸਤੇ ਦੋਹਾਂ ਧਾਰਾਵਾਂ ਤੋਂ ਆਏ ਹੋਏ ਲਫਜ਼ਾਂ ਦੀ ਵਰਤੋਂ ਜਾਰੀ ਹੀ ਨਹੀਂ ਰਹਿਣੀ ਚਾਹੀਦੀ ਬਲਕਿ ਨਵੇਂ ਘੜਦਿਆਂ ਵੀ ਇਸ ਗੱਲ ਦਾ ਉਚੇਚਾ ਧਿਆਨ ਰਖਣਾ ਚਾਹੀਦਾ ਹੈ । “ਜਦੋਂ ਕਦੋਂ ਅਸਾਂ ਉਨ੍ਹਾਂ ਪਾਸ ਜਾਣਾ ਜੇਹੜੇ ਮਹਿਰਮ ਅਸਾਡੜੇ ਹਾਲ ਦੇ ਨੀ ।” ਹਦੋਂ ਪਾਰ ਤੇ ਉਰਾਰ ਦੀ ਪੰਜਾਬੀ ਇਕ ਹੀ ਹੈ ਅਤੇ ਅੰਤ ਇਸਨੇ ਇਕ ਹੀ ਰਹਿਣਾ ਹੈ। ਇਸ ਸਿਆਸੀ ਪਾੜ ਦੇ ਦੌਰਾਨ ਵਿਚ ਬੋਲੀ ਸਾਹਿਤ ਤੇ ਕਲਚਰ ਦੀ ਪੱਧਰ ਉਤੇ ਉਚੇਚੀ ਕੋਸ਼ਸ਼ ਨਾਲ ਸਾਨੂੰ ਇਹ ਪਾੜ ਘਟਾਉਣਾ ਚਾਹੀਦਾ ਹੈ। ਮਜ਼੍ਹਬੀ ਤਅੱਸਬ ਤੇ ਬੁਰਜਵਾਜ਼ੀ ਵਿਰੋਧ ਦੇ ਸ਼ਿਕਾਰ ਹੋ ਕੇ ਇਸਨੂੰ ਵਧਾਉਣਾ ਨਹੀਂ ਚਾਹੀਦਾ। ਦੋਹਾਂ ਪੰਜਾਬੀਆਂ ਦੀ ਸਿਵਾਇ ਕਿਰਿਆ ਤੋਂ ਸਾਂਝ ਹੀ ਨਾ ਰਹਿਣ ਦੇਣੀ ਪੰਜਾਬੀ ਬੋਲੀ ਤੇ ਕਲਚਰ ਨਾਲ ਧ੍ਰੋਹ ਹੈ । ਇਹ ਗੱਲ ਨਹੀਂ ਭੁਲਣੀ ਚਾਹੀਦੀ ਕਿ ਐਸ ਵੇਲੇ ਉਰਦੂ ਮਿਧੀ ਹੋਈ ਜ਼ਬਾਨ ਹੋਣ ਕਰਕੇ ਹਿੰਦੀ ਵਾਂਗ ਸ਼ਾਵਨਿਸਟਿਕ ਰੀਵਾਈਵਲਿਸਟ ਨਹੀਂ, ਭਵਿਖ ਰੁਖੀ ਹੈ ।

ਪਾਲਦੀ ਕਿਸੇ ਧਾਰਾ ਦੇ ਸੁਕਾਉਣ ਨਾਲ ਬੋਲੀ ਸ਼ਾਇਦ ਕਿਸੇ ਤਰ੍ਹਾਂ ਦੇ ਕੰਮ ਲੈਂਦੀ ਰਹੇ ਪਰ ਜਦੋਂ ਇਸਦਾ ਸੰਬੰਧ ਲੋਕਾਂ ਨਾਲੋਂ ਤੋੜ ਦਿੱਤਾ ਜਾਵੇ ਇਸਦਾ ਮੁਰਦਾ ਵੀ ਬਚ ਨਹੀਂ ਸਕਦਾ।

ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ

chitarlekha best punjabi novel

ਲੋਕਾਂ ਨਾਲ ਸੰਬੰਧ ਦਾ ਇਹ ਮਤਲਬ ਨਹੀਂ ਕਿ ਇਹ ਅਨਪੜ੍ਹ ਲੋਕਾਂ ਦੀ ਪੱਧਰ ਉਤੇ ਹੀ ਰਹੇ । ਖਾਸ ਸੰਕਲਪਾਂ ਨੂੰ ਪ੍ਰਗਟ ਕਰਦੀ, ਹਰ ਮਜ਼ਮੂਨ ਦੀ ਖਾਸ ਸ਼ਬਦਾਵਲੀ ਹੁੰਦੀ ਹੈ ਜੋ ਸਿਰਫ ਉਸ ਮਜ਼ਮੂਨ ਵਾਲੇ ਹੀ ਸਮਝਦੇ ਹਨ । ਜਿਵੇਂ ਜਿਵੇਂ ਉਸ ਮਜ਼ਮੂਨ ਦੀ ਪੱਧਰ ਉਚੀ ਹੁੰਦੀ ਜਾਂਦੀ ਹੈ, ਖੋਜ ਵਧਦੀ ਜਾਂਦੀ ਹੈ ਉਸਦੀ ਸ਼ਬਦਾਵਲੀ ਵੀ ਖ਼ਾਸ ਉਲਖ਼ਾਸ ਹੁੰਦੀ ਜਾਂਦੀ ਹੈ । ਇਸ ਕੁਦਰਤੀ ਵੇਗ ਨਾਲ ਕਿਸੇ ਨੂੰ ਝਗੜਾ ਨਹੀਂ ਹੋ ਸਕਦਾ । ਸਭਿਅਤਾ ਦੀ ਉਸਾਰੀ ਨਾਲ ਬੋਲੀ ਨੇ ਤਰੱਕੀ ਕਰਨੀ ਹੈ । ਇਸਨੇ ਹਰ ਮਜਮੂਨ ਨੂੰ ਸ਼ਬਦਾਵਲੀ ਦੇਣੀ ਹੈ। ਬੋਲੀ ਵਿਚ ਵਖ ਵਖ ਮਜ਼ਮੂਨਾਂ ਦੀਆਂ ਬੋਲੀਆਂ ਪੈਦਾ ਹੋਣੀਆਂ ਹਨ । ਫਿਰ ਵੀ ਬੋਲੀ ਨੇ ਆਪਣਾ ਆਪ ਨਹੀਂ ਛਡ ਦੇਣਾ। ਅੰਗਰੇਜ਼ੀ ਹਰ ਮਜ਼ਮੂਨ ਨੂੰ ਬੋਲੀ ਦੇਂਦੀ ਹੈ ਫਿਰ ਵੀ ਅਗਰੇਜ਼ੀ ਦੀ ਅੰਗਰੇਜ਼ੀ ਹੈ । ਪੰਜਾਬੀ ਨੇ ਹਰ ਮਜ਼ਮੂਨ ਦੇ ਮੇਚ ਹੋਣਾ ਹੈ। ਹਰ ਮਜਮੂਨ ਨੂੰ ਉਸ ਦੀ ਖ਼ਾਸ ਸ਼ਬਦਾਵਲੀ ਦੇਣੀ ਹੈ । ਪਰ ਖ਼ਾਸ ਉਲਖ਼ਾਸ ਸ਼ਬਦਾਵਲੀ ਦੇਣ ਦੇ ਯੋਗ ਬਣਾਉਣ ਦੇ ਨਾਹਰੇ ਹੇਠ ਪੰਜਾਬੀ ਨੂੰ ਸੰਸਕ੍ਰਿਤਾਈ ਹਿੰਦੀ ਨਹੀਂ ਬਣਾਇਆ ਜਾ ਸਕਦਾ । ਸਾਇੰਸ ਦੀ ਤਾਂ ਗੱਲ ਹੀ ਵੱਖਰੀ ਹੈ। ਸਾਇੰਸ ਦੇ ਮਜ਼ਮੂਨਾਂ ਦੀ ਸ਼ਬਦਾਵਲੀ ਤਾਂ ਲੈਣੀ ਹੀ ਅੰਗਰੇਜ਼ੀ ਤੋਂ ਚਾਹੀਦੀ ਹੈ । ਉਸ ਵਾਸਤੇ ਤਾਂ ਹਿੰਦੀ ਵਲ ਵੇਖਣਾ ਹੀ ਨਹੀਂ ਚਾਹੀਦਾ। ਉਸਦੀ ਸ਼ਬਦਾਵਲੀ ਤਾਂ ਅੰਤਰ ਰਾਸ਼ਟਰੀ ਹੀ ਰਖਣੀ ਲਾਜ਼ਮੀ ਹੈ । ਪੰਜਾਬੀ ਨੂੰ ਅੰਗਰੇਜ਼ੀ ਤੋਂ ਲਫਜ਼ ਲੈਣੇ ਆਉਂਦੇ ਹਨ । ਜੋ ਹਿੰਦੀ ਵਾਲੇ ਇਸ ਨੁਕਤੇ ਬਾਬਤ ਗ਼ਲਤੀ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸਹੀ ਰਾਹ ਵਿਖਾਉਣਾ ਚਾਹੀਦਾ ਹੈ। ਮਸਲਾ ਕਲਚਰ ਦੀ ਬੋਲੀ ਦਾ ਹੈ । ਉਸ ਬੋਲੀ ਦਾ ਜੋ ਮਨੁਖੀ ਅੰਗ ਨੂੰ ਪ੍ਰਗਟ ਕਰਦੀ ਹੈ। ਸਾਰੀ ਕਲਚਰ ਦੀ ਬੋਲੀ ਦਾ ਵੀ ਨਹੀਂ । ਮਸਲਾ ਦਿਮਾਗ਼ੀ ਕਲਚਰ ਦੀ ਬੋਲੀ ਦਾ ਹੈ । ਉਸਾਰੂ ਕਲਪਨਾਤਮਕ ਸਾਹਿਤ ਦੀ ਬੋਲੀ ਨੂੰ ਤਾਂ ਇਹ ਵੀ ਹਥ ਨਹੀਂ ਲਾ ਸਕਦੇ । ਉਹ ਵੀ ਇਨ੍ਹਾਂ ਦੇ ਹਥ ਵਿਚ ਹੁੰਦੀ ਤਾਂ ਉਸ ਨੂੰ ਵੀ ਸੰਸਕ੍ਰਿਤ ਬਣਾ ਕੇ ਪੱਧਰਿਆਂ ਕਰ ਦੇਂਦੇ । ਕੰਮ ਦੀ ਜ਼ਿੰਦਗੀ ਵਿਚ ਅਤੇ ਖ਼ਾਸ ਕਰ ਸਾਇੰਸ ਤੇ ਸਨਅਤੀ ਸਭਿਅਤਾ ਦੇ ਜੁਗ ਵਿਚ ਦਿਮਾਗ਼ੀ ਕਲਚਰ ਕੋਈ ਮਾਮੂਲੀ ਜੇਹੀ ਗੱਲ ਨਹੀਂ। ਸਭਿਅਤਾ ਦੀ ਉਸਾਰੀ ਇਸਦੇ ਸਾਇੰਟਿਫ਼ਿਕ ਹੋਣ ਤੇ ਮੁਨਹੱਸਰ ਹੈ । ਦਿਮਾਗ਼ੀ ਕਲਚਰ ਦੀ ਬੋਲੀ ਕੀ ਹੋਣੀ ਚਾਹੀਦੀ ਹੈ ਇਹ ਕਿਸੇ ਦੇ ਵਿਚਾਰਨ ਗੋਚਰੀ ਗੱਲ ਹੀ ਨਹੀਂ । ਸਾਰੀ ਦੁਨੀਆਂ ਦਾ ਇਹ ਮੁੜ ਮੁੜ ਅਜ਼ਮਾਇਆ, ਸਦੀਵੀ ਸੱਚ ਵਾਂਗ ਅਸਥਾਪਤ ਕੀਤਾ ਹੋਇਆ ਅਸੂਲ ਹੈ ਕਿ ਕਿਸੇ ਕੌਮ ਜਾਂ ਵਿਅਕਤੀ ਦੀ ਪ੍ਰਤਿਭਾ ਆਪਣਾ ਪੂਰਾ ਕੱਦ, ਆਪਣੀ ਸਫਲਤਾ ਹਾਸਲ ਕਰ ਹੀ ਤਾਂ ਸਕਦੀ ਹੈ ਉਸਦੀ ਵਿਦਿਆ ਤੇ ਸ੍ਵੈ-ਪ੍ਰਗਟਾ ਦਾ ਮਾਧਿਅਮ ਉਸਦੀ ਮਾਦਰੀ ਜ਼ਬਾਨ ਹੋਵੇ । ਸਾਡੀ ਬੋਲੀ ਦੇ ਅਖੌਤੀ ਉਸਰੱਈਆ ਦਾ ਟੀਚਾ ਹੀ ਇਹ ਹੈ ਕਿ ਗੁਰਮੁਖੀ ਅਖਰਾਂ ਵਿਚ ਸੰਸਕ੍ਰਿਤ ਹੋ ਜਾਏ ਭਾਵੇਂ ਪੰਡਤਾਂ ਦੀ ਹਿੰਦੀ, ਵਿਦਿਆ ਤੇ ਸਵੈ ਪ੍ਰਗਟਾ ਦਾ ਮਾਧਿਅਮ ਪੰਜਾਬੀ ਨਾ ਹੋਵੇ । ਇਨ੍ਹਾਂ ਦੀ ਕਰਨੀ ਸਹੀ ਅਰਥਾਂ ਵਿਚ ਕੌਮ ਦੀ ਪ੍ਰਤਿਭਾ ਨਾਲ ਧ੍ਰੋਹ ਹੈ । ਜਿਸ ਤਰ੍ਹਾਂ ਇਨ੍ਹਾਂ ਧੜਾ ਧੜ ਸੰਸਕ੍ਰਿਤੀ ਹਿੰਦੀ ਵਾੜੀ ਹੈ ਅਤੇ ਪੰਜਾਬੀ ਨੂੰ ਬਾਹਰ ਕਢਿਆ ਹੈ ਉਸ ਤੋਂ ਇਹ ਲਗਦਾ ਹੈ ਜਿਵੇਂ ਪੰਜਾਬੀ ਵਿਚ ਕੋਈ ਚੀਜ਼ ਪ੍ਰਗਟ ਕਰਨ ਦੀ ਸਮਰੱਥਾ ਹੀ ਨਹੀਂ । ਜੇ ਇਨ੍ਹਾਂ ਦੇ ਮਗਰ ਜਾਈਏ ਅਤੇ ਮੰਨ ਲਈਏ ਕਿ ਪੰਜਾਬੀ ਦੀ ਪ੍ਰਗਟ ਕਰਨ ਦੀ ਸਮਰੱਥਾ ਸਿਫ਼ਰ ਹੈ ਤਾਂ ਇਹ ਬੋਲੀ ਕਿਸ ਤਰ੍ਹਾਂ ਹੈ ? ਇਹ ਗੱਲ ਠੀਕ ਹੈ ਕਿ ਦੇਸ ਦੀਆਂ ਹੋਰ ਬੋਲੀਆਂ ਵਾਂਗ ਪੰਜਾਬੀ ਵੀ ਸਾਇੰਟਿਫ਼ਿਕ ਚੇਤਨਤਾ ਪ੍ਰਗਟ ਕਰਨ ਦੀ ਪੂਰੀ ਸਮਰੱਥਾ ਨਹੀਂ ਰਖਦੀ । ਪਰ ਇਸ ਗੱਲ ਵਿਚ ਦੇਸ਼ ਦੀਆਂ ਬੋਲੀਆਂ ਦਾ ਆਪਸ ਵਿਚ ਉਨੀ ਇੱਕੀ ਦਾ ਹੀ ਫ਼ਰਕ ਹੈ । ਕੋਈ ਦੇਸੀ ਬੋਲੀ ਵੀ ਇਸ ਵਿਚ ਨਿਪੁੰਨ ਨਹੀਂ। ਇਸ ਚੇਤਨਤਾ ਨੂੰ ਪ੍ਰਗਟ ਕਰਦਿਆਂ ਕਿਤੇ ਕਿਤੇ ਕੋਈ ਲਫਜ਼ ਅੰਗਰੇਜ਼ੀ ਜਾਂ ਹਮਸਾਈ ਬੋਲੀ ਕੋਲੋਂ ਲੈ ਲੈਣਾ ਜਾਂ ਕਿਸੇ ਧਾਤੂ ਤੋਂ ਘੜ ਲੈਣਾ ਇਕ ਗੱਲ ਹੈ, ਅਤੇ ਦੂਸਰੀ ਬੋਲੀ ਜੋ ਕਿ ਆਪ ਵੀ ਪਛੜੀ ਹੋਈ ਹੈ ਸਮੂਲਚੀ ਨੂੰ ਲੈ ਆਉਣਾ ਬਿਲਕੁਲ ਦੂਸਰੀ । ਦਾਲ ਵਿਚ ਲੂਣ ਪਾਉਣਾ ਹੋਰ ਗੱਲ ਹੈ ਅਤੇ ਦਾਲ ਵਾਲਾ ਸਿਰਫ ਭਾਂਡਾ ਹੀ ਹੋਵੇ, ਵਿਚ ਦਾਲ ਹੋਵੇ ਹੀ ਨਾ ਅਤੇ ਨਿਰੇ ਲੂਣ ਦੀ ਲੱਪ ਅਗਲੇ ਅਗੇ ਰਖ ਕੇ ਕਹਿਣਾ ਕਿ ਇਸ ਨੂੰ ਦਾਲ ਵਾਂਗ ਚਮਚੇ ਭਰ ਭਰ ਖਾਈ ਜਾਉ, ਬਿਲਕੁਲ ਹੋਰ । ਸਾਇੰਟਿਫ਼ਿਕ ਚੇਤਨਤਾ ਪ੍ਰਗਟ ਕਰਦਿਆਂ ਢੁਕਵਾਂ ਲਫਜ਼ ਪੰਜਾਬੀ ਵਿਚੋਂ ਘੜਿਆ ਜਾ ਸਕੇ ਵਾਹ ਵਾਹ। ਨਾ ਮੁਮਕਿਨ ਹੋ ਸਕੇ ਤਾਂ ਅੰਗਰੇਜ਼ੀ, ਉਰਦੂ, ਹਿਦੀ, ਸੰਸਕ੍ਰਿਤ ਦੇ ਧਾਤੂ ਆਦਿ ਕਿਸੇ ਕੋਲੋਂ ਵੀ ਲਿਆ ਜਾ ਸਕਦਾ ਹੈ । ਨਾ ਕਿਸੇ ਇਕ ਥਾਉਂ ਲੈਣ ਦਾ ਠੇਕਾ ਹੈ ਨਾ ਹੀ ਕਿਸੇ ਬੋਲੀ ਕੋਲੋਂ ਲੈਣਾ ਵਰਜਤ ਹੈ। ਕਿਤਿਉਂ ਵੀ ਲਿਆ ਜਾਵੇ, ਆਟੇ ਵਿਚ ਲੂਣ ਵਾਂਗ ਹੀ ਲਿਆ ਜਾ ਸਕਦਾ ਹੈ। ਜੋ ਸਾਰੀਆਂ ਹਿੰਦੁਸਤਾਨ ਦੀਆਂ ਬੋਲੀਆਂ ਵਿਚ ਸਾਂਝੀ ਸ਼ਬਦਾਵਲੀ ਸਮੌਣੀ ਵੀ ਹੈ, ਤਾਂ ਉਹ ਸ਼ਬਦਾਵਲੀ ਸਾਇੰਟਿਫਿਕ ਤੇ ਲੋਕ ਬੋਲੀ ਦੇ ਨੇੜੇ ਹੋਣੀ ਲਾਜ਼ਮੀ ਹੈ ਅਤੇ ਹੁਣ ਵਾਲੀ ਸੰਸਕ੍ਰਿਤਾਈ ਹਿੰਦੀ ਦੀ ਸ਼ਬਦਾਵਲੀ ਵਾਂਗ ਕਿਸੇ ਤਅੱਸਬ ਜਾਂ ਰੀਵਾਈਵਲਿਜ਼ਮ ਦੀ ਪੈਦਾਵਾਰ ਨਹੀਂ ਹੋਣੀ ਚਾਹੀਦੀ । ਫਿਰ ਵੀ ਬੋਲੀਆਂ ਦਾ ਆਪਣਾ ਗਲ ਘੁਟ ਕੇ ਨਹੀਂ ਬਲਕਿ ਆਉਂਦਿਆਂ ਦਹਾਕਿਆਂ ਵਿਚ ਧੀਰੇ ਧੀਰੇ, ਸਹਿੰਦੇ ਸਹਿੰਦੇ ਜੋ ਕਿ ਬਗੈਰ ਕਿਸੇ ਦਖ਼ਲਾ ਕੀਤਿਆਂ ਬੋਲੀ ਦੇ ਹਾਜ਼ਮੇ ਨੂੰ ਹਜ਼ਮ ਹੋ ਸਕੇ । ਇਕ ਤੱਥ ਬਹੁਤ ਸਪਸ਼ਟ ਹੋਣਾ ਚਾਹੀਦਾ ਹੈ ਕਿ ਅੱਜ ਵੀ ਹਿੰਦੀ ਨਾ ਲੋਕ ਹਿਤੀ ਪੈਂਤੜੇ ਤੋਂ ਆ ਰਹੀ ਹੈ, ਨਾ ਲੋਕ ਬੋਲੀ ਬਣ ਕੇ ਆ ਰਹੀ ਹੈ, ਨਾ ਇਸਦਾ ਰੂਪ ਸਾਇੰਟਿਫਿਕ ਹੈ, ਨਾ ਇਹ ਭਵਿਖ ਰੁਖੀ ਹੈ । ਅਤੇ ਨਾ ਹੀ ਇਸਦਾ ਮੂਲ ਮਨੋਰਥ ਸਾਇੰਟਿਫ਼ਿਕ ਚੇਤਨਤਾ ਨੂੰ ਹਰ ਕੀਮਤ ਉਤੇ ਅਗੇ ਲਿਜਾਣਾ ਹੈ । ਜੋ ਇਹ ਕਰ ਰਹੀ ਹੈ ਉਸ ਨੂੰ ਰੱਬੀ ਸਚ ਸਮਝਣਾ ਬਿਲਕੁਲ ਭੁੱਲ ਹੈ।

ਜਿਸ ਰਾਹੇ ਪੰਜਾਬੀ ਪਾਈ ਜਾ ਰਹੀ ਹੈ ਉਸ ਰਾਹੇ ਪਿਆਂ ਉਸ ਤੇ ਉਸਦੀ ਲਿੱਪੀ ਦੋਹਾਂ ਦੀ ਹੋਂਦ ਨੂੰ ਖ਼ਤਰਾ ਹੈ ਸ਼ਾਵਨਿਸਟਿਕ । ਹਿੰਦੀ ਵਾਲੇ ਉਰਦੂ ਨੂੰ ਮਾਰਨ ਵਾਸਤੇ ਇਹ ਕਹਿਣ ਤੇ ਆ ਗਏ ਹਨ ਕਿ ਉਰਦੂ ਹਿੰਦੀ ਦੀ ਸ਼ੈਲੀ ਹੀ ਹੈ, ਆਜ਼ਾਦ ਬੋਲੀ ਨਹੀਂ। ਉਨ੍ਹਾਂ ਵਿਚ ਉਨ੍ਹਾਂ ਦੀ ਵੀ ਥੁੜੋਂ ਨਹੀਂ ਜੋ ਇਹ ਕਹਿੰਦੇ ਹਨ ਕਿ ਪੰਜਾਬੀ ਹਿੰਦੀ ਦੀ ਉਪਭਾਸ਼ਾ ਹੀ ਹੈ। ਮੋਰਚੇ ਲਾ ਕੇ ਉਨ੍ਹਾਂ ਨੂੰ ਇਹ ਮਨਾਉਣਾ ਪਿਆ ਹੈ ਕਿ ਪੰਜਾਬੀ ਬੋਲੀ ਹੈ ਅਤੇ ਇਸਨੂੰ ਆਪਣੀ ਸਟੇਟ ਤੇ ਉਸਦੀ ਮਲਕੀਅਤ ਚਾਹੀਦੀ ਹੈ । ਜੋ ਸਿਆਸੀ ਜਦੋ- ਜਹਿਦ ਨੇ ਇਸ ਬੋਲੀ ਵਾਸਤੇ ਹਕ ਲਿਆ ਹੈ, ਉਹ ਇਸਦੇ ਅਖੌਤੀ ਉਸਰੱਈਏ ਅਣਕੀਤਾ ਕਰੀ ਜਾ ਰਹੇ ਹਨ । ਜੋ ਪੰਜਾਬੀ ਦੇ ਥਾਂ ਸੰਸਕ੍ਰਿਤਾਈ ਹਿੰਦੀ ਹੀ ਵਾੜੀ ਗਈ ਤਾਂ ਪੜ੍ਹਨ ਵਾਲੇ ਆਪਣੇ ਆਪ ਕਹਿਣਗੇ ਕਿ ਜੇ ਹਿੰਦੀ ਹੀ ਪੜ੍ਹਨੀ ਹੈ ਤਾਂ ਸਿੱਧੀ ਦੇਵਨਾਗਰੀ ਲਿੱਪੀ ਵਿਚ ਹੀ ਕਿਉਂ ਨਾ ਪੜ੍ਹੀ ਜਾਵੇ। ਵਾਧੂ ਗੁਰਮੁਖੀ ਲਿੱਪੀ ਸਿੱਖਣ ਦਾ ਕੀ ਫ਼ਾਇਦਾ ? ਪੰਜਾਬੀ ਦੇ ਅਖੌਤੀ ਉਸਰੱਈਏ ਉਨ੍ਹਾਂ ਨੂੰ ਠੀਕ ਸਾਬਤ ਕਰਨ ਉਤੇ ਤੁਲੇ ਹੋਏ ਹਨ ਜੋ ਪੰਜਾਬੀ ਨੂੰ ਬੋਲੀ ਹੀ ਮੰਨਣ ਨੂੰ ਤਿਆਰ ਨਹੀਂ।

ਪੰਜਾਬੀ ਬੋਲੀ ਹੈ। ਬਰਕਰਾਰ ਬੋਲੀ ਹੈ। ਪੰਜਾਬੀ ਆਚਰਨ ਤੇ ਸੁਭਾ ਨੂੰ ਬੜੀ ਵਫ਼ਾਦਾਰੀ ਨਾਲ ਅਕਸਦੀ ਹੈ । ਪੰਜਾਬੀ ਦੇ ਹਿੰਦੀ ਆਦਿ ਨਾਲੋਂ ਹੀਣੀ ਹੋਣ ਦਾ ਇਸ ਦੇ ਅਖੌਤੀ ਉਸਰੱਈਆਂ ਨੂੰ ਪਤਾ ਨਹੀਂ ਕਿਥੋਂ ਵਹਿਮ ਪੈ ਗਿਆ ਹੈ ।

ਸ਼ਾਇਦ ਆਪਣੇ ਜ਼ਾਤੀ, ਜਮਾਤੀ ਹੀਣੇਪਨ ਦਾ ਅਹਿਸਾਸ ਇਹ ਬੋਲੀ ਉਤੇ ਪਾ ਰਹੇ ਹਨ। ਇਹ ਠੀਕ ਹੈ ਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਪੰਜਾਬੀ ਬੋਲਣ ਵਾਲਿਆਂ ਨਾਲੋਂ ਜ਼ਿਆਦਾ ਹੈ। ਇਹ ਵੀ ਠੀਕ ਹੈ ਕਿ ਇਸ ਉਤੇ ਸਰਕਾਰ ਵਲੋਂ ਪੈਸਾ ਪੰਜਾਬੀ ਨਾਲੋਂ ਕਿਤੇ ਜ਼ਿਆਦਾ ਖ਼ਰਚ ਹੋ ਰਿਹਾ ਹੈ । ਪਰ ਬੋਲੀ ਦੀ ਉਸਾਰੀ ਦੀ ਪੱਧਰ ਬੋਲਣ ਵਾਲਿਆਂ ਦੀ ਗਿਣਤੀ ਉਤੇ ਮੁਨਹਸਰ ਨਹੀਂ ਹੁੰਦੀ । ਫਰਾਂਸੀਸੀ ਤੇ ਪੋਲਿਸ਼ ਆਦ ਯੂਰਪ ਦੀਆਂ ਬੋਲੀਆਂ ਨੂੰ ਪੰਜਾਬੀ ਬੋਲਣ ਵਾਲਿਆਂ ਨਾਲੋਂ ਕਿੰਨੇ ਕੁ ਜ਼ਿਆਦਾ ਬੋਲਦੇ ਹਨ ? ਬੋਲੀ ਉਤੇ ਖਰਚਿਆ ਪੈਸਾ ਤਾਂ ਹੀ ਸੁਆਰਥਾ ਹੁੰਦਾ ਹੈ ਜੋ ਬੋਲੀ ਬੋਲਣ ਵਾਲਿਆਂ ਦੀ ਚੇਤਨਤਾ ਦੀ ਉਸਾਰੀ ਉੱਤੇ ਖਰਚਿਆ ਜਾਵੇ । ਜੇ ਚੇਤਨਵਾਦੀ ਪੱਧਰ ਉਥੇ ਦੀ ਉਥੇ ਹੀ ਰਹੇ ਅਤੇ ਪੈਸਾ ਦਬਾ ਦਬ ਖਰਚਿਆ ਜਾਵੇ ਤਾਂ ਕਿਤਾਬਾਂ ਦੀ ਗਿਣਤੀ ਤਾਂ ਜ਼ਰੂਰ ਵਧ ਹੋ ਜਾਵੇਗੀ ਪਰ ਉਨ੍ਹਾਂ ਵਿਚ ਪ੍ਰਗਟ ਪੁਰਾਤਨਤਾ ਹੀ ਹੋਵੇਗੀ । ਬੋਲੀ ਦਾ ਮਿਆਰ ਬੋਲਣ ਵਾਲਿਆਂ ਦੀ ਸਭਿਅਤਾ ਤੇ ਉਨ੍ਹਾਂ ਦੀ ਸੰਸਕ੍ਰਿਤੀ ਦੀ ਪੱਧਰ ਉਤੇ ਨਿਰਭਰ ਹੁੰਦਾ ਹੈ । ਹਰ ਬੋਲੀ ਬਾਬਤ ਬੁਨਿਆਦੀ ਤੱਥ ਇਹ ਹੁੰਦਾ ਹੈ ਕਿ ਬੋਲੀ ਆਪਣੇ ਬੋਲਣ ਵਾਲਿਆਂ ਦੇ ਆਚਰਨ ਤੇ ਉਨ੍ਹਾਂ ਦੀ ਚੇਤਨਤਾ ਨੂੰ ਪ੍ਰਗਟ ਕਰਦੀ ਹੈ । ਬੋਲਣ ਵਾਲਿਆਂ ਦੀ ਸ਼ਖ਼ਸੀਅਤ ਨਾਲੋਂ ਬੋਲੀ ਦੀ ਸ਼ਖ਼ਸੀਅਤ ਅਗੇ ਨਹੀਂ ਲੰਘ ਸਕਦੀ । ਜ਼ਰਾ ਧਿਆਨ ਨਾਲ ਵੇਖਿਆਂ ਸਪਸ਼ਟ ਹੈ ਕਿ ਹਿੰਦੀ ਬੋਲਣ ਵਾਲਿਆਂ ਦੀ ਵਸੋਂ ਬਾਕੀ ਮੁਲਕ ਦੀ ਵਸੋਂ ਦੇ ਮੁਕਾਬਲੇ ਉਤੇ ਸਨਅਤੀ ਸਭਿਅਤਾ ਅਤੇ ਸਾਇੰਟਿਫ਼ਿਕ ਚੇਤਨਤਾ ਦੇ ਨੁਕਤੇ ਤੋਂ ਪਿਛੇ ਹੈ । ਇਹ ਠੀਕ ਹੈ ਕਿ ਹਿੰਦੀ ਜਨ ਸੰਸਕ੍ਰਿਤ ਦੇ ਜ਼ਿਆਦਾ ਨੇੜੇ ਅਤੇ ਭੂਤ ਰੁਖੀ ਹੋਣ ਕਰ ਕੇ ਪੁਰਾਣੇ ਸ਼ਾਸਤਰਾਂ ਆਦਿ ਨੂੰ ਜ਼ਿਆਦਾ ਚਿੰਬੜੀ ਹੋਈ ਹੈ । ਓਪਰੇ ਤੌਰ ਤੇ ਵੇਖਿਆਂ ਲਗਦਾ ਹੈ ਜਿਵੇਂ ਉਹ ਪੰਜਾਬੀ ਨਾਲੋਂ ਜ਼ਿਆਦਾ ਗਿਆਨਵਾਨ ਹੈ । ਪਰ ਇਹ ਭੁਲੇਖਾ ਹੈ। ਉਸਦਾ ਪੁਰਾਣੇ ਸ਼ਾਸਤਰਾਂ ਬਾਬਤ ਗਿਆਨ ਵੀ ਸਾਇੰਟਿਫਿਕ ਨਹੀਂ । ਸਾਇੰਟਿਫਿਕ ਚੇਤਨਤਾ ਦਾ ਮੂਲੰਕਣਿਆਂ ਹੋਇਆ ਨਹੀਂ, ਸਿਰਫ ਪਰੰਪਰਾਈ ਪੰਡਤਾਈ ਹੈ। ਇਸ ਵੇਲੇ ਸਵਾਲ ਸਾਇੰਟਿਫਿਕ ਚੇਤਨਤਾ ਦੀ ਤੱਕੜੀ ਤੁਲਣ ਦਾ ਹੈ । ਇਥੇ ਪੰਜਾਬੀ ਹਿੰਦੀ ਨਾਲੋਂ ਕਿਤੇ ਅਗੇ ਹੈ । ਇਹ ਸਾਰੇ ਮੁਲਕ ਵਿਚ ਮੰਨਿਆਂ ਹੋਇਆ ਤੱਥ ਹੈ ਕਿ ਪੰਜਾਬ ਬਾਕੀ ਮੁਲਕ ਨਾਲੋਂ ਆਰਥਕ ਆਦਿ ਉਸਾਰੀ ਵਿਚ ਅੱਗੇ ਜਾ ਰਿਹਾ ਹੈ। ਇਸਨੇ ਆਰਥਕ ਪੱਥਰ ਉਤੇ ਪਰੰਪਰਾ ਤੇ ਪੁਰਾਤਨਤਾ ਦਾ ਲਗਿਆ ਹੋਇਆ ਬੰਨ੍ਹ ਤੋੜ ਦਿੱਤਾ ਹੈ । ਇਹ ਦਬਾ ਦਬ ਨਵੀਨ ਜੁਗ ਦਾ ਵਸਨੀਕ ਬਣ ਰਿਹਾ ਹੈ । ਵਸੋਂ ਦੇ ਕਾਰੋਬਾਰ ‘ਤੇ ਰਹਿਣੀ ਬਹਿਣੀ ਗੁਣਾਤਮਕ ਤੌਰ ਤੇ ਬਦਲ ਰਹੀ ਹੈ । ਜਿਸ ਰਫ਼ਤਾਰ ਨਾਲ ਇਹ ਬਦਲ ਰਿਹਾ ਹੈ ਮੁਲਕ ਦਾ ਕੋਈ ਸੂਬਾ ਵੀ ਨਹੀਂ ਬਦਲ ਰਿਹਾ । ਜਾਪਦਾ ਇਉਂ ਹੈ ਜਿਵੇਂ ਇਸਨੇ ਹਰ ਪਾਸਿਉਂ ਕੜ ਹੀ ਤੋੜ ਲਿਆ ਹੁੰਦਾ ਹੈ । ਜੋ ਪੰਜਾਬੀ ਲੋਕ ਅਗ੍ਹਾਂ ਵਧ ਰਹੇ ਹਨ ਤਾਂ ਉਹ ਗੂੰਗੇ ਬਣਕੇ ਤਾਂ ਨਹੀਂ ਜੀਊਂ ਰਹੇ । ਉਹ ਇਸ ਉਡੀਕ ਵਿਚ ਤਾਂ ਖੜੋਤੇ ਹੀ ਨਹੀਂ ਹੋਏ ਕਿ ਕਦੋਂ ਸੰਸਕ੍ਰਿਤ ਦੇ ਧਾਤੂਆਂ ਤੋਂ ਕੋਈ ਲਫਜ਼ ਬਣੇ ਤੇ ਕਦੋਂ ਉਹ ਆਪਣਾ ਅਨੁਭਵ ਪ੍ਰਗਟ ਕਰਨ । ਜਿਥੋਂ ਨਵੀਂ ਚੀਜ਼ ਨਵੀਂ ਜਾਚ ਆਉਂਦੀ ਹੈ ਉਥੋਂ ਆਇਆ ਹੀ ਲਫਜ਼ ਉਹ ਲਈ ਜਾਂਦੇ ਹਨ । ਜਿਸ ਤਰ੍ਹਾਂ ਬੋਲੀਆਂ ਦਾ ਕਾਇਦਾ ਹੈ ਬਾਹਰੋਂ ਆਏ ਲਫਜ਼ ਲੋਕਾਂ ਦੇ ਮੂੰਹ ਦੀ ਬੋਲੀ ਵਿਚ ਰਚਦੇ ਮਿਚਦੇ ਜਾਂਦੇ ਹਨ । ਪੰਜਾਬੀ ਬੋਲੀ ਦੀ ਅਸਲ ਉਸਾਰੀ ਅਖੌਤੀ ਉਸਰੱਈਏ ਨਹੀਂ ਕਰ ਰਹੇ ਬਲਕਿ ਉਹ ਕਰ ਰਹੇ ਹਨ ਜੋ ਜ਼ਿੰਦਗੀ ਨੂੰ ਅਮਲੀ ਤੌਰ ਤੇ ਉਸਾਰ ਰਹੇ ਹਨ। ਜ਼ਿੰਦਗੀ ਵਿਚ ਹੁੰਦਾ ਹੀ ਏਸੇ ਤਰ੍ਹਾਂ ਹੈ । ਇੰਨਾ ਹੀ ਫਰਕ ਹੈ ਕਿ ਬੁਧੀਵਾਦੀ ਵਰਗ ਨੂੰ ਪਤਾ ਨਹੀਂ ਕਿ ਨਵੀਂ ਬੋਲੀ ਕਿਹੜੀ ਭੱਠੀ ਵਿਚੋਂ ਨਿਕਲ ਰਹੀ ਹੈ। ਇਹ ਵਰਗ ਸਮਝਦਾ ਹੈ ਕਿ ਬੋਲੀ ਹਿੰਦੀ, ਸੰਸਕ੍ਰਿਤ ਦੇ ਸ਼ਾਸਤਰਾਂ ਕੋਸ਼ਾਂ ਵਿਚ ਹੈ । ਹੈ ਉਹ ਲੁਧਿਆਣੇ ਆਦਿ ਦੀਆਂ ਵਰਕਸ਼ਾਪਾਂ ਟਰੈਕਟਰਾਂ ਤੇ ਬੈਠੇ ਕਿਸਾਨਾਂ, ਖੇਤਾਂ ਵਿਚ ਨਵੀਆਂ ਖਾਦਾਂ ਪਾਉਂਦੇ ਕਾਮਿਆਂ ਅਤੇ ਦੁਨੀਆਂ ਭਰ ਨੂੰ ਆਪਣਾ ਮਾਲ ਘੱਲ ਰਹੇ ਵਿਉਪਾਰੀਆਂ ਕੋਲ। ਅਖੌਤੀ ਉਸਰੱਈਏ ਵੇਖਦੇ ਹਨ ਕਿ ਪੰਜਾਬੀ ਵਿਚ ਸੰਸਕ੍ਰਿਤਾਈ ਹਿੰਦੀ ਦੇ ਲਫਜ਼ ਚੂੰਕਿ ਘਟ ਹਨ, ਇਸ ਵਾਸਤੇ ਇਹ ਨਤੀਜਾ ਕਢ ਲੈਂਦੇ ਹਨ ਕਿ ਪੰਜਾਬੀ ਬੋਲੀ ਅਨਪੜ੍ਹ ਹੈ । ਅਨਪੜ੍ਹ ਇਹ ਆਪ ਹਨ । ਪੰਜਾਬੀ ਨਹੀਂ । ਉਹ ਦਬਾ ਦਬ ਪੜ੍ਹੀ ਜਾ ਰਹੀ ਹੈ। ‘ਪੜ੍ਹਨ ਬਗੈਰ ਸਭਿਅਤਾ ਦੀ ਉਸਾਰੀ ਹੁੰਦੀ ਹੀ ਨਹੀਂ। ਸਿਰਫ਼ ਫ਼ਰਕ ਇਹ ਹੈ ਕਿ ਅਮਲ ਦੀ ਪੱਧਰ ਉਤੇ ਲਫਜ਼ ਅੰਗਰੇਜ਼ੀ ਵਿਚੋਂ ਲਏ ਜਾ ਰਹੇ ਹਨ । ਇਹ ਸਮਝਦੇ ਹਨ ਉਹ ਮਲੇਸ਼ ਹਨ। ਬੁਧੀਵਾਦੀ ਵਰਗ ਦਾ ਬੋਲੀ ਦੀ ਉਸਾਰੀ ਵਿਚ ਰੋਲ ਹੁੰਦਾ ਹੈ । ਅਮਲ ਦੇ ਪੱਧਰ ਤੋਂ ਅਨਭਵ ਨੂੰ ਲੈ ਕੇ ਉਸਨੇ ਜ਼ਿੰਦਗੀ ਦੇ ਸਿਧਾਂਤ, ਉਸਾਰ, ਚੇਤਨਤਾ ਦੀ ਪੱਧਰ ਉਤੇ ਸਮਝਣਾ ਪ੍ਰਗਟ ਕਰਨਾ ਹੁੰਦਾ ਹੈ । ਸਾਡਾ ਬੁਧੀਵਾਦੀ ਵਰਗ ਅਨਪੜ੍ਹ ਹੈ। ਅਖਰ ਤਾਂ ਪੜ੍ਹਨੇ ਜਾਣਦਾ ਹੈ ਪਰ ਸਾਇੰਟਿਫ਼ਿਕ ਚੇਤਨਤਾ ਵਲੋਂ ਕੋਰਾ ਹੈ । ਸੰਸਕ੍ਰਿਤ, ਹਿੰਦੀ ਵਾਲਿਆਂ ਮਗਰ ਭਜਦਾ ਹੈ । ਜੇ ਉਸਦੇ ਅੰਦਰ ਨਵੀਂ ਚੇਤਨਤਾ ਹੋਵੇ ਤਾਂ ਉਹ ਜਿਥੇ ਨਵੀਂ ਉਸਾਰੀ ਦਾ ਅਮਲ ਹੋ ਰਿਹਾ ਉਧਰ ਨੂੰ ਧਿਆਨ ਕਰੇ । ਉਸਦੇ ਕਰਤਵ ਦੀ ਖੁਰਾਕ ਉਥੇ ਹੈ ।

ਪੰਜਾਬ ਨੇ ਆਪਣੇ ਸਾਰੇ ਇਤਿਹਾਸ ਵਿਚ ਆਪਣੇ ਆਪ ਉਤੇ ਬ੍ਰਾਹਮਣ ਦੀ ਉਹ ਛੱਟ ਨਹੀਂ ਪਵਾਈ ਜੋ ਗੰਗਾ ਜਮਨਾ ਦੀ ਵਸੋਂ ਨੇ ਅਜ ਤਕ ਪਵਾਈ ਹੋਈ ਹੈ । ਇਹ ਅਖੌਤੀ ਉਸਰੱਈਏ ਲਾ ਪੱਬਾਂ ਤਕ ਜ਼ੋਰ ਲੈਣ ਪੰਜਾਬੀ ਆਪਣੇ ਉਤੇ ਸੰਸਕ੍ਰਿਤ ਦੀ ਪੰਡਤਾਈ ਦੀ ਛੱਟ ਨਹੀਂ ਪਵਾਏਗੀ । ਪੰਜਾਬੀ ਲੋੜ ਦੇ ਮਗਰ ਜਾਂਦੀ ਹੈ। ਜਿਥੋਂ ਲੋੜ ਦੀ ਚੀਜ਼ ਮਿਲੀ ਉਥੋਂ ਉਸਨੂੰ ਵਰਤਣ ਦੀ ਜਾਚ ਮਿਲ ਗਈ, ਉਥੋਂ ਨਵਾਂ ਨਜ਼ਰੀਆ, ਨਵੇਂ ਸੰਕਲਪ ਮਿਲ ਗਏ ਅਤੇ ਲੋੜ ਅਨੁਸਾਰ ਉਥੋਂ ਹੀ ਲਫਜ਼ ਮਿਲ ਗਏ । ਪੰਜਾਬੀਆਂ ਦਾ ਸੁਭਾ ਅਜ ਕੋਈ ਨਵਾਂ ਨਹੀਂ ਬਣਨ ਲੱਗਾ । ਸਭਾਉ ਇਹ ਮੁਢ ਲਾ ਤੋਂ ਹੀ ਗੰਗਾ ਜਮਨਾਂ ਵਾਲਿਆਂ ਨਾਲੋਂ ਵਖਰੇ ਰਹੇ ਹਨ। ਬ੍ਰਾਹਮਣ ਦੀ ਜਾਤ ਦੀ ਜਕੜ ਨੂੰ ਲਾਂਭੇ ਸੁਟਦਿਆਂ ਹੋਇਆਂ ਇਥੋਂ ਦੀ ਕਾਫੀ ਵਸੋਂ ਨੇ ਇਸਲਾਮ ਨੂੰ ਜੀ ਆਇਆਂ ਆਖਿਆ। ਇਥੋਂ ਦੇ ਕਿਸਾਨ ਕਾਰੀਗਰ ਤੇ ਹੋਰ ਕੰਮ ਕਰਦੀ ਵਸੋਂ ਨੇ ਸਿਖ ਰੂਪ ਵਿਚ ਇਨਕਲਾਬ ਲਿਆਂਦਾ । ਇਥੋਂ ਦੀ ਵਸੋਂ ਨੂੰ ਲਖ ਮੁਹਿੰਮਾਂ ਪਈਆਂ, ਇਹ ਹਰ ਇਕ ਨਾਲ ਹੁੰਦੀ ਵਰਤੀ । ਇਸਨੂੰ ਝਕ ਕਿਸ ਕੋਲੋਂ ? ਪੰਜਾਬੀ ਦੁਨੀਆਂ ਦੇ ਹਰ ਕੋਨੋ ਉਤੇ ਗਏ, ਹਰ ਖ਼ਤਰਾ ਇਨ੍ਹਾਂ ਇਨ੍ਹਾਂ ਮੁਲ ਲਿਆ, ਹਰ ਨਵੇਂ ਨੂੰ ਹਥ ਇਨ੍ਹਾਂ ਪਾਇਆ । ਹਿੰਦੀ ਵਾਲੇ ਜਿੰਨੇ ਕੁ ਅਗੇਤ ਹਨ ਉਹ ਇਸ ਗੱਲ ਤੋਂ ਹੀ ਜ਼ਾਹਿਰ ਹੈ ਕਿ ਉਥੇ ਲੈਫ਼ਟ ਦੀ ਜੜ੍ਹ ਹੀ ਨਹੀਂ ਲੱਗੀ । ਪੰਜਾਬ ਨੇ ਸਮਾਜਵਾਦੀ ਚੇਤਨਤਾ ਨੂੰ ਅਪਣਾਇਆ । ਸਾਇੰਸ ਨੂੰ ਸਿਰ ਮੱਥੇ ਉਤੇ ਮੰਨਿਆ। ਸਭ ਕੁਛ ਕਰਦੇ, ਸਭ ਥਾਂ ਪਹੁੰਚਦੇ ਪੰਜਾਬੀ ਨੇ ਕਦੇ ਆਪਣਾ ਪੰਜਾਬੀਪੁਣਾ ਨਹੀਂ ਛਡਿਆ । ਹਰ ਆਉਂਦੀ ਸਵੇਰ ਨੂੰ ਖਿੜੇ ਮੱਥੇ ਹਾਲ ਹਵੀਲਾ ਪੁਛਦਾ ਹੈ । ਐਸੇ ਇਨਸਾਨ ਦੀ ਬੋਲੀ ਪਿਛੇ ? ਸਵਾਲ ਕਰਦਿਆਂ ਹੀ ਸੰਗ ਆਉਣੀ ਚਾਹੀਦੀ ਹੈ । ਪੰਜਾਬੀ ਚੇਤਨਤਾ ਤੇ ਪੰਜਾਬੀ ਸੁਭਾ ਉਡਦੀ ਚੀਜ਼ ਨੂੰ ਚੰਬੜਦੇ ਹਨ । ਭਵਿਖ ਨੂੰ ਭਜ ਕੇ ਮਿਲਦੇ ਹਨ । ਨਵੀਨਤਾ ਨੂੰ ਗ੍ਰਹਿਣ ਕਰਨ ਵਾਸਤੇ ਵੀ ਇਨ੍ਹਾਂ ਦਾ ਲੂੰ ਲੂੰ ਫਰਕਦਾ ਹੈ । ਪੰਜਾਬੀ ਆਚਰਨ ਨੂੰ ਨਾ ਸਮਝਣ ਵਾਲੇ ਆਮ ਤੌਰ ਤੇ ਇਹ ਕਹਿੰਦੇ ਹਨ ਕਿ ਪੰਜਾਬੀ ਹਰ ਨਵੀਂ ਚੀਜ਼ ਦੀ ਨਕਲ ਕਰਨ ਨੂੰ ਸਭ ਨਾਲੋਂ ਅਗੇ ਹੁੰਦਾ ਹੈ । ਉਹ ਨਹੀਂ ਸਮਝਦੇ ਕਿ ਹਰ ਨਕਲ ਮਾਰਦਾ ਹੋਇਆ, ਹਰ ਨਵੀਨਤਾ ਗ੍ਰਹਿਣ ਕਰਦਾ ਹੋਇਆ ਉਹ ਪੰਜਾਬੀ ਦਾ ਪੰਜਾਬੀ ਹੀ ਰਹਿੰਦਾ ਹੈ, ਆਪਣਾ ਅਸਲਾ ਕਦੇ ਨਹੀਂ ਗਵਾਉਂਦਾ। ਸਾਫ਼ ਸਮਝਿਆ ਜਾਵੇ ਤਾਂ ਆਪਣੀ ਉਸਾਰੀ ਕਰਦਾ ਹੈ । ਅਗਾਂਹ ਜਾਣ, ਚੰਗਾ ਜੀਉਣ, ਤੇ ਨਵੇਂ ਨੂੰ ਅਪਨਾਉਣ ਦੀ ਇਸਨੂੰ ਅੰਦਰੋਂ ਪਕੜ ਹੈ । ਪੰਜਾਬੀ ਬੋਲੀ ਨੂੰ ਆਪਣੇ ਆਪ ਉਤੇ ਪੂਰਾ ਵਿਸ਼ਵਾਸ਼ ਹੈ । ਘਾਟਾ ਬੁਧੀਵਾਦੀ ਵਰਗ ਤੇ ਉਸਦੀ ਲੀਡਰਸ਼ਿਪ ਵਿਚ ਹੈ।

ਜ਼ਿੰਦਗੀ ਦੇ ਅਮਲ ਦੀ ਪੱਧਰ ਤੋਂ ਬੋਲੀ ਨੂੰ ਉਸਾਰ ਦੀ ਪੱਧਰ ਉਤੇ ਲਿਜਾਣਾ, ਉਸਾਰਨਾ, ਬੁਧੀਵਾਦੀ ਵਰਗ ਦਾ ਕਰਤਵ ਹੈ।

ਜਿਸ ਤਰ੍ਹਾਂ ਮੈਂ ਅਗੇ ਵੀ ਲਿਖ ਚੁਕਾ ਹਾਂ ਪੰਜਾਬੀ ਦੀ ਪੋਜ਼ੀਸ਼ਨ ਡਾਇਲੈਕਟਿਕ ਹੈ। ਬੋਲੀ ਤੇ ਇਸ ਵਿਚ ਪ੍ਰਗਟ ਹੋ ਰਹੀ ਚੇਤਨਾ ਵਾਸਤੇ ਦੋ ਰਾਹ ਮੁਮਕਿਨ ਹਨ। ਇਕ ਤਾਂ ਹਿੰਦੀ ਦੀ ਪਿਛਲਗ ਹੋਣਾ, ਕਿਸੇ ਨਾ ਕਿਸੇ ਸ਼ਕਲ ਵਿਚ ਪਿਤਾ ਪੁਰਖੀ ਚੇਤਨਤਾ ਨੂੰ ਪ੍ਰਗਟ ਕਰਨਾ ਅਤੇ ਦੂਸਰੇ ਉਸ ਨੂੰ ਪਛਾੜ ਸਾਇੰਟਿਫਿਕ ਚੇਤਨਤਾ ਦਾ ਪੈਂਤੜਾ ਅਖਤਿਆਰ ਕਰਨਾ। ਉਸਾਰ ਦੀ ਪੱਧਰ ਉਤੇ ਬੋਲੀ ਇਨ੍ਹਾਂ ਦੋਹਾਂ ਵਿਚੋਂ ਕਿਹੜਾ ਪੈਂਤੜਾ ਮੱਲੇਗੀ ਇਹ ਇਸ ਗੱਲ ਤੇ ਮੁਨਹੱਸਰ ਹੈ ਕਿ ਚੇਤਨਤਾ ਕਿਹੜੀ ਪ੍ਰਗਟ ਹੁੰਦੀ ਹੈ । ਹਮੇਸ਼ਾਂ ਵਾਂਗ ਜ਼ਿੰਦਗੀ ਦੇ ਹੁਣ ਦੋ ਹੀ ਰਾਹ ਹਨ । ਇਹ ਦੱਸਿਆ ਜਾ ਚੁਕਾ ਹੈ ਕਿ ਪੰਜਾਬ ਦੀ ਹਿੰਦੂ ਬੁਰਜਵਾਜ਼ੀ ਨੇ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤਕ ਕਲਚਰ ਬਾਬਤ ਰਾਸ਼ਟਰੀ ਪੈਂਤੜਾ ਮੁਢੋਂ ਲਿਆ ਹੀ ਨਹੀਂ। ਉਸ ਨੇ ਸਿਖ ਬੁਰਜਵਾਜ਼ੀ ਦਾ ਵਿਰੋਧ ਕਰਦਿਆਂ ਹਿੰਦੀ ਦਾ ਪੈਂਤੜਾ ਹੀ ਅਪਣਾਇਆ ਹੈ । ਇਹ ਵੀ ਦੱਸਿਆ ਜਾ ਚੁਕਾ ਹੈ ਕਿ ਸਿਖ ਬੁਰਜਵਾਜ਼ੀ ਦੇ ਜਿਸ ਤਬਕੇ ਦੇ ਹਥ ਵਿਚ ਬੋਲੀ ਤੇ ਸਾਹਿਤ, ਕਲਚਰ ਆਦਿ ਦਾ ਮਸਲਾ ਹੈ ਉਹ ਹਿੰਦੀ ਵਾਲਿਆਂ ਅਗੇ ਵਿਛਿਆ ਹੋਇਆ ਹੈ । ਮੂੰਹੋਂ ਭਾਵੇਂ ਮਾਂ ਬੋਲੀ ਤੇ ਨਾਹਰੇ ਲਾਈ ਜਾਵੇ ਰਾਸ਼ਟਰੀ ਪੈਂਤੜੇ ਤੋਂ ਉਹ ਖਿਸਕ ਚੁਕਾ ਹੈ । ਰਾਸ਼ਟਰੀ ਪੈਂਤੜੇ ਦਾ ਮਤਲਬ ਨੈਸ਼ਨੈਲਿਟੀ, ਉਸ ਦੀ ਬੋਲੀ, ਤੇ ਉਸ ਦੇ ਸਾਹਿਤ ਨੂੰ ਉਸਾਰਨਾ ਹੁੰਦਾ ਹੈ। ਕਲਚਰ ਦੇ ਮੁਹਾਜ਼ ਉਤੇ ਰਾਸ਼ਟਰੀ ਪੈਂਤੜਾ ਲੋਕ ਹਿਤ ਦੇ ਦਾਇਰੇ ਵਿਚ ਆ ਚੁਕਾ ਹੈ । ਇਸ ਦਾ ਇਹ ਮਤਲਬ ਨਹੀਂ ਕਿ ਬੁਰਜਵਾਜ਼ੀ ਚੇਤਨਤਾ ਪ੍ਰਗਟ ਕਰਦਾ ਲੇਖਕ ਹੁਣ ਨਿਰੋਈ ਪੰਜਾਬੀ, ਰਾਸ਼ਟਰ ਜ਼ਬਾਨ ਲਿਖ ਹੀ ਨਹੀਂ ਸਕਦਾ ।ਉਹ ਕਿਹੜੀ ਬੋਲੀ ਵਿਚ ਲਿਖੇਗਾ, ਜ਼ਾਤੀ ਝੁਕਾਂ ਤੋਂ ਇਲਾਵਾ ਉਹ ਸਮਾਜ ਵਿਚ ਜਮਾਤੀ ਤਾਕਤਾਂ ਦੇ ਤਵਾਜ਼ਨ ਉਤੇ ਨਿਰਭਰ ਹੈ । ਪਰ ਵਿਸ਼ਾਲ ਜੇਹੇ ਤਰੀਕੇ ਨਾਲ ਵੇਖਿਆਂ ਬੋਲੀ, ਸਾਹਿਤ, ਕਲਚਰ ਵਿਚ ਰਾਸ਼ਟਰੀ ਪੈਂਤੜਾ ਲੋਕ ਹਿਤ ਦੀ ਜ਼ੁੰਮੇਵਾਰੀ ਬਣ ਚੁਕਾ ਹੈ। ਸਿਰ ਪਈ ਜ਼ੁੰਮੇਵਾਰੀ ਇਹ ਤਾਂ ਹੀ ਨਿਭਾਈ ਜਾ ਸਕਦੀ ਹੈ ਜੋ ਲੋਕ ਹਿਤੀ ਬੁਧੀਵਾਦੀ ਵਰਗ ਲੋਕ ਹਿਤੀ ਸਾਇੰਟਿਫ਼ਿਕ ਚੇਤਨਤਾ ਵਿਚ ਨਿਪੁੰਨ ਹੋਵੇ । ਉਹ ਸਮੇਂ ਦੇ ਸਾਂਵਿਆਂ ਨਹੀਂ ਹੋ ਰਿਹਾ । ਬੋਲੀ ਦਾ ਮਸਲਾ ਕੁਦਰਤੀ ਚੇਤਨਤਾ ਦੇ ਮਸਲੇ ਨਾਲ ਸੰਬੰਧਤ ਹੈ । ਅੰਤਲੀ ਵਿਆਖਿਆ ਅਨੁਸਾਰ ਇਹ ਸਾਰੇ ਕਲਚਰਲ ਮੁਹਾਜ਼ ਦਾ ਮਸਲਾ ਹੈ । ਇਸ ਦਾ ਇਹ ਮਤਲਬ ਨਹੀਂ ਕਿ ਸਿੱਧਾ ਬੋਲੀ ਬਾਬਤ ਕੁਛ ਹੋ ਹੀ ਨਹੀਂ ਸਕਦਾ । ਫਿਰ ਵੀ ਇਹ ਸਹੀ ਹੈ ਕਿ ਬੁਰਕੀਉਂ ਬੁਰਕੀ ਹਥ ਪਾਇਆਂ ਪਈ ਬੀਮਾਰੀ ਦੇ ਬੁਨਿਆਦੀ ਕਾਰਨ ਨੂੰ ਨਜ਼ਰ ਅੰਦਾਜ਼ ਕਰ ਉਸ ਦੀਆਂ ਅਲਾਮਤਾਂ ਮਗਰ ਜਾਇਆਂ ਮਸਲੇ ਦਾ ਹੱਲ ਹੋਣਾ ਅਸੰਭਵ ਹੈ। ਸਾਰੇ ਕਲਚਰਲ ਮੁਹਾਜ਼ ਦੀ ਅਹਿਮੀਅਤ ਸਮਝਣੀ ਲਾਜ਼ਮੀ ਹੈ । ਇਸ ਨੂੰ ਸਮਝਣ ਤੋਂ ਬਗ਼ੈਰ ਪਹਿਲ ਹਮੇਸ਼ਾਂ ਹਿੰਦੀ ਧੜੇ ਕੋਲ ਹੀ ਰਹੇਗੀ ਅਤੇ ਜਿਥੇ ਜਿਥੇ ਉਹ ਪੰਜਾਬੀ ਬੋਲੀ ਅਤੇ ਕਲਚਰ ਤੇ ਸੱਟ ਮਾਰੇਗਾ ਉਥੇ ਉਥੇ ਹੀ ਉਸ ਦੇ ਬਚਾ ਵਾਸਤੇ ਭਜਣਾ ਪਿਆ ਕਰੇਗਾ।

ਨੋਟ: ਇਹ ਪੈਂਫ਼ਲੇਟ ‘ਆਰਕਾਈਵ ਡੌਟ ਕੌਮ’ ਤੋਂ ਇਸ ਦੀ ਸਕੈਨ ਕੀਤੀ ਹੋਈ ਕਾਪੀ ਪ੍ਰਾਪਤ ਕਰ ਕੇ ‘ਲਫ਼ਜਾਂ ਦਾ ਪੁਲ’ ਵੱਲੋਂ ਟੈਕਸਟ ਰੂਪ ਵਿੱਚ ਤਿਆਰ ਕਰ ਕੇ ਆਰਟੀਫ਼ੀਸ਼ਿਅਲ ਇੰਟੈਲੀਜੇਂਸ ਦੀ ਵਰਤੋਂ ਲਈ ਓਪਨ ਸਰੋਤ ਵੱਜੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ


Posted

in

,

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com