ਆਪਣੀ ਬੋਲੀ, ਆਪਣਾ ਮਾਣ

ਹਰਮੀਤ ਵਿਦਿਆਰਥੀ ਦਾ ਤਿੰਨ ਬੰਦਿਆਂ ਨਾਲ ਭੇੜ

ਅੱਖਰ ਵੱਡੇ ਕਰੋ+=

ਗੈਰਹਾਜ਼ਰ ਮੌਸਮਾਂ ਦਾ ਦਸਤਾਵੇਜ਼ : ਹਰਮੀਤ ਵਿਦਿਆਰਥੀ ਅਤੇ ਉਸਦੀ ਕਵਿਤਾ

ਹਰਮੀਤ ਵਿਦਿਆਰਥੀ ਦਾ ਤਿੰਨ ਬੰਦਿਆਂ ਨਾਲ ਭੇੜ
ਸੁਖਜਿੰਦਰ

ਸਾਹਿਤ ਇਕ ਅਜੀਬ ਭਾਸ਼ਾਈ ਯਤਨ ਹੈ ਜਿਸ ਵਿਚ ਕਥ (exepresion) ਅਤੇ ਵੱਥ (Content) ਪੱਖਾਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਕਵਿਤਾ ਸੁਰ ਤਾਲ ਜਾਂ ਲੈਅ ਵਿੱਚ ਆਖੀ ਗਈ ਸੰਵੇਦਨਾ ਹੁੰਦੀ ਹੈ ਅਤੇ ਕਵੀ ਇਹਨਾਂ ਕਥ ਅਤੇ ਵੱਥ ਦੇ ਦਰਮਿਆਨ ਤਵਾਜ਼ਨ ਬਣਾ ਕੇ ਆਪਣੀ ਕਵਿਤਾ ਦੀ ਸਿਰਜਣਾ ਦੇ ਆਹਰ ਵਿੱਚ ਰਹਿੰਦਾ ਹੈ।  ਸਮੇਂ, ਹਾਲਾਤ, ਵਿਚਾਰਧਾਰਾ, ਯੁੱਗ-ਗਰਦੀਆਂ ਅਤੇ ਭੌਤਿਕ ਸਾਧਨਾਂ ਦੇ ਬਦਲਾਓ ਨੇ ਮਾਨਵੀ ਕਲਾਤਮਕ ਜਤਨਾਂ ਵਿੱਚ ਵੀ ਤਬਾਦਲਾ ਕਰਨਾ ਹੁੰਦਾ ਹੈ।

ਜਿਉਂ-ਜਿਉਂ ਮੁੱਢਲੇ ਪੂੰਜੀਵਾਦੀ ਪ੍ਰਬੰਧ ਨੇ ਦੂਜੇ ਵਿਸ਼ਵ ਯੁੱਧ ਅਤੇ ਬਸਤੀਵਾਦੀ ਯੁੱਗ ਦੇ ਅੰਤ ਤੋਂ ਬਾਅਦ ਗਲੋਬਲੀ ਪੂੰਜੀ ਦੇ ਯੁੱਗ ਵਿਚ ਕਰਵਟ ਬਦਲੀ ਹੈ ਤਿਉਂ-ਤਿਉਂ ਸਮਾਜ/ਵਿਅਕਤੀ ਦੀ ਦਿਸ਼ਾ ਦੇ ਨਕਸ਼ ਵੀ ਕਰਵਟ ਲੈ ਕੇ ਨਵੀਆਂ ਚੁਣੌਤੀਆਂ ਵਿਚ ਪਰਿਵਰਤਿਤ ਹੁੰਦੇ ਗਏ ਹਨ। ਕਾਰਪੋਰੇਟੀ ਪੂੰਜੀ ਨੇ ਬੜੀ ਤੇਜ਼ੀ ਨਾਲ ਹਰਿਕ ਮਨੁੱਖ ਨੂੰ ਉਤਪਾਦ ਵਿਚ ਬਦਲ ਦਿੱਤਾ ਹੈ, ਪੂੰਜੀਕਾਰੀ ਮਾਪਦੰਡਾਂ ਵਿਚ ਤੋਲੇ/ਮਿਣੇ ਜਾ ਸਕਣ ਦੀ ਯੋਗਤਾ ਦੀ ਹੋੜ ਨੇ ਹਰਿਕ ਵਰਤਾਰੇ/ਵਿਅਕਤੀ/ਸੰਵੇਦਨਾ ਅਤੇ ਸੰਕਲਪ ਨੂੰ ਆਪਣੇ ਕਲਾਵੇ ਵਿਚ ਲੈ ਲਿਆ।

ਅਜੋਕਾ ਮਨੁੱਖ ਆਪਣੇ ਮਨ ਦੀ ਜੇਬ ਵਿਚ ਇਕ ਕੈਲਕੁਲੇਟਰ ਲੈਕੇ ਤੁਰਦਾ ਹੈ ਜੋਕਿ ਰਾਤ ਸਮੇਂ ਉਸਦੇ ਸੁਪਨ ਸੰਸਾਰ ਵਿਚ ਵੀ ਉਸਨੂੰ ਜੋੜ-ਤੋੜ ਵਿਚ ਉਲਝਾਈ ਰੱਖਦਾ ਹੈ। ਹਰ ਯੁਗ ਦੇ ਬਾਹਰੀ ਦਬਾਅ ਮਨੁੱਖ ਦੀ ਅੰਦਰੂਨੀ ਟੁੱਟ-ਭੱਜ ਦੇ ਸਭ ਤੋਂ ਵੱਡੇ ਕਾਰਨ ਬਣਦੇ ਹਨ। ਕਵਿਤਾ ਭਾਵੇਂ ਇਹਨਾਂ ਦਬਾਵਾਂ ਦੇ ਸਨਮੁੱਖ ਖੜ੍ਹੀ ਹੁੰਦੀ ਹੈ ਪ੍ਰੰਤੂ ਅਸਲ ਵਿਚ ਉਹ ਇਹਨਾਂ ਦੇ ਅਧੀਨ ਵੀ ਆਉਂਦੀ ਹੈ ਤੇ ਆਪਣਾ ਸਰੂਪ ਵੀ ਇਸਦੇ ਅਨੁਸਾਰੀ ਬਣਾਉਂਦੀ ਹੈ।

ਅਜੋਕੀ ਪੰਜਾਬੀ ਕਵਿਤਾ ਵੀ ਇਸੇ ਦੋ-ਪੱਖੀ ਪ੍ਰਭਾਵਾਂ ਹੇਠੋਂ ਹੋਕੇ ਗੁਜ਼ਰ ਰਹੀ ਹੈ।

ਇਸ ਬਦਲ ਰਹੇ ਮਾਨਵੀ ਸਰੋਕਾਰਾਂ ਨੇ ਅਨੇਕਾਂ ਕਾਵਿਕ ਪ੍ਰਵਚਨਾਂ ਨੂੰ ਜਨਮ ਦਿੱਤਾ ਹੈ। ਹਰਮੀਤ ਵਿਦਿਆਰਥੀ ਦੀ ਕਵਿਤਾ ਵੀ ਇਹਨਾਂ ਯੁੱਗਾਂ ਦੇ ਵਿਕਾਸ ਵਿੱਚ ਹੀ ਵਾਚੀ ਜਾ ਸਕਦੀ ਹੈ। ਹਰਮੀਤ ਵਿਦਿਆਰਥੀ ਦਾ ਪੰਜਾਬੀ ਕਵਿਤਾ ਵਿਚ ਪ੍ਰਵੇਸ਼ 1980ਵਿਆਂ ਦੇ ਪੰਜਾਬ ਸੰਕਟ ਦੇ ਸਮਿਆਂ ਦੌਰਾਨ ਹੁੰਦਾ ਹੈ। ਉਸਦੀ ਪਲੇਠੀ ਪੁਸਤਕ ‘ਆਪਣੇ ਖਿਲਾਫ਼’ 1990 ਵਿੱਚ ਛਪਦੀ ਹੈ।

ਇਹ ਉਹ ਸਮਾਂ ਸੀ ਜਦੋਂ ਪੰਜਾਬ ਸਟੇਟ ਅਤੇ ਧਰਮ ਯੁੱਧ ਵਰਗੀਆਂ ਧੁਨੀਆਂ ਦੇ ਭੇੜ ਦਾ ਅਖਾੜਾ ਬਣਿਆ ਹੋਇਆ ਸੀ।

ਜਦੋਂ ਹਰ ਬੱਚੇ ਨੂੰ ਸਕੂਲ ਦੀ ਘੰਟੀ ਦੀ ਆਵਾਜ਼ ਤਾਂ ਯਾਦ ਨਹੀਂ ਸੀ ਪਰ ਕਰਫਿਊ ਲੱਗਣ ਅਤੇ ਖੁੱਲਣ ਦੇ ਘੁੱਗੂਆਂ ਦੀ ਆਵਾਜ਼ ਨਾਲ ਉਹ ਭਲੀਭਾਂਤ ਜਾਣੂੰ ਸੀ। ਦਹਿਸ਼ਤ ਦੇ ਅਜਿਹੇ ਸਮੇਂ ਪੰਜਾਬ ਵਿੱਚ ਚੱਲੀ ਨਕਸਲਬਾੜੀ ਲਹਿਰ ਅਤੇ ਜੁਝਾਰਵਾਦੀ ਕਾਵਿ ਪ੍ਰਵਚਨ ਤੋਂ ਬਾਅਦ ਇਕ ਨਵੀਂ ਤਰ੍ਹਾਂ ਦੀ ਧਾਰਮਿਕ ਕਟੜਤਾ ਦੀ ਹਿੰਸਾ ਲੈਕੇ ਆਏ ਸਨ। ਹਰਮੀਤ ਵਿਦਿਆਰਥੀ ਦੀ ਇਸ ਮੁੱਢਲੀ ਕਵਿਤਾ ਵਿੱਚ ਉਸੇ ਜੁਝਾਰਵਾਦੀ ਕਾਵਿਕ ਮੁਹਾਵਰੇ ਦੇ ਅੰਸ਼ ਵੇਖੇ ਜਾ ਸਕਦੇ ਹਨ ਜੋਕਿ ਸਮਕਾਲ ਵਿੱਚ ਵਾਪਰ ਰਹੀ ਹਨੇਰਗਰਦੀ ਦੀਆਂ ਧੁਨੀਆਂ ਨੂੰ ਧੀਮੇ ਸੁਰ ਵਿਚ ਬਿਆਨ ਕਰਦੇ ਹਨ।

ਪਰ ਮੇਰੇ ਲਈ ਨਜ਼ਮ ਲਿਖਣਾਂ ਤਾਂ
ਬਿਗਾਨੀ ਧਰਤੀਓਂ
ਘਰ ਪਰਤਣ ਵਰਗਾ ਅਮਲ ਹੈ …

ਪ੍ਰੰਤੂ ਸਮਕਾਲ ਦਾ ਨਿਰਾਸ਼ਾਮਈ ਅਤੇ ਦਹਿਸ਼ਤੀ ਮਾਹੌਲ ਕਾਵਿਕ ਧੁਨੀਆਂ ਦੀ ਨਿਰਾਸ਼ਾ ਰਾਹੀਂ ਵਿਅਕਤ ਹੁੰਦਾ ਹੈ। ਉਸਦਾ ਮੁਹਾਵਰਾ ਜੁਝਾਰ ਕਾਵਿ ਦਾ ਹੈ ਪਰ ਉਸ ਉਪਰ ਹਾਰ ਜਾਣ ਦੀ ਨਿਰਾਸ਼ਾ ਭਾਰੀ ਹੈ।

ਇਹ ਕੈਸਾ ਨਸੀਬ ਹੈ
ਕੀ ਅਸੀਂ ਜਿਸ ਦਰ ਤੇ ਦਸਤਕ ਦਿੰਦੇ ਹਾਂ
ਉਸ ਦਰ ਅੰਦਰਲੀਆਂ ਸਾਰੀਆਂ ਰੂਹਾਂ
ਗੈਰਹਾਜ਼ਰ ਹੋ ਜਾਂਦੀਆਂ ਹਨ ..

ਉਸਦੀ ਉਮਰ ਦੇ ਇਸ ਪੜਾਅ ਦੀਆਂ ਸਾਰੀਆਂ ਤੰਗੀਆਂ ਤੁਰਸ਼ੀਆਂ ਅਤੇ ਵਿਗੋਚਾ ਰਹਿ ਜਾਣ ਦੇ ਹੇਰਵੇ ਵਾਰ-ਵਾਰ ਉਸਦੀ ਕਵਿਤਾ ਵਿੱਚ ਨਸ਼ਰ ਹੁੰਦੇ ਹਨ। ਉਸਦੀ ਕਵਿਤਾ ਅੰਦਰ ਉਸਦੇ ਉਹ ਰਿਸ਼ਤੇ ਉਸਦੇ ਕਾਵਿ ਆਪੇ ਦੇ ਸਨਮੁੱਖ ਖਲੋਤੇ ਨਜ਼ਰ ਆਉਂਦੇ ਹਨ ਜਿਨ੍ਹਾਂ ਪ੍ਰਤੀ ਉਸਦੀ ਸਮਾਜਿਕ ਹੋਂਦ ਨੇ ਜਵਾਬਦੇਹੀ ਬਣਨਾ ਸੀ। ਇਸ ਪੜਾਅ ਉਪਰ ਪਿਤਾ, ਮਾਂ, ਭੈਣ ਅਤੇ ਪ੍ਰੇਮਿਕਾ ਵਰਗੇ ਰਿਸ਼ਤੇ ਸੱਧਰਾਂ ਦੇ ਅਧੂਰੇ ਰਹਿਣ ਜਾਂ ਫਿਰ ਅਤ੍ਰਿਪਤ ਖਾਹਿਸ਼ਾਂ ਦੇ ਮਿਹਣੇ ਵਾਂਗ ਆਉਂਦੇ ਹਨ।

ਤੈਨੂੰ ਪਤਾ ਹੀ ਨਹੀਂ ਹੈ
ਕਿ ਸ਼ਾਇਰੀ ਸਨਮਾਨ ਚਿੰਨ੍ਹ ਨਹੀਂ
ਇਲਜ਼ਾਮਾਂ ਦੀ ਪੰਡ ਹੈ ਬਸ
ਇਸੇ ਲਈ ਬਾਪੂ ਮੈਨੂੰ
‘ਪੁੱਤ’ ਨਹੀਂ ‘ਸ਼ਾਇਰ’ ਆਖਿਆ ਕਰਦਾ ਹੈ…
…. ਮਾਂ ਹੁਣ ਹੱਥੋਂ ਕਿਤਾਬਾਂ
ਖੋਹ ਕੇ ਪਾੜ ਦਿੰਦੀ ਹੈ..

ਪੰਜਾਬ ਦੇ ਦਹਿਸ਼ਤੀ ਮਾਹੌਲ ਨੇ ਮਾਨਵੀ ਰਹਿਤਲ ਨੂੰ ਮਾਨਵੀ ਤ੍ਰਾਸਦੀ ਵਿੱਚ ਤਬਦੀਲ ਕਰ ਦਿੱਤਾ ਸੀ।

ਅਜਿਹੇ ਸਮਿਆਂ ਵਿੱਚ ਉੱਚਾ ਸਾਹ ਕੱਢਣਾ ਜਾਂ ਫਿਰ ਹਨੇਰੇ ਵਿੱਚ ਚਿੰਨ੍ਹ ਬਣਨਾ ਦੋਵੇਂ ਕਾਰਜ ਆਪਣੇ ਆਪ ਨੂੰ ਵੀ ਗੁਨਾਹ ਪ੍ਰਤੀਤ ਹੋਣ ਲੱਗ ਪਏ ਸਨ। ਹਰਮੀਤ ਦੀਆਂ ਕਿੰਨੀਆਂ ਹੀ ਨਜ਼ਮਾਂ ਵਿੱਚ ਦੀ ਚਾਨਣ ਭਾਲ ਵੀ ਹੈ ਅਤੇ ਹਨੇਰੀਆਂ ਦੇ ਸਨਮੁੱਖ ਚਿਰਾਗ ਬਣਨ ਦੀ ਤਾਂਘ ਵੀ ਹੈ। ਉਸ ਸਮੁਚੀ ਕਿਤਾਬ ਵਿੱਚ ਉਸਦਾ ਬਹੁਤਾ ਸੰਬੋਧਨ ਸਮੂਹਿਕ ਹੈ ਅਤੇ ਸਟੇਟ ਨਾਲ ਖਹਿੰਦਾ ਹੈ। ਉਸਦੇ ਬੋਲ ਖਰ੍ਹਵੇ ਹਨ। ਘਰ, ਧਰਮ ਅਤੇ ਰਾਜਨੀਤੀ ਵਿਚੋਂ ਉਸਦਾ ਬਹੁਤਾ ਟਕਰਾਓ ਸਟੇਟ ਨਾਲ ਹੀ ਹੈ ਘਰ ਬਹੁਤੀ ਵਾਰ ਉਸਦੀ ਕਵਿਤਾ ਵਿੱਚ ਹਾਰ ਜਾਣ ਦੇ ਮਾਪਦੰਡ ਵਜੋਂ ਜਾਂ ਸੁਰੱਖਿਅਤ ਖੁਸ਼ਨੁਮਾ ਹਸਤੀ ਵਜੋਂ ਹੀ ਆਉਂਦਾ ਹੈ।

ਉਸਦੀ ਦੂਜੀ ਕਿਤਾਬ ‘ਸਮੁੰਦਰ ਬੁਲਾਉਂਦਾ ਹੈ’ 2003 ਵਿੱਚ ਛਪਦੀ ਹੈ।

ਤੇਰਾਂ ਸਾਲ ਦੇ ਇਸ ਵਕਫੇ ਦੌਰਾਨ ਉਸਦੀ ਕਵਿਤਾ ਪਰਿਪੱਕਤਾ ਹਾਸਲ ਕਰਦੀ ਹੈ। ਇਹ ਉਹ ਅੰਤਰਾਲ ਹੈ ਜਿਸ ਦੌਰਾਨ ਪੰਜਾਬ ਅਤੇ ਮੁਲਕ ਦੇ ਹਾਲਾਤ ਵੀ ਨਵੀਂ ਕਰਵਟ ਲੈਂਦੇ ਹਨ। ਪੰਜਾਬ ਸੰਕਟ ਦੇ ਦੌਰ ਵਿਚੋਂ ਨਿਕਲ ਚੁੱਕਾ ਸੀ ਪ੍ਰੰਤੂ ਗਲੋਬਲੀ ਪੂੰਜੀ ਪੰਜਾਬੀ ਰਹਿਤਲ ਦੀਆਂ ਨਸਾਂ ਵਿੱਚ ਪੈਰ ਪਸਾਰ ਰਹੀ ਸੀ। ਨੱਬੇ ਦੇ ਦਹਾਕੇ ਦੀਆਂ ਖੁੱਲੀ ਮੰਡੀ ਦੀਆਂ ‘ਨਿਆਮਤਾਂ’ ਨੂੰ ਪੰਜਾਬੀ ਬੰਦਾ ਵੀ ਭਰਪੂਰ ਮਾਣਨ ਲੱਗਦਾ ਹੈ। ਹਰੀ ਕ੍ਰਾਂਤੀ ਤੋਂ ਆਰੰਭ ਹੋਈ ਪੂੰਜੀਵਾਦੀ/ ਨਵ-ਜਗੀਰੂ ਪਹੁੰਚ ਇਹਨਾਂ ਸਮਿਆਂ ਵਿਚਲੇ ਸਮਾਜ ਨੂੰ ਆਪਣੀ ਜ਼ਦ ਵਿੱਚ ਲੈ ਲੈਂਦੀ ਹੈ। ਇਹਨਾਂ ਸਮਿਆਂ ਦੌਰਾਨ ਪੰਜਾਬੀ ਬੰਦੇ ਦੇ ਨਾਲ-ਨਾਲ ਪੰਜਾਬੀ ਬੁੱਧੀਜੀਵੀ ਵੀ ਉਖੜੀਆਂ ਕੁਹਾੜੀਆਂ ਹੀ ਮਾਰਦਾ ਹੈ। ਨਵੀਂ ਤਰਜ਼ੇ ਜ਼ਿੰਦਗੀ ਨੇ ਮਨੁੱਖ ਕੋਲੋਂ ਮਨੁੱਖ ਹੋਣ ਦਾ ਅਹਿਸਾਸ ਹੀ ਖੋਹ ਲਿਆ।

ਸੰਵੇਦਨਸ਼ੀਲ ਬੰਦਾ ਭਵੰਤਰਿਆ ਹੋਇਆ ਅਜਿਹਾ ਜੀਵ ਬਣ ਗਿਆ ਜਿਸ ਕੋਲ ਖੁੱਲੀ ਮੰਡੀ ਦੀਆਂ ਨਿਆਮਤਾਂ ਵੀ ਸਨ ਪਰ ਨਾਲ ਹੀ ਆਪਣੇ ਆਪ ਦੇ ਵਸਤੂ ਵਿਚ ਬਦਲ ਜਾਣ ਦਾ ਤੌਖਲਾ ਵੀ ਸੀ।

ਪੰਜਾਬ ਵਿੱਚ ਚੱਲੀ ਹਰ ਲਹਿਰ/ਵਿਦਰੋਹ ਜਾਂ ਸੰਘਰਸ਼ ਨੇ ਆਪਣੇ ਹੀ ਲੋਕਾਂ ਦੀ ਮਾਰਕੇਬਾਜ਼ੀ ਤੋਂ ਹਾਰ ਖਾਧੀ ਹੈ। ਪਰ ਇਸ ਨਵੀਂ ਸਥਿਤੀ ਵਿੱਚ ਵਿਰੋਧ ਦੀ ਜਦੋਂ ਪ੍ਰਤੱਖ ਕੋਈ ਧਿਰ ਦਿਖਾਈ ਹੀ ਨਹੀਂ ਦਿੰਦੀ ਸੀ ਤਾਂ ਮਨੁੱਖ ਦਾ ਅਰਥਹੀਣਤਾ ਅਤੇ ਵਿਖੰਡਿਤ ਲਘੂ ਮਾਨਵੀ ਹੋਂਦ ਵਿੱਚ ਗ਼ਰਕ ਜਾਣਾ ਸੁਭਾਵਿਕ ਹੀ ਸੀ। ਇਸ ਸਮੇਂ ਦੀ ਹਰਮੀਤ ਦੀ ਕਵਿਤਾ ਅਜਿਹੇ ਥਿੜਕੇ ਹੋਏ ਮਨੁੱਖ ਦੀ ਬਾਤ ਪਾਉਂਦੀ ਹੈ। ਕੁਝ ਪਤਾ ਨਹੀਂ ਲੱਗਦਾ, ਸ਼ਾਂਤ ਸਮੁੰਦਰ ਵਿੱਚ ਭਟਕਣਾ, ਦਵੰਦ, ਸਮੁੰਦਰ ਬੁਲਾਉਂਦਾ ਹੈ ਆਦਿ ਕਵਿਤਾਵਾਂ ਇਸੇ ਖਿੰਡਰੀ ਮਾਨਸਿਕਤਾ ਅਤੇ ਸਵੈ ਦੀ ਪ੍ਰਮਾਣਿਕਤਾ ਲੱਭਦੀਆਂ ਰਚਨਾਵਾਂ ਹਨ। ਕਵੀ ਦੇ ਆਰੰਭਕ ਬੋਲ ਹੀ ਵੇਖਣ ਵਾਲੇ ਹਨ।

ਮਨ- ਮੰਚ ‘ ਤੇ
ਜੀਵਨ ਕਥਾ ਦਾ
ਇਹ ਕਿਹੜਾ ਅੰਕ ਚੱਲ ਰਿਹੈ ?
ਕੁਝ ਪਤਾ ਨਹੀਂ ਲੱਗਦਾ।
……
ਇਹ ਕੇਹਾ
ਨਾਇਕ – ਵਿਹੂਣਾ ਨਾਟਕ ਹੈ
ਜਿਸ ਚਿਹਰੇ ’ਤੇ ਰੌਸ਼ਨੀ ਪੈਂਦੀ ਹੈ
ਉਹੀ ਖ਼ਲਨਾਇਕ ਹੋ ਜਾਂਦਾ ਹੈ।

ਪਰ ਉਹ ਇਸ ਭਟਕਣ ਦਾ ਅਨੁਵਾਦ ਕਿਸੇ ਜਵਾਰਭਾਟੇ ਦੀ ਭਾਲ ਰਾਹੀਂ ਕਰਦਾ ਹੈ। ਉਸਨੇ ਇਸ ਵਸਤੂ ਸਥਿਤੀ ਨੂੰ ਸ਼ਾਂਤ ਬਿੰਦੂ ਨਾ ਸਮਝ ਕਿਸੇ ਕਰਵਟ ਦੀ ਲੋਚਾ ਵਿੱਚ ਹਲੂਣਾ ਦੇਣ ਦੀ ਕਵਾਇਦ ਵਜੋਂ ਵੇਖਣਾ ਆਰੰਭ ਕੀਤਾ ਹੈ।

ਤੇ ਮੈਂ…
ਮੈਂ
ਇਸੇ ਭਟਕਣਾ ਦਾ
ਅਨੁਵਾਦ ਕਰਨ ਲਈ
ਲਿਖਦਾ ਹਾਂ ਨਜ਼ਮਾਂ।

ਉਹ ਮੁਹਾਂਦਰਾ ਅਤੇ ਨਕਸ਼ ਬਦਲ ਕੇ ਆਏ ਦੁਸ਼ਮਣ ਦੀ ਪਹਿਚਾਣ ਭਵਿੱਖੀ ਪੀੜ੍ਹੀ ਨੂੰ ਵੀ ਕਰਵਾਉਣਾ ਚਾਹੁੰਦਾ ਹੈ। ਇਸ ਲਈ ਉਸਦੀ ਕਵਿਤਾ ‘ਬੱਚੇ’ ਵੇਖੀ ਜਾ ਸਕਦੀ ਹੈ।

ਜੇ ਦੇ ਹੀ ਦਿੱਤੇ ਹਨ
ਆਤਸ਼ੀ ਖਿਡੌਣੇ
ਤਾਂ ਆਓ
ਉਹਨਾਂ ਨੂੰ ਸਹੀ ਦੁਸ਼ਮਣ ਦੀ
ਪਹਿਚਾਣ ਵੀ ਦੇਈਏ।

ਅਸਲ ਵਿੱਚ ਹਰਮੀਤ ਦੀ ਸਮੁੱਚੀ ਕਵਿਤਾ ਵਿੱਚ ਮਾਨਵੀ ਧਿਰ ਨਾਲ ਖੜ੍ਹਨ ਦੀ ਜੱਦਜਹਿਦ ਹੈ ਪਰ ਉਸਦੇ ਤਿੰਨ ਆਪੇ ਆਪਸ ਵਿੱਚ ਭਿੜਦੇ ਨਜ਼ਰ ਆਉਂਦੇ ਹਨ।

ਇੱਕ ਪਾਸੇ ਉਸਦੀ ਕਾਵਿ ਹੋਂਦ ਹੈ ਦੂਜੇ ਪਾਸੇ ਉਸਦਾ ਜੈਵਿਕ ਅਤੇ ਸਮਾਜਿਕ ਆਪਾ ਹੈ ਅਤੇ ਤੀਜੀ ਉਸਦੀ ਲੇਖਕ ਜਥੇਬੰਦੀਆਂ ਵਿੱਚ ਕਿਰਿਆਸ਼ੀਲ ਭੂਮਿਕਾ ਹੈ। ਇਹਨਾਂ ਤਿੰਨ ਵਿਅਕਤੀਆਂ ਵਿਚਕਾਰ ਤਵਾਜ਼ਨ ਪੈਦਾ ਕਰਨ ਦੀ ਕਵਾਇਦ ਉਸਦੇ ਕਵੀ ਉਪਰ ਭਾਰੀ ਹੁੰਦੀ ਹੈ। ਇਹੀ ਅੰਤਰਕਿਰਿਆ ਉਸਨੂੰ ਤੋੜਦੀ ਹੈ ਅਤੇ ਇਹੀ ਉਸਦੀ ਸਿਰਜਣਾ ਦਾ ਸਬਬ ਵੀ ਬਣਦੀ ਹੈ। ਪਰ ਇਹ ਸਿਰਜਣਾ ਕਿਤੇ ਨਾ ਕਿਤੇ ਉਸਦੇ ਇਸ ਸੰਤੁਲਨ ਨਾ ਹਾਸਲ ਕਰ ਸਕਣ ਦਾ ਤੌਖਲਾ ਬਣ ਜਾਂਦੀ ਹੈ।

ਵਸਤੂਆਂ, ਵਿਲਾਸ ਅਤੇ ਸਹੂਲਤਾਂ ਵਿੱਚ ਪਰਚਿਆ ਉਸਦਾ ਆਪਾ ਉਸਨੂੰ ਹੀਣਾ ਜਾਪਦਾ ਹੈ। ਆਪਣੀ ਕਵਿਤਾ ਵਿੱਚ ਉਹ ਇਸ ਲਘੂ ਬੰਦੇ ਦਾ ਚਿੱਤਰ ਖਿੱਚਦਿਆਂ ਵਾਰ-ਵਾਰ ਆਪਣੀ ਘਾਟ ਨੂੰ ਸਬਲੀਮੇਟ ਵੀ ਕਰਦਾ ਹੈ ਅਤੇ ਇਸਦਾ ਡਿਫੈਂਸ ਮੈਕਾਨਿਜ਼ਮ ਵੀ ਬਣਦਾ ਹੈ। ਇਹੀ ਕਾਵਿਕ ਜੁਗਤ ਅੱਗੇ ਚੱਲ ਕੇ ਉਸਦੀ ਇਕਬਾਲੀਆ ਬਿਆਨ ਦੀ ਸ਼ਾਇਰੀ ਦਾ ਉੱਭਰਵਾਂ ਤੱਤ ਬਣ ਜਾਂਦੀ ਹੈ। ਜੋ ਉਸਦੇ ਤੀਜੇ ਕਾਵਿ ਸੰਗ੍ਰਿਹ ‘ਉੱਧੜੀ ਹੋਈ ਮੈਂ’ ਵਿੱਚ ਵਾਜਿਹ ਤੌਰ ‘ਤੇ ਦਿਖਾਈ ਦਿੰਦੀ ਹੈ।

‘ਉੱਧੜੀ ਹੋਈ ਮੈਂ’ 2014 ਵਿੱਚ ਛਪਦੀ ਹੈ।

ਇਸ ਪੁਸਤਕ ਨਾਲ ਹਰਮੀਤ ਆਪਣੀ ਸਿਰਜਣਾ ਦੇ ਨਵੇਂ ਮਰਹਲੇ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਉਹ ਸਮਾਂ ਹੈ ਜਦੋਂ 1990ਵਿਆਂ ਦੀ ਖੁੱਲੀ ਮੰਡੀ ਇੰਟਰਨੈਟ ਦੇ ਰੱਥ ‘ਤੇ ਸਵਾਰ ਹੋ ਕੇ ਬੜੀ ਤੇਜ਼ੀ ਨਾਲ ਲੋਕ ਅਵਚੇਤਨ ਦਾ ਸਦੀਵੀ ਹਿੱਸਾ ਬਣ ਰਹੀ ਸੀ। ਬਾਜ਼ਾਰ ਦਾ ਹਰ ਕਾਰਕ ਮਾਨਵੀ ਸੂਝ ਨੂੰ ਆਪਣੇ ਗਲੇਫੇ ਵਿੱਚ ਲਪੇਟ ਰਿਹਾ ਸੀ, ਸੋਸ਼ਲ ਮੀਡੀਆ ਦਾ ਯੁੱਗ ਆਰੰਭ ਹੋ ਤਾਂ ਚੁੱਕਾ ਸੀ ਪਰ ਅਜੇ ਪੈਰਾਂ ਸਿਰ ਨਹੀਂ ਸੀ ਹੋਇਆ।

ਅਜਿਹੇ ਦੌਰ ਅਤੇ ਸਮਿਆਂ ਦੌਰਾਨ ਹਰਮੀਤ ਆਪਣੇ ਕਵੀ ਆਪੇ ਅਤੇ ਜੈਵਿਕ/ਸਮਾਜਿਕ ਹੋਂਦ ਦੇ ਭੇੜ ਦਾ ਬਿਰਤਾਂਤ ਆਪਣੀ ਇਕਬਾਲੀਆ ਬਿਆਨ ਸ਼ੈਲੀ ਰਾਹੀਂ ਸਿਰਜਦਾ ਹੈ। ਲਗਭੱਗ ਉਸਦੀ ਹਰੇਕ ਕਵਿਤਾ ਵਿੱਚ ਆਪਣੀ ਹੀਣਤਾ ਦਾ ਵਿਅੰਗਮਈ ਅਤੇ ਮਾਰਮਿਕ ਚਿਤਰਣ ਇਕੋ ਵੇਲੇ ਪੇਸ਼ ਹੁੰਦਾ ਹੈ।

ਘਰ ‘ ਚ ਹੁਣ
ਸ਼ੀਸ਼ਾ ਕਿਤੇ ਵੀ ਨਹੀਂ
ਪਰ ਘਰ ਦਾ ਹਰਿਕ ਕੋਨਾ
ਟੁੱਟਿਆ
ਬੇਤਰਤੀਬਾ
ਸ਼ੀਸ਼ਾ ਹੋ ਗਿਆ ਹੈ
ਹੁਣ ਮੈਂ ਘਰ ਵੜਦਿਆਂ ਹੀ
ਖੌਫ਼ਜ਼ਦਾ ਹੋ ਜਾਂਦਾ ਹਾਂ

ਹਰੀ ਕ੍ਰਾਂਤੀ ਤੋਂ ਉਪਜਿਆ ਨਾਇਕਤਵ ਅਤੇ ਪੂੰਜੀ ਦੋਵਾਂ ਨੂੰ ਡਾਫ਼ ਲੱਗ ਚੁੱਕੀ ਸੀ ਅਤੇ ਇਹਨਾਂ ਨੇ ਜੋ ਪਿੱਛਲ-ਖੁਰੀ ਧੱਕ ਮਾਰੀ ਇਸਦਾ ਨਤੀਜਾ ਪੰਜਾਬੀ ਸਮਾਜ ਦਾ ਨਾਇਕ ਵਿਹੂਣਾ ਅਤੇ ਮਨੋਰਥ ਰਹਿਤ ਹੋ ਜਾਣਾ ਨਿਕਲਿਆ।

ਹਰਮੀਤ ਅਤੀਤ ਦੇ ਨਾਇਕਾਂ ਨਾਲ ਸੰਵਾਦ ਰਚਾਉਂਦਾ ਹੈ।

ਦੁੱਲਾ ਭੱਟੀ ਉਸ ਕੋਲ ਦਸਤਕ ਦੇ ਕੇ ਆਉਂਦਾ ਹੈ ਅਤੇ ਬਾਬਾ ਫਰੀਦ ਨਾਲ ਉਹ ਆਪ ਗੈਰ-ਰਸਮੀ ਸੰਵਾਦ ਕਰਦਾ ਹੈ। ਦੁੱਲੇ ਨਾਲ ਕੀਤੇ ਸੰਵਾਦ ਵਿੱਚ ਕਵੀ ਵਾਰ-ਵਾਰ ਨਾਇਕ ਤੋਂ ਦੂਰ ਭੱਜਣ ਦੀ ਕਵਾਇਦ ਵਿੱਚ ਨਜ਼ਰ ਆਉਂਦਾ ਹੈ। ਉਹ ਦੁੱਲੇ ਨਾਲ ਲੈਨਿਨ ਅਤੇ ਮਾਰਕਸ ਦੀ ਬਾਤ ਪਾਉਂਦਾ ਮਾਰਕਸ ਦੇ ਇਨਕਲਾਬੀ ਵਿਚਾਰਧਾਰਾ ਨੂੰ ਪੰਜਾਬ ਦੀ ਨਾਬਰੀ ਪ੍ਰੰਪਰਾ ਦੀਆਂ ਧੁਨੀਆਂ ‘ਚੋਂ ਸੁਣਦਾ ਹੈ।

ਮੈਂ ਕਾਨਸ ਤੋਂ ਚੁੱਕਦਾ ਹਾਂ
ਲੈਨਿਨ ਦੀ ਸੂਹੀ ਜਿਲਦ ਵਾਲੀ ਕਿਤਾਬ
“ਵੇਖ ਲੈਨਿਨ ਨੇ ਕਿਸਾਨਾਂ ਬਾਰੇ ਆਹ ਕਿਹਾ
ਮਜ਼ਦੂਰਾਂ ਬਾਰੇ ਅਹੁ ਕਿਹਾ”
ਖੋਹ ਲੈਂਦਾ ਹੈ ਮੇਰੇ ਹੱਥੋਂ
ਲਾਲ ਜਿਲਦ ਵਾਲੀ ਕਿਤਾਬ
ਕਹਿਰੀ ਅੱਖ ਨਾਲ ਮੇਰੇ ਵੱਲ ਨੂੰ ਵੇਖਦਾ
ਏਦਾਂ ਬੋਲਦਾ
“ਕਿਤਾਬਾਂ ਦਾ ਅਰਥ
ਤਾਂ ਸਫ਼ਰ ਦੇ ਨਾਲ ਹੀ ਹੁੰਦੈ
ਸਫ਼ਰ ਨਾਲੋਂ ਟੁੱਟ ਜਾਏ ਤਾਂ
ਬੇ-ਅਰਥ ਹੋ ਜਾਂਦੀ ਹੈ ਕਿਤਾਬ

ਬਾਬਾ ਫ਼ਰੀਦ ਨਾਲ ਸੰਵਾਦ ਵਿੱਚ ਵਿਦਿਆਰਥੀ ਫ਼ਰੀਦ ਬਾਣੀ ਦੇ ਸਰੋਕਾਰਾਂ ਨੂੰ ਆਧੁਨਿਕ ਯੁੱਗ ਦੀ ਰਹਿਤਲ ਦੇ ਪ੍ਰਸੰਗਾਂ ਵਿੱਚ ਵਾਚਦਾ ਹੈ। ਆਧੁਨਿਕ ਸਮਾਜ ਵਿਚਲੇ ਸਾਧਨਾਂ ਅਤੇ ਸਹੂਲਤਾਂ ਦੀ ਭਰਮਾਰ ਵਿੱਚ ਬੰਦਾ ਖੁਦ ਪ੍ਰਮਾਣਿਕਤਾ ਤੋਂ ਹੀਣਾ ਜੀਅ ਰਿਹਾ ਹੈ। ਅਜਿਹੇ ਸਮਿਆਂ ਵਿਚਲੀ ਟੁੱਟ ਭੱਜ ਨੂੰ ਕਵੀ ਬੇਵਿਸਾਹੀ ਅਤੇ ਮਕੈਨਕੀ ਜ਼ਿੰਦਗੀ ਦੀ ਰਸਹੀਣਤਾ ਅਤੇ ਮਸ਼ੀਨੀ ਉਪਕਰਨਾਂ ਦੀ ਅਮਾਨਵੀ ਤਰਜ਼ੇ ਜ਼ਿੰਦਗੀ ਨਾਲ ਪਰਚਦਿਆਂ ਵੇਖਦਾ ਹੈ।

ਹੇ ਸ਼ਕਰਗੰਜ!
ਮਿਠਾਸ ਹੁਣ ਮੇਰੀ ਜੀਵਨ ਸ਼ੈਲੀ ਨਹੀਂ
ਮੇਰੀ ਵਰਤੋਂ ਦਾ ਸਭ ਤੋਂ ਵੱਡਾ ਹਥਿਆਰ ਹੈ
‘ਨੇਹੁ’ ਕਾਰੋਬਾਰੀ ਸਬੰਧਾਂ ਦਾ ਦੂਜਾ ਨਾਂ
ਇਸ਼ਕ
ਜਿਸਮ ਦਰ ਜਿਸਮ ਭਟਕਣ ਦੀ ਪ੍ਰਕਿਰਿਆ ਤੋਂ ਵੱਧ
ਕੁਝ ਨਹੀਂ ਰਿਹਾ ਮੇਰੇ ਲਈ

ਆਧੁਨਿਕ ਜ਼ਿੰਦਗੀ ਦੇ ਇਹ ਉਖੇੜ ਉਸਦੀ ਕਵਿਤਾ ਵਿੱਚ ਅਨੇਕਾਂ ਥਾਵਾਂ ਤੇ ਵੇਖੇ ਜਾ ਸਕਦੇ ਹਨ। ਇਸੇ ਇਕਬਾਲੀਆ ਬਿਆਨ ਦੀ ਤਨਜ਼ੀ ਸ਼ਾਇਰੀ ਉਹ ਨਿਰੰਤਰ ਆਧੁਨਿਕ ਸਮਿਆਂ ਤੱਕ ਕਰਦਾ ਹੈ।

ਜ਼ਰਦ ਰੁੱਤ ਦਾ ਹਲਫ਼ੀਆ ਬਿਆਨ

ਉਸਦਾ ਨਵਾਂ ਕਾਵਿ ਸੰਗ੍ਰਹਿ ‘ਜ਼ਰਦ ਰੁੱਤ ਦਾ ਹਲਫ਼ੀਆ ਬਿਆਨ’ ਅੱਠ ਸਾਲ ਦੇ ਵਕਫੇ ਤੋਂ ਬਾਅਦ ਸਾਲ 2022  ਵਿੱਚ ਛਾਇਆ ਹੋਇਆ। ਮਿਕਦਾਰ ਅਤੇ ਆਕਾਰ ਦੇ ਹਿਸਾਬ ਨਾਲ ਇਹ ਉਸਦਾ ਸੱਭ ਤੋਂ ਵੱਡਾ ਕਾਵਿ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਉਸਦੀਆਂ 65 ਨਜ਼ਮਾਂ ਸ਼ਾਮਿਲ ਹਨ। ਇਹ ਉਹ ਕਾਲ ਹੈ ਜਦੋਂ ਪੰਜਾਬੀ ਬੰਦੇ ਨੂੰ ਸੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ।

ਸਮਾਰਟ ਫ਼ੋਨ ਦੇ ਯੁੱਗ ਨੇ ਅਨੇਕਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਕੰਪਿਊਟਰ ਤੋਂ ਮੋਬਾਇਲ ਫ਼ੋਨ ਦੀ ਸਕਰੀਨ ਉੱਤੇ ਲਿਆ ਰੱਖਿਆ ਹੈ। ਇਹ ਵੀ ਇਕ ਕਾਰਨ ਹੈ ਕਿ ਇਸ ਯੁੱਗ ਵਿੱਚ ਸਮੁੱਚੇ ਤੌਰ ਤੇ ਹੀ ਪੰਜਾਬੀ ਕਵਿਤਾ ਅੱਗੇ ਨਾਲੋਂ ਕਿਤੇ ਵੱਧ ਮਿਕਦਾਰ ਵਿੱਚ ਰਚੀ ਗਈ ਹੈ।

ਉਸਦੇ ਇਸ ਸੰਗ੍ਰਿਹ ਵਿੱਚ ਇਸ ਨਵੇਂ ਯੁੱਗ ਦੀਆਂ ਸਾਰੀਆਂ ਅਲਾਮਤਾਂ, ਮਾਨਵੀ ਮਹਿਰੂਮੀਆਂ, ਹੇਰਵੇ ਅਤੇ ਸਦਮੇ ਬਿੰਬਾਂ ਦੇ ਰੂਪ ਵਿੱਚ ਹਾਜ਼ਰ ਹਨ। ਬਾਜ਼ਾਰ ਹੁਣ ਮੋਬਾਈਲ ਸਕਰੀਨ ਦੀ ਟੱਚ ਤੱਕ ਸੀਮਿਤ ਹੋ ਗਿਆ ਹੈ।

ਮੁਹਬੱਤ, ਇਸ਼ਕ ਅਤੇ ਪਿਆਰ ਜਿਹੇ ਲਫਜ਼ ਵਸਤੂਆਂ ਦੇ ਪ੍ਰਗਟਾਵੇ ਮਾਤਰ ਹੀ ਰਹਿ ਗਏ ਹਨ। ਉਹ ਚੇਤੰਨ ਸਮਝੇ ਜਾਂਦੇ ਬੁੱਧੀਜੀਵੀ ਵਰਗ ਦੀ ਰਹਿਤਲ ਅਤੇ ਲਿਖਤਲ ਦੀ ਭੂਮੀ ਨੂੰ ਆਪਣੀ ਕਲਮ ਦੇ ਵਿਅੰਗ ਰਾਹੀਂ ਉਧੇੜਦਾ ਹੈ।

ਕਵਿਤਾ ਫੈਸ਼ਨ ਵਜੋਂ ਲਿਖਦਾ ਹਾਂ
ਕਿਸੇ ਵਧੀਆ ਹੋਟਲ ਵਿੱਚ
ਸਮਾਗਮ ਹੋਵੇ
ਜਾ ਆਉਂਦਾ ਹਾਂ
ਜੁਗਤ ਸਿੱਖ ਰਿਹਾ ਹਾਂ
‘ਦਿਓ ਕੱਦ’ ਦਿਸਦੇ
‘ਬੌਣਿਆਂ’ ਦੀਆਂ ਨਿਗਾਹਾਂ ’ਚ ਕੱਦਾਵਰ ਬਣੇ ਰਹਿਣ ਦੀ
ਸਨਮਾਨਾਂ ਲਈ
ਹਰ ਕਿਸਮ ਦੀ
ਜ਼ਿੱਲਤ ਸਹਿਣ ਦੀ

ਇਸ ਸੰਗ੍ਰਿਹ ਵਿੱਚ ਰੂਹ ਦਾ ਚੋਲਾ, ਰੁਕਿਓ ਜ਼ਰਾ, ਮੈਂ ਜੋ ਮੈਂ ਨਹੀਂ, ਯਾਰ ਭਗਤ ਸਿੰਘ, ਗੈਰਹਾਜ਼ਰ ਮੌਸਮਾਂ ਦਾ ਦਸਤਾਵੇਜ਼ ਆਦਿ ਅਨੇਕਾਂ ਅਜਿਹੀਆਂ ਕਵਿਤਾਵਾਂ ਹਨ।

ਉਸਦੀ ਸਮੁੱਚੀ ਕਵਿਤਾ ਨੂੰ ਪੜ੍ਹਦਿਆਂ ਇਕ ਗੱਲ ਸਪਸ਼ਟ ਦਿਖਾਈ ਅਤੇ ਸੁਣਾਈ ਦਿੰਦੀ ਹੈ ਕਿ ਉਹ ਘੋਰ ਨਿਰਾਸ਼ਾ ਦੇ ਆਲਮ ਵਿੱਚ ਵੀ ਨਿਰੰਤਰ ਆਸ ਦਾ ਚੋਲਾ ਫੜ੍ਹੀ ਰੱਖਦਾ ਹੈ। ਇਹ ਧੁਨੀ ਉਸਦੀ ਸਮੁੱਚੀ ਕਵਿਤਾ ਵਿਚੋਂ ਵਾਰ ਵਾਰ ਸੁਣਾਈ ਦਿੰਦੀ ਹੈ। ਨਾਮਾ ਜ਼ਿੰਦਾਬਾਦ, ਚੱਲ ਤੁਰ, ਕੁਕਨੂਸ, ਇਸ ਵਾਰ, ਕਾਇਆ ਕਲਪ ਜਿਹੀਆਂ ਅਨੇਕਾਂ ਨਜ਼ਮਾਂ ਵਿੱਚ ਇਹ ਸੁਰ ਵੇਖੀ ਜਾ ਸਕਦੀ ਹੈ।

ਇਸ ਵਾਰ ਉਸਨੇ ਨਾਇਕਾਂ ਦੀ ਪਛਾਣ ਬੜੀ ਗੂੜ੍ਹੀ ਕੀਤੀ ਹੈ।

ਬਾਬਾ ਨਾਨਕ, ਭਗਤ ਸਿੰਘ, ਗੌਰੀ ਲੰਕੇਸ਼, ਪਾਸ਼, ਇਕਬਾਲ ਕੈਸਰ ਅਤੇ ਕਿਸਾਨੀ ਸੰਘਰਸ਼ ਦੇ ਕਿਸਾਨ ਨਾਇਕ ਉਸਦੀ ਕਵਿਤਾ ਵਿੱਚ ਉਭਰ ਕੇ ਦਿਖਾਈ ਦਿੰਦੇ ਹਨ। ਉਸਦੀ ਸਮੁੱਚੀ ਕਵਿਤਾ ਆਪਣੇ ਸਵੈ, ਪਾਠਕ ਤੇ ਪਾਠਕ ਤੋਂ ਪਾਰ ਸਮਿਆਂ ਨਾਲ ਸੰਵਾਦ ਹੈ। ਕਿਸਾਨੀ ਸੰਘਰਸ਼, ਕਸ਼ਮੀਰ ਦੀ ਦੁਰਗਤੀ, ਸਟੇਟ ਦਾ ਦਮਨ ਅਤੇ ਜਿੱਤ ਦੀ ਲੋਚਾ ਇਸ ਸੰਗ੍ਰਹਿ ਦੇ ਪ੍ਰਮੁੱਖ ਸਰੋਕਾਰ ਹਨ।

ਪਿਤਾ ਦਾ ਹੱਥ, ਦਾਦਾ ਗੁਰਦਿੱਤ ਸਿੰਘ ਅਤੇ ਨਾਮਾਂ ਉਸਦੀਆਂ ਕਵਿਤਾਵਾਂ ਵਿੱਚ ਹਾਸ਼ੀਏ ਤੋਂ ਬਾਹਰ ਧੱਕ ਦਿੱਤੇ ਗਏ ਅਣਗੌਲੇ ਪਾਤਰਾਂ ਵਜੋਂ ਆਏ ਹਨ। ਉਸਦੇ ਸਮੁੱਚੇ ਕਾਵਿ ਵਿਕਾਸ ਨੂੰ ਵਾਚਦਿਆਂ ਇਹ ਗੱਲ ਸਪਸ਼ਟ ਦਿਖਾਈ ਦਿੰਦੀ ਹੈ ਕਿ ਜਿੱਥੇ ਆਪਣੀ ਕਾਵਿ ਸਿਰਜਣਾ ਦੇ ਆਰੰਭ ਬਿੰਦੂ ਉੱਤੇ ਉਹ ਇਕ ਸਫ਼ਰ ਦੇ ਆਰੰਭ ਕੀਤੇ ਜਾਣ ਦੇ ਮੁਹਾਣੇ ਤੇ ਖੜ੍ਹਾ ਹੈ ਉਥੇ ਹੌਲੀ ਹੌਲੀ ਬੰਧਨਾਂ ਦੀ ਜ਼ਦ ਵਿੱਚ ਆਇਆ ਉਹੀ ਮਨੁੱਖ ਸਫ਼ਰ ‘ਤੇ ਨਾ ਤੁਰ ਸਕਣ ਦੀ ਪੀੜ ਆਪਣੇ ਸਿੱਥਲ ਪੈਰਾਂ ਵਿੱਚ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ । ਇੱਕ ਅਜਿਹੇ ਸਫ਼ਰ ਦਾ ਅਫਸੋਸ ਜੋਕਿ ਤੈਅ ਕੀਤਾ ਹੀ ਨਾ ਜਾ ਸਕਿਆ। ਪ੍ਰੰਤੂ ਉਸਦੇ ਸੁਭਾਅ ਦੀ ਫ਼ਕੀਰੀ ਉਸਦੀ ਪਹਿਲੀ ਕਵਿਤਾ ਤੋਂ ਲੈਕੇ ਇਸ ਸੰਗ੍ਰਹਿ ਦੀ ਆਖਰੀ ਕਵਿਤਾ ਤੱਕ ਕਾਇਮ ਰਹਿੰਦੀ ਹੈ।

ਹਰਮੀਤ ਦੇ ਇਸ ਸੰਗ੍ਰਹਿ ਨੂੰ ਮਈ 2014 ਤੋਂ ਬਾਅਦ ਆਈ ਭਾਰਤੀ ਸੱਤਾ ਦੇ ਪਰਿਵਰਤਨ ਦੇ ਸੰਦਰਭਾਂ ਵਿੱਚ ਵੀ ਵੇਖਿਆ ਅਤੇ ਪੜ੍ਹਿਆ ਜਾ ਸਕਦਾ ਹੈ। ਫਾਸ਼ੀਵਾਦੀ ਹਕੂਮਤ ਦੇ ਖਿਲਾਫ਼ ਉੱਠੀ ਕਲਮਕਾਰੀ ਦੀ ਇਸ ਪ੍ਰੰਪਰਾ ਦੀਆਂ ਧੁਨੀਆਂ ਉਸਦੀ ਇਸ ਪੁਸਤਕ ਵਿੱਚ ਪ੍ਰਤੱਖ ਸੁਣਾਈ ਦਿੰਦੀਆਂ ਹਨ। ਪਾਠਕ ਨਾਲ ਸੰਵਾਦ ਦੇ ਅੰਤਮ ਸ਼ਬਦ ਵੇਖਣ ਵਾਲੇ ਹਨ-

ਜਦੋਂ ਤੁਹਾਡੇ ਰਸਤਿਆਂ ਵਿੱਚ
ਕੰਡਿਆਲੀਆਂ ਤਾਰਾਂ ਅਤੇ
ਨੁਕੀਲੇ ਕਿੱਲ ਉਗਾ ਦਿੱਤੇ ਜਾਣ
ਤਾਂ ਉਹਨਾਂ ਰਸਤਿਆਂ ‘ਤੇ
ਲੱਭਦੀ ਕਿਸੇ ਵੀ ਨੁੱਕਰੇ
ਫੁੱਲਾਂ ਦੇ ਬੀਜ
ਬੀਜ ਦੇਣਾ ਵੀ
ਇਨਕਲਾਬੀ ਗੀਤ ਹੁੰਦਾ ਹੈ
ਹੋ ਸਕੇ ਤਾਂ
ਇਸ ਨਜ਼ਮ ਨੂੰ ਦੁਬਾਰਾ ਪੜ੍ਹੀਂ…..

ਹਰਮੀਤ ਵਿਦਿਆਰਥੀ ਦੀ ਚੋਣਵੀਂ ਕਵਿਤਾ ਨੂੰ ਚੁਣਦਿਆਂ ਮੈਂ ਆਪਣੇ ਵਿਚਾਰਾਂ ਅਤੇ ਧਾਰਨਾਵਾਂ ਸਮੇਤ ਉਸਦੀਆਂ ਕਵਿਤਾਵਾਂ ਅਤੇ ਮਾਨਤਾਵਾਂ ਦੇ ਨਾਲ ਖਹਿ ਕੇ ਗੁਜ਼ਰਿਆ ਹਾਂ।

ਇਹਨਾਂ ਕਵਿਤਾਵਾਂ ਨੂੰ ਮੈਂ ਪੜ੍ਹਿਆ ਹੈ ਅਤੇ ਇਹਨਾਂ ਨੇ ਮੈਨੂੰ। ਇਸ ਸਫ਼ਰ ਚੋਂ ਗੁਜ਼ਰਦਿਆਂ ਮੈਂ ਆਪਣੇ ਅਨੁਸਾਰ ਨਜ਼ਮਾਂ ਦੀ ਚੋਣ ਕੀਤੀ ਹੈ। ਕੋਈ ਹੋਰ ਇਹ ਕਾਰਜ ਕਰਦਾ ਤਾਂ ਸ਼ਾਇਦ ਇਹ ਚੋਣ ਮੂਲੋਂ ਹੀ ਵੱਖਰੀ ਹੁੰਦੀ। ਹੁਣ ਇਹ ਰਚਨਾਵਾਂ ਪਾਠਕਾਂ ਤੱਕ ਪਹੁੰਚਦੀਆਂ ਕਰਦਿਆਂ ਮੈਂ ਇਸ ਆਸ ਵਿੱਚ ਹਾਂ ਕਿ ਪਾਠਕ ਇਹਨਾਂ ਰਾਹੀਂ ਆਪਣੀ ਕਵਿਤਾ ਅਤੇ ਸਪੇਸ ਦੀ ਰਚਨਾ ਕਰਨਗੇ। ਕਿਉਂਕਿ ਹਰ ਕਲਾਕ੍ਰਿਤ ਨੇ ਕਲਾ ਤਾਂ ਹੀ ਬਣਨਾ ਹੁੰਦਾ ਹੈ ਜੇਕਰ ਉਸ ਵਿੱਚ ਪਾਠਕ ਲਈ ਢੇਰਾਂ-ਢੇਰ ਸਪੇਸ ਹੋਵੇ। ਇਸੇ ਆਸ ਨਾਲ ਹਰਮੀਤ ਵਿਦਿਆਰਥੀ ਦੀ ਸਿਰਜਣ ਪ੍ਰਕਿਰਿਆ ਨੂੰ ਪਾਠਕਾਂ ਦੇ ਸਨਮੁੱਖ ਰੱਖ ਰਿਹਾ ਹਾਂ।

-ਸੁਖਜਿੰਦਰ, ਫਿਰੋਜ਼ਪੁਰ

Best Punjabi Books – ਬਿਹਤਰੀਨ ਪੰਜਾਬੀ ਕਿਤਾਬਾਂ ਪੜ੍ਹੋ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com