ਦੋਸਤੋ ਗਲੋਬਲਾਈਜੇਸ਼ਨ ਦੇ ਦੌਰ ਵਿੱਚ ਦੁਨੀਆਂ ਦੀਆਂ ਹਜ਼ਾਰਾਂ ਖੇਤਰੀ ਭਾਸ਼ਾਵਾਂ ਦੇ ਖਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਕੰਪਿਊਟਰ ਅਤੇ ਇੰਟਰਨੈੱਟ ਦੇ ਵੱਧਦੇ ਪਸਾਰੇ ਨਾਲ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਆਪਣੀ ਮਾਂ-ਬੋਲੀ ਨੂੰ ਵਕਤ ਦੇ ਹਾਣ ਦਾ ਬਣਾਉਣ ਦਾ ਇਹੀ ਵੇਲਾ ਹੈ। ਕੰਪਿਊਟਰ ‘ਤੇ ਆਮ ਪੰਜਾਬੀ ਟਾਈਪ ਕਰਨ ਨਾਲੋਂ ਇੰਟਰਨੈੱਟ ਵਾਸਤੇ ਪੰਜਾਬੀ ਲਿਖਣ ਲਈ ਨਵੀਂ ਅਤੇ ਵੱਖਰੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਇੰਟਰਨੈੱਟ ‘ਤੇ ਵਰਤੇ ਜਾਣ ਵਾਲੇ ਫੌਂਟਾਂ ਨੂੰ ਯੂਨੀਕੋਡ ਫੌਂਟ ਕਿਹਾ ਜਾਂਦਾ ਹੈ, ਕਿਉਂ ਕਿ ਵੈੱਬਸਾਈਟ ‘ਤੇ ਲਿਖਿਆ ਗਿਆ ਪੂਰੀ ਦੁਨੀਆਂ ਵਿੱਚ ਦੇਖਿਆ ਪੜ੍ਹਿਆਂ ਜਾਂਦਾ ਹੈ, ਇਸ ਲਈ ਆਮ ਪੰਜਾਬੀ ਕੰਪਿਊਟਰ ਟਾਈਪ ਨਾਲੋਂ ਇੰਟਰਨੈੱਟ ‘ਤੇ ਪੰਜਾਬੀ ਲਿਖਣ ਦੇ ਲਈ ਕਈ ਵੱਖਰੇ-ਵੱਖਰੇ ਢੰਗ ਹਨ, ਜਿਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਆਪਣੀ ਸਹੂਲਤ ਲਈ ਵਰਤਿਆ ਜਾ ਸਕਦਾ ਹੈ। ਲਫ਼ਜ਼ਾਂ ਦਾ ਪੁਲ ਉੱਪਰ ਅਸੀ ਯੂਨੀਕੋਡ ਵਿਚ ਪੰਜਾਬੀ ਲਿਖਣ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣ ਦੀ ਕੋਸ਼ਿਸ ਕਰ ਰਹੇ ਹਾਂ। ਇਸ ਜਾਣਕਾਰੀ ਨੂੰ ਅਸੀ ਆਨਲਾਈਨ ਪੰਜਾਬੀ ਟਾਈਪਿੰਗ ਸਿੱਖਣ ਦੇ ਚਾਹਵਾਨ ਸਾਥੀਆਂ ਦੇ ਹਿਸਾਬ ਨਾਲ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ,
*ਪਹਿਲੀ ਸ਼੍ਰੇਣੀ
ਜਿਹੜੇ ਸਾਥੀ ਪਹਿਲੀ ਵਾਰ ਪੰਜਾਬੀ ਟਾਈਪਿੰਗ ਸਿੱਖ ਰਹੇ ਹਨ।
*ਦੂਸਰੀ ਸ਼੍ਰੇਣੀ
ਜਿਹੜੇ ਸਾਥੀ ਕੰਪਿਊਟਰ ‘ਤੇ ਸਤਲੁਜ, ਗੁਰਮੁਖੀ, ਅਨਮੋਲ ਲਿੱਪੀ, ਚਾਤ੍ਰਿਕ ਜਾਂ ਹੋਰ ਕੋਈ ਫੌਂਟ ਵਰਤ ਕੇ ਪੰਜਾਬੀ ਟਾਈਪ ਕਰ ਰਹੇ ਹਨ, ਪਰ ਇੰਟਰਨੈੱਟ ‘ਤੇ ਪੰਜਾਬੀ ਟਾਇਪ ਕਰਨਾ ਸਿੱਖਣਾ ਚਾਹੁੰਦੇ ਹਨ।
ਨੋਟ: ਇਹ ਸਾਰੀ ਜਾਣਕਾਰੀ ਵਿੰਡੋਜ਼ ਐਕਸ ਪੀ ਜਾਂ ਇਸ ਤੋਂ ਨਵੇਂ ਵਰਜ਼ਨ ਦੇ ਓਪਰੇਟਿੰਗ ਸਿਸਟਮ ਲਈ ਹੈ। ਇਸ ਤੋਂ ਪੁਰਾਣੇ ਓਪਰੇਟਿੰਗ ਸਿਸਟਮ ਯੂਨੀਕੋਡ ਫੌਂਟ ਚਲਾਉਣ ‘ਚ ਅਸਮਰੱਥ ਹਨ।
ਪਹਿਲੀ ਸ਼੍ਰੇਣੀ ਦੇ ਸਾਥੀਆਂ ਲਈ ਪੰਜਾਬੀ ਟਾਈਪ ਦੇ ਢੰਗ
ਉਹ ਸਾਥੀ ਜਿਹੜੇ ਇੰਟਰਨੈੱਟ ‘ਤੇ ਰੋਮਨ ਵਿੱਚ ਪੰਜਾਬੀ ਲਿਖ ਕੇ (ਅੰਗ੍ਰੇਜੀ ਵਿੱਚ ਪੰਜਾਬੀ ਲਿਖਣ ਨੂੰ ਰੋਮਨ ਪੰਜਾਬੀ ਕਿਹਾ ਜਾਂਦਾ ਹੈ, ਜਿਵੇਂ ਆਮ ਤੌਰ ਤੇ ਮੋਬਾਈਲ ਐੱਸ.ਐੱਮ. ਐੱਸ. ਜਾਂ ਚੈਟ ‘ਚ ਲਿਖੀ ਜਾਂਦੀ ਹੈ) ਚੈਟ ਕਰਦੇ ਹਨ, ਓਰਕੁਟ, ਮਾਈ ਸਪੇਸ, ਫੇਸ ਬੁੱਕ ਜਾਂ ਹੋਰ ਕਿਸੇ ਵੈੱਬਸਾਈਟ ‘ਤੇ ਸਕਰੈਪ ਜਾਂ ਈ-ਮੇਲ ਟਾਈਪ ਕਰਦੇ ਹਨ, ਉਹ ਬੜੀ ਆਸਾਨੀ ਨਾਲ ਅੰਗ੍ਰਜ਼ੀ ਵਿੱਚ ਹੀ ਲਿਖ ਕੇ ਪੰਜਾਬੀ ਟਾਈਪ ਕਰ ਸਕਦੇ ਹਨ। ਇਸ ਦੇ ਲਈ ਵੱਖ ਵੱਖ ਟੂਲਜ਼ ਉੱਪਲਬਧ ਹਨ।
ਟੂਲ/ਔਜਾਰ ਨੰਬਰ 1ਨਾਮ| ਬਰਾਹਾ ਟੂਲ।
ਵਰਤੋਂ| ਔਫਲਾਈਨ ਵਰਤਿਆ ਜਾ ਸਕਦਾ ਹੈ।
ਖ਼ਾਸ| ਪੰਜਾਬੀ ਅਤੇ ਹਿੰਦੀ ਸਮੇਤ ਭਾਰਤ ਦੀਆਂ ਕਈ ਭਾਸ਼ਾਵਾ ਵਿੱਚ ਟਾਈਪ ਕਰਨ ਅਤੇ ਸੇਵ ਕਰਨ ਦੀ ਸਹੂਲਤ
ਇਸ ਟੂਲ ਰਾਹੀਂ ਤੁਸੀ ਅੰਗ੍ਰੇਜ਼ੀ ਵਿੱਚ ਐੱਸ.ਐਮ.ਐੱਸ ਜਾਂ ਚੈਟ ਵਾਂਗ ਹੀ ਟਾਈਪ ਕਰੋਗੇ ਅਤੇ ਇੱਕ ਕਲਿੱਕ ਦੇ ਨਾਲ ਹੀ ਲਿਖੇ ਹੋਏ ਸਾਰੇ ਦੇ ਸਾਰੇ ਸ਼ਬਦ ਪੰਜਾਬੀ (ਗੁਰਮੁਖੀ) ਵਿੱਚ ਬਦਲ ਜਾਣਗੇ। ਫਿਰ ਤੁਸੀ ਇਸਨੂੰ ਕਾਪੀ ਕਰਕੇ ਇੰਟਰਨੈੱਟ ‘ਤੇ ਈ-ਮੇਲ, ਚੈਟ ਜਾਂ ਕਿਤੇ ਵੀ ਪੇਸਟ ਕਰ ਸਕੋਗੇ। ਇਸ ਵਿੱਚ ਇੱਕ ਖ਼ਾਸ ਗੱਲ ਧਿਆਨ ਰੱਖਣ ਵਾਲੀ ਹੈ ਕਿ ਰੋਮਨ ਵਿੱਚ ਲਿਖਦੇ ਹੋਏ ਪੰਜਾਬੀ ਦੇ ਸ਼ਬਦ ਬਿਲਕੁਲ ਸੱਪਸ਼ਟ ਅਤੇ ਸਹੀ ਸਪੈਲਿੰਗ ਵਿੱਚ ਲਿਖਣੇ ਹੁੰਦੇ ਹਨ, ਤੁਸੀ ਆਪਣੀ ਮਰਜ਼ੀ ਦੇ ਸਪੈਲਿੰਗ ਨਹੀਂ ਬਣਾ ਸਕਦੇ। ਥੋੜੀ ਜਿਹੀ ਪ੍ਰੈਕਟਿਸ ਨਾਲ ਤੁਸੀਂ ਇਹ ਆਸਾਨੀ ਨਾਲ ਸਿੱਖ ਸਕਦੇ ਹੋ। ਇਸ ਟੂਲ ਨੂੰ ਡਾਊਨਲੋਡ ਕਰਨ ਲਈ ਹੇਠ ਲਿਖੇ ਲਿੰਕ ‘ਤੇ ਕਲਿੱਕ ਕਰੋ।
http://www.baraha.com/baraha.htmਇਸ ਦੀ ਸਭ ਤੋਂ ਵੱਡੀ ਖ਼ਾਸਿਅਤ ਇਹ ਹੈ ਕਿ ਇਸ ਵਿਚ ਟਾਈਪ ਕਰਕੇ ਅਸੀਂ ਫ਼ਾਈਲ ਨੂੰ ਬਾਅਦ ਵਿਚ ਵਰਤਣ ਲਈ ਸੇਵ ਕਰ ਸਕਦੇ ਹਾਂ। ਬਿਲਕੁਲ ਉਵੇਂ ਜਿਵੇਂ ਮਾਈਕ੍ਰੋਸਾਫ਼ਟ ਵਰਡ ਵਿਚ ਲਿਖ ਕੇ ਅਸੀਂ ਸੇਵ ਕਰ ਲੈਂਦੇ ਹਾਂ। ਇਸੇ ਤਰ੍ਹਾਂ ਬਰਾਹਾ ਦੀ ਫ਼ਾਈਲ ਬਣ ਜਾਵੇਗੀ।
ਇਸ ਟੂਲ ਦੇ ਨਾਲ ਪੰਜਾਬੀ ਟਾਇਪਿੰਗ ਦੀ ਵਿਸਤਾਰ ਨਾਲ ਜਾਣਕਾਰੀ ਲੈਣ ਲਈ ਅਤੇ ਟਾਈਪ ਦੇ ਨਮੂਨੇ ਦੇਖਣ ਲਈ
ਇੱਥੇ ਕਲਿੱਕ ਕਰੋ।
ਟੂਲ/ਔਜਾਰ ਨੰਬਰ 2ਨਾਮ । ਲਿੱਪੀਕਾਰ
ਵਰਤੋਂ । ਔਨ-ਲਾਈਨ । ਔਫਲਾਈਨ । ਐਂਡਰਾਇਡ ਫ਼ੋਨ ਲਈ ਵੀ ਉਪਲਬੱਧ
ਖ਼ਾਸੀਅਤਾਂ । ਮੋਬਾਈਲ ਫੋਨ ‘ਤੇ ਐਸ.ਐਮ.ਐਸ ਟਾਈਪ ਕਰਨ ਵਾਂਗ ਟਾਈਪ ਕਰ ਸਕਦੇ ਹੋ।
ਲਿੱਪੀਕਾਰ ਆਨਲਾਈਨ ਟੂਲ ਵਿਚ ਪੰਜਾਬੀ ਟਾਈਪ ਕਰਨੀ ਬਹੁਤ ਆਸਾਨ ਹੈ। ਬਿਲਕੁਲ ਓਵੇਂ ਜਿਵੇਂ ਆਮ ਮੋਬਾਈਲ ਫੋਨਾਂ ਵਿਚ ਮੈਸਜ ਟਾਈਪ ਕੀਤਾ ਜਾਂਦਾ ਹੈ। ਸਭ ਤੋਂ ਪਹਿਲਾਂ
http://www.lipikaar.com/ ‘ਤੇ ਜਾਓ ਅਤੇ ਸੱਜੇ ਪਾਸੇ ਬਣੇ ਲੈਂਗੁਏਜ਼ ਬਾਕਸ ਵਿੱਚ ਦਿੱਤੀ ਭਾਸ਼ਾਵਾਂ ਦੀ ਸੂਚੀ ਵਿਚੋਂ ਪੰਜਾਬੀ ਚੁਣੋ। ਪੰਜਾਬੀ ਚੁਣਦੇ ਹੀ ਸਕਰੀਨ ਦੇ ਵਿਚਕਾਰ ਪੰਜਾਬੀ ਪੈਡ ਖੁੱਲ੍ਹ ਜਾਵੇਗਾ। ਇਸ ਨੂੰ ਵਰਤਣ ਦੇ ਕੁਝ ਨੁਕਤੇ ਪੈਡ ਦੇ ਉੱਪਰ ਹੀ ਸਮਝਾਏ ਹੋਏ ਹਨ। ਜਿਵੇਂ ਕਿ-
1. ਉਦੋਂ ਤੱਕ ਅੰਗਰੇਜ਼ੀ ਕੀ-ਬੋਰਡ ਦਾ ਉਹ ਅੱਖਰ ਦਬਦੇ ਰਹੇ ਜੋ ਪੰਜਾਬੀ ਦੇ ਅੱਖਰ ਦੀ ਧੁਨੀ ਦੇ ਨੇੜੇ ਹੈ। ਉਦਾਹਰਣ ਲਈ ਜੇ ਅਸੀਂ ਖਖਾ (ਖ) ਟਾਈਪ ਕਰਨਾ ਹੋਵੇ ਤਾਂ ਅਸੀਂ ਅੰਗਰੇਜ਼ੀ ਦਾ ਕੇ (k) ਬਟਨ ਦਬਾਵਾਂਗੇ। ਪਹਿਲਾਂ ਕੱਕਾ ਟਾਈਪ ਹੋਵੇਗਾ, ਉਸ ਦੇ ਨਾਲ ਹੀ ਅਗਲੇ ਅੱਖਰਾਂ ਦਾ ਵਿਕਲਪ ਦਿਖਾਇਆ ਜਾਵੇਗਾ। ਕੇ ਬਟਨ ਨੂੰ ਓਨੀ ਵਾਰੀ ਦਬਾਈ ਜਾਓ ਜਦੋਂ ਤੱਕ ਤੁਸੀਂ ਮਨਚਾਹੇ ਅੱਖਰ ‘ਤੇ ਨਹੀਂ ਪਹੁੰਚ ਜਾਂਦੇ। ਜਿਵੇਂ ਖਖਾ (ਖ) ਲਿਖਣ ਲਈ ਅਸੀਂ ਕੇ (k) ਅੱਖਰ ਵਾਲੇ ਬਟਨ ਨੂੰ ਦੋ ਵਾਰ ਦਬਾਵਾਂਗੇ।
2. ਜਿਸ ਅੱਖਰ ਦੇ ਪੈਰ ਵਿਚ ਕੋਈ ਅੱਖਰ ਪਾਉਣਾ ਹੋਵੇ ਉਹ ਅੱਖਰ ਟਾਈਪ ਕਰਨ ਤੋਂ ਬਾਅਦ ਅੰਗਰੇਜ਼ੀ ਦਾ ਐਕਸ ਬਟਨ ਦਬਾਓ ਅਤੇ ਪੈਰ ਵਿਚ ਪਾਉਣ ਵਾਲੇ ਅੱਖਰ ਦਾ ਬਟਨ ਦਬਾਓ। ਐਕਸ ਤੋਂ ਬਾਅਦ ਲਿਖਿਆ ਅੱਖਰ ਆਪਣੇ ਆਪ ਪਹਿਲੇ ਅੱਖਰ ਦੇ ਪੈਰਾਂ ਵਿਚ ਚਲਾ ਜਾਵੇਗਾ। ਉਦਾਹਰਣ ਲਈ ਲੱਲੇ ਪੈਰ ਹਾਹਾ ਪਾਉਣਾ ਹੋਵੇ ਤਾਂ ਅਸੀਂ ਟਾਈਪ ਕਰਾਂਗੇ ਐੱਲ+ਐਕਸ+ਐੱਚ (l+x+h) ਇਹ ਆਪਣੇ ਆਪ ਲੱਲੇ ਪੈਰ ਹਾਹਾ (ਲ੍ਹ) ਬਣ ਜਾਵੇਗਾ।
3. ਅੱਧਕ, ਬਿੰਦੀ, ਟਿੱਪੀ, ਪੈਰੀਂ ਬਿੰਦੀ ਆਦਿ ਪਾਉਣ ਲਈ ਅੰਗਰੇਜ਼ੀ ਦਾ ਜ਼ੈੱਡ (z) ਬਟਨ ਦਬਾਓ।
ਇਹ ਔਜ਼ਾਰ ਨਵੇਂ ਸਿਖਾਂਦਰੂਆਂ ਲਈ ਬਹੁਤ ਲਾਹੇਵੰਦ ਹੈ, ਜੋ ਮੋਬਾਈਲ ਫ਼ੋਨ ‘ਤੇ ਅੰਗਰੇਜ਼ੀ ਵਿਚ ਪੰਜਾਬੀ ਲਿਖਦੇ ਹਨ, ਉਨ੍ਹਾਂ ਨੂੰ ਇਹ ਤਰੀਕਾ ਆਸਾਨ ਲੱਗੇਗਾ। ਅਭਿਆਸ ਨਾਲ ਹੋਰ ਵੀ ਸੌਖਾ ਹੋ ਜਾਵੇਗਾ। ਉੱਪਰ ਦੱਸੇ ਢੰਗ ਨਾਲ ਜੋ ਵੀ ਟਾਈਪ ਕਰਨਾ ਹੈ ਕਰੋ ਅਤੇ ਫ਼ਿਰ ਉਸ ਨੂੰ ਸਿਲੈਕਟ ਕਰਕੇ ਕਾਪੀ ਕਰਕੇ ਇੰਟਰਨੈੱਟ ‘ਤੇ ਕਿਵੇ ਵੀ ਭਾਵ ਈਮੇਲ, ਫੇਸਬੁੱਕ, ਚੈਟ ਆਦਿ ਵਿਚ ਪੇਸਟ ਕਰ ਸਕਦੇ ਹੋ।
ਜੇਕਰ ਤੁਸੀਂ ਮੌਜ਼ੀਲਾ ਫਾਈਰਫੌਕਸ ਬ੍ਰਾਊਜ਼ਰ ਵਰਤਦੇ ਹੋ ਤਾਂ ਕਾਪੀ-ਪੇਸਟ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ, ਕਿਉਂਕਿ ਲਿੱਪੀਕਾਰ ਦਾ ਐਡ-ਆਨ ਔਜ਼ਾਰ ਫਾਇਰਫੌਕਸ ਲਈ ਉਪਲਬੱਧ ਹੈ। ਫਾਈਫੌਕਸ ਵਿਚ ਲਿੱਪੀਕਾਰ ਐਡ-ਆਨ ਇੰਸਟਾਲ ਕਰਕੇ ਸਿੱਧਾ ਈਮੇਲ ਜਾਂ ਚੈਟ ਕਿਤੇ ਵੀ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ। ਫਾਇਰਫੌਕਸ ਇੰਟਰਨੈੱਟ ਐਕਸਪਲੋਰਲ ਜਾਂ ਕਰੋਮ ਵਰਗਾ ਹੀ ਇੱਕ ਵੈੱਬ ਬ੍ਰਾਊਜ਼ਰ ਹੈ, ਜਿਹੜਾ ਤਕਨੀਕੀ ਪੱਧਰ ‘ਤੇ ਕਾਫੀ ਮਜ਼ਬੂਤ ਹੈ। ਲਿੱਪੀਕਾਰ ਉਸਦਾ ਇੱਕ ਫਰੀ ਪੱਲਗ-ਇਨ ਔਜਾਰ ਹੈ, ਜਿਸ ਨੂੰ ਇੰਸਟਾਲ ਕਰਕੇ ਮੋਬਾਈਲ ਫੋਨ ‘ਤੇ ਐਸ.ਐਮ.ਐਸ. ਟਾਈਪ ਕਰਨ ਵਾਂਗ ਪੰਜਾਬੀ ਸਮੇਤ ਭਾਰਤ ਦੀਆਂ 17 ਭਾਸ਼ਾਵਾਂ ਵਿੱਚ ਟਾਈਪ ਕੀਤਾ ਜਾ ਸਕਦਾ ਹੈ। ਇਸ ਔਜਾਰ ਨੂੰ ਡਾਊਨਲੋਡ ਕਰਨ ਲਈ ਅਤੇ ਪੂਰੀ ਜਾਣਕਾਰੀ ਲੈਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ।
http://www.lipikaar.com/download-lipikaar-addon-for-firefox
ਲਿੰਕ ‘ਤੇ ਜਾ ਕੇ ਫਾਇਰਫੌਕਸ ‘ਡਾਊਨਲੋਡ ਲਿੱਪੀਕਾਰ ਫਾਇਰਫੌਕਸ ਐਡ ਆਨ’ ਬਟਨ ‘ਤੇ ਕਲਿੱਕ ਕਰੋ ਅਤੇ ਡਾਊਨਲੋਡ ਕਰ ਲਓ। ਡਾਊਨਲੋਡ ਹੋਣ ਤੋਂ ਬਾਅਦ ਸੂਰਜ ਦੇ ਨਿਸ਼ਾਨ ਵਾਲਾ ਲਿੱਪੀਕਾਰ ਐਡ-ਆਨ ਬਟਨ ਫਾਇਰਫੌਕਸ ਦੀ ਐੱਡਰੈਸ ਬਾਰ ਦੇ ਸੱਜੇ ਖੂੰਜੇ ਵਿਚ ਨਜ਼ਰ ਆ ਜਾਵੇਗਾ।
ਹੁਣ ਜਿਸ ਜਗ੍ਹਾ ਵੀ ਪੰਜਾਬੀ ਟਾਈਪ ਕਰਨੀ ਹੋਵੇ ਉਸ ਜਗ੍ਹਾ ‘ਤੇ ਜਾਓ,
ਭਾਵ ਜੇ ਜੀ-ਮੇਲ ਵਿਚ ਪੰਜਾਬੀ ਲਿਖਣੀ ਹੋਵੇ ਤਾਂ ਫਾਈਰਫੌਕਸ ਵਿਚ ਜੀ-ਮੇਲ ਖੋਲ੍ਹੋ।
ਹੁਣ ਕੰਪੋਜ਼ ਬਟਨ ‘ਤੇ ਕਲਿੱਕ ਕਰੋ।
ਫਿਰ ਈ-ਮੇਲ ਲਿਖਣ ਵਾਲੀ ਜਗ੍ਹਾ ‘ਤੇ ਕਲਿੱਕ ਕਰੋ।
ਹੁਣ ਸੂਰਜ ਦੇ ਨਿਸ਼ਾਨ ਵਾਲੇ ਲਿੱਪੀਕਾਰ ਬਟਨ ‘ਤੇ ਕਲਿੱਕ ਕਰੋ ਅਤੇ ਇਸ ਵਿਚੋਂ ਪੰਜਾਬੀ ਚੁਣ ਲਵੋ।
ਕੀ-ਬੋਰਡ ਪੰਜਾਬੀ ਵਿਚ ਬਦਲ ਜਾਵੇਗਾ। ਹੁਣ ਪੰਜਾਬੀ ਵਿਚ ਈ-ਮੇਲ ਟਾਈਪ ਕਰੋ।
ਆਪਣਾ ਕੰਮ ਖਤਮ ਕਰਨ ਤੋਂ ਬਾਅਦ ਲਿੱਪੀਕਾਰ ਬਟਨ ‘ਤੇ ਕਲਿੱਕ ਕਰਕੇ ਇਸ ਨੂੰ ਬੰਦ ਕਰ ਸਕਦੇ ਹੋ।
ਤੁਹਾਡਾ ਕੀ-ਬੋਰਡ ਨਾਰਮਲ ਹੋ ਜਾਵੇਗਾ।
ਲਿੱਪੀਕਾਰ ਔਨ-ਆਫ਼ ਕਰਨ ਲਈ ਕੰਟਰੋਲ+ਐਲਟ+ਐੱਲ ਸ਼ੌਰਟ-ਕੱਟ ਵਰਤਿਆ ਜਾ ਸਕਦਾ ਹੈ।
ਇਸਦੇ ਨਾਲ ਹੀ ਵਿੰਡੋਜ਼ ਵਿਚ ਇਸਨੂੰ ਡਾਊਨਲੋਡ ਕਰਕੇ ਔਨਲਾਈਨ ‘ਤੇ ਔਫਲਾਈਨ ਵਰਤਿਆ ਜਾ ਸਕਦਾ ਹਨ।
ਵਿੰਡੋਜ਼ ਵਿਚ ਇਸ ਔਜਾਰ ਨੂੰ ਡਾਊਨਲੋਡ ਕਰਨ ਲਈ ਅਤੇ ਪੂਰੀ ਜਾਣਕਾਰੀ ਲੈਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ।
www.lipikaar.com/download-lipikaar-typing-software-for-windows
ਐਂਡਰਾਇਡ ਲਈ ਲਿੱਪੀਕਾਰ
ਜੇ ਤੁਸੀਂ ਐਂਡਰਾਇਡ ਓਪਰੇਟਿੰਗ ਸਿਸਟਮ ਵਾਲਾ ਸਮਾਰਫ਼ੋਨ ਵਰਤਦੇ ਹੋ ਅਤੇ ਉਸ ਵਿਚ ਪੰਜਾਬੀ ਲਿਖਣਾ ਚਾਹੁੰਦੇ ਹੋ ਤਾਂ ਲਿੱਪੀਕਾਰ ਨਾਲ ਇਹ ਵੀ ਸੰਭਵ ਹੈ। ਆਪਣੇ ਐਂਡਰਾਇਡ ਫ਼ੋਨ ਵਾਸਤੇ ਲਿੱਪੀਕਾਰ ਡਾਊਨਲੋਡ ਕਰਨ ਲਈ ਇਸ ਲਿੰਕ ‘ਤੇ ਜਾਓ
https://play.google.com/store/apps/details?id=com.lipikaar.android.keyboard.punjabi
ਹੋਰ ਆਨਲਾਈਨ ਟੂਲ
ਸਿਖਾਂਦਰੂਆਂ ਅਤੇ ਪਹਿਲੀ ਵਾਰ ਸਿੱਖਣ ਵਾਲਿਆਂ ਲਈ ਇਹ ਔਜ਼ਾਰ ਕਾਫ਼ੀ ਲਾਹੇਵੰਦ ਹੋ ਸਕਦੇ ਹਨ, ਕਿਉਂ ਕਿ ਇਨ੍ਹਾਂ ਨੂੰ ਵਰਤਣ ਲਈ ਕੋਈ ਸ਼ੁਰੂਆਤੀ ਤਕਨੀਕੀ ਤਿਆਰੀ ਦੀ ਲੋੜ ਨਹੀਂ। ਬੱਸ ਸਿੱਧਾ ਇਹ ਵੈੱਬਸਾਇਟਾਂ ਖੋਲ੍ਹੋ ਅਤੇ ਟਾਈਪ ਕਰੋ। ਹੇਠ ਲਿਖੇ ਲਿੰਕਸ ‘ਤੇ ਜਾ ਕੇ ਆਨਲਾਈਨ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਕਾਪੀ-ਪੇਸਟ ਰਾਹੀਂ ਕਿਤੇ ਵੀ ਵਰਤਿਆ ਜਾ ਸਕਦਾ ਹੈ।
ਪਹਿਲਾ ਹੈ ਕੌਲ ਆਨਲਾਈਨ, ਇਸ ਵੈੱਬਾਸਾਈਟ ‘ਤੇ ਪੰਜਾਬੀ ਦਾ ਕੀ-ਬੋਰਡ ਵੀ ਮੌਜੂਦ ਹੈ, ਜਿਸ ਨੂੰ ਦੇਖ-ਦੇਖ ਕੇ ਆਸਾਨੀ ਨਾਲ ਪੰਜਾਬੀ ਟਾਈਪ ਕੀਤੀ ਜਾ ਸਕਦੀ ਹੈ ਅਤੇ ਅਭਿਆਸ ਨਾਲ ਟਾਈਪ ਸਿੱਖੀ ਵੀ ਜਾ ਸਕਦੀ ਹੈ। ਲਿੰਕ ਹੈ
ਕੁਇੱਲਪੈਡ ਵੀ ਆਨਲਾਈਨ ਟਾਈਪਿੰਗ ਟੂਲ ਹੈ। ਇਸ ਵੈੱਬਸਾਈਟ ‘ਤੇ ਵੀ ਰੋਮਨ ਟਾਈਪਿੰਗ ਵਾਂਗ ਆਸਾਨੀ ਨਾਲ ਪੰਜਾਬੀ ਟਾਈਪ ਕਰਕੇ ਉਸਨੂੰ ਕਾਪੀ-ਪੇਸਟ ਰਾਹੀਂ ਕਿਤੇ ਵੀ ਵਰਤਿਆ ਜਾ ਸਕਦਾ ਹੈ। ਇੱਥੇ ਖਾਸ ਗੱਲ ਇਹ ਹੈ ਕਿ ਨਵੇਂ ਸਾਥੀਆਂ ਲਈ ਟਾਈਪ ਕਰਨ ਦੇ ਢੰਗ ਸਿਖਾਉਣ ਲਈ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਦਾ ਗੁਰਮੁਖੀ ਯੂਨੀਕੋਡ ਟਾਈਪਿੰਗ ਪੈਡ ਵੀ ਅਜਿਹਾ ਹੀ ਆਨ-ਲਾਈਨ ਸਾਧਨ ਹੈ, ਜਿੱਥੇ ਰੋਮਨ ਵਿਚ ਪੰਜਾਬੀ ਟਾਈਪ ਕਰਕੇ, ਗੁਰਮੁਖੀ ਵਿਚ ਪੰਜਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇੱਥੇ ਵੀ ਸਾਹਮਣੇ ਗੁਰਮੁਖੀ ਦਾ ਕੀ-ਬੋਰਡ ਦਿਖਾਇਆ ਗਿਆ ਹੈ, ਜਿਸ ਨੂੰ ਦੇਖ-ਦੇਖ ਕੇ ਆਸਾਨੀ ਨਾਲ ਗੁਰਮੁਖੀ ਟਾਈਪ ਕੀਤੀ ਜਾ ਸਕਦੀ ਹੈ।
http://g2s.learnpunjabi.org/unipad.aspx
*ਦੂਸਰੀ ਸ਼੍ਰੇਣੀ ਦੇ ਵਰਤੋਂਕਾਰਾਂ ਲਈ ਔਜ਼ਾਰ ਹੇਠ ਲਿਖੇ ਹਨ।
ਉਨ੍ਹਾਂ ਸਾਥੀਆਂ ਲਈ ਜੋ ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ, ਗੁਰਲਿੱਪੀ, ਸਤਲੁਜ ਫੌਂਟ ਵਿਚ ਪੰਜਾਬੀ ਟਾਈਪ ਕਰਦੇ ਹਨ ਅਤੇ ਇੰਟਰਨੈੱਟ ਤੇ ਪੰਜਾਬੀ ਵਿਚ ਲਿਖਣਾ/ਪ੍ਰਕਾਸ਼ਿਤ ਕਰਨਾ ਚਾਹੁੰਦੇ ਹਨ
ਦੋਸਤੋ ਜੇਕਰ ਤੁਸੀ ਪਹਿਲਾਂ ਤੋਂ ਕੰਪਿਊਟਰ ‘ਤੇ ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ, ਪੰਜਾਬੀ ਫੌਂਟ, ਗੁਰਲਿੱਪੀ, ਸਤਲੁਜ ਫੌਂਟ ਵਿੱਚ ਪਹਿਲਾਂ ਤੋਂ ਟਾਈਪ ਕਰ ਰਹੇ ਹੋ, ਪਰ ਇੰਟਰਨੈੱਟ ‘ਤੇ ਪੰਜਾਬੀ ਟਾਈਪ ਕਰਨਾ ਚਾਹੁੰਦੇ ਹੋ। ਉਸ ਲਈ ਮੁੱਖ ਤੌਰ ‘ਤੇ ਦੋ ਢੰਗ ਹਨ। ਇਨ੍ਹਾਂ ਔਜਾਰਾਂ ਰਾਹੀਂ ਤੁਸੀ ਆਪਣੇ ਪਸੰਦੀਦਾਂ ਫੌਂਟਾ ਵਿਚ ਲਿਖਿਆਂ ਆਪਣੀਆਂ ਫਾਈਲਾਂ ਨੂੰ ਯੂਨੀਕੋਡ ਵਿਚ ਬਦਲ (ਕਰਵਰਟ ਕਰ) ਸਕਦੇ ਹੋ।
ਗੂਕਾ ਫੌਂਟ ਕਨਵਰਟਰ
ਪਹਿਲਾ ਢੰਗ ਗੂਕਾ ਫੌਂਟ ਕਨਵਰਟਰ ਹੈ, ਜਿਸ ਰਾਹੀਂ ਤੁਸੀ ਪੰਜਾਬੀ ਵਿੱਚ (ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ, ਪੰਜਾਬੀ ਫੌਂਟ, ਗੁਰਲਿੱਪੀ, ਸਤਲੁਜ) ਟਾਈਪ ਕੀਤੀ ਹੋਈ ਫਾਈਲ ਨੂੰ ਯੂਨੀਕੋਡ ਫੌਂਟ ਵਿੱਚ ਤਬਦੀਲ ਕਰ ਸਕਦੇ ਹੋ। ਫਿਰ ਇਨ੍ਹਾਂ ਨੂੰ ਕਾਪੀ-ਪੇਸਟ ਰਾਹੀਂ ਇੰਟਰਨੈੱਟ ‘ਤੇ ਕਿਤੇ ਵੀ ਵਰਤ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਇਸ ਨਾਲ ਤੁਸੀ ਆਪਣੇ ਪਹਿਲਾਂ ਤੋਂ ਲਿਖੇ ਸੈਂਕੜੇ ਪੰਨੇ ਇਕ ਹੀ ਕਲਿੱਕ ਨਾਲ ਯੂਨੀਕੋਡ ਵਿੱਚ ਤਬਦੀਲ ਕਰਕੇ ਇੰਟਟਨੈੱਟ ‘ਤੇ ਪ੍ਰਕਾਸ਼ਿਤ ਕਰ ਸਕਦੇ ਹੋ।
ਗੂਕਾ ਡਾਊਨਲੋਡ ਕਰਨ ਲਈ ਅਤੇ ਇਸ ਨੂੰ ਵਰਤਣ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਇਸ ਲਿੰਕ ‘ਤੇ ਜਾਉ।
ਜੇਕਰ ਇਸ ਨੂੰ ਵਰਤਣ ਵਿੱਚ ਤੁਹਾਨੂੰ ਦਿੱਕਤ ਮਹਿਸੂਸ ਹੋ ਰਹੀ ਹੈ ਤਾਂ ਤੁਸੀ ਸਾਨੂੰ ਸੰਪਰਕ ਕਰ ਸਕਦੇ ਹੋ।
ਆਨਲਾਈਨ ਫੌਂਟ ਕਨਵਰਟਰ
ਇਸ ਔਜ਼ਾਰ ਰਾਹੀਂ ਅਸੀਂ ਪੰਜਾਬੀ ਦੇ ਕਈ ਫੌਂਟਾਂ ਨੂੰ ਯੂਨੀਕੋਡ ਜਾਂ ਯੂਨੀਕੋਡ ਤੋਂ ਦੂਸਰੇ ਫੌਂਟਾਂ ਵਿਚ ਤਬਦੀਲ ਕਰ ਸਕਦੇ ਹਾਂ। ਇਸ ਔਜ਼ਾਰ ਦੀ ਸੂਚੀ ਵਿਚ ਦਿੱਤੇ ਵੱਖ-ਵੱਖ ਫੌਂਟਾਂ ਵਾਲੀਆਂ ਵਰਡ ਆਦਿ ਵਿਚ ਲਿਖੀਆਂ ਲਿਖਤਾਂ ਨੂੰ ਇਸ ਵਿਚ ਪੇਸਟ ਕਰਕੇ, ਯੂਨੀਕੋਡ ਤੋਂ ਇਲਾਵਾ ਸੂਚੀ ਵਿੱਚ ਦਿੱਤੇ ਹੋਰ ਫੌਂਟਾਂ ਵਿਚ ਵੀ ਤਬਦੀਲ ਕਰ ਸਕਦੇ ਹਾਂ। ਲਿੰਕ ਹੈ-
http://punjabi.aglsoft.com/punjabi/converter/
ਆਪਣੀ ਪਸੰਦ ਦੇ ਫੌਂਟ ਵਾਲਾ ਕੀ-ਬੋਰਡ ਇੰਸਟਾਲ ਕਰੋ, ਦਿਲ ਖੌਲ ਕੇ ਪੰਜਾਬੀ ਲਿਖੋ
ਦੂਸਰਾ ਢੰਗ ਆਪਣੇ ਕੰਮਪਿਊਟਰ ‘ਤੇ ਪੰਜਾਬੀ ਕੀ-ਬੋਰਡ ਇੰਸਟਾਲ ਕਰਕੇ ਤੁਸੀ ਅੰਗਰੇਜ਼ੀ ਵਾਂਗ ਸਿੱਧੇ ਇੰਟਰਨੈੱਟ ‘ਤੇ ਪੰਜਾਬੀ ਵੀ ਟਾਈਪ ਕਰ ਸਕਦੇ ਹੋ। ਫਿਰ ਨਾ ਕਾਪੀ ਪੇਸਟ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਨਾ ਹੀ ਇੰਟਰਨੈੱਟ ਦੇ ਕਿਸੇ ਹੋਰ ਮਾਧਿਆਮ ‘ਤੇ ਜਾ ਕੇ ਟਾਈਪ ਕਰਨ ਦੀ, ਬੱਸ ਆਪਣੇ ਕੰਪਿਊਟਰ ਵਿਚ ਪੰਜਾਬੀ ਦਾ ਕੀ-ਬੋਰਡ ਚੁਣੋ ਅਤੇ ਜਿੱਥੇ ਚਾਹੋ, ਜਿੰਨੀ ਚਾਹੋ, ਪੰਜਾਬੀ ਟਾਈਪ ਕਰੀ ਜਾਓ। ਇਸ ਢੰਗ ਦੀ ਸ਼ੂਰੁਆਤ ਵਿੱਚ ਤੁਹਾਨੂੰ ਇੰਸਟਾਲੇਸ਼ਨ ਵਾਸਤੇ ਥੋੜੀ ਮਿਹਨਤ ਕਰਨੀ ਪਵੇਗੀ, ਪਰ ਇੱਕ ਵਾਰੀ ਇਸ ਤਰ੍ਹਾਂ ਕਰਕੇ ਹਮੇਸ਼ਾ ਦੀ ਸਹੂਲਤ ਹੋ ਜਾਵੇਗੀ।
ਅੱਗੇ ਲਿਖੇ ਢੰਗ ‘ਤੇ ਅਮਲ ਕਰਦੇ ਹੋਏ ਆਪਣੀ ਪਸੰਦ ਦਾ ਕੀ-ਬੋਰਡ ਅਤੇ ਯੂਨੀਕੋਡ ਫੌਂਟ ਆਪਣੇ ਕੰਪਪਿਊਟਰ ‘ਤੇ ਇੰਸਟਾਲ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਆਪਣੀ ਚੌਣ ਦੇ ਫੌਂਟ (ਧਨੀਰਾਮ ਚਾਤ੍ਰਿਕ, ਅਨਮੋਲ ਲਿੱਪੀ ਆਦਿ) ਦਾ ਯੂਨੀਕੋਡ ਫੌਂਟ ਡਾਊਨਲੋਡ ਕਰਨ ਲਈ ਇਸ ਲਿੰਕ ‘ਤੇ ਜਾਉ ਅਤੇ ਇੱਥੌਂ ਫੌਂਟ ਡਾਊਨਲੋਡ ਕਰਕੇ ਆਪਣੇ ਫੌਂਟਸ ਫੋਲਡਰ ਵਿੱਚ ਇੰਸਟਾਲ ਕਰੋ।
ਹੁਣ ਇਸੇ ਵੈਬਸਾਈਟ ਤੋਂ ਸਭ ਤੋਂ ਹੇਠਾਂ ਜਾ ਕੇ ਆਪਣੇ ਫੌਂਟ ਵਾਲਾ ਕੀ-ਬੋਰਡ ਡਾਊਨਲੋਡ ਕਰੋ। ਇਹ ਕੀ-ਬੋਰਡ ਜ਼ਿਪ ਫੋਰਮੈਟ ਵਿੱਚ ਹੈ। ਇਸ ਲਈ ਇਸਨੂੰ ਪਹਿਲਾਂ ਅਨਜ਼ਿਪ ਕਰੋ (ਇਸਦੇ ਲਈ ਵਿਨਜ਼ਿਪ ਸਾਫਟਵੇਅਰ ਦੀ ਲੋੜ ਪਵੇਗੀ)। ਫਿਰ ਇਸ ਕੀ-ਬੋਰਡ ਦਾ ਸੈੱਟਅਪ ਚਲਾ ਕੇ ਇਸ ਨੂੰ ਇੰਸਟਾਲ ਕਰ ਲਓ…
ਹੁਣ ਅਗਲਾ ਕੰਮ ਇਸ ਕੀ-ਬੋਰਡ ਨੂੰ ਵਰਤਣ ਲਈ ਸੈਟਿੰਗ ਕਰਨ ਦਾ ਹੈ।
ਵਿੰਡੋਜ਼ ਐਕਸ ਪੀ ਵਾਲਿਆਂ ਨੂੰ ਇਸ ਲਈ ਵਿੰਡੋਜ਼ ਦੀ ਸੀਡੀ ਦੀ ਲੋੜ ਪਵੇਗੀ। ਸੀਡੀ ਡਰਾਈਵ ਵਿੱਚ ਵਿੰਡੋਜ਼ ਦੀ ਸੀਡੀ ਪਾਓ।
ਵਿੰਡੋਜ਼ ਸੈਵਨ ਜਾਂ ਉਸ ਤੋਂ ਉੱਪਰ ਵਾਲਿਆਂ ਨੂੰ ਇਸ ਦੀ ਲੋੜ ਨਹੀਂ ਪਵੇਗੀ।
ਆਪਣੀ ਵਿੰਡੋਜ਼ ਦੇ ਅਨੁਸਾਰ ਜੇ ਸੀ.ਡੀ ਦੀ ਲੋੜ ਹੈ ਤਾਂ ਪਾਓ।
ਇਸ ਤੋਂ ਅੱਗੇ ਸਾਰੀਆਂ ਵਿੰਡੋਜ਼ ਲਈ ਹੇਠਾਂ ਦਿੱਤੀ ਕਾਰਵਾਈ ਇਕੋ ਜਿਹੀ ਹੈ।
1. ਸਟਾਰਟ ਬਟਨ ‘ਤੇ ਕਲਿੱਕ ਕਰੋ। ਸੈਟਿੰਗ ਵਿੱਚ ਜਾਓ ਅਤੇ ਕੰਟਰੋਲ ਪੈਨਲ ਖੋਲੋ।
2. ਕੰਟਰੋਲ ਪੈਨਲ ਵਿੱਚ ਰੀਜਨਲ ਐਂਡ ਲੈਗਵੇਜ ਆਪਸ਼ਨਸ ‘ਤੇ ਡਬਲ ਕਲਿੱਕ ਕਰੋ।
ਵਿੰਡੋਜ਼ ਐਕਸ ਪੀ ਵਾਲੇ 3 ਨੰਬਰ ਕਾਰਵਾਈ ਕਰਨ।
ਵਿੰਡੋਜ਼ ਸੈਵਨ ਵਾਲੇ ਸਿੱਧੇ 7 ਨੰਬਰ ਕਾਰਵਾਈ ‘ਤੇ ਚਲੇ ਜਾਣ।
3. ਇਸ ਵਿੱਚ ਲੈਂਗਵੇਜਸ (language) ਬਟਨ ਨੂੰ ਚੁਣੋ। “Install files for complex script and right-to-left languages (including Thai)” ‘ਤੇ ਸਹੀ (ਠੀਕ) ਦਾ ਨਿਸ਼ਾਨ ਲਾਉ ਅਤੇ ਓਕੇ ‘ਤੇ ਕਲਿੱਕ ਕਰੋ।
4. ਵਿੰਡੋ ਐਕਸ-ਪੀ ਵਿਚ ਸੀ.ਡੀ ਰਾਹੀਂ ਕੰਮਪਿਊਟਰ ਇਨ੍ਹਾਂ ਭਾਸ਼ਾਵਾਂ ਨਾਲ ਸੰਬੰਧਿਤ ਫੌਂਟ ਤੇ ਕੀ-ਬੋਰਡ ਮੈਪਿੰਗ ਇੰਸਟਾਲ ਕਰੇਗਾ। (ਜੇ ਕੰਮਪਿਊਟਰ ਵਿਚ ਸੀ.ਡੀ ਨਹੀਂ ਹੋਵੇਗੀ ਤਾਂ ਉਹ ਸੀ.ਡੀ ਦੀ ਮੰਗ ਕਰੇਗਾ।) ਇੰਸਟਾਲੇਸ਼ਨ ਪੂਰੀ ਹੋਣ ਤੋਂ ਬਾਅਦ ਕੰਪਿਊਟਰ ਨੂੰ ਰੀਸਟਾਰਟ ਕਰੋ।
5. ਕੀ-ਬੋਰਡ ਇੰਸਟਾਲ ਕਰਨ ਤੋਂ ਬਾਦ ਹੁਣ ਉਹ ਵਰਤੇ ਜਾਣ ਲਈ ਤਿਆਰ ਹੈ। ਪੰਜਾਬੀ ਕੀ-ਬੋਰਡ ਨੂੰ ਵਰਤਣ ਲਈ ਇਸ ਨੂੰ ਤੁਹਾਡੇ ਕੰਪਿਊਟਰ ਲਈ ਚੁਣਨਾ ਪਵੇਗਾ। ਉਸ ਲਈ ਤੁਹਾਨੂੰ ਹੇਠ ਲਿਖੀ ਸੈਟਿੰਗ ਕਰਨੀ ਪਵੇਗੀ।
6. ਪਹਿਲਾਂ ਵਾਂਗ ਦੱਸੇ ਢੰਗ ਨਾਲ language ‘ਤੇ ਜਾਉ। ਉਸ ਵਿੱਚ ਨਜ਼ਰ ਆ ਰਹੇ ਡਿਟੇਲਜ਼ Details ਬਟਨ ‘ਤੇ ਕਲਿੱਕ ਕਰੋ।
7. ਵਿੰਡੋ ਸੈਵਨ ਅਤੇ ਇਸ ਤੋਂ ਉੱਪਰ ਵਾਲੇ ਵਰਜ਼ਨ ਵਿਚ ਖੇਤਰੀ ਭਾਸ਼ਾਵਾਂ ਪਹਿਲਾਂ ਤੋਂ ਇੰਸਟਾਲ ਹੁੰਦੀਆਂ ਹਨ। ਇਸ ਲਈ ਰੀਜਨਲ ਐਂਡ ਲੈਂਗੁਏਜ ਵਿੰਡੋ ਖੋਲ੍ਹਣ ਤੋਂ ਬਾਅਦ ਕੀ-ਬੋਰਡ ਐਂਡ ਲੈਂਗੁਏਜੇਜ਼ ਟੈਬ ਚੁਣੋ।
ਵਿੰਡੋਜ਼ ਐਕਸ-ਪੀ ਵਾਲੇ ਐਡ ਬਟਨ ‘ਤੇ ਕਲਿੱਕ ਕਰੋ।
(ਵਿੰਡੋਜ਼ 7 ਜਾਂ ਉਸ ਤੋਂ ਉੱਪਰਲੇ ਵਰਜ਼ਨ ਵਿਚ ਐਡ ਕੀ-ਬੋਰਡ ‘ਤੇ ਕਲਿੱਕ ਕਰਨ ‘ਤੇ ਵੀ ਇਹੀ ਵਿੰਡੋ ਖੁੱਲ੍ਹੇਗੀ)
8. ਇਨਪੁਟ ਲੈਂਗਵੇਜ ਵਿੱਚ ਪੰਜਾਬੀ ਚੁਣੋ
9. ਕੀ-ਬੋਰਡ ਲੇਆਊਟ/ਆਈਐਮਈ ਵਿੱਚ ਆਪਣਾ ਕੀ-ਬੋਰਡ ਚੁਣੋ
(ਪਹਿਲਾਂ ਤੋਂ ਓੱਥੇ ਪੰਜਾਬੀ ਚੁਣਿਆ ਹੋਵੇਗਾ। ਉਸਦੀ ਜਗ੍ਹਾਂ ਆਪਣੀ ਪਸੰਦ ਦੇ ਫੌਂਟ ਵਾਲਾ ਕੀ-ਬੋਰਡ ਚੁਣੋ, ਜਿਵੇਂ ਕਿ ਜੇ ਤੁਸੀਂ ਉੱਪਰ ਦੱਸੇ ਅਨੁਸਾਰ ਅਨਮੋਲ ਲਿੱਪੀ ਵਾਲਾ ਕੀ-ਬੋਰਡ ਇੰਸਟਾਲ ਕੀਤਾ ਹੈ ਤਾਂ ਇਸ ਵਿਚ ਪੰਜਾਬੀ ਗੁਰਮੁਖੀ ਕੀ-ਬੋਰਡ ਬੇਸਡ ਆਨ ਅਨਮੋਲ ਲਿੱਪੀ ਚੁਣੋ।)
ਜੇ ਤੁਸੀ ਕਿਸੇ ਪਸੰਦੀਦਾ ਫੌਂਟ ਦੀ ਬਜਾਇ ਅੰਗਰੇਜ਼ੀ ਵਿਚ ਪੰਜਾਬੀ ਲਿਖਣ ਵਾਲੇ ਅੰਦਾਜ਼ ਵਿਚ ਟਾਈਪ ਕਰਨਾ ਚਾਹੁੰਦੇ ਹੋ ਤਾਂ ਕੀ-ਬੋਰਡ/ਆਈਐਮਈ ਵਿਚ ਸਿਰਫ਼ ਪੰਜਾਬੀ ਚੁਣ ਸਕਦੇ ਹੋ।
10. ਓਕੇ ਕਰੋ।
ਤੁਹਾਡੀ ਟਾਸਕ ਬਾਰ (ਹੇਠਾਂ ਸੱਜੇ ਖੂੰਜੇ ਵਿਚ ਜਿੱਥੇ ਕੰਪਿਊਟਰ ਦੀ ਘੜੀ ਹੁੰਦੀ ਹੈ, ਉਸ ਦੇ ਮੁਹਰਲੇ ਸਿਰੇ ‘ਤੇ)‘ਤੇ ਇੱਕ ਬਟਨ ਆ ਜਾਵੇਗਾ। ਉਸ ਵਿੱਚ EN ਚੁਣਨ ‘ਤੇ ਤੁਹਾਡਾ ਕੀ-ਬੋਰਡ ਅੰਗਰੇਜ਼ੀ ਵਿੱਚ ਅਤੇ PA ਚੁਨਣ ‘ਤੇ ਪੰਜਾਬੀ ਵਿੱਚ ਹੋ ਜਾਵੇਗਾ।
ਹੁਣ ਤੁਸੀ ਆਸਾਨੀ ਨਾਲ ਮਾਊਸ ਨਾਲ ਆਪਣਾ ਕੀ-ਬੋਰਡ ਆਪਣੀ ਮਰਜ਼ੀ ਦਾ ਤੈਅ ਕਰ ਸਕਦੇ ਹੋ।
ਇਸ ਕੀ-ਬੋਰਡ ਰਾਹੀਂ ਤੁਸੀ ਇੰਟਰਨੈੱਟ ‘ਤੇ ਸਿੱਧੇ ਤੌਰ ‘ਤੇ ਅੰਗਰੇਜ਼ੀ ਵਾਂਗ ਹੀ ਗੁਰਮੁਖੀ ਵੀ ਟਾਇਪ ਕਰ ਸਕਦੇ ਹੋ।
ਇਸ ਤਰ੍ਹਾਂ ਤੁਸੀ ਕੱਟ-ਪੇਸਟ ਵਾਲੀ ਪ੍ਰਕਿਰਿਆ ਅਪਣਾਏ ਬਿਨ੍ਹਾਂ ਆਸਾਨੀ ਨਾਲ ਗੁਰਮੁਖੀ ਟਾਈਪ ਕਰ ਸਕਦੇ ਹੋ।
ਬੱਸ ਈ-ਮੇਲ, ਚੈਟ ਜਾਂ ਫੇਸਬੁੱਕ ਜਿਸ ਵਿਚ ਵੀ ਪੰਜਾਬੀ ਲਿਖਣੀ ਹੋਵੇ, ਉਸ ਨੂੰ ਖੋਲ੍ਹੋ।
ਲੈਂਗੁਏਜ ਬਾਰ ਵਿਚੋਂ ਆਪਣਾ ਕੀ ਬੋਰਡ ਪੀਏ ਚੁਣੋ ਅਤੇ ਸਿੱਧਾ ਟਾਈਪ ਕਰੋ।
ਅੰਤਿਕਾ
ਦੋਸਤੇ ਇਹ ਸਾਰੇ ਹੀ ਪੰਜਾਬੀ (ਗੁਰਮੁਖੀ) ਟਾਈਪਿੰਗ ਦੇ ਔਜ਼ਾਰ ਵੱਖ-ਵੱਖ ਕੰਪਿਊਟਰ ਤਕਨੀਕ ਮਾਹਿਰਾਂ ਵੱਲੋਂ ਆਪਣੀ ਅਥਾਹ ਮਿਹਨਤ ਅਤੇ ਸਾਲਾਂ ਬੱਧੀ ਲੰਬੇ ਚੱਲੇ ਪ੍ਰਯੋਗਾਂ ਦੇ ਕਾਰਣ ਤਿਆਰ ਹੋ ਸਕੇ ਹਨ। ਵਿੰਡੋਜ਼ ਵਾਲੇ ਔਜ਼ਾਰ ਮਾਈਕ੍ਰੋਸਾਫ਼ਟ ਕੰਪਨੀ ਦੀ ਮਲਕੀਅਤ ਹਨ। ਇਨ੍ਹਾਂ ਔਜ਼ਾਰਾਂ ਦਾ ਮਕਸਦ ਪੰਜਾਬੀ ਨੂੰ ਤਕਨੀਕ ਦੇ ਜ਼ਰੀਏ ਵਕਤ ਦੇ ਹਾਣ ਦੀ ਬਣਾ ਕੇ ਗਲੋਬਲ ਭਾਸ਼ਾ ਦੀ ਕਤਾਰ ਵਿੱਚ ਸਭ ਤੋਂ ਮੂਹਰੇ ਖੜ੍ਹੇ ਕਰਨ ਦਾ ਹੈ। ਆਪ ਸਭ ਅੱਗੇ ਬੇਨਤੀ ਹੈ ਕਿ ਇਨ੍ਹਾਂ ਔਜ਼ਾਂਰਾਂ ਨੂੰ ਸੰਬੰਧਿਤ ਮਾਹਿਰ ਦੀ ਇਜਾਜ਼ਤ ਲਏ ਬਿਨ੍ਹਾਂ, ਇਨ੍ਹਾਂ ਦੀ ਕਮਰਸ਼ਿਅਲ ਵਰਤੋਂ ਨਾ ਕੀਤੀ ਜਾਵੇ। ਸਾਡਾ ਟੀਚਾ ਸਿਰਫ ਇਸ ਸਾਰੀ ਤਕਨੀਕ ਨੂੰ ਤੁਹਾਡੇ ਰੂ-ਬ-ਰੂ ਕਰਵਾਉਣਾ ਹੈ, ਤਾਂ ਕਿ ਸਾਰਿਆਂ ਨੂੰ ਉਪਲਬੱਧ ਤਕਨੀਕ ਬਾਰੇ ਢੁੱਕਵੀਂ ਜਾਣਕਾਰੀ ਦਿੱਤੀ ਜਾ ਸਕੇ।
ਲਫ਼ਜਾਂ ਦਾ ਪੁਲ ਇਨ੍ਹਾਂ ਔਜ਼ਾਰਾਂ ਨਾਲ ਜੁੜੇ ਤਕਨੀਕੀ ਅਤੇ ਕਨੂੰਨੀ ਪਹਿਲੂਆਂ ਲਈ ਜਿੰਮੇਵਾਰ ਨਹੀਂ ਹੈ।
ਕਿਸੇ ਵੀ ਔਜ਼ਾਰ ਨੂੰ ਵਰਤਣ ਲਈ ਸੰਬੰਧਿਤ ਨਿਯਮਾਂ ‘ਤੇ ਸ਼ਰਤਾਂ ਨੂੰ ਧਿਆਨ ਨਾਲ ਪੜ੍ਹ ਲਵੋ।
ਇਸੇ ਤਰ੍ਹਾਂ ਵਾਇਰਸ ਜਾਂ ਹੋਰ ਕਿਸੇ ਤਕਨੀਕੀ ਖਤਰੇ ਬਾਰੇ ਵੀ ਸੂਝਵਾਨ ਸਾਥੀ ਸੁਚੇਤ ਰਹਿਣ ਦੀ ਖੇਚਲ ਕਰਨ।
ਹੋਰ ਨਵੇਂ ਔਜ਼ਾਰ ਅਤੇ ਢੰਗ ਆਉਣ ‘ਤੇ ਉਨ੍ਹਾਂ ਬਾਰੇ ਤਾਜ਼ਾ ਜਾਣਕਾਰੀ ਲਫ਼ਜ਼ਾਂ ਦਾ ਪੁਲ ‘ਤੇ ਦਿੱਤੀ ਜਾਂਦੀ ਰਹੇਗੀ।
ਜੇਕਰ ਤੁਹਾਡੇ ਕੋਲ ਹੋਰ ਵੀ ਕੋਈ ਤਰੀਕਾ ਹੈ ਤਾਂ ਉਸ ਬਾਰੇ ਜਾਣਕਾਰੀ ਭੇਜੋ।
ਲਫ਼ਜ਼ਾਂ ਦਾ ਪੁਲ ਉਹ ਜਾਣਕਾਰੀ, ਭੇਜਣ ਵਾਲੇ ਦੇ ਨਾਮ ਸਹਿਤ ਪ੍ਰਕਾਸ਼ਿਤ ਕਰਕੇ ਖੁਸ਼ੀ ਮਹਿਸੂਸ ਕਰੇਗਾ।
ਇਸ ਕਾਰਜ ਨੂੰ ਅਮਲੀ ਜਾਮਾ ਪਹਿਨਾਉਣ ਲਈ ਅਸੀ ਧੰਨਵਾਦੀ ਹਾਂ, ਇੰਨ੍ਹਾਂ ਸਭ ਦੇ-Sheshadrivasu Chandrasekharan, Baraha Software @ www.baraha.com
ਲਿੱਪੀਕਾਰ ਟੀਮ @ www.lipikaar.comਕੁਲਬੀਰ ਸਿੰਘ ਥਿੰਦ, ਐਮ.ਡੀ. @ http://www.gurbanifiles.org/
Tachyon Technologies @ http://www.quillpad.com/
ਸੁਖਜਿੰਦਰ ਸਿੱਧੂ @ http://guca.sourceforge.net/pa/
ਅਤੇ www.kaulonline.com
Leave a Reply