ਕਵਿਤਾ ਦਾ ਜਨਮ ਕਿਵੇਂ ਹੋਇਆ? ਕਿਵੇਂ ਲਿਖੀਏ ਕਵਿਤਾ?

ਕਵਿਤਾ ਬਾਰੇ ਅਕਸਰ ਬਹਿਸ ਚੱਲਦੀ ਰਹਿੰਦੀ ਹੈ। ਖੁੱਲ੍ਹੀ ਕਵਿਤਾ, ਛੰਦਬੱਧ ਕਵਿੱਤਾ, ਗ਼ਜ਼ਲ, ਛੰਦ, ਸਲੋਕ, ਦੋਹੇ, ਕਵਿਤਾਵਾਂ ਦੇ ਅਨੇਕ ਰੂਪ ਹਨ। ਪੰਜਾਬੀ ਵਿਚ ਅੱਜ-ਕੱਲ੍ਹ ਕਵਿਤਾ ਲਿਖੀ ਬਹੁਤ ਜਾ ਰਹੀ ਹੈ। ਸਮਝ ਕੇ ਤੇ ਗਿਆਨ ਹਾਸਲ ਕਰਕੇ ਕਵਿਤਾ ਲਿਖਣ ਵਾਲੇ ਬਹੁਤ ਥੋੜ੍ਹੇ ਕਵੀ ਹਨ। ਵੱਡਾ ਸੁਆਲ ਇਹ ਹੈ ਕਿ ਕਵਿਤਾ ਲਿਖਣਾ ਸਿੱਖਣ ਜਾਂ ਕਵਿਤਾ ਦੇ ਸ਼ਾਸਤਰ ਦਾ ਗਿਆਨ ਹਾਸਲ ਕਰਨ ਦੀ ਲੋੜ ਕਿਉਂ ਹੈ? ਇਹ ਲੇਖ ਇਸ ਗੱਲ ਦੀ ਚਰਚਾ 9ਵੀਂ-10ਵੀਂ ਸਦੀ ਵਿਚ ਹੋਏ ਭਾਰਤੀ ਗਿਆਨ ਪਰੰਪਰਾ ਦੇ ਸਭ ਤੋਂ ਵੱਡੇ ਕਵੀ ਤੇ ਪ੍ਰਮੁੱਖ ਕਾਵਿ-ਸ਼ਾਸਤਰੀ ਰਾਜਸ਼ੇਖ਼ਰ ਦੇ ਹਵਾਲੇ ਨਾਲ ਕਰ ਰਿਹਾ ਹੈ।

ਰਾਜਸ਼ੇਖ਼ਰ ਭਾਰਤੀ ਗਿਆਨ ਪਰੰਪਰਾ ਦਾ ਉਹ ਗਿਆਨ-ਪੁਰਸ਼ ਹੈ, ਜਿਸ ਨੇ ਕਾਵਿ-ਸ਼ਾਸਤਰ ਨੂੰ ਵੇਦਾਂ ਵਿਚੋਂ ਕਸ਼ੀਦ ਕਰਕੇ ਕਾਵਿ-ਮੀਮਾਂਸਾ ਨਾਮਕ ਇਕ ਅਜਿਹੀ ਛੋਟੀ ਜਿਹੀ ਪੁਸਤਕ ਦੇ ਰੂਪ ਵਿਚ ਲਿਆਂਦਾ, ਜੋ ਕਵਿਤਾ ਲਿਖਣ ਦੇ ਮੂਲ-ਤੱਤਾਂ ਨੂੰ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦੀ ਸੀ। ਮੂਲ ਸੰਸਕ੍ਰਿਤ ਵਿਚ ਲਿਖੀ ਗਈ ਇਹ ਪੁਸਤਕ ਭਾਰਤੀ ਕਾਵਿ-ਸ਼ਾਸਤਰ ਦੀ ਬੁਨਿਆਦੀ ਪੁਸਤਕ ਹੈ।

ਉਹ ਕਵਿਤਾ ਲਿਖਣ ਦੀ ਵਿਆਕਰਣ ਜਾਂ ਕਾਇਦੇ-ਕਾਨੂੰਨ, ਜਿਸ ਨੂੰ ਸ਼ਾਸਤਰ ਕਿਹਾ ਜਾਂਦਾ ਹੈ ਨੂੰ ਸਭ ਤੋਂ ਉੱਪਰ ਰੱਖਦਾ ਹੈ। ਉਹ ਆਖਦਾ ਹੈ ਜਿਵੇਂ ਹਨੇਰੇ ਵਿਚ ਦੀਵੇ ਬਿਨਾਂ ਕੁਝ ਨਹੀਂ ਦੇਖਿਆ ਜਾ ਸਕਦਾ, ਉਵੇਂ ਹੀ ਸ਼ਾਸਤਰ ਬਿਨਾਂ ਕਵਿਤਾ ਤੱਕ ਨਹੀਂ ਪਹੁੰਚਿਆ ਜਾ ਸਕਦਾ।

ਮੀਮਾਂਸਾਂ ਦਾ ਸ਼ਾਬਦਿਕ ਅਰਥ ਕਿਸੇ ਵਿਸ਼ੇ ਦਾ ਡੂੰਘਾ ਅਧਿਐਨ ਕਰਕੇ ਉਸ ਦੇ ਸਿਧਾਂਤ ਨੂੰ ਸਥਾਪਿਤ ਕਰਨਾ ਦੱਸਿਆ ਗਿਆ ਹੈ। ਭਾਰਤੀ ਦਰਸ਼ਨ ਵਿਚ ਦਰਸ਼ਨ (ਫ਼ਿਲਾਸਫ਼ੀ) ਦੀਆਂ ਛੇ ਕਿਸਮਾਂ ਦੱਸੀਆਂ ਗਈਆਂ ਹਨ, ਮੀਮਾਸਾਂ ਦਰਸ਼ਨ ਦੀ ਇਕ ਕਿਸਮ ਹੈ, ਜੋ ਕਿਸੇ ਵੀ ਵਿਸ਼ੇ ਜਾਂ ਵਸਤੂ ਦਾ ਗਹਿਰਾਈ ਨਾਲ ਅਧਿਐਨ ਕਰਨ ‘ਤੇ ਆਧਾਰਿਤ ਹੈ।  ਮੀਮਾਸਾਂ ਦਰਸ਼ਨ ਨੂੰ ਵੇਦਾਂ ਦੇ ਸਭ ਤੋਂ ਨੇੜੇ ਮੰਨਿਆਂ ਜਾਂਦਾ ਹੈ।

ਇਸੇ ਕਰਕੇ ਰਾਜਸ਼ੇਖ਼ਰ ਕਹਿੰਦਾ ਹੈ ਕਿ ਕਾਵਿਤਾ ਦਾ ਸਾਰਾ ਦਰਸ਼ਨ (ਫ਼ਲਸਫ਼ਾ) ਵੇਦਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਅੱਗੇ ਉਹ ਦੱਸਦਾ ਹੈ ਕਿ ਵੇਦਾਂ ਦੇ ਨਾਮ ਵੀ ਉਨ੍ਹਾਂ ਵਿਚ ਲਿਖੇ ਪਾਠ ਦੇ ਰੂਪ ਦੇ ਆਧਾਰ ‘ਤੇ ਹੀ ਰੱਖੇ ਗਏ ਹਨ ਜਾਂ ਇੰਝ ਕਹਿ ਲਵੋ ਕਿ ਵੇਦ ਦੀ ਪਛਾਣ ਉਸ ਨੂੰ ਲਿਖਣ ਲਈ ਵਰਤੇ ਗਏ ਵਿਆਕਰਣ ਦੇ ਰੂਪ ਅਨੁਸਾਰ ਹੈ। ਇਸ ਨੂੰ ਹੋਰ ਖੋਲ੍ਹ ਕੇ ਰਾਜਸ਼ੇਖਰ ਦੱਸਦਾ ਹੈ ਕਿ ਛੰਦਬੱਧ ਮੰਤਰਾਂ ਵਾਲਾ ਵੇਦ ਰਿਗਵੇਦ ਕਹਾਉਂਦਾ ਹੈ (ਪੰਜਾਬੀ ਲੋਕਧਾਰਾ ਦੇ ਇਤਿਹਾਸਕਾਰ ਰਿਗਵੇਦ ਨੂੰ ਪੰਜਾਬ ਦੀ ਧਰਤੀ ‘ਤੇ ਲਿਖਿਆ ਹੋਇਆ ਮੰਨਦੇ ਹਨ), ਜਿਸ ਵਿਚਲੇ ਮੰਤਰ ਗਾਏ ਜਾ ਸਕਦੇ ਹੋਣ ਉਸ ਨੂੰ ਸਾਮਵੇਦ ਤੇ ਜਿਸ ਦੇ ਮੰਤਰ ਛੰਦ ਤੇ ਗਾਉਣ ਤੋਂ ਰਹਿਤ ਹੋਣ ਉਸ ਨੂੰ ਯਜੁਰਵੇਦ ਕਹਿੰਦੇ ਹਨ। ਰਿਗਵੇਦ, ਯਜੁਰਵੇਦ ਤੇ ਸਾਮਵੇਦ ਨੂੰ ਇਨ੍ਹਾਂ ਨੇ ਤ੍ਰੇਅਈ ਕਿਹਾ ਹੈ।

ਰਾਜਸ਼ੇਖ਼ਰ ਵਿਆਖਿਆ ਕਰਦੇ ਹੋਏ ਕਹਿੰਦਾ ਹੈ ਕਿ ਵਿਦਵਾਨਾਂ ਦਾ ਕਹਿਣਾ ਹੈ ਕਿ ਚਾਰ ਵੇਦ, ਛੇ ਵੇਦਾਂਗ ਤੇ ਚਾਰ ਸ਼ਾਸਤਰ ਮਿਲ ਕਿ ਕੁੱਲ ਚੌਦਾਂ ਵਿੱਦਿਆ-ਸਥਾਨ (ਦਰਸ਼ਨ ਗਿਆਨ ਸਰੋਤ) ਬਣਦੇ ਹਨ।  ਰਾਜਸ਼ੇਖ਼ਰ ਕਹਿੰਦਾ ਹੈ ਕਿ ਮੇਰਾ ਮੰਨਣਾ ਹੈ ਕਿ ਸਾਰੇ ਵਿੱਦਿਆ ਸਥਾਨਾਂ ਦਾ ਇਕਮਾਤਰ ਆਧਾਰ ਕਾਵਿ ਆਪਣੇ ਆਪ ਵਿਚ ਪੰਦਰਵਾਂ ਵਿੱਦਿਆ-ਸਥਾਨ ਹੈ। 

ਕੁਝ ਹੋਰ ਵਿਦਵਾਨ ਇਨ੍ਹਾਂ ਵਿਚ ਗਿਆਨ ਦੇ ਕੁਝ ਹੋਰ ਸਰੋਤਾਂ ਨੂੰ ਸ਼ਾਮਲ ਕਰਕੇ ਕੁੱਲ੍ਹ ਅਠ੍ਹਾਰਾਂ ਵਿੱਦਿਆ-ਸਥਾਨਾਂ ਦਾ ਜ਼ਿਕਰ ਕਰਦੇ ਹਨ।

ਰਾਜਸ਼ੇਖ਼ਰ ਅੱਗੇ ਕਹਿੰਦੇ ਹਨ ਕਿ ਸ਼ਬਦਾਂ ਤੇ ਅਰਥਾਂ ਦੇ ਮੇਲ ਨਾਲ ਜਿਸ ਵਿੱਦਿਆ ਦੀ ਰਚਨਾ ਹੁੰਦੀ ਹੈ ਉਹ ‘ਸਾਹਿਤ-ਵਿੱਦਿਆ’ ਹੈ। ਅਗਾਂਹ ਉਹ 64 ਉਪ-ਵਿੱਦਿਆਵਾਂ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਨੂੰ ਕਲਾ ਕਿਹਾ ਗਿਆ ਹੈ।

ਆਪਣੇ ਕਾਵਿ-ਸ਼ਾਸਤਰ ਕਾਵ-ਮੀਮਾਂਸਾ ਦੀ ਭੂਮਿਕਾ ਵਿਚ ਰਾਜਸ਼ੇਖਰ ਲਿਖਦਾ ਹੈ, “ਭਗਵਾਨ ਸ਼੍ਰੀਕੰਠ ਨੇ ਆਪਣੇ 64 ਸ਼ਿਸਾਂ (ਚੇਲਿਆਂ) ਨੂੰ ਜਿਸ ਤਰ੍ਹਾਂ (ਕਵਿਤਾ ਦਾ) ਉਪਦੇਸ਼ ਦਿੱਤਾ, ਮੈਂ ਉਸੇ ਨੂੰ ਆਧਾਰ ਬਣਾ ਕੇ ਇੱਥੇ (ਇਸ ਪੁਸਤਕ ਵਿਚ) ਕਾਵਿ ਦੀ ਮੀਮਾਂਸਾ ਕਰੂੰਗਾ”। ਇੱਥੋਂ ਹੀ ਉਹ ਕਵਿਤਾ ਵਿਚ ਗੁਰੂ-ਸ਼ਿਸ਼ ਪਰੰਪਰਾ (ਉਸਤਾਦੀ-ਸ਼ਾਗਿਰਦੀ) ਦੀ ਸ਼ੁਰੂਆਤ ਦੱਸਦਾ ਹੈ। ਸ਼੍ਰੀਕੰਠ ਦੇ 64 ਸ਼ਿਸ਼ਾਂ ਵਿਚੋਂ ਪਰਮੇਸ਼ਠੀ ਤੇ ਕਾਵਿ-ਪੁਰਸ਼ ਨਾਮਕ ਸ਼ਿਸਾਂ ਦਾ ਉਹ ਉਚੇਚਾ ਜ਼ਿਕਰ ਕਰਦਾ ਹੈ।

ਕਾਵਿ-ਪੁਰਸ਼ ਦੇ ਹਵਾਲੇ ਨਾਲ ਇਕ ਸੱਚੇ ਕਵੀ ਦੀ ਮਹਿਮਾ ਬਿਆਨ ਕਰਨ ਲਈ ਰਾਜਸ਼ੇਖ਼ਰ ਇਕ ਮਿੱਥ ਕਥਾ ਸੁਣਾਉਂਦਾ ਹੈ-

ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਨੇ ਆਪਣੇ ਸ਼ਿਸ਼ਾਂ ਨੂੰ ਦੱਸਿਆ ਕਿ ਸਰਸਵਤੀ ਨੇ ਪੁੱਤਰ ਦੀ ਪ੍ਰਾਪਤੀ ਲਈ ਹਿਮਾਲਾ ਪਰਬਤ ‘ਤੇ ਤਪੱਸਿਆ ਕੀਤੀ। ਬ੍ਰਹਮਾ ਨੇ ਪ੍ਰਸੰਨ ਹੋ ਕੇ ਉਸ ਨੂੰ ਪੁੱਤਰ ਦਾ ਵਰ ਦਿੱਤਾ।  ਸਰਸਵਤੀ ਨੇ ਪੁੱਤਰ ਕਾਵਿ-ਪੁਰਸ਼ ਨੂੰ ਜਨਮ ਦਿੱਤਾ। ਜਨਮ ਹੁੰਦੇ ਸਾਰ ਹੀ ਇਸ ਪੁੱਤਰ ਨੇ ਛੰਦ ਬੱਧ ਸ਼ਬਦਾਂ ਵਿਚ ਮਾਂ ਦੀ ਉਸਤਤ ਕੀਤੀ। ਸਰਸਵਤੀ ਨੇ ਆਪਣੇ ਪੁੱਤਰ ਦੀ ਪ੍ਰਸ਼ੰਸਾ ਕੀਤੀ। ਫਿਰ ਆਕਾਸ਼ਗੰਗਾ ਵਿਚ ਇਸ਼ਨਾਨ ਕਰਨ ਲਈ ਚਲੀ ਗਈ। ਉਸ ਸਮੇਂ ਆਪਣੇ ਕੁਝ ਸ਼ਾਗਿਰਦਾਂ ਨੂੰ ਲੈਣ ਆਏ ਸ਼ੁਕਰਚਾਰੀਆ ਕਾਵਿ-ਪੁਰਸ਼ ਨੂੰ ਵੀ ਆਪਣੇ ਆਸ਼ਰਮ ਲੈ ਆਏ। ਕਾਵਿ-ਪੁਰਸ਼ ਨੇ ਉਨ੍ਹਾਂ ਅੰਦਰ ਛੰਡਬੱਧ ਬੋਲਾਂ ਦਾ ਸੰਚਾਰ ਕੀਤਾ। ਉਦੋਂ ਤੋਂ ਸ਼ੁਕਰਚਾਰੀਆ ਨੂੰ ‘ਕਵੀ’ ਕਿਹਾ ਜਾਣ ਲੱਗਾ।

ਇਸ਼ਨਾਨ ਕਰਕੇ ਸਰਸਵਤੀ ਵਾਪਸ ਆਈ ਤਾਂ ਪੁੱਤਰ ਨਾ ਮਿਲਣ ‘ਤੇ ਵਿਰਲਾਪ ਕਰਨ ਲੱਗੀ।  ਕੋਲੋਂ ਲੰਘ ਰਹੇ ਵਾਲਮੀਕੀ ਨੇ ਉਨ੍ਹਾਂ ਨੂੰ ਸ਼ੁਕਰਚਾਰੀਆ ਦੇ ਆਸ਼ਰਮ ਦੇ ਰਾਹ ਪਾ ਦਿੱਤਾ।  ਉੱਥੋਂ ਮੁੜਦਿਆਂ ਵਾਲਮੀਕੀ ਨੇ ਇਕ ਜੋੜੇ ਦੇ ਇਕ ਮੈਂਬਰ ਦੀ ਮੌਤ ਦੇਖ ਕੇ ਸੋਗ ਵਿਚ ਆ ਕੇ ‘ਮਾਂ ਨਿਸ਼ਾਦ’ ਸਲੋਕ ਦਾ ਉੱਚਾਰਣ ਕੀਤਾ।  ਸਰਸਵਤੀ ਨੇ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਕਵਿਤਵ ਪ੍ਰਾਪਤ ਹੋਣ ਦਾ ਵਰ ਦੇ ਦਿੱਤਾ।  ਉਸ ਤੋਂ ਬਾਅਦ ਵਾਲਮੀਕੀ ਨੇ ਰਾਮਾਇਣ ਦੀ ਰਚਨਾ ਕੀਤੀ (ਜੋ ਕਿ ਕਾਵਿ ਵਿਚ ਹੈ)।  ਇਸੇ ਸਲੋਕ ਦਾ ਪਾਠ ਕਰਨ ਕਰਕੇ ਵਿਆਸ ਨੇ (ਕਾਵਿ ਵਿਚ ਹੀ) ਮਹਾਂਭਾਰਤ ਦੀ ਰਚਨਾ ਕੀਤੀ।

ਇਕ ਵਾਰ ਰਿਸ਼ੀਆਂ ਤੇ ਦੇਵਤਾਵਾਂ ਵਿਚ ਬਹਿਸ ਚੱਲ ਰਹੀ ਸੀ ਤਾਂ ਬ੍ਰਹਮਾ ਨੇ ਸਰਸਵਤੀ ਨੂੰ ਫ਼ੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਦਿੱਤੀ। ਕਾਵਿ-ਪੁਰਸ਼ ਨਾਲ ਜਾਣ ਲਈ ਕਾਹਲਾ ਪੈ ਗਿਆ।  ਸਰਸਵਤੀ ਉਸ ਨੂੰ ਝਕਾਨੀ ਦੇ ਕੇ ਚਲੀ ਗਈ।  ਕਾਵਿ-ਪੁਰਸ਼ ਰੁੱਸ ਕੇ ਬਾਹਰ ਜਾਣ ਲੱਗਾ।  ਉਸ ਦਾ ਸਭ ਤੋਂ ਪਿਆਰਾ ਮਿੱਤਰ ਕਾਰਤਿਕੇਯ ਰੌਣ ਲੱਗ ਪਿਆ, ਉਸ ਨੂੰ ਦੇਖ ਕੇ ਕਾਰਤਿਕੇਯ ਦੀ ਮਾਤਾ ਪਾਰਵਤੀ ਨੇ ਸਾਹਿਤਯ-ਵਿੱਦਿਆ-ਵਧੂ ਦੀ ਰਚਨਾ ਕੀਤੀ ਤੇ ਉਸ ਨੂੰ ਕਿਹਾ ਕਿ ਆਪਣੇ ਵਰ ਕਾਵਿ-ਪੁਰਸ਼ ਨੂੰ ਸਮਝਾ ਕੇ ਵਾਪਸ ਲੈ ਆ। ਕਾਵਿ-ਪੁਰਸ਼ ਉੱਤਰ, ਦੱਖਣ, ਪੁਰਬ, ਪੱਛਮ ਵਿਚ ਜਿੱਧਰ ਵੀ ਗਿਆ ਸਾਹਿਤਯ-ਵਿੱਦਿਆ-ਵਧੂ ਉਸ ਦੇ ਪਿੱਛੇ ਗਈ।  ਸਰਸਵਤੀ ਦੇ ਕਹੇ ਅਨੁਸਾਰ ਰਾਹ ਵਿਚ ਉਹ ਕਾਵਿਤਾ ਦਾ ਗਿਆਨ ਕਵੀਆਂ ਨੂੰ ਦਿੰਦੀ ਗਈ।

ਦੱਖਣ ਦੀ ਯਾਤਰਾ ਦੌਰਾਨ ਸਾਹਿਤਯ-ਵਿੱਦਿਆ-ਵਧੂ ਨੇ ਕਾਵਿ-ਪੁਰਸ਼ ਨੂੰ ਮੋਹ ਲਿਆ।  ਵਿਦਰਭ ਦੇਸ਼ ਦੇ ਵਤਸਗੁਲਮ ਨਗਰ ਵਿਚ ਦੋਵਾਂ ਦਾ ਗੰਧਰਵ ਵਿਆਹ ਹੋਇਆ।  ਹਿਮਾਲਾ ਵਾਪਸ ਆ ਕੇ ਦੋਵਾਂ ਨੂੰ ਪਾਰਵਤੀ ਤੇ ਸਰਸਵਤੀ ਦਾ ਅਸ਼ੀਰਵਾਦ ਪ੍ਰਾਪਤ ਹੋਣ ‘ਤੇ ਉਨ੍ਹਾਂ ਨੇ ਕਵੀ ਦੇ ਮਨ ਵਿਚ ਨਿਵਾਸ ਕੀਤਾ ਤੇ ਕਾਵਿ-ਲੋਕ-ਰੂਪ ਸਵਰਗ ਦੀ ਸਥਾਪਨਾ ਹੋਈ।

ਪੂਰੀ ਕਥਾ ਦਾ ਭਾਵ ਇਹ ਹੈ ਕਿ ਕਵੀ ਦੇ ਮਨ ਵਿਚ ਕਵਿਕਾਰੀ ਦੇ ਹੁਨਰ (ਕਾਵਿ-ਪੁਰਸ਼) ਤੇ ਕਾਵਿ ਵਿੱਦਿਆ ਦੇ ਗਿਆਨ (ਸਾਹਿਤਯ-ਵਿੱਦਿਆ-ਵਧੂ) ਦੀ ਜੋੜੀ ਦਾ ਨਿਵਾਸ ਹੁੰਦਾ ਹੈ, ਜਿਸ ਵਿਚੋਂ ਕਵਿਤਾ ਜਨਮ ਲੈਂਦੀ ਹੈ।

ਹੋਰ ਸੌਖੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਕਵੀ ਹੋਣ ਲਈ ਤੁਹਾਡੇ ਅੰਦਰ ਇਲਾਹੀ ਕਾਵਿ-ਪੁਰਸ਼ ਵਾਲਾ ਤੱਤ ਵੀ ਹੋਣਾ ਚਾਹੀਦਾ ਹੈ ਤੇ ਕਾਵਿਤਾ ਲਿਖਣ ਦੀ ਵਿੱਦਿਆ ਹਾਸਲ ਕਰਕੇ ਉਸ ਰੱਬੀ ਤੱਤ ਨੂੰ ਨਿਖਾਰਨਾ ਵੀ ਹੁੰਦਾ ਹੈ। ਜਦੋਂ ਰੱਬੀ ਕਾਵਿ-ਪੁਰਸ਼ ਤੇ ਕਾਵਿ-ਵਿੱਦਿਆ ਦਾ ਮਿਲਾਪ (ਵਿਆਹ) ਕਵੀ ਦੇ ਮਨ ਅੰਦਰ ਹੁੰਦਾ ਤਾਂ ਉਸ ਦੇ ਮਨ ਵਿਚ ਕਵਿਤਾ ਦਾ ਜਨਮ ਹੁੰਦਾ ਹੈ।

ਰਾਜਸ਼ੇਖ਼ਰ ਅੱਗੇ ਦੱਸਦਾ ਹੈ ਕਿ ਕਾਵਿ-ਪੁਰਸ਼ ਨੂੰ ਬ੍ਰਹਮਾ ਨੇ ਕਵਿਤਾ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਸੀ। ਸ਼੍ਰੀਕੰਠ ਨੇ ਆਪਣੇ ਸ਼ਿਸਾਂ ਨੂੰ ਕਾਵਿ-ਵਿੱਦਿਆ ਦੇ ਅਠ੍ਹਾਰਾਂ ਅਧਿਆਇਆਂ ਦਾ ਗਿਆਨ ਦਿੱਤਾ। ਜਿਸ ਨੂੰ ਕਾਵਿ ਦੇ ਵੱਖ-ਵੱਖ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਅਨੁਸਾਰ ਲਿਖਿਆ ਤੇ ਇਸ ਤਰ੍ਹਾਂ ਕਵਿਤਾ ਦੀ ਵਿੱਦਿਆ ਦੇ ਸੂਤਰਾਂ ਵਾਲਾ ਅਸ਼ਟਦਸ਼ਾਧਿਕਰਣੀ (ਕਾਵਿ-ਵਿੱਦਿਆ) ਸ਼ਾਸਤਰ ਤਿਆਰ ਕੀਤਾ। (ਅਸ਼ਟ = 8 + ਦਸ਼ਾ = 10 = ਅਠ੍ਹਾਰਾਂ)।

ਰਾਜਸ਼ੇਖ਼ਰ ਕਹਿੰਦਾ ਹੈ ਕਿ ਮੇਰੀ ਕਾਵਿ-ਮੀਮਾਂਸਾ ਕਵਿਤਾ ਦੇ ਪੰਦਰਾਂ ਸੂਤਰ ਦੱਸਦੇ ਅਠ੍ਹਾਰਾਂ ਅਧਿਆਇਆਂ ਵਾਲੇ ਇਸ ਕਾਵਿ-ਸ਼ਾਸਤਰ ਦਾ ਹੀ ਸੂਖ਼ਮ ਰੂਪ ਹੈ, ਜੋ ਆਕਾਰ ਵਿਚ ਛੋਟੀ ਹੈ, ਪਰ ਵੱਖ-ਵੱਖ ਉਦਾਹਰਣਾਂ ਕਰਕੇ ਇਹ ਬਹੁਤ ਵਿਸ਼ਾਲ ਹੈ। ਇਸ ਵਿਚ ਸ਼ਬਦਾਂ ਤੇ ਅਰਥਾਂ ਦਾ ਸੂਖ਼ਮ ਵਿਵੇਚਨ ਹੈ।  ਜਿਹੜਾ ਵਿਅਕਤੀ ਇਸ ਵਿਵੇਚਨਾ ਨੂੰ ਨਹੀਂ ਸਮਝਦਾ ਉਹ (ਕਾਵਿ) ਸ਼ਬਦਾਂ ਦੇ ਅਰਥਾਂ ਨੂੰ ਕਿਣਕਾ ਵੀ ਨਹੀਂ ਸਮਝ ਸਕਦਾ।

ਰਾਜਸ਼ੇਖਰ ਅਲੰਕਾਰ-ਸ਼ਾਸਤਰ ਨੂੰ ਵੇਦ ਦਾ ਸੱਤਵਾਂ ਅੰਗ ਮੰਨਦਾ ਹੈ।  ਕਵਿਤਾ ਨੂੰ ਸਮਝਣ ਲਈ ਅਲੰਕਾਰਾਂ ਦੀ ਸਮਝ ਬਾਰੇ ਗੱਲ ਕਰਦੇ ਹੋਏ ਰਾਜਸ਼ੇਖ਼ਰ ਦੱਸਦਾ ਹੈ ਕਿ ਜਦੋਂ ਤੱਕ ਅਲੰਕਾਰਾਂ ਦੀ ਪਛਾਣ ਨਾ ਹੋਵੇ, ਉਦੋਂ ਤੱਕ ਵੇਦਾਂ ਦੇ ਅਰਥ ਵੀ ਸਮਝ ਨਹੀਂ ਲਗਦੇ। (ਇਸ ਬਾਰੇ ਵੱਖਰਾ ਲੇਖ ਬਾਅਦ ਵਿਚ)।

ਅੰਤ ਉਹ ਆਪਣੇ ਆਪ ਬਾਰੇ ਕਹਿੰਦਾ ਹੈ ਕਿ ਰਾਜਸ਼ੇਖ਼ਰ ਨੇ ਅਨੇਕ ਮਹਾਂਰਿਸ਼ੀਆਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਕਸ਼ੀਦ ਕਰਕੇ ਕਾਵਿ-ਮੀਮਾਂਸਾ ਤਿਆਰ ਕੀਤੀ ਹੈ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Posted

in

by

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com