ਆਪਣੀ ਬੋਲੀ, ਆਪਣਾ ਮਾਣ

ਮਾਂ ਅਤੇ ਧੀ – ਸ਼ਿਵਚਰਨ ਜੱਗੀ ਕੁੱਸਾ

ਅੱਖਰ ਵੱਡੇ ਕਰੋ+=

ਪੰਜਾਬੀ ਪਿਆਰਿਓ!!! 8 ਮਾਰਚ 2009 ਨਾਰੀ ਦਿਵਸ ਵਾਲੇ ਦਿਨ ਅਸੀ ਲਫ਼ਜ਼ਾਂ ਦਾ ਪੁਲ ਰਾਹੀਂ ਨਾਰੀ ਸੰਵੇਦਨਾ ਸ਼ਬਦਾਂ ਰਾਹੀਂ ਬਿਆਨ ਕਰਨ ਲਈ ਇੱਕ ਕਾਫ਼ਲਾ ਤੋਰਿਆ ਸੀ। ਇਸ ਕਾਫ਼ਲੇ ਵਿੱਚ ਸਮੂਹ ਕਲਮਕਾਰਾਂ ਨੇ ਵੱਧ ਚੜ੍ਹ ਕੇ ਯੋਗਦਾਨ ਦਿੱਤਾ। ਇਸੇ ਲੜੀ ਨੂੰ ਅੱਗੇ ਤੋਰਦਿਆਂ ਪਾਠਕਾਂ ਲਈ ਹਾਜ਼ਿਰ ਹੈ ਚਰਚਿਤ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਇੱਕ ਕਵਿਤਾ। ਜੱਗੀ ਕੁੱਸਾ ਆਪਣੇ ਨਾਵਲਾਂ ਅਤੇ ਵਿਅੰਗਾਂ ਲਈ ਤਾਂ ਜਾਣਿਆ ਹੀ ਜਾਂਦਾ ਹੈ, ਉਸਦੀ ਇਹ ਕਵਿਤਾ ਉਸ ਦੇ ਅੰਦਰਲਾ ਕਵੀ ਸਾਡੇ ਰੂ-ਬ-ਰੂ ਕਰਵਾਉਂਦੀ ਹੈ। ਇਸ ਕਵਿਤਾ ਦੀ ਸੰਵੇਦਨਾ ਨੂੰ ਸਮਝਦੇ ਹੋਏ ਅਤੇ ਆਪਣੇ ਵਿਚਾਰਾਂ ਤੋਂ ਸਾਨੂੰ ਜ਼ਰੂਰ ਜਾਣੂ ਕਰਵਾਓ।

ਮਾਂ ਅਤੇ ਧੀ

ਸਕੈਨਿੰਗ ਕਰਵਾਉਣ ਤੋਂ ਬਾਅਦ, ਗਰਭਪਾਤ ਦੀ ਰਾਤ ਨੂੰ ਕੁੱਖ ਵਿਚ ਪਲਦੀ ਧੀ-ਧਿਆਣੀ ਅਤੇ ਹੇਰਵੇ ਵੱਸ ਮਾਂ ਦੇ ਬਚਨ-ਬਿਲਾਸ








ਧੀ: ਚੁੱਪ-ਚਾਪ ਤੂੰ ਕਾਹਤੋਂ ਪਈ ਮਾਂ
ਧੀ ਨਾਲ ਕਿਉਂ ਨਹੀਂ ਕਰਦੀ ਗੱਲ?
ਇਸ ਜ਼ਮਾਨੇ ਵਾਂਗਰ ਤੈਨੂੰ,
ਵੀ ਤਾਂ ਨਹੀਂ ਕੋਈ ਚੜ੍ਹ ਗਿਆ ਝੱਲ…?

ਮਾਂ: ਧੀਏ ਵੱਸ ਨਹੀਂ ਮਾਂ ਤੇਰੀ ਦੇ
ਬੱਚੀ ਕਰ ਦੇਈਂ ਮੈਨੂੰ ਮਾਫ਼
ਪਤਾ ਨਹੀਂ ਧੀ ਨੂੰ ਮੇਰੀ ਬੱਚੀ!
ਕਿਹੜੇ ਯੁੱਗ ਵਿਚ ਮਿਲੂ ਇਨਸਾਫ਼?
ਮਾਂ ਨੂੰ ਧੀਏ ਮਾਫ਼ ਕਰੀਂ ਤੂੰ
ਵੱਸ ਰਿਹਾ ਨਾ ਬੱਚੀ ਮੇਰੇ
ਐਹੋ ਜਿਹੇ ਬੇਰਹਿਮਾਂ ਦੇ ਘਰ
ਮੁੜ ਨਾ ਧੀਏ ਪਾਵੀਂ ਫੇਰੇ

ਧੀ: ਮਾਏ ਦਿਲ ਕਿਉਂ ਛੋਟਾ ਕੀਤਾ
ਦੁੱਖ ਤੇਰਾ ਮੈਂ ਸਮਝਾਂ
ਮੂੰਹ ਦੇ ਮਿੱਠੇ, ਦਿਲ ਦੇ ਖੋਟੇ
ਕੀ ਸਮਝਣ ਇਹ ਰਮਜ਼ਾਂ
ਰੀਤ ਬਿਪਰ ਦੀ ਇਹਨਾਂ ਪਕੜੀ
ਬੁੱਝਦੇ ਨਾ ਪੜ੍ਹੇ ਅੱਖਰ
ਤਾਂ ਹੀ ਧੀ-ਧਿਆਣੀ ਨੂੰ ਮਾਂ,
ਆਖ ਬੁਲਾਉਂਦੇ ਪੱਥਰ..!

ਮਾਂ: ਗੁਰੂ ਦੇ ਪੈਰੋਕਾਰ ਕਹਾਉਂਦੇ
ਕੁੜੀ-ਮਾਰ ਨੇ ਬਣਦੇ
ਨੜੀ-ਮਾਰ ਸੰਗ ਵਰਤਣ ਇਹੇ
ਗੱਲ ਕਰਦੇ ਨਾ ਸੰਗਦੇ
ਫ਼ੋਕੀਆਂ ਟਾਹਰਾਂ ਮਾਰਨ ਵਾਲੇ
ਧੀ ਤੋਂ ਕਿਉਂ ਕੰਨੀ ਕਤਰਾਉਂਦੇ?
ਵੱਡੇ ਬੁੱਧੀਜੀਵੀ ਬਣਕੇ
ਫਿਰ ਵੀ ਫ਼ੋਕੇ ਨਾਅਰੇ ਲਾਉਂਦੇ!

ਧੀ: ਬਦਲ ਗਏ ਜ਼ਮਾਨੇ ਮਾਏ!
ਬਦਲ ਗਈਆਂ ਤਕਨੀਕਾਂ
ਪਹਿਲਾਂ ਕੁੱਜੇ ਪਾ ਦੱਬਦੇ ਸੀ
ਹੁਣ ਮੁੱਕ ਗਈਆਂ ਉਡੀਕਾਂ
ਹੁਣ ਟੀਕਾ ਲਗਵਾ ਕੇ ਇਕ ਮਾਂ,
ਕਰਦੇ ਖ਼ਤਮ ਕਹਾਣੀ
ਆਤਮਘਾਤੀ ਜਗਤ ਕਸਾਈ
ਕਹੇ ਗੁਰੂ ਦੀ ਬਾਣੀ

ਮਾਂ: ਜੰਮਦੀ ਧੀ ਨੂੰ ‘ਫ਼ੀਮ ਦੀ ਗੋਲੀ
ਮਿਲ਼ਦੀ ਸੀਗੀ ਗੁੜ੍ਹਤੀ
ਹੁਣ ਤਾਂ ਕੁੱਖ ਦੇ ਵਿਚ ਹੀ ਧੀਏ
ਲਾਉਂਦੇ ਨੇ ਇਕ ਫ਼ੁਰਤੀ
ਦੱਸੇ ਡਾਕਟਰ ਕਰ ‘ਸਕੈਨਿੰਗ’
ਬਹੁੜੂ ਧੀ-ਧਿਆਣੀ
ਵੱਡੇ ਨੱਕਾਂ ਵਾਲੇ ਆਖਣ
ਕਰ ਦਿਓ ਖ਼ਤਮ ਕਹਾਣੀ
ਪੈਂਤੀ ਸੌ ਜਦ ਡਾਕਟਰ ਮੰਗੇ
ਕਹਿੰਦੇ ਸਸਤਾ ਸੌਦਾ
ਵਿਆਹ ‘ਤੇ ਤਾਂ ਕਈ ਲੱਖ ਲੱਗੂਗਾ
ਚਲੋ ਬਣਗੀਆਂ ਮੌਜਾਂ

ਧੀ: ਦਾਜ ਦੀ ਲਾਹਣਤ ਜੇ ਨਾ ਹੁੰਦੀ
ਕੋਈ ਨਾ ਕਹਿੰਦਾ ਧੀ ਨੂੰ ਮਾੜੀ
ਧੀ ਵੀ ਰੰਗਲਾ ਜੱਗ ਦੇਖਦੀ
ਮਾਂ ਨਾ ਪਿੜਦੀ ਵਿਚ ਘੁਲਾੜੀ
ਯਾਦ ਨਾ ਰੱਖਣ ਮਾਂ ਗੁਜਰੀ ਨੂੰ
ਮਾਈ ਭਾਗੋ ਨੂੰ ਭੁੱਲ ਤੁਰੇ ਨੇ
ਜ਼ਿਦ ਇਕ, ਧੀ ਨਹੀਂ ਜੰਮਣ ਦੇਣੀ
ਕਰਨ ਇਹ ਦੀਵਾ ਗੁੱਲ ਤੁਰੇ ਨੇ

ਮਾਂ: ਦਰੋਪਦੀ, ਸੀਤਾ, ਦੁਰਗਾ ਮਾਤਾ,
ਦੱਸ ਖਾਂ ਮੀਰਾਂ ਕੁੜੀ ਨਹੀਂ ਸੀ?
ਦਮਯੰਤੀ ਤੇ ਨੈਣਾ ਦੇਵੀ,
ਔਰਤ ਦੇ ਨਾਲ ਜੁੜੀ ਨਹੀਂ ਸੀ?
ਰਾਣੀ ਝਾਂਸੀ, ਪਾਰਵਤੀ ਨੂੰ
ਮਾਤਾ-ਮਾਤਾ ਆਖਣ ਵਾਲੇ
ਉਪਰੋਂ ਦੁੱਧ ਧੋਤੇ ਇਹ ਲੱਗਣ
ਪਰ ਨੇ ਅੰਦਰੋਂ ਦਿਲ ਦੇ ਕਾਲ਼ੇ

ਧੀ: ਸਹਸ ਸਿਆਣਪਾਂ ਲੱਖ ਜੇ ਹੋਵਣ
ਇਕ ਨਾ ਚੱਲੇ ਨਾਲ ਨੀ ਮਾਏ!
ਰਾਜੇ-ਰਾਣੇ ਜੰਮਣ ਵਾਲੀ
ਖ਼ੁਦ ਕਿਉਂ ਫਿਰੇ ਕੰਗਾਲ ਨੀ ਮਾਏ?
ਜਨਨੀ ਜੰਮਦੀ ਭਗਤ-ਜਨ ਤੇ,
ਕੈ ਦਾਤਾ ਕੈ ਸੂਰ ਨੀ ਮਾਏ!
ਜੱਗ-ਜਨਨੀ ਨੂੰ ਪੈਂਦੇ ਧੱਕੇ
ਇਹ ਕੈਸਾ ਦਸਤੂਰ ਨੀ ਮਾਏ?

ਮਾਂ: ਕਲਯੁਗ ਰਥ ਹੈ ਅਗਨ ਦਾ ਧੀਏ!
ਕੂੜ ਅੱਗੇ ਰਥਵਾਨ ਹੈ ਇਹਦਾ
ਇਹ ਜੱਗ ਤਾਂ ਗਰਕਣ ‘ਤੇ ਆਇਆ
ਰਾਖਾ ਉਹ ਭਗਵਾਨ ਹੈ ਇਹਦਾ
ਮਰਦ-ਪ੍ਰਧਾਨ ਸਮਾਜ ਦੇ ਅੱਗੇ
ਨਾ ਤੇਰਾ, ਨਾ ਜੋਰ ਹੈ ਮੇਰਾ
ਮਰਦ ਦਾ ਭਾਣਾ ਮੰਨ ਕੇ ਧੀਏ!
ਅੱਗੇ ਕਰ ਕੋਈ ਰੈਣ-ਬਸੇਰਾ

ਧੀ: ਚੱਲ ਮਾਂ, ਚੱਲ ਹੁਣ ਸੌਂ ਜਾ, ਚੁੱਪ ਕਰ
ਦਿਲ ਦੁਖੀ ਕਿਉਂ ਡਾਢਾ ਕਰਿਆ?
ਸੰਯੋਗ ਵਿਯੋਗ ਦੋਇ ਕਾਰ ਚਲਾਵੈ
ਲੇਖੇ ਆਉਂਦੈ ਭਾਗ ਨੀ ਅੜਿਆ
ਸ਼ਕਲ ਤੇਰੀ, ਨਾ ਸੂਰਤ ਦੇਖੀ
ਪੈਂਦੇ ਦਿਲ ਵਿਚ ਹੌਲ ਨੀ ਮਾਏ!
ਚਿੜੀਆਂ ਦਾ ਮਰਨ, ਗਵਾਰਾਂ ਦਾ ਹਾਸਾ
ਧੀਆਂ ਬਣਨ ਮਖੌਲ ਨੀ ਮਾਏ!

ਮਾਂ: ਧੀਏ! ਕਿਹੜਾ ਨੀਂਦ ਹੈ ਆਉਣੀ
ਦਿਲ ਮੇਰਾ ਤੇਰੇ ਵਿਚ ਧੜਕੇ
ਆਤਮਾ ਲਹੂ-ਲੁਹਾਣ ਹੋਊ ਮੇਰੀ
ਜਦ ਤੁਰਜੇਂਗੀ ਵੱਡੇ ਤੜਕੇ
ਧੀਆਂ ਬਾਝੋਂ ਮਾਂ ਦੇ ਦੁੱਖ ਦੱਸ
ਮੇਰੀਏ ਬੱਚੀਏ ਕਿਹੜਾ ਸੁਣਦਾ
ਕੂਕ-ਕੂਕ ਕੇ ਕਿਸ ਨੂੰ ਦੱਸਾਂ
ਮਰਦ ਫਿਰੇ ਕੀ ਤਾਣੇ ਬੁਣਦਾ

0 0 0 0 0

ਵੱਡੇ ਤੜਕੇ ਮਾਂ ਦੀ ਆਂਦਰ
ਬੇਰਹਿਮੀ ਨਾਲ ਕੱਢ ਕੇ ਮਾਰੀ
ਬਾਪ ਦੇ ਸਿਰ ਤੋਂ ‘ਬੋਝ’ ਲੱਥ ਗਿਆ
ਮਾਂ ਦੇ ਸੀਨੇ ਚੱਲ ਗਈ ਆਰੀ
ਅਣਜੰਮੀ ਧੀ ਵਿਦਾਅ ਹੋ ਗਈ
‘ਜੱਗੀ’ ਮਾਂ ਵਿਲਕੇ ਕੁਰਲਾਵੇ
‘ਕੁੱਸੇ ਪਿੰਡ’ ਦੇ ਵਿਚ ਉਏ ਰੱਬਾ!
ਐਹੋ ਜਿਹੀ ਆਫ਼ਤ ਨਾ ਆਵੇ…!!

-ਸ਼ਿਵਚਰਨ ਜੱਗੀ ਕੁੱਸਾ


ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

ਤੁਸੀਂ ਇਸ ਤਰ੍ਹਾਂ ਦੀਆਂ ਲਿਖਤਾਂ ਲਈ ਸਾਡੇ ਨਾਲ ਸੋਸ਼ਲ ਮੀਡੀਆ ’ਤੇ ਜੁੜੋ

Comments

4 responses to “ਮਾਂ ਅਤੇ ਧੀ – ਸ਼ਿਵਚਰਨ ਜੱਗੀ ਕੁੱਸਾ”

  1. Baljinder Buttar Avatar
    Baljinder Buttar

    Respected Jaggi Kussa Ji

    Aap Ji di Kavita " Maa Ate Dhee" parhi, bahut hi sikhiadayak kavita hai ji. Kash! sade ghatia soch de malak jo lok han oh es kavita to koi sikhia lain te navi paida hon wali dhee da es sansar te Sawagtam kahan. Parmatma tuhadi kalm nu es taran dia sedh den walia Rachnava likhan da bal bakhshe.
    Baljinder Buttar

  2. Dee Avatar

    I must SAY You are very creative.I am a girl still can't describe the way you are doing.Wonderful JOB.
    I hope parents should start thinking more positive and different with this century.Girls make load lighter not heavy.

  3. Dee Avatar

    Shivcharan ji,
    I always read your literature for years,but never wrote any comments.
    This time reading mom and daughter real white truth the way you described is just excellent.
    I wish we all Indian have to change out thinking about girls.
    Indian girls own awearness and education going to make big difference and change in our Indian society.
    All writers men and women have to come forward to write more on this subject.I like this law in India, no one can find out in advance weather is boy or girl.
    Jaggi ji you just wrote a such a beautiful poem.
    Congratulation.
    Davinder Kaur
    California

  4. Davinder kaur Avatar
    Davinder kaur

    Dear Editor,
    Please fix the font on lakh Shivcharan jaggi Kussa.
    I could read in punjabi on the same page top and also on sides and bottom,but lekh in different font not able to read.
    My congratulation goes to you doing a hard work for Maa boli Punjabi.
    Best wishes
    Davinder Kaur
    California
    davinderkaur@yahoo.com

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com