
ਇਕ ਲੇਖਕ ਦੀ ਮੌਤ, ਪੁਨਰ-ਜਨਮ ਤੇ ਦੁਨੀਆ ’ਤੇ ਡੰਕਾ!
ਤਾਮਿਲ ਲੇਖਕ ਪੇਰੂਮਲ ਮੁਰੂਗਨ, ਕਦੇ ਐਲਾਨ ਕੀਤਾ ਸੀ ਕਿ ਉਹ ਮਰ ਚੁੱਕਾ ਹੈ। ਇਕ ਵਾਰ ਫੇਰ ਪੂਰੀ ਦੁਨੀਆ ਦੇ ਮੀਡੀਆ ਵਿਚ ਉਸ ਦਾ ਡੰਕਾ ਵੱਜ ਰਿਹਾ ਹੈ। ਇਸ ਚਰਚਾ ਦਾ ਕਾਰਨ ਉਸ ਦੇ ਨਾਵਲ ਦਾ ਕੌਮਾਂਤਰੀ ਸਾਹਿਤ ਸਨਮਾਨ ਬੁੱਕਰ ਦੀ ਲੰਬੀ ਸੂਚੀ ਵਿਚ ਸ਼ਾਮਲ ਹੋਣਾ ਹੈ। ਆਖ਼਼ਰ ਕੀ ਕਾਰਨ ਸਨ ਕਿ ਮੁਰੂਗਨ ਨੂੰ ਆਪਣੀ ਮੌਤ ਦਾ ਐਲਾਨ ਕਰਨਾ ਪਿਆ ਸੀ? ਫੇਰ ਉਹ ਦੋਬਾਰਾ ਜਿਉਂਦਾ ਕਿਵੇਂ ਹੋਇਆ? ਤਾਮਿਲਨਾਡੂ ਦੇ ਇਕ ਛੋਟੇ ਜਿਹੇ ਪਿੰਡ ਤੋਂ ਪੂਰੀ ਦੁਨੀਆ ਵਿਚ ਧਮਕ ‘ਤੇ ਕਿਵੇਂ ਪਹੁੰਚੀ? ਆਉ ਤੁਹਾਨੂੰ ਦੱਸਦੇ ਹਾਂ।
ਤਾਮਿਲ ਲੇਖਕ ਪੇਰੂਮਲ ਮੁਰੂਗਨ (ਤਸਵੀਰ: ਅਗਸਤਸ ਬੀਨੂੰ)
ਕੌਣ ਹੈ ਪੇਰੂਮਲ ਮੁਰੂਗਨ?
ਪੇਰੂਮਲ ਮੁਰੂਗਨ ਤਾਮਿਲਨਾਡੂ ਦੇ ਨਮਾਕੱਲ ਜ਼ਿਲੇ ਦੇ ਛੋਟੇ ਜਿਹੇ ਪਿੰਡ ਥਿਰੂਚੇਨਗੋਡੂ ਦੇ ਛੋਟੀ ਕਿਸਾਨੀ ਵਾਲੇ ਪਰਿਵਾਰ ਵਿਚ ਪੈਦਾ ਹੋਇਆ। ਥੋੜ੍ਹੀ ਜ਼ਮੀਨ ਹੋਣ ਕਾਰਨ ਉਸ ਦੇ ਪਿਤਾ ਖੇਤੀ ਦੇ ਨਾਲ ਇਕ ਸਿਨੇਮੇ ਵਿਚ ਸੋਢੇ ਦੀ ਦੁਕਾਨ ਚਲਾਉਂਦੇ ਸਨ। ਛੋਟੀ ਉਮਰੇ ਮੁਰੂਗਨ ਨੇ ਲਿਖਣਾ ਸ਼ੁਰੂ ਕਰ ਦਿੱਤਾ। ਉਸ ਦੇ ਲਿਖੇ ਬਾਲ ਗੀਤ ਆਲ ਇੰਡੀਆ ਰੇਡੀਉ ’ਤੇ ਪ੍ਰਸਾਰਿਤ ਹੋਏ।
ਤਾਮਿਲ ਸਾਹਿਤ ਵਿਚ ਪੀਐਚਡੀ ਕਰਨ ਦੇ ਨਾਲ ਹੀ ਉਸ ਨੇ ਆਪਣੇ ਖਿੱਤੇ ਦੀ ਭਾਸ਼ਾ ਤੇ ਸਾਹਿਤ ਬਾਰੇ ਡੂੰਘੀ ਖੋਜ ਕੀਤੀ। ਉਸ ਨੇ ਆਪਣੇ ਖਿੱਤੇ ਕੋਂਗਨਾਡੂ ਦੀ ਬੋਲੀ ਦੇ ਸ਼ਬਦਾਂ, ਅਖਾਣਾਂ ਤੇ ਕਥਨਾਂ ਦਾ ਇਕ ਕੋਸ਼ ਤਿਆਰ ਕੀਤਾ। ਫਿਰ ਉਸ ਨੇ ਤਾਮਿਲ ਕਲਾਸਕੀ ਸਾਹਿਤ ਦੇ ਪ੍ਰਮਾਣਿਕ ਸੰਸਕਰਣ ਛਪਵਾਏ। ਕੋਂਗੂ ਖਿੱਤੇ ਦੇ ਪੁਰਾਣੇ ਸਾਹਿਤ ਨੂੰ ਉਸ ਨੇ ਦੋਬਾਰਾ ਪ੍ਰਕਾਸ਼ਿਤ ਵੀ ਕਰਵਾਇਆ। ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ਉਸ ਦੀਆ 35 ਕਿਤਾਬਾਂ ਵਿਚ ਕੋਂਗੂ ਖਿੱਤੇ ਦਾ ਸਭਿਆਚਕ ਨਕਸ਼ਾ ਮਿਲਦਾ ਹੈ।
ਕਿਉਂ ਛੱਡਣੀ ਪਈ ਪ੍ਰੋਫ਼ੈਸਰ ਦੀ ਨੌਕਰੀ?
ਨਮਾਕੱਲ ਦੇ ਸਰਕਾਰੀ ਆਰਟਸ ਕਾਲਜ ਵਿਚ ਪੇਰੂਮਲ ਮੁਰੂਗਨ ਨੂੰ ਤਾਮਿਲ ਦੇ ਪ੍ਰੋਫ਼ੈਸਰ ਦੀ ਨੌਕਰੀ ਮਿਲੀ। ਇਸ ਦੌਰਾਨ ਉਸ ਨੇ ਆਪਣੇ ਕਈ ਨਾਵਲ ਲਿਖੇ। ਆਮ ਲੋਕਾਂ ਦੀ ਜ਼ਿੰਦਗੀ ’ਤੇ ਆਧਾਰਤ ਤਾਮਿਲ ਵਿਚ ਲਿਖੇ ਨਾਵਲਾਂ ਨੂੰ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ। ਪਰ ਇਕ ਨਾਵਲ ਵਿਚ ਹਿੰਦੂ ਦੇਵੀ-ਦੇਵਤਿਆਂ ਦੇ ਹਵਾਲੇ ਤੋਂ ਗੁੱਸੇ ਵਿਚ ਆਏ ਹਿੰਦੂਵਾਦੀ ਸੰਗਠਨਾਂ ਦੇ ਸ਼ਬਦੀ ਹਮਲਿਆਂ ਤੇ ਵਿਰੋਧ-ਪ੍ਰਦਰਸ਼ਨ ਕਰਕੇ ਉਸ ਨੂੰ ਨੌਕਰੀ ਛੱਡਣੀ ਪਈ। ਵਿਵਾਦ ਬਾਰੇ ਅੱਗੇ ਵਿਸਤਾਰ ਵਿਚ ਗੱਲ ਕਰਾਂਗੇ। ਅੱਜ-ਕੱਲ੍ਹ ਉਹ ਅਤੁੱਰ ਦੇ ਸਰਕਾਰੀ ਕਾਲਜ ਵਿਚ ਤਾਮਿਲ ਸਾਹਿਤ ਵਿਭਾਗ ਦਾ ਮੁਖੀ ਹੈ।
ਮੁਰੂਗਨ ਦਾ ਸਾਹਿਤ
ਹੁਣ ਤੱਕ ਦਸ ਨਾਵਲ ਤੇ ਪੰਜ-ਪੰਜ ਕਹਾਣੀ ਤੇ ਕਵਿਤਾ ਸੰਗ੍ਰਹਿ ਲਿਖ ਚੁੱਕਾ ਪੇਰੂਮਲ ਮੁਰੂਗਨ ਤਾਮਿਲ ਪਾਠਕਾਂ ਵਿਚ ਹਰਮਨ-ਪਿਆਰਾ ਹੈ। ਉਸ ਨੇ ਦਸ ਕਿਤਾਬਾਂ ਭਾਸ਼ਾ ਤੇ ਸਾਹਿਤ ਬਾਰੇ ਲਿਖੀਆਂ ਹਨ। ਕਈ ਹੋਰ ਕਿਤਾਬਾਂ ਉਸ ਨੇ ਸੰਪਾਦਿਤ ਕੀਤੀਆਂ ਹਨ। ਉਸ ਦੇ ਕਈ ਨਾਵਲ ਅੰਗਰੇਜ਼ੀ ਵਿਚ ਅਨੁਵਾਦ ਹੋਏ ਹਨ। ਸੰਨ 1988 ਤੋਂ ਸਾਹਿਤਕ ਮੈਗਜ਼ੀ