ਤੇਰੇ ਤੁਰ ਜਾਣ ਮਗਰੋਂ…

(ਨੋਟ: 31 ਜਨਵਰੀ ਨੂੰ ਸਵਰਗਵਾਸ ਹੋ ਗਏ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿਦਵਾਨ ਲੇਖਕ ਅਜੀਤ ਸਿੰਘ ਸਿੱਕਾ ਦੀ ਯਾਦ ਨੂੰ ਸਮਰਪਿਤ, 6 ਫਰਵਰੀ ਨੂੰ ਭੋਗ ਤੇ ਵਿਸ਼ੇਸ਼)

ਅੰਮ੍ਰਿਤਬੀਰ ਕੌਰ
ਕਿਤਾਬਾਂ ਨਾਲ ਮੇਰਾ ਪੁਰਾਣਾ, ਡੂੰਘਾ ਤੇ ਗੂੜ੍ਹਾ ਰਿਸ਼ਤਾ ਹੈ। ਇਕ ਅਦਿੱਖ ਪਰ ਮਜ਼ਬੂਤ ਤੰਦ ਹੈ ਜੋ ਮੈਨੂੰ ਕਿਤਾਬਾਂ ਨਾਲ ਜੋੜੀ ਰੱਖਦੀ ਹੈ। ਇਹੀ ਕਾਰਨ ਹੈ ਕਿ ਚਾਰ ਕੁ ਮਹੀਨੇ ਪਹਿਲਾਂ 300 ਕਿਲੋਮੀਟਰ ਦੂਰ ਵਿਆਹੇ ਜਾਣ ਦੇ ਬਾਵਜੂਦ ਵੀ ਮੈਂ ਲੁਧਿਆਣਾ ਸਥਿਤ ਪੰਜਾਬ ਯੂਨਿਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਦੀ ਮੈਂਮਬਰਸ਼ਿਪ ਨਹੀਂ ਛੱਡ ਸਕੀ। ਉੱਥੇ ਤਰਤੀਬਵਾਰ ਸਜੀਆਂ ਕਿਤਾਬਾਂ ਦੇ ਅਥਾਹ ਸਾਗਰ ’ਚੋਂ ਮੈਂ ਕੁਝ ਕੀਮਤੀ ਬੂੰਦਾਂ ਚੁਣ ਲੈਂਦੀ ਸੀ, ਫੇਰ ਅਰਾਮ ਨਾਲ ਉੱਥੇ ਪਏ ਮੇਜ਼ ਕੁਰਸੀਆਂ ਤੇ ਬਹਿ ਕੇ ਉਹਨਾਂ ਬੂੰਦਾਂ ਦਾ ਰਸ ਮਾਣਦੀ ਸੀ। ਅੱਜ ਵੀ ਉਹੀ ਮੇਜ਼ ਤੇ ਕੁਰਸੀਆਂ ਮੇੈਨੂੰ ਬੁਲਾਉਂਦੇ ਜਾਪਦੇ ਨੇ, ਪਰ ਚਾਹੁੰਦੇ ਹੋਏ ਵੀ ਮੈਂ ਉਸ ਸੁਪਨਪਈ ਸੰਸਾਰ ਤੋਂ ਲੰਬੇ ਅਰਸੇ ਤੋਂ ਦੂਰ ਸੀ।ਇਸੇ ਅਣਗੌਲਿਆਂ ਕੀਤੀ ਖਿੱਚ ਦਾ ਨਤੀਜਾ ਸੀ ਕਿ ਇਸ ਵਾਰ ਜਦ ਕਰੀਬ ਦੋ ਕੁ ਮਹੀਨਿਆਂ ਬਾਅਦ ਮੈਂ ਲੁਧਿਆਣੇ ਗਈ ਤਾਂ ਉਸ ਲਾਇਬਰੇਰੀ ਮੁੜ ਫੇਰਾ ਪਾ ਕੇ ਆਉਣ ਦਾ ਫੈਸਲਾ ਮੈਂ ਦਿੱਲੀ ਤੋਂ ਰਵਾਨਾ ਹੋਣ ਲੱਗਿਆਂ ਹੀ ਕਰ ਲਿਆ ਸੀ।

ਜਿਵੇਂ ਹੀ ਮੈਂ ਉਸ ਬਿਲਡਿੰਗ ਦੇ ਅੰਦਰ ਦਾਖਲ ਹੋਈ ਤਾਂ ਬੀਤੇ ਦਿਨਾਂ ਦੇ ਉਹ ਸਾਰੇ ਮੰਜ਼ਰ ਮੇਰੀਆਂ ਅੱਖਾਂ ਸਾਹਵੇਂ ਦੀ ਗੁਜ਼ਰ ਗਏ। ਇਕ ਪਲ ਲਈ ਏਦਾਂ ਮਹਿਸੂਸ ਹੋਇਆ ਜਿਵੇਂ ਸਮਾਂ ਖੜ੍ਹ ਗਿਆ ਹੋਵੇ। ਕੁਝ ਵੀ ਤਾਂ ਨਹੀਂ ਬਦਲਿਆ ਸੀ। ਉਹੀ ਸਵਾਗਤੀ ਕਾਊਂਟਰ, ਉਹੀ ਕਿਤਾਬਾਂ ਦੀ ਮਹਿਕ, ਉਹੀ ਹਾਜ਼ਰੀ ਰਜਿਸਟਰ। ਜਿਉਂ ਹੀ ਮੈਂ ਰਜਿਸਟਰ ਵਿੱਚ ਹਾਜ਼ਰੀ ਲਾ ਕੇ ਪੜ੍ਹਨ ਵਾਲੇ ਕਮਰੇ ’ਚ ਦਾਖਲ ਹੋਈ ਤਾਂ ਉਹੀ ਜਾਣੇ-ਪਛਾਣੇ ਮੇਜ਼ ਅਤੇ ਸੈਨਤ ਮਾਰ ਬੁਲਾਉਂਦੀਆਂ ਕੁਰਸੀਆਂ ਸਨ। ਫੇਰ ਮੇਰੀ ਨਜ਼ਰ ਆਲੇ-ਦੁਆਲੇ ਘੁੰਮਣ ਲੱਗੀ, ਜਿਵੇਂ ਕੋਈ ਪੁਰਾਣੀਆਂ ਯਾਦਾਂ ਦੀਆਂ ਨਿਸ਼ਾਨੀਆਂ ਖੋਜ ਰਹੀ ਹੋਵੇ। ਇਧਰ-ਉਧਰ ਭਟਕਦੀ ਮੇਰੀ ਨਜ਼ਰ ਅਚਾਨਕ ਇਕ ਮੇਜ਼ ਤੇ ਰੁਕੀ, ਤੇ ਕੁਝ ਪਲ ਬਾਅਦ ਅੱਗੇ ਵੱਧ ਗਈ। ਪਰ ਸ਼ਾਇਦ ਉਸ ਥਾਂ ਪਸਰਿਆ ਖਲਾਅ ਮੇਰੇ ਜ਼ਹਿਨ’ਚ ਉਕਰਿਆ ਰਹਿ ਗਿਆ ਸੀ।

ਕੁਝ ਕਦਮ ਅੱਗੇ ਪਸਰੀਆਂ ਕਿਤਾਬਾਂ ਦੀਆਂ ਗਲੀਆਂ ਮੈਨੂੰ ’ਵਾਜਾਂ ਮਾਰ ਰਹੀਆਂ ਸਨ। ਕਿਤਾਬਾਂ ਦੀ ਦੁਨੀਆਂ ’ਚ ਗਵਾਚੀ ਮੈਂ ਉਹਨਾਂ ਗਲੀਆਂ ’ਚ ਘੁੰਮਣ ਲੱਗੀ। ਕੁਝ ਕਿਤਾਬਾਂ ਲੈ ਕੇ ਮੈਂ ਇਕ ਕੁਰਸੀ ਤੇ ਜਾ ਬੈਠੀ। ਰਹਿ-ਰਹਿ ਕੇ ਮੇਰੀ ਨਜ਼ਰ ਉਸ ਕੋਨੇ ਵਾਲੇ ਖਾਲੀ ਮੇਜ਼-ਕੁਰਸੀ ਵੱਲ ਜਾਂਦੀ ਰਹੀ। ਥੋੜ੍ਹੇ ਸਮੇਂ ਬਾਅਦ ਮੈਂ ਉਠੀ ਤੇ ਕਿਤਾਬਾਂ ਜਾਰੀ ਕਰਨ ਵਾਲੇ ਕਾਊਂਟਰ ਤੋਂ ਉਸ ਕੁਰਸੀ ਦੇ ਖ਼ਾਲੀ ਹੋਣ ਦਾ ਕਾਰਣ ਜਾਣਨ ਲਈ ਤੁਰ ਪਈ।

ਦਰਅਸਲ ਅੱਗੇ ਜਦੋਂ ਵੀ ਕਦੇ ਮੈਂ ਉਸ ਲਾਇਬਰੇਰੀ ਜਾਂਦੀ ਤਾਂ ਉੱਥੇ ਇਕ ਸ਼ਾਂਤ ਜਿਹਾ ਦਿਖਣ ਵਾਲਾ ਸ਼ਖ਼ਸ ਬੈਠਾ ਹੁੰਦਾ, ਜੋ ਮੇਜ਼ ਤੇ ਦੋ-ਤਿੰਨ ਕਿਤਾਬਾਂ ਰੱਖੀ, ਕਾਗਜ਼ ਦੇ ਉੱਤੇ ਕਲਮ ਚਲਾਉਂਦਾ ਆਪਣੀ ਹੀ ਦੁਨੀਆਂ ’ਚ ਗਵਾਚਿਆ ਜਾਪਦਾ। ਮੈਂ ਨਹੀਂ ਜਾਣਦੀ ਸੀ ਕਿ ਉਹ ਸ਼ਖ਼ਸ ਕੌਣ ਸੀ ਤੇ ਕੀ ਕਰਦਾ ਸੀ। ਪਰ ਇੰਨਾ ਜ਼ਰੂਰ ਸੀ ਕਿ ਜਦੋਂ ਵੀ ਮੈਂ ਲਾਇਬਰੇਰੀ ਜਾਂਦੀ ਤਾਂ ਉਹ ਉੱਥੇ ਹੀ ਬੈਠਾ ਕਿਤਾਬਾਂ ਦੀ ਦੁਨੀਆਂ ’ਚ ਵਿਚਰਦਾ ਹੁੰਦਾ ਸੀ। ਬਸ ਸਮਝੋ, ਇਕ ਆਦਤ ਬਣ ਗਈ ਸੀ ਉਹਨਾਂ ਨੂੰ ਉੱਥੇ ਬੈਠਿਆਂ ਦੇਖਣ ਦੀ। ਸਮਾਂ ਬੀਤਦਾ ਗਿਆ ਤਾਂ ਇਕ ਸਾਂਝ ਬਣ ਗਈ, ਇਕ ਅਜਿਹੀ ਸਾਂਝ ਜਿਸ ਵਿਚ ਸ਼ਬਦ ਨਹੀਂ ਸਨ ਲੋੜੀਂਦੇ। ਉਹ ਸੀ ਕਿਤਾਬਾਂ ਦੀ ਅਦਬੀ ਸਾਂਝ। ਹੁਣ ਮੈਂ ਜਦੋਂ ਕਦੇ ਜਾਂਦੀ ਤਾਂ ਆਪਣੇ ਵੱਡੇ ਬਜ਼ੁਰਗਾਂ ਵਰਗਾ ਅਦਬ ਤੇ ਸਤਿਕਾਰ ਦੇਣ ਲਈ ਦੂਰੋਂ ਹੀ ਸਿਰ ਝੁਕਾ ਦਿੰਦੀ। ਉਹ ਵੀ ਇਸਦਾ ਜਵਾਬ ਸਿਰ-ਪਲੋਸਦੀ ਮੁਸਕਾਨ ਦੇ ਨਾਲ ਸਿਰ ਹਿਲਾ ਕੇ ਮੈਨੂੰ ਪਛਾਣ ਲਏ ਜਾਣ ਦੀ ਸ਼ਾਹਦੀ ਭਰ ਦਿੰਦੇ।

ਫੇਰ ਇਕ ਵਾਰ ਮੈਂ ਉਹਨਾਂ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਇਕ ਸਾਹਿਤਕ ਸਮਾਗਮ ’ਚ ਸ਼ਿਰਕਤ ਕਰਦੇ ਵੇਖਿਆ ਸੀ। ਉਦੋਂ ਤੱਕ ਮੇਰਾ ਵਿਆਹ ਹੋ ਚੁੱਕਾ ਸੀ। ਮੈਂ ਆਪਣੇ ਪਤੀ ਨਾਲ ਬੈਠੀ ਸਾਂ ਤਾਂ ਮੈਂ ਉਸੇ ਸ਼ਖ਼ਸ ਨੂੰ ਭਵਨ ਦੇ ਹਾਲ ’ਚ ਦਾਖਲ ਹੁੰਦਿਆਂ ਦੇਖਿਆ। ਉਸ ਦਿਨ ਮੈਨੂੰ ਉਹਨਾਂ ਦੀ ਸ਼ਖ਼ਸੀਅਤ ਅਤੇ ਵਿਦਵਤਾ ਬਾਰੇ ਮੇਰੇ ਪਤੀ ਨੇ ਜਾਣੂ ਕਰਵਾਇਆ। ਮੈਨੂੰ ਪਤਾ ਲੱਗਿਆ ਕਿ ਜਿਸਨੂੰ ਮੈਂ ਕਿਤਾਬਾਂ ਨਾਲ ਸਾਂਝ ਰੱਖਣ ਵਾਲਾ ਅਤੇ ਲਾਇਬਰੇਰੀ ਦੇ ਮਾਹੌਲ ਨੂੰ ਪਿਆਰ ਕਰਨ ਵਾਲਾ ਇਕ ਆਮ ਪਾਠਕ ਸਮਝਦੀ ਸੀ, ਉਹ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਦਾ ਵਿਦਵਾਨ ਅਜੀਤ ਸਿੰਘ ਸਿੱਕਾ ਸੀ, ਜੋ ਬਿਨ੍ਹਾਂ ਨਾਗਾ ਐਕਸਟੈਨਸ਼ਨ ਲਾਇਬਰੇਰੀ ਦੀ ਉਸੇ ਕੁਰਸੀ ਤੇ ਰੋਜ਼ ਜਾ ਕੇ ਬੈਠਦਾ ਸੀ।

ਜਦ ਮੈਂ ਕਿਤਾਬਾਂ ਜਾਰੀ ਕਰਨ ਵਾਲੇ ਕਾਊਂਟਰ ਤੇ ਜਾ ਕੇ ਪੁੱਛਿਆ ਤਾਂ ਪਤਾ ਲੱਗਿਆ ਕਿ ਦੋ-ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਮੇਰੇ ਪੈਰਾਂ ਹੇਠਲੀ ਧਰਤੀ ਕੰਬ ਗਈ। ਲੱਗਿਆ ਜਿਵੇਂ ਮੇਰੇ ਨਾਨੇ ਤੇ ਦਾਦੇ ਵਰਗਾ ਪਰਛਾਵਾਂ ਇਕ ਵਾਰ ਫੇਰ ਮੇਰੇ ਸਿਰੋਂ ਢਲ ਗਿਆ। ਇੰਝ ਮਹਿਸੂਸ ਹੋਇਆ ਜਿਵੇਂ ਕੋਈ ਅਜ਼ੀਜ਼ ਹੱਥੋਂ ਖੁਸ ਗਿਆ ਹੋਵੇ।

ਅਜੀਤ ਸਿੰਘ ਸਿੱਕਾ ਦਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਡੇਢ ਦਰਜਨ ਦੇ ਕਰੀਬ ਅੰਗਰੇਜ਼ੀ ਕਿਤਾਬਾਂ ਸਮੇਤ ਪੰਜਾਬੀ ਅਤੇ ਹਿੰਦੀ ਵਿਚ ਸਿਰਜੀਆਂ ਕੁੱਲ 47 ਕਿਤਾਬਾਂ ਨਾਲ ਸਾਹਿਤ ਵਿਚ ਗੁਣਾਤਮਕ ਵਾਧਾ ਕੀਤਾ।

ਕੱਲ੍ਹ ਫੇਰ ਜਦ ਮੈਂ ਦਿੱਲੀ ਵਾਪਸ ਆਉਣ ਤੋਂ ਪਹਿਲਾਂ ਇਕ ਵਾਰ ਆਪਣੇ ਅਣ-ਵਿਆਹੇ ਵਰ੍ਹਿਆਂ ਦੀਆਂ ਯਾਦਾਂ ਸਮੇਟਣ ਲਾਇਬਰੇਰੀ ਗਈ ਤਾਂ ਉਹ ਮੇਜ਼ ਅਤੇ ਕੁਰਸੀ ਖਾਲੀ ਨਹੀਂ ਸੀ। ਇਕ 24-25 ਵਰ੍ਹਿਆਂ ਦਾ ਨੌਜਵਾਨ ਉਸੇ ਕੁਰਸੀ ਉੱਤੇ ਬੈਠਾ, ਉਸੇ ਮੇਜ਼ ਤੇ ਕੁਹਣੀਆਂ ਟਿਕਾਈ ਅਖ਼ਬਾਰ ਪੜ੍ਹ ਰਿਹਾ ਸੀ। ਜਾਪਿਆ ਜਿਵੇਂ ਸਮੇਂ ਦਾ ਚੱਕਰ ਆਪਣੀ ਚਾਲ ਚੱਲ ਗਿਆ ਹੋਵੇ। ਜਵਾਨੀ ਤੋਂ ਬਾਅਦ, ਬੁਢਾਪਾ ਅਤੇ ਅਖ਼ੀਰ ਮੌਤ ਤੋਂ ਬਾਅਦ ਫ਼ੇਰ ਨਵੀਂ ਜਵਾਨੀ ਸਮੇਂ ਦੇ ਗੇੜ ਵਿਚ ਰੂਹ ਫੂਕ ਦਿੰਦੀ ਹੈ। ਅਜੀਤ ਸਿੰਘ ਸਿੱਕਾ ਦੀ ਕੁਰਸੀ ਉੱਤੇ ਬੈਠਾ ਉਹ ਨੌਜਵਾਨ ਇਸ ਗੱਲੋਂ ਬੇਖ਼ਬਰ ਸੀ ਕਿ ਉਸ ਨੂੰ ਉਨ੍ਹਾਂ ਦੀ ਥਾਂ ਲੈਣ ਲਈ ਹਾਲੇ ਉਸ ਨੂੰ ਬਹੁਤ ਮਿਹਨਤ ਕਰਨੀ ਪਵੇਗੀ।

-ਅੰਮ੍ਰਿਤਬੀਰ ਕੌਰ
amritbir80@gmail.com

Comments

Leave a Reply


Posted

in

,

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com