Six Punjabi Novels on Partition of Punjab India
ਸਾਲ 2024 ਦੇ ਨਾਵਲ ਦੀ ਅਹਿਮ ਧੁਨੀ ਸਦਮਿਆਂ ਦੀ ਬਿਰਤਾਂਤਕਾਰੀ ਪ੍ਰਤੀ ਪੰਜਾਬੀ ਨਾਵਲਕਾਰਾਂ ਦੇ ਵਿਸ਼ੇਸ਼ ਉਛਾਲ ਵੱਜੋਂ ਦਰਜ ਹੋਈ ਹੈ।
ਮਨ ਪੰਖੀ ਭਇਓ – ਮਨਮੋਹਨ
ਮਨਮੋਹਨ ਦਾ ਚਿੰਤਨ ਪ੍ਰਧਾਨ ਨਾਵਲ ‘ਮਨ ਪੰਖੀ ਭਇਓ’ ਸੰਤਾਲੀ ਦੇ ਸਦਮੇ ਦੀ ਬਿਰਤਾਂਤਕਾਰੀ ਪੱਖੋਂ ਨਿਵੇਕਲੀ ਰਚਨਾ ਹੈ। ਨਾਵਲ ਵਿੱਚ ਸੰਤਾਲੀ ਦੇ ਉਜਾੜੇ ਨਾਲ ਜੁੜੀ ਸੱਤਾ ਸਿਆਸਤ ਦੀ ਗਿਰਝ ਮਾਨਸਿਕਤਾ,ਧਾਰਮਿਕ ਫ਼ਿਰਕਾਪ੍ਰਸਤੀ, ਮਾਰ-ਵੱਢ, ਔਰਤਾਂ ਦੇ ਉਧਾਲਿਆਂ ਨਾਲ ਸਬੰਧਤ ਘਟਨਾਵੀਂ ਵੇਰਵਿਆਂ ਵਾਲਾ ਪੰਜਾਬ ਨਹੀਂ ਸਗੋਂ ਇਸ ਧਰਤੀ ‘ਤੇ ਸਦਮਿਆਂ ਦੇ ਸਮਾਂਨਅੰਤਰ ਵੱਖ ਵੱਖ ਗਿਆਨ ਪਰੰਪਰਾਵਾਂ ਵਾਲੇ ਪੰਜਾਬ ਦੀ ਭਰਪੂਰ ਦ੍ਰਿਸ਼ਕਾਰੀ ਹੋਈ ਹੈ।
ਨਾਵਲਕਾਰ ਮੁਸ਼ਤਰਕਾ ਪੰਜਾਬ ਵਿੱਚ ਸਾਂਝੇ ਤੌਰ ‘ਤੇ ਰਹਿੰਦੇ ਹਿੰਦੂ, ਮੁਸਲਮਾਨ ਅਤੇ ਸਿੱਖ ਧਰਮਾਂ ਸਮੇਤ ਅਨੇਕਾਂ ਮਤ ਮਤਾਂਤਰਾਂ ਦੀਆਂ ਦਾਰਸ਼ਨਿਕ ਬੁਨਿਆਦਾਂ ਭਰਪੂਰ ਗਿਆਨ ਪਰੰਪਰਾਵਾਂ ਦੇ ਪ੍ਰਸੰਗ ਵਿੱਚ ਸੰਤਾਲੀ ਦੀ ਵੰਡ ਮੌਕੇ ਫੈਲੀ ਬੁਰਛਾਗਰਦੀ ਅੰਦਰ ਮਨੁੱਖਤਾ ਦੇ ਹੋਏ ਘਾਣ ਨੂੰ ਸਮਝਣ ਲਈ ਸੰਵਾਦੀ ਪ੍ਰਵਚਨ ਦੀ ਸਿਰਜਣਾ ਕਰਦਾ ਹੈ। ਕਬੀਰ ਚਿੰਤਨ ਅਤੇ ਗੁਰਮਿਤ ਦਰਸ਼ਨ ਦੀਆਂ ਨੀਂਹਾਂ ‘ਤੇ ਉਸਰੇ ਇਸ ਨਾਵਲ ਦਾ ਕੇਦਰੀ ਪਾਤਰ ਬੋਧਾ ਪੰਜਾਬ ਦੀ ਮੱਧਕਾਲੀਨ ਬੌਧਿਕ ਪਰੰਪਰਾ ਦਾ ਵਾਰਿਸ ਪਾਤਰ ਹੈ ਜਿਸ ਕੋਲ ਕਬੀਰ ਚਿੰਤਨ ਸਮੇਤ ਗੁਰਮਤਿ ਦਰਸ਼ਨ ਦਾ ਵੱਡਾ ਖਜ਼ਾਨਾ ਹੈ। ਜਗਿਆਸੂ ਬਿਰਤੀ ਵਾਲਾ ਅਤੇ ਮਾਨਵੀ ਹੋਂਦ ਅੰਦਰਲੇ ਕੁਕਨੁਸ ਦੀ ਭਾਲ ਵਿੱਚ ਬਿਹਬਲ ਅਜਿਹਾ ਪਾਤਰ ਪੰਜਾਬੀ ਨਾਵਲ ਪਰੰਪਰਾ ਦਾ ਵਿਸ਼ੇਸ਼ ਹਾਸਿਲ ਹੈ ਜਿਸ ਕੋਲ ਬਿਖਮ ਪਰਿਸਥਿਤੀਆਂ ਵਿੱਚ ਆਪਣੀਆਂ ਮੌਲਿਕ ਗਿਆਨ ਪਰੰਪਰਾਵਾਂ ਦੇ ਆਸਰੇ ਜੀਵਨ ਜੀਉਣ ਦਾ ਵਿਸ਼ਾਲ ਬੁੱਧੀਤਵ ਹੈ।
ਨਾਵਲਕਾਰ ਨੇ ਅੰਗਰੇਜ਼ ਬਸਤੀਵਾਦੀ ਵੱਲੋਂ ਆਪਣੀ ਪੂੰਜੀਵਾਦੀ ਸੱਤਾ ਦੇ ਵਿਸਥਾਰ ਅਤੇ ਪੰਜਾਬ ਦੀ ਮੂਲ ਰਹਿਤਲ ਨੂੰ ਨੇਸਤੋ ਨਾਬੂਦ ਕਰਨ ਲਈ ਨੀਤੀਆਂ ਦਾ ਕੱਚ-ਸੱਚ ਪੇਸ਼ ਕੀਤਾ ਹੈ ਜਿਸ ਤਹਿਤ ਮਾਝਾ, ਦੁਆਬਾ ਦੇ ਆਬਾਦਕਾਰਾਂ ਨੂੰ ਬਾਰਾਂ ਵਿੱਚ ਵਸਾ ਕੇ ਉਥੋਂ ਦੇ ਜਾਂਗਲੀ ਕਲਚਰ ਨੂੰ ਤਬਾਹ ਕਰਨ ਦੇ ਮਨਸੂਬੇ ਵਿਸ਼ੇਸ਼ ਹਨ। ਇਸਦੇ ਨਾਲ ਬਸਤੀਵਾਦੀ ਸੱਤਾ ਵੱਲੋਂ ਹਿੰਦੂ, ਸਿੱਖ ਅਤੇ ਮੁਸਲਮਾਨ ਧਰਮ ਦੇ ਲੋਕਾਂ ਦੀ ਆਪੋ ਆਪਣੀ ਗੌਰਵਸ਼ਾਲੀ ਕਬੀਲਾਈ ਚੇਤਨਾ ਨੂੰ ਮਜਹਬਾਂ ਦੇ ਚੁੰਗਲ ਵਿੱਚ ਉਲਝਾ ਕੇ ਸੰਤਾਲੀ ਦੀ ਬੁਰਛਾਗਰਦੀ ਮੌਕੇ ਭਰਪੂਰ ਰੂਪ ਵਿੱਚ ਵਰਤਣ ਦੀਆਂ ਚਾਲਾਂ ਵੀ ਨਸ਼ਰ ਹੋਈਆਂ ਹਨ।
ਨਾਵਲ ਕੁਰਤੁਲ ਐਨ ਹੈਦਰ ਦੇ ਨਾਵਲ ‘ਆਗ ਕਾ ਦਰਿਆ’ ਦੀ ਯਾਦ ਤਾਜ਼ਾ ਕਰਦਾ ਹੈ ਜਿਸਦੀ ਕੇਂਦਰੀ ਧੁਨੀ ਚੰਦਰ ਗੁਪਤ ਮੌਰੀਆ ਤੋਂ ਸੰਤਾਲੀ ਦੇ ਸੰਤਾਪ ਤੱਕ ਫੈਲੇ ਭਾਰਤੀ ਮਨੋਵਿਗਿਆਨ ਨੂੰ ਜਾਣਨ ਦੀ ਰਹੀ ਹੈ। ਜਿਸ ਵਿੱਚ ਰਹੱਸਵਾਦ, ਅਧਿਆਤਮ ਸਮੇਤ ਗਿਆਨ ਪਰੰਪਰਾ ਦੇ ਅਥਾਹ ਦਾਰਸ਼ਨਿਕ ਸੋਮਿਆਂ ਵਾਲੇ ਸ਼ਾਨਾਮੱਤੀ ਹਿੰਦੋਸਤਾਨ ਦੀ ਤਕਸੀਮ ਮੌਕੇ ਫੈਲੀ ਹਿੰਸਾ, ਖੌਫ, ਦਹਿਸ਼ਤ ਅਤੇ ਵਿਸਥਾਪਨ ਦੀ ਖੇਡ ਨੂੰ ਸਮਝਣ ਦਾ ਇਤਿਹਾਸਕ ਖਾਕਾ ਉਲੀਕਿਆ ਗਿਆ ਹੈ।
ਇਹ ਨਾਵਲ ਮਹਾਂ ਪੰਜਾਬ ਦੀ ਸੰਗੀਤ ਪਰੰਪਰਾ, ਗੁਰਮਤਿ ਦਰਸ਼ਨ, ਹਿੰਦੂ ਵਿਦਵਤਾ, ਮਜਲਿਸਾਂ ਵਿੱਚ ਗਾਇਣ, ਇਸਲਾਮੀ ਚਿੰਤਨ, ਖਾਨਗਾਹਾਂ ਦੀ ਕੱਵਾਲਕਾਰੀ, ਸਮੇਤ ਉਦਾਸੀਆਂ, ਨਿਰਮਲਿਆਂ, ਸਾਧੂਆਂ ਸਮੇਤ ਕਬੀਰ ਚਿੰਤਨ ਪਰੰਪਰਾ ਨਾਲ ਭਰਪੂਰ ਸੰਵਾਦ ਇਸ ਨਾਵਲ ਦਾ ਚਿੰਤਨੀ ਕੈਨਵਸ ਵਿਸ਼ਾਲ ਕਰਦਾ ਹੈ। ਮੁਸ਼ਤਰਕਾ ਪੰਜਾਬ ਦੀ ਧਾਰਮਿਕ, ਸਭਿਆਚਾਰਕ ਅਤੇ ਲੋਕ ਜੀਵਨ ਵਾਲੀ ਸਹਿਹੋਂਦੀ ਅਤੇ ਸਮਨਵੈ ਵਾਲੀ ਵਿਰਾਸਤ ਉੱਤੇ ਸੰਤਾਲੀ ਮੌਕੇ ਦੀ ਸੱਤਾ ਸਿਆਸਤ ਵੱਲੋਂ ਪ੍ਰਾਯੋਜਿਤ ਫਿਰਕਾਪ੍ਰਸਤੀ ਜਿਹੜਾ ਕਹਿਰ ਢਾਹੁੰਦੀ ਹੈ ਉਸਦੀ ਪੇਸ਼ਕਾਰੀ ਇਸ ਨਾਵਲ ਨੂੰ ਸਭਿਆਚਾਰਕ-ਇਤਿਹਾਸਕ ਤ੍ਰਾਸਦੀ ਵਾਲੀ ਲਿਖਤ ਵੱਜੋਂ ਤਸਲੀਮ ਕਰਦੀ ਹੈ।
ਨਾਵਲ ਦੇ ਪਾਤਰ ਬੋਧਾ, ਹੌਲਦਾਰ ਭਾਗ ਸਿੰਘ, ਹੀਰਾ, ਕੰਮੋ, ਗਿਆਨੀ ਕਰਮ ਸਿੰਘ, ਰਸ਼ੀਦਾ, ਤਾਇਆ ਬਿਸ਼ਨਾ ਆਦਿ ਦੇ ਵਾਰਤਾਲਾਪ ਅਤੇ ਮਨਬਚਨੀਆਂ ਤਿ੍ਰੰਝਣੀ ਇਤਿਹਾਸ ਵਾਲੇ ਪੰਜਾਬ ਦੀ ਪੇਸ਼ਕਾਰੀ ਕਰਦੇ ਹਨ। ਸੰਤਾਲੀ ਦੀ ਖੂੰਖਾਰ ਫ਼ਿਰਕਾਪ੍ਰਸਤੀ ਵਿੱਚ ਬਰਬਰਤਾ ਹੰਢਾਉਣ ਵਾਲੇ ਪਾਤਰਾਂ ਦੇ ਦੁਖਾਂਤਕ ਬੋਧ ਨੂੰ ਸਿਰਜਣ ਵਾਲੇ ਇਸ ਨਾਵਲ ਦਾ ਚਿੰਤਨੀ ਪੱਖ ਰਵਾਇਤੀ ਬਿਰਤਾਂਤਕ ਰਸ ਅਤੇ ਰਹੱਸ ਵਾਲੀ ਨਹੀਂ।
ਇਸ ਰਚਨਾ ਵਿੱਚ ਗੁਰਮਤਿ ਕਾਵਿ ਦੇ ਹਵਾਲੇ, ਗਾਲਿਬ ਦਾ ਕਾਵਿ ਚਿੰਤਨ, ਲੋਕ ਬਾਣੀ ਸਮੇਤ ਸਥਾਨਾਂ ਦੀ ਇਤਿਹਾਸਕਤਾ ਨਾਲ ਜੁੜੇ ਹਵਾਲੇ ਅਨੇਕਾਂ ਥਾਵਾਂ ‘ਤੇ ਵਾਧੂ ਭਰਤੀ ਵੱਜੋਂ ਪੇਸ਼ ਹੋਏ ਹਨ ਅਤੇ ਕਈ ਵਾਰ ਜਾਪਦਾ ਹੈ ਕਿ ਲੇਖਕ ਚਿੰਤਨ ਨਾਲ ਲੋਡਿਡ ਸੂਚਨਾਵਾਂ ਅਤੇ ਇਤਿਹਾਸਕ ਹਵਾਲਿਆਂ ਦੀ ਬਾਰੀਕਬਾਨ ਪੇਸ਼ਕਾਰੀ ਨਾਲ ਪਾਠਕਾਂ ਦੀ ਝੋਲੀ ਭਰਨ ਲਈ ਬਿਹਬਲ ਹੈ। ਇਸਦੇ ਬਾਵਜੂਦ ਦਰਸ਼ਨ ਸ਼ਾਸਤਰ ਨੂੰ ਨਾਵਲੀ ਚਿੰਤਨ ਦਾ ਹਿੱਸਾ ਬਣਾਉਣ ਲਈ ਇਹ ਰਚਨਾ ਇਕ ਮਾਰਗ ਤੈਅ ਕਰਦੀ ਹੈ ਜਿਸ ਵਿੱਚ ਸਦਮੇ, ਉਜਾੜੇ, ਵਿਸਥਾਪਨ ਅਤੇ ਦਹਿਸ਼ਤ ਦੇ ਸਮਾਂਨਅੰਤਰ ਤਰਲ ਮਾਨਵੀ ਹੋਂਦ ਦੇ ਪੰਖੀ ਮਨ ਦੀਆਂ ਅਨੇਕਾਂ ਗਿਆਨਮੁੱਖੀ ਪਰਵਾਜ਼ਾਂ ਭਰੀਆਂ ਪੇਸ਼ ਹੋਈਆਂ ਹਨ।
ਪੱਛਮ ਦੇ ਦਾਰਸ਼ਨਿਕ ਨਾਵਲ ਦੀ ਤੁਲਨਾ ਵਿੱਚ ਰੱਖਣ ’ਤੇ ਪੰਜਾਬੀ ਦੇ ਉਕਤ ਦਰਸ਼ਨ ਕੇਂਦਰਿਤ ਨਾਵਲਾਂ ਵਿੱਚ ਫ਼ਿਲਾਸਫ਼ੀ ਅਤੇ ਬਿਰਤਾਂਤ ਦਾ ਪੀਚਵਾਂ ਸੰਗਠਨ ਗੈਰਹਾਜ਼ਰ ਹੈ। ਪੰਜਾਬੀ ਲੇਖਕ ਕਿਸੇ ਵੀ ਦਾਰਸ਼ਨਿਕ ਵਿਚਾਰ ਪ੍ਰਣਾਲੀ ਨੂੰ ਨਾਵਲੀ ਟੈਕਸਟ ਵਿੱਚ ਪੇਸ਼ ਕਰਦਿਆਂ ਪਾਤਰਾਂ, ਘਟਨਾਵਾਂ, ਸਥਿਤੀਆਂ ਵਿੱਚੋਂ ਦਿਸਦੇ ਯਥਾਰਥ ਦੀ ਸੁਭਾਵਿਕਤਾ ਨੂੰ ਵੱਡੀ ਢਾਹ ਲਾਉਂਦਾ ਹੈ। ਦਰਸ਼ਨ ਨੂੰ ਨਾਵਲ ਦੀ ਵਿਧਾ ‘ਤੇ ਜਬਰੀ ਸਵਾਰ ਕਰਨ ਵਾਲੇ ਤਰੀਕੇ ਨਾਲ ਇਹ ਕਈ ਪੱਧਰਾਂ ‘ਤੇ ਨਾਨ ਫਿਕਸ਼ਨ ਦੇ ਘੇਰੇ ਦੀ ਵਸਤੂ ਬਣ ਜਾਂਦੀ ਹੈ। ਇਸ ਪੱਖੋਂ ਸੁਚੇਤ ਰਹਿ ਕੇ ਹੋਰ ਸੰਵਾਦੀ ਕ੍ਰਿਤਾਂ ਦੀ ਉਮੀਦ ਬਣਦੀ ਹੈ।
ਚਨੌਰ – ਡਾ .ਗੁਰਨਾਮ ਸਿੰਘ
ਨੌਜਵਾਨ ਲੇਖਕ ਡਾ ਗੁਰਨਾਮ ਸਿੰਘ ਦਾ ਨਾਵਲ ‘ਚਨੌਰ’ ਵੀ ਵਿਗਿਆਨ ਅਤੇ ਧਰਮ ਦੇ ਅੰਤਰ ਸਬੰਧਾਂ ਦੇ ਪ੍ਰਸੰਗ ਵਿੱਚ ਸਮਕਾਲ ਦੀ ਰਾਜਨੀਤੀ, ਸਮਾਜ, ਧਰਮ ਆਦਿ ਖੇਤਰਾਂ ਦੀ ਅਧੋਗਤੀ ਨੂੰ ਪੇਸ਼ ਕਰਦਾ ਹੈ। ਲੌਕਿਕ ਅਤੇ ਪਰਾਲੌਕਿਕ ਘਟਨਾਵਾਂ ਦੀ ਬਿਰਤਾਂਤਕਾਰੀ ਸਮੇਤ ਸਾਇੰਸ ਫਿਕਸ਼ਨ ਦੇ ਸੁਮੇਲ ਵਾਲੀ ਇਹ ਰਚਨਾ ਆਧੁਨਿਕ ਭਾਰਤੀ ਇਤਿਹਾਸ ਦੀਆਂ ਚਰਚਿਤ ਘਟਨਾਵਾਂ ਬਾਰੇ ਪੁਨਰ ਚਿੰਤਨ ਕਰਦੀ ਹੈ।
ਬੀਹ ਸੌ ਪੱਚੀ – ਨਦੀਮ ਪਰਮਾਰ
ਨਦੀਮ ਪਰਮਾਰ ਆਪਣੇ ਨਾਵਲ ‘ਬੀਹ ਸੌ ਪੱਚੀ’ ਵਿੱਚ ਭਾਰਤ ਦੀ ਸੱਤਾ ਸਿਆਸਤ ‘ਤੇ ਹਾਵੀ ਦੱਖਣਪੰਥੀ ਧਿਰਾਂ ਦੇ ਉਨ੍ਹਾਂ ਮਨਸੂਬਿਆਂ ਦਾ ਭਵਿੱਖਮੁੱਖੀ ਬਿਰਤਾਂਤ ਹੈ ਜਿਨ੍ਹਾਂ ਨਾਲ ਭਾਰਤ ਵਿੱਚ ਹਿੰਦੂਤਵੀ ਰਾਸ਼ਟਰ ਦੇ ਨਿਰਮਾਣ ਸਬੰਧੀ ਘਿਣਾਉਣੀ ਵਿਉਂਤਬੰਧੀ ਨਮੂਦਾਰ ਹੈ। ਕਿਸਾਨ ਅੰਦੋਲਨ, ਖੇਤੀ ਕਾਨੂੰਨ, ਕਾਰਪੋਰੇਟ ਸੈਕਟਰ ਦੇ ਵਿਸਤਾਰ, ਲਵ ਜਿਹਾਦ, ਬੁਲਡੋਜ਼ਰ ਸੰਸਕ੍ਰਿਤੀ, ਫਿਰਕੂ ਰਾਜਨੀਤੀ ਸਮੇਤ ਤਮਾਮ ਕਿਸਮ ਦੇ ਪ੍ਰਵਚਨ ਨਾਵਲ ਅੰਦਰ ਗਤੀਸ਼ੀਲ ਰਹਿੰਦੇ ਹਨ। ਇਹ ਰਚਨਾ ਹਿੰਦੂਤਵੀ ਰਾਸ਼ਟਰਵਾਦ ਦੇ ਸਿੱਧੇ ਵਿਰੋਧ ਵਾਲੇ ਨਿਸ਼ਚਿਤ ਮਨੋਰਥ ਨਾਲ ਬੱਝੀ ਹੈ।
ਰੌਲਿਆਂ ਵੇਲੇ – ਬਲਬੀਰ ਪਰਵਾਨਾ
ਇਸ ਸਾਲ ਬਲਬੀਰ ਪਰਵਾਨਾ ਦਾ ਨਾਵਲ ਸੰਤਾਲੀ ਦੀ ਬੁਰਛਾਗਰਦੀ, ਉਜਾੜੇ, ਸਦਮੇ ਅਤੇ ਵਿਸਥਾਪਨ ਦੇ ਸੰਤਾਪ ਨੂੰ ‘ਰੌਲਿਆਂ ਵੇਲੇ’ ਵਿੱਚ ਪੇਸ਼ ਕਰਦਾ ਹੈ। ਇਹ ਰਚਨਾ ਇਤਿਹਾਸ ਦੀ ਹੇਠਲੀ ਸਤ੍ਹਾ ਤੋਂ ਦੇਸ਼ ਦੀ ਤਕਸੀਮ ਨਾਲ ਜੁੜੇ ਦੁਖਾਂਤ ਨੂੰ ਪੇਸ਼ ਕਰਦੀ ਸਮਕਾਲ ਦੀ ਸੰਪਰਦਾਇਕ ਸਿਆਸਤ ਤੋਂ ਉਪਜੀਆਂ ਵਿਸੰਗਤੀਆਂ ਨੂੰ ਸਮਝਣ ਦੀ ਅੰਤਰ ਦ੍ਰਿਸ਼ਟੀ ਵੀ ਪ੍ਰਦਾਨ ਕਰਦੀ ਹੈ। ਇਸਦੇ ਨਾਲ ਸੰਤਾਲੀ ਦੇ ਉਜਾੜੇ ਤੋਂ ਕਾਰਪੋਰੇਟੀ ਵਿਕਾਸ ਮਾਡਲ ਨਾਲ ਪੰਜਾਬ ਦੇ ਹੋ ਰਹੇ ਉਜਾੜੇ ਤੱਕ ਦਾ ਕੋਲਾਜ਼ ਨਾਵਲ ਦੇ ਬਿਰਤਾਂਤਕ ਸੰਗਠਨ ਨੂੰ ਅਰਥਵਾਨ ਬਣਾਈ ਰੱਖਦਾ ਹੈ।
ਪਰਵਾਨਾ ਨੇ ਨਾਵਲ ਦੇ ਮੁੱਖ ਪਾਤਰ ਗੁਰਪ੍ਰੀਤ ਨੂੰ ਪੰਜਾਬ ਦੀ ਬੌਧਿਕ ਤੌਰ ‘ਤੇ ਚੇਤੰਨ ਅਤੇ ਸਜੱਗ ਨੌਜਵਾਨ ਪੀੜ੍ਰੀ ਦੇ ਪ੍ਰਤੀਨਿਧ ਵੱਜੋਂ ਲਿਆ ਹੈ। ਗੁਰਪ੍ਰੀਤ ਆਪਣੇ ਯੂ ਟਿਊਬ ਚੈਨਲ ‘ਜੜ੍ਹਾਂ ਦੀ ਤਲਾਸ਼ ‘ਚ’ ਲਈ ਕੰਢੀ ਇਲਾਕੇ ਦੇ ਮੁਕੇਰੀਆ- ਦਸੂਹਾ ਖੇਤਰ ਵਿੱਚ ਵੰਡ ਦੌਰਾਨ ਹੋਏ ਉਜਾੜੇ, ਦਮਨ, ਦਹਿਸ਼ਤ ਅਤੇ ਵਿਸਥਾਪਨ ਨਾਲ ਜੁੜੇ ਵੇਰਵਿਆਂ ਨੂੰ ਸਾਂਭਦਾ ਹੈ।
ਪਰਵਾਨਾ ਨੇ ਪੰਜਾਬ ਵਿੱਚ ਆਪੋ ਆਪਣੀ ਕਬੀਲਾਗਤ ਚੇਤਨਾ ਨਾਲ ਘੁੱਗ ਵੱਸਦੇ ਵੱਖ ਵੱਖ ਧਾਰਮਿਕ ਅਤੇ ਸਭਿਆਚਾਰਕ ਪਿਛੋਕੜ ਵਾਲੀ ਮੂਲ ਰਹਿਤਲ ਨੂੰ ਉਸ ਪੀੜ੍ਹੀ ਦੀਆਂ ਸਿਮਰਤੀਆਂ ਦੇ ਹਵਾਲੇ ਨਾਲ ਸਮਝਣ ਦੀ ਕਥਾ ਜੁਗਤ ਉਸਾਰੀ ਹੈ। ਲੋਕਾਂ ਦੇ ਸਹਿਹੋਂਦ ਭਰੇ ਵਸੇਬੇ ਅਤੇ ਮੁਸ਼ਤਰਕਾ ਸੰਸਕ੍ਰਿਤੀ ਦੇ ਦੁੱਧ ਵਿੱਚ ਬਸਤੀਵਾਦੀ ਹਾਕਮ ਅਤੇ ਸੱਤਾ ਦੇ ਲਲਸਾਏ ਦੇਸੀ ਹਾਕਮ ਜਿਸ ਤਰ੍ਹਾਂ ਕਾਂਜੀ ਪਾਉਂਦੇ ਹਨ, ਇਹ ਵਰਤਾਰੇ ਨਾਵਲ ਦੇ ਅਵਚੇਤਨ ਵਿੱਚ ਚੱਲਦੇ ਹਨ।
ਲੇਖਕ ਦੀ ਕਥਾ ਦ੍ਰਿਸ਼ਟੀ ਵਿੱਚ ਵੰਡ ਸਟੇਟ ਵੱਲੋਂ ਪ੍ਰਾਯੋਜਿਤ ਅਤੇ ਯੋਜਨਾਬੱਧ ਘਟਨਾ ਸੀ ਅਤੇ ਸੱਤਾ ਸਿਆਸਤ ਆਪਣੀ ਸਲਾਮਤੀ ਲਈ ਸਦੀਆਂ ਤੋਂ ਲੋਕਾਂ ਨੂੰ ਵੰਡਣ ਤੇ ਕਾਬੂ ਕਰਨ ਦੇ ਅਜਿਹੇ ਹੱਥਕੰਢੇ ਵਰਤਦੀ ਆਈ ਹੈ। ਨਾਵਲ ਦੇ ਬਿਰਤਾਂਤ ਦਾ ਆਧਾਰ ਸ਼ੇਰ ਮਹੰਮਦ, ਹਰਨਾਮ ਸਿੰਘ ਬਾਜਵਾ, ਪ੍ਰੋ ਜੋਗਿੰਦਰ ਸਿੰਘ, ਬਿੱਕਰ ਸਿੰਘ,ਉਜਾਗਰ ਸਿੰਘ ਵਰਗੇ ਬਜ਼ੁਰਗ ਪਾਤਰਾਂ ਦੀਆਂ ਸਦਮਾਗ੍ਰਸਤ ਸਿਮਰਤੀਆਂ ਬਣਦੀਆਂ ਹਨ ਜਿਨ੍ਹਾਂ ਵਿੱਚ ਔਰਤਾਂ ਦੇ ਉਧਾਲੇ, ਲੋਕਾਂ ਦੀ ਲੁੱਟ ਖੋਹ, ਕਤਲੋਗਾਰਤ, ਸ਼ਰਨਾਰਥੀ ਕੈਂਪਾਂ ਵਿੱਚ ਦੁਰਗਤੀ, ਕਾਫਲਿਆਂ ‘ਤੇ ਹਮਲੇ ਸਮੇਤ ਆਪਣੇ ਹੀ ਵਤਨ ਵਿੱਚ ਰਫਿਊਜੀ ਤੇ ਪਨਾਹਗੀਰ ਅਖਵਾਉਣ ਵਾਲੇ ਪੰਜਾਬੀਆਂ ਦੇ ਪੱਛੇ ਮਨੋਵਿਗਿਆਨ ਦੀ ਭਰਪੂਰ ਪੇਸ਼ਕਾਰੀ ਹੋਈ ਹੈ।
ਸਦਮਿਆਂ ਦੀ ਬਿਰਤਾਂਤਕਾਰੀ ਵਿੱਚ ਲੋਕਾਂ ਦੀ ਆਪਸੀ ਸਾਂਝ ਦੀਆਂ ਤੰਦਾਂ ਨੂੰ ਲੇਖਕ ਚੜ੍ਹਦੇ ਪੰਜਾਬ ਤੋਂ ਗੁਰਪ੍ਰੀਤ ਅਤੇ ਲਹਿੰਦੇ ਪੰਜਾਬ ਤੋਂ ਕੈਨੇਡਾ ਪਰਵਾਸ ਕਰ ਚੁੱਕੀ ਦੋਸਤ ਆਬਿਦਾ ਦੇ ਆਪਸੀ ਪ੍ਰੇਮ ਵਿਆਹ ਦੁਆਰਾ ਪਰਵਾਨ ਚੜਾਉਂਦਾ ਹੈ। ਸੰਤਾਲੀ ਦੇ ਸੰਤਾਪ ਨੂੰ ਭਾਵੁਕ ਵਹਿਣ ਵਾਲੀ ਰਵਾਇਤੀ ਬਿਰਤਾਂਤਕਾਰੀ ਦੀ ਥਾਂ ਸਮਾਜਿਕ ਯਥਾਰਥ ਪ੍ਰਤੀ ਖੋਜ ਕੇਂਦਰਿਤ, ਵਿਸ਼ਲੇਸ਼ਣੀ ਤੇ ਚਿੰਤਨੀ ਲਹਿਜ਼ਾ ਰੱਖਣ ਦੇ ਪੱਖੋਂ ਉਕਤ ਦੋਵੇਂ ਨਾਵਲ ਸਾਲ ਦੀ ਪ੍ਰਾਪਤੀ ਹਨ।
ਸੰਤਾਲੀ ਦੀ ਭੂਗੋਲਿਕ ਤਕਸੀਮ ਨਾਲ ਤਕਸੀਮ ਹੋਏ ਪੰਜਾਬ ਦੀ ਮੂਲ ਰਹਿਤਲ ਦਾ ਥੀਮ ਇਨ੍ਹਾਂ ਰਚਨਾਵਾਂ ਵਿੱਚ ਭਾਰੂ ਹੈ। ਮਨਮੋਹਨ ਇਸ ਥੀਮ ਨੂੰ ਗੁਰਮਤਿ ਦਰਸ਼ਨ ਅਤੇ ਕਬੀਰ ਚਿੰਤਨ ਦੇ ਹਵਾਲੇ ਨਾਲ ਦਾਰਸ਼ਨਿਕ ਲਹਿਜ਼ੇ ਤੋਂ ਪੇਸ਼ ਕਰਦਾ ਮਨੁੱਖੀ ਹੋਂਦ ਦੇ ਸਵਾਲਾਂ ਨੂੰ ਮੁਖਾਤਿਬ ਹੋਣ ਦੇ ਯਤਨ ਵਿੱਚ ਹੈ ਜਦਕਿ ਪਰਵਾਨਾ ਸੱਤਾ ਦੇ ਵਹਿਸ਼ੀਪਣੇ ਵਿੱਚ ਮਨੁੱਖੀ ਹੋਂਦ ਦੇ ਹੋ ਰਹੇ ਉਜਾੜੇ ਦੀ ਲਗਾਤਾਰਤਾ ਦੀ ਨਿਸ਼ਾਨਦੇਹੀ ਕਰਦਾ ਹੈ।
ਚੁਰੱਸਤਾ – ਲਵੀ ਸੱਜਾਦ
ਨੌਜਵਾਨ ਲੇਖਕ ਲਵੀ ਸੱਜਾਦ ਦਾ ਨਾਵਲ ‘ਚੁਰੱਸਤਾ’ ਵੀ ਸੰਤਾਲੀ ਦੇ ਬਟਵਾਰੇ ਨੂੰ ਪੇਸ਼ ਕਰਦਾ ਹੈ ਜਿੱਥੇ ਵੰਡ ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀ ਸਮਾਜ ਦੀ ਚਾਲ ਅਤੇ ਪੰਜਾਬੀ ਸੁਭਾਅ ਵਿੱਚ ਆਏ ਬਦਲਾਅ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਲਵੀ ਦਾ ਨਾਵਲ ਅਚੇਤ ਸੁਚੇਤ ਤੌਰ ‘ਤੇ ਸੰਤਾਲੀ ਵਿੱਚ ਦੋ ਕੌਮਾਂ ਦੀ ਥਿਊਰੀ ਦੇ ਉਭਾਰ, ਬਸਤੀਵਾਦੀ ਹਾਕਮਾਂ ਦੀ ਵੰਡ ਪਾਊ ਨੀਤੀਆਂ ਸਮੇਤ ਪੰਜਾਬੀ ਸਮਾਜ ਵਿੱਚ ਜਾਤ/ਜਮਾਤ ਅਧਾਰਿਤ ਮਨੋ ਸੰਰਚਨਾ ਬਾਰੇ ਚਿੰਤਾ ਪੈਦਾ ਕਰਦਾ ਹੈ ਜਿਸਦੇ ਅਨੇਕਾਂ ਲੱਛਣ ਬਦਲਵੇਂ ਰੂਪ ਵਿੱਚ ਅਜੇ ਵੀ ਸਮਾਜ ਅੰਦਰ ਸੁਲਗ ਰਹੇ ਹਨ। ਲੇਖਕ ਦਲਿਤ ਸਮਾਜ ਦੀ ਮੁਕਤੀ ਬਾਰੇ ਵੀ ਚਿੰਤਾ ਅਤੇ ਚਿੰਤਨ ਦੀ ਸੋਝੀ ਪੈਦਾ ਕਰਦਾ ਹੈ।
ਸੰਤਾਲੀ ਤੋਂ ਪਹਿਲਾਂ ਦੇ ਸਮਾਜ ਬਾਰੇ ਜਿਹੜੀ ਰੁਮਾਂਟਿਕ ਦ੍ਰਿਸ਼ਟੀ ਪੰਜਾਬੀ ਜਨ ਜੀਵਨ ਅਤੇ ਅਨੇਕਾਂ ਗਲਪੀ ਕ੍ਰਿਤਾਂ ਵਿੱਚ ਪੇਸ਼ ਮਿਲਦੀ ਹੈ ਉਸਦਾ ਇਕ ਪਾਸਾਰ ਸੁਖਵਿੰਦਰ ਬਾਲੀਆਂ ਦੇ ਨਾਵਲ ‘ਮੰਡੀ ਰਹੀਮ ਖਾਂ’ ਵਿੱਚ ਮਿਲਦਾ ਹੈ। ਆਜ਼ਾਦੀ ਦੇ ਆਰ-ਪਾਰ ਫੈਲੇ ਪੰਜਾਬੀ ਸਮਾਜ ਦੇ ਅਨੇਕਾਂ ਜਗੀਰੂ ਪ੍ਰਤਿਮਾਨਾਂ ਦੀ ਪੇਸ਼ਕਾਰੀ ਕਰਦਾ ਇਹ ਨਾਵਲ ਮਾਨਵਵਾਦੀ ਕਥਾ ਦ੍ਰਿਸ਼ਟੀ ਦੇ ਰੁਮਾਂਟਿਕ ਪਰਿਪੇਖ ਵਾਲਾ ਹੈ।
-ਡਾ ਜੇ ਬੀ ਸੇਖੋਂ, ਮੁਖੀ, ਪੰਜਾਬੀ ਵਿਭਾਗ, ਸ੍ਰੀ ਗੁਰੂ ਗੋਬਿਦ ਸਿੰਘ ਖਾਲਸਾ ਕਾਲਜ, ਮਾਹਿਲਪੁਰ (ਹੁਸ਼ਿਆਰਪੁਰ)
ਸੰਪਰਕ: 8437089769
Leave a Reply