ਦੋ ਪਲ ਦੀ ਹੈ ਜ਼ਿੰਦਗੀ, ਮੌਤ ਹਜ਼ਾਰਾਂ ਸਾਲ।
ਮੈਂ ਕਿਉਂ ਨਾ ਸੁਲਝਾਂ ਸਮੇਂ ਦੀਆਂ ਤਾਰਾਂ ਨਾਲ।
ਸੰਵਰਨਾ ਬਿਖਰਨਾ ਕਿਸਮਤ ਦਾ ਹੈ ਖੇਲ,
ਜੋ ਇਹ ਆਖੇ, ਉਸ ਦੀ ਦੇਵਾਂ ਪੱਗ ਉੱਛਾਲ।
ਕੋਈ ਰਾਹ ਵੀ ਰੁਸ਼ਨਾ ਛੱਡ ਬੰਸਰੀ ਦੀ ਕੂਕ,
ਛੇੜ ਮੁਕਤੀ ਦੇ ਗੀਤ, ਤੁਰ ਸੂਰਜਾਂ ਦੇ ਨਾਲ।
ਪੀਲੀਆਂ ਜੋਕਾਂ ਦੇ ਖ਼ੂਨ ਦਾ ਰੰਗ ਪਾਣੀਓਂ ਫਿੱਕਾ,
ਭਵਿੱਖ ਦੇ ਵਾਰਸਾਂ ਦੇ ਪਸੀਨੇ ਦਾ ਰੰਗ ਲਾਲ।
ਅਗਨ ਏਨੀ ਕਿ ਸਾੜ੍ਹ ਦੇਈਏ ਮਹਿਲ ਮੁਨਾਰੇ,
ਪਿਆਸ ਏਨੀ ਕਿ ਬੁਝੇ ਨਾ ਸਮੁੰਦਰਾਂ ਨਾਲ।
ਲੋਕੀਂ ਕਿੰਝ ਨਪੀੜਨੇ ਕਰਨੇ ਕਿੰਝ ਹਲਾਲ
ਰਲ ਮਿਲ ਕੇ ਵਿੱਚ ਸੰਸਦਾਂ ਖੇਡਣ ਭੇਡੂ ਚਾਲ।
ਚੁੱਲੇ ਠੰਢੇ ਸੌਂ ਗਏ ਅਸਮਾਨੀ ਚੜ ਗਈ ਦਾਲ
ਛਾਤੀ ਪਿਚਕੀ ਮਾਵਾਂ ਦੀ, ਭੁੱਖੇ ਵਿਲਕਣ ਬਾਲ
ਜੋ ਕਵੀਆਂ ਤੋਂ ਹੰਝੂ ਨਾ ਬਣ ਹੋਵਣ ਲਲਕਾਰ,
ਵਿੱਚ ਦਵਾਤਾਂ ਡੋਬ ਦਿਓ ਕਲਮਾਂ ਦੇਵੋ ਜਾਲ।
Leave a Reply