ਵਿਸ਼ਾ ਰੰਗ
ਦੋਸਤੋ!!! ਕਾਵਿ-ਸੰਵਾਦ ਦੇ ਤੀਸਰੇ ਅੰਕ ਵਿੱਚ ਸਿਰਜਣਸ਼ੀਲ ਸਾਥੀਆਂ ਦੀ ਕਲਮ ਨੇ ਜੋ ਰੰਗ ਭਰੇ ਹਨ ਉਨ੍ਹਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਸਚਮੁੱਚ ਮੁਸ਼ਕਿਲ ਹੈ। ਰੰਗ ਜਿਹੇ ਵਿਸ਼ਾਲ ਅਤੇ ਅੰਤਹੀਣ ਵਿਸ਼ੇ ਦੇ ਉੱਤੇ ਵੱਖ-ਵੱਖ ਰਿਸ਼ਤਿਆਂ, ਅਹਿਸਾਸਾਂ ਅਤੇ ਸੰਵੇਦਨਾਵਾਂ ਨਾਲ ਭਰਪੂਰ ਰਚਨਾਵਾਂ ਨੇ ਇਸ ਅੰਕ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ ਹੈ। ਇਸ ਵਾਰ ਫੇਰ ਦੋ ਨਵੇਂ ਸਾਥੀਆਂ ਦੀ ਆਮਦ ਹੋਈ ਹੈ। ਲਫ਼ਜ਼ਾਂ ਦਾ ਪੁਲ ‘ਦੇ ਸਮੂਹ ਸਾਥੀ ਉਨ੍ਹਾਂ ਨੂੰ ਖੁਸ਼ਆਮਦੀਦ ਆਖਦੇ ਹਨ। ਲਫ਼ਜ਼ਾ ਦਾ ਪੁਲ ਦੇ ਪਹਿਲੇ ਪੜਾਅ ਤੋਂ ਸਾਥ ਨਿਭਾ ਰਹੇ ਕਲਮਕਾਰਾਂ ਦੇ ਤਾਂ ਅਸੀ ਸਦਾ ਹੀ ਰਿਣੀ ਰਹਾਂਗੇ। ਸੋ ਆਉ ਸਾਥੀਓ, ਦੁਨੀਆਂ ਦੇ ਰੰਗਾਂ ਦਾ ਲਫ਼ਜ਼ਾਂ ਦੇ ਰੰਗ ਵਿੱਚ ਰੰਗਿਆਂ ਇਹ ਰੂਪ ਹੰਢਾਈਏ ‘ਤੇ ਕਾਵਿ ਦੇ ਇਸ ਸੰਵਾਦ ਨੂੰ ਅੱਗੇ ਤੋਰੀਏ। ਆਪਣੀਆਂ ਵੱਡਮੁਲੇ ਵਿਚਾਰ ਟਿੱਪਣੀਆਂ ਦੇ ਰੂਪ ਵਿੱਚ ਦਰਜ ਕਰਨਾ ਨਾ ਭੁੱਲਣਾ, ਤੁਹਾਡਾ ਇੱਕ ਇੱਕ ਹਰਫ ਹਰ ਰਚਨਾਕਾਰ ਦੀ ਤਰੱਕੀ ਅਤੇ ਕਲਮ ਦੀ ਪੁਖ਼ਤਗੀ ਲਈ ਰਾਹ ਦਿਸੇਰੇ ਦਾ ਕੰਮ ਕਰੇਗਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।
ਰੰਗ ਦੇ ਕਵੀ
ਗੁਰਿੰਦਰਜੀਤ|ਇੰਦਰਜੀਤ ਨੰਦਨ|ਚਰਨਜੀਤ ਮਾਨ|ਚਰਨਜੀਤ ਸਿੰਘ ਤੇਜਾ|ਜਸਵਿੰਦਰ ਮਹਿਰਮ|ਹਰਪ੍ਰੀਤ ਸਿੰਘ|ਰਮਾ ਰਤਨ|ਐਚ. ਐਸ. ਡਿੰਪਲ
—————
ਜੀਵਨ ਰੰਗ
—————
ਗੁਰਿੰਦਰਜੀਤ
ਬਚਪਨ ਦੇ ਕੋਰੇ ਸਫੇ ‘ਤੇ
ਆਪਮੁਹਾਰੇ
ਚਿਤਰਿਆ ਗਿਆ,
ਸੱਚਾਈ ਦਾ ਰੰਗ,
ਖ਼ੁਦਾਈ ਦਾ ਰੰਗ,
ਬਹਾਰਾਂ ਦਾ ਰੰਗ,
ਤਿਉਹਾਰਾਂ ਦਾ ਰੰਗ।
ਰੰਗਾਂ ਦੇ ਮਿਸ਼ਰਣ ਦੀ
ਕੈਮਿਸਟਰੀ ਦਾ ਗਿਆਨ ਹੋਇਆ,
ਤਾਂ ਦਿਮਾਗੀ ਕਲਾਡੀਓਸਕੋਪ ਚੋਂ ਉਪਜੇ,
ਲੱਖਾਂ..
ਹੰਕਾਰਾਂ ਦੇ ਰੰਗ,
ਵਿਕਾਰਾਂ ਦੇ ਰੰਗ।
ਜਿੰਦਗੀ..
ਪ੍ਰਿਜ਼ਮ ਚੋਂ ਲੰਘਦੀ,
ਇੱਕ ਕਿਰਨ ਜਾਪੀ,
ਜਿਸ ਮੂਹਰੇ,
ਬੇ-ਮਾਅਨਾ ਹੋ ਗਿਆ,
ਗਹਾਈ ਦੀ ਗਹਿਰ ‘ਚ ਛੁਪਿਆ,
ਕਣਕ ਦਾ ਸੁਨਹਿਰੀ ਰੰਗ,
ਮੇਲੇ ‘ਚ ਨੱਚਦਾ,
ਬਸੰਤੀ ਰੰਗ।
ਸਿਨਮੇ ਦਾ ਸ਼ੋਅ ਖਤਮ ਹੋਇਆ,
ਰੰਗੀਨ ਉਮਰ ਦੀ ਸ਼ਾਮ ਹੋ ਗਈ।
ਪੱਛੋਂ ਵੱਲ ਮੂੰਹ ਭੁਆ
ਸੂਰਜ਼ ਨੂੰ ਡੁਬੱਣ ਤੋਂ
ਰੋਕਣ ਦੀ ਕੋਸ਼ਿਸ਼ ਕਰਦਾ-ਕਰਦਾ
ਕਲਰ-ਬਲਾਈਂਡ ਹੋ ਗਿਆ।
ਹੁਣ
ਹੱਥ ‘ਚ ਫੜੀ
ਮਾਲ਼ਾ ਦੇ ਰੰਗ-ਬਿਰੰਗੇ ਮੋਤੀ
ਮੋਤੀਏ-ਬਿੰਦ ਦੀਆਂ ਪਰਤਾਂ ਚੋਂ
ਭਗਵੇਂ ਹੀ ਭਾਓਂਦੇ ਨੇਂ..!
ਇਨ੍ਹਾਂ ਚੋਂ
ਦਿਨੇ-ਰਾਤੀਂ
ਟੋਹਂਦਾ ਫਿਰਦਾਂ
ਕਰਤਾ ਦੇ ਰੰਗ!
ਕਵੀ ਸੂਚੀ ‘ਤੇ ਜਾਓ
————————
ਉਮਰ ਦੇ ਰੰਗ
————————
ਇੰਦਰਜੀਤ ਨੰਦਨ
ਉਮਰ ਦਾ ਪੈਂਡਾ
ਰੰਗ ਅਵੱਲੇ
ਕਦਮ ਕਦਮ ਤੁਰਦਾ ਜਾਏ…
ਬਾਲਪਨ, ਰੰਗ ਮਾਸੂਮ
ਚਿਹਰੇ ਉੱਤੋਂ
ਪੜ੍ਹਿਆ ਜਾਏ
ਗੱਲਾਂ ਤੋਤਲੀਆਂ
ਸੱਚ ਬੋਲਦੀਆਂ
ਫੁੱਲ ਜਿਉਂ ਮਹਿਕਣ
ਹਰ ਸ਼ੈਅ ਦੇਖ
ਖਿੜ ਖਿੜ ਜਾਏ
ਕਦਮ ਜਵਾਨੀ
ਰੰਗ ਗੁਲਾਬੀ
ਖੇਡਣ ਨਜ਼ਰਾਂ
ਤੱਕਣ ਨਜ਼ਰਾਂ
ਭੇਤ ਪਛਾਨਣ
ਸੁਪਨੇ ਚਾਨਣ
ਸਭ ਕੁਝ ਜਾਨਣ
ਮਸਤੀ ਦੇ ਵਿੱਚ
ਉੱਡਿਆ ਜਾਏ
ਢਲੇ ਜਵਾਨੀ
ਤੁਰਨ ਹਵਾਵਾਂ
ਲੀਕਾਂ ਵਾਲੀ ਹਵਾ ਦਾ ਬੁੱਲਾ
ਮੂੰਹ ਦੇ ਕੋਲੋਂ
ਲੰਘ ਲੰਘ ਜਾਏ
ਮਨ ਦਾ ਰੰਗ
ਪਰ ਅਜੇ ਵੀ ਗੂੜ੍ਹਾ
ਭਰਮ ਭੁਲੇਖ਼ੇ ਪਾਲ਼ੀ ਜਾਏ
ਕਦਮ ਅਖ਼ੀਰੀ
ਆਏ ਬੁਢਾਪਾ
ਜੀਵਨ ਵਿੱਚੋਂ
ਸੂਝਾਂ ਵਾਲੇ ਸਭ
ਰੰਗ ਹੰਢਾ ਕੇ
ਅੰਤ ਮਿੱਟੀ ਰੰਗਾ
ਜਿਸਮ ਹੋ ਜਾਏ
ਉਮਰ ਦਾ ਪੈਂਡਾ
ਰੰਗ ਅਵੱਲੇ
ਕਦਮ ਕਦਮ ਤੁਰਦਾ ਜਾਏ
ਤੁਰਦਾ ਜਾਏ……
ਕਵੀ ਸੂਚੀ ‘ਤੇ ਜਾਓ
———————
ਰੰਗ-ਬੇਰੰਗ
———————
ਚਰਨਜੀਤ ਮਾਨ
ਕਰਿਸ਼ਮਾ ਹੈ ਕੁਦਰਤ ਦਾ
ਯਾ ਖੁਦਾਈ ਦਾ ਸਦੀਵੀ ਨਿਸ਼ਾਨ
ਸਿਆਲ ਦੀ ਕੋਰੇ-ਜੰਮੀ ਹਿੱਕ
ਜਦ ਹੁੰਦੀ ਹੈ ਹਮਕਲਾਮ
ਰੁਮਕਦੀਆਂ ਹਵਾਵਾਂ ਨਾਲ
ਚੇਤਰ ਦੀਆਂ
ਤੇ ਅੰਗੜਾਈ ਲੈਂਦੀ ਹੈ
ਕੁੱਖ ਧਰਤੀ ਦੀ
ਹਰਿਆਵਲ ਦੇ ਜਨਮ ਲਈ,
ਫੁੱਟਦੀਆਂ ਕੂਲੀਆਂ ਕਰੂੰਬਲਾਂ
ਰੰਗਾਂ ਦਾ ਭਵਿਖ ਸੰਭਾਲੇ
ਤੇ ਫੇਰ ਜਦੋਂ
ਅਨੁਕੂਲ ਹੋਵੇ ਵਰਤਮਾਨ
ਤਾਂ ਭੜਕ ਪੈਂਦੀ ਹੈ
ਖੋਰੀ ਨੂੰ ਲੱਗੀ ਅੱਗ ਜਿਵੇਂ-
ਰੰਗਾਂ ਦੀ ਪ੍ਰਦਰਸ਼ਨੀ
ਪੀਲੱਤਣ ਪਹਿਨੇ ਗੰਦਲਾਂ ਸਰੋਂ ਦੀਆਂ
ਕੇਸੂ ਤੇ ਜਗਮਗਾਦੀਆਂ ਸੁਰਖ ਲਾਟਾਂ
ਗੁਲਾਬਾਂ ਦੀ ਸੁਪਨਮਈ ਵੰਡ
ਅੰਬਰੋਂ ਚੁਰਾਈ ਰੰਗ-ਪੀਂਘ ਤੋਂ
ਇਹ ਰੰਗ ਨੇ ਖ਼ਾਕ ਦੇ
ਧਰਤੀ ਮਾਂ ਦੇ
ਮੌਲਦੀ ਮਮਤਾ ਦੇ
‘ਤੇ
ਹਰ ਉਸ ਅਕਸ ਦੇ
ਜਿਸ ਵਿੱਚ ਅੰਸ਼ ਹੋਵੇ
ਉਗਾਣ ਦਾ, ਜੀਵਾਣ ਦਾ
ਤਦ ਹੀ ‘ਤੇ ਦਿਲ ਨੇ ਝੂਮਦੇ
ਰੱਖੜੀ ਦੇ ਤਾਲ ‘ਤੇ
ਛੱਲਿਆਂ ਦੇ ਅਹਿਸਾਸ ‘ਤੇ
ਵਟਦੇ ਰੁਮਾਲਾਂ ਦੀ ਖੁਸ਼ਬੂ ‘ਤੇ
ਛਣਕ ਚੂੜਿਆਂ ਦੀ ‘ਤੇ
ਘਰ ਦੇ ਸਾਗ ਦੇ ਤੜਕੇ ‘ਤੇ,
ਅਤੇ
ਦਿਲ ਨੂੰ ਉਡੀਕ ਨਹੀਂ ਹੁੰਦੀ
ਇਹ ਭੜਕੀਲੇ ਰੰਗ ਫੜਨ ਲਈ
ਕਿਸੀ ਵਕਤ,ਕਿਸੀ ਮੌਸਮ ਦੀ-
ਕਿ ਹੁੰਦੇ ਨੇ ਮਿੱਟੀ ਔਰਤ ਦੀ ਦੇ
ਰੰਗ ਸਦਾਬਹਾਰ
ਫੇਰ ਕਿਉਂ ਹੈ ਕਿ
ਛਾ ਜਾਂਦੀ ਹੈ ਉਦਾਸੀ
ਰੰਗ-ਵਿਹੂਣੀ ਕੋਈ
ਫੁੱਟਦੀ ਹੈ ਕਰੂੰਬਲ ਜਦੋਂ
ਘਰ ਦੀ ਦਹਿਲੀਜ਼ ‘ਤੇ
ਧੀ ਦੀ ਚਹਿਕਾਰ ਲਈ ?!!!
ਕਵੀ ਸੂਚੀ ‘ਤੇ ਜਾਓ
———————
ਰੰਗ ਜਵਾਨੀ ਦੇ
———————
ਚਰਨਜੀਤ ਸਿੰਘ ਤੇਜਾ
(1)
ਉਸਦਾ ਪਹਿਲੀ ਵਾਰ ਟੱਕਰਨਾ
‘ਤੇ ਮੇਰੇ ਸੁਪਨਿਆ ਦਾ ਰੰਗ ਸੁਨਹਿਰੀ ਹੋਣਾ
ਮੇਰਾ ਮੋੜਾਂ ‘ਤੇ ਸਾਹ ਰੋਕ ਕੇ ਖੜਨਾ
‘ਤੇ ਉਸਦਾ ਲੰਘਦਿਆਂ ਆਉਦਿਆਂ ਰਾਹੀਂ ਫੁੱਲ ਖਿਲਾਉਣਾ,
ਫਿਰ ਉਹ ਗੁਲਾਬੀ ਮੁਲਾਕਾਤ
ਗੋਰੀਆ ਗੱਲਾਂ ਦਾ ਗੁਲਾਬ ਬਣਨਾ
ਮੇਰਾ ਸੰਗਦਿਆ ਸੰਗਾਉਦਿਆ ਹੱਥ ਫੜਨਾਂ
‘ਤੇ ਉਸ ਦਾ ਕਲੀ ਵਾਗ ਕੁਮਲਾਉਣਾਂ
ਦੁਨੀਆ ਦੀ ਨਜ਼ਰ ਤੋਂ ਉਹਲੇ
ਉਹਦਾ ਰੰਗੀਨ ਚਿਹਰਾ ਪੜ੍ਹਨਾਂ
ਮੇਰੀਆ ਚੰਚਲ ਸ਼ਰਾਰਤਾ ‘ਤੇ
ਉਹਦਾ ਨਾਂਹ ਨਾਂਹ ਕਰਨਾ
ਬੜਾ ਔਖਾ ਹੈ ਯਾਰੋ
ਸੰਗਦੀ ਦੇ ਚਿਹਰੇ ਦਾ ਰੰਗ ਬਿਆਨ ਕਰਨਾ
(2)
ਰੰਗ ਤਾਂ ਬਹੁਤ ਨੇ ਮੇਰੀ ਨਾਜੋ ਦੇ
ਦਿੱਲੀ ਦੇ ਮੁਗ਼ਲ ਗਾਰਡਨ ਦੀਆਂ ਕਿਆਰੀਆ ਜਿੰਨੇ
ਗੁੱਸੇ ‘ਚ ਲਾਲ ,ਸੰਗ ‘ਚ ਪੀਲੀ
ਰੁਸ ਕੇ ਸੁਰਮਈ ਤੇ ਖਿੱਝ ਕੇ ਕਾਲ ਕਲੂਟੀ
ਲੜਦੀ, ਮੰਨਦੀ, ਮਨਾਂਉਦੀ
ਹੱਸਦੀ, ਰੋਂਦੀ ਤੇ ਵਰਾਂਉਦੀ
ਰੰਗ ਪਿਆਰ ਦੇ ਕਿੰਨੇ ਤਕਰਾਰ ਦੇ ਕਿੰਨੇ
ਰੰਗ ਤਾਂ ਬਹੁਤ ਨੇ ਮੇਰੀ ਨਾਜੋ ਦੇ
ਦਿੱਲੀ ਦੇ ਮੁਗ਼ਲ ਗਾਰਡਨ ਦੀਆਂ ਕਿਆਰੀਆ ਜਿੰਨੇ
ਕਵੀ ਸੂਚੀ ‘ਤੇ ਜਾਓ
———————-
ਗਜ਼ਲ
———————-
ਜਸਵਿੰਦਰ ਮਹਿਰਮ
ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ,
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ।
ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ,
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ।
ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ,
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ।
ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ,
ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ।
ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ,
ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ।
ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ,
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ।
ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ,
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ।
ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ ,
ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ।
ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ,
ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ।
ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ‘ ਮਹਿਰਮਾ’,
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ।
ਕਵੀ ਸੂਚੀ ‘ਤੇ ਜਾਓ
———————-
ਉਮੀਦ
———————-
ਹਰਪ੍ਰੀਤ ਸਿੰਘ
ਮਨ ਖੁਸ਼ ਹੋਵੇ
ਸਾਰੇ ਰੰਗ ਹੱਸਦੇ ਹਨ,
ਨਜ਼ਰ ਹਰ ਰੰਗ ਵਿੱਚ ਸੁਨਹਿਰੀ ਵੇਖਦੀ ਹੈ,
ਮਨ ਉਦਾਸ ਹੋਵੇ,
ਅੰਬਰਾਂ ਵਿੱਚ ਝੂਲਦੀ ਪੀਂਘ ਵੀ ਬਦਸੂਰਤ ਲੱਗਦੀ ਹੈ,
ਜਿਵੇਂ ਸਤਰੰਗੀ ਪੀਂਘ ਬਾਰੇ ਮਾਂ ਬੱਚੇ ਨੂੰ ਦੱਸ ਰਹੀ ਸੀ,
ਇਹ ਕਾਲੇ ਰੰਗ ਦੀ ਹੈ,
ਦੀਵੇ ਦੀ ਰੌਸ਼ਨੀ ਕੋਲ
ਕੋਈ ਰੰਗ ਨਹੀਂ ਹੈ,
ਰੁੱਤ ਇੱਕੋ ਰਹਿੰਦੀ ਹੈ,
ਫੁੱਲ ਨਾ ਖਿੜਦੇ ਨੇ ਨਾ ਝੜਦੇ ਨੇ,
ਹਰ ਵੇਲੇ ਰਾਤ ਹੈ,
ਦੁਨੀਆਂ ‘ਤੇ ਸਿਰਫ ਇਕੋ ਰੰਗ ਹੈ
ਜੋ ਤੈਨੂੰ ਵਿਖਾਈ ਦੇ ਰਿਹਾ ਹੈ,
ਸਾਰੀ ਦੁਨੀਆਂ ਇਹੋ ਜਿਹੀ ਹੈ ਸ਼ਾਹਕਾਲੀ,
ਬੱਚਾ ਸਕੂਲ ਪਹੁੰਚਿਆ,
ਉਸਨੂੰ ਸਬਕ ਵਿੱਚ ਕੁੱਝ ਨਵੇਂ ਰੰਗਾਂ ਦੇ ਨਾਂ ਮਿਲੇ,
ਕੰਠ ਕਰਨ ਲਈ
ਤਰਤੀਬ-ਬਾਰ ਉਹ ਨਵੇਂ ਰੰਗਾਂ ਦੇ ਨਾਂ ਲੈਣ ਲੱਗਾ,
ਜਾਮਣੀ,
ਸੰਤਰੀ,
ਨੀਲਾ,
ਲਾਲ,
ਹਰਾ,
ਪੀਲਾ,
‘ਤੇ ਸਾਰੇ ਰੰਗਾਂ ਨੂੰ ਮਿਲਾ ਬਣੇ
ਰੌਸ਼ਨੀ ਦਾ ਰੰਗ
ਸੂਰਜ ਦਾ ਰੰਗ
ਘਰ ਪਰਤ ਬੱਚੇ ਨੇ ਮਾਂ ਦੀਆਂ ਅੱਖਾਂ ਵਿੱਚ ਉਮੀਦ ਭਰੀ,
ਕਿ ਮਾਂ ਬਦਲਾਅ ਆ ਗਿਆ,
ਬੁੱਝਿਆ ਦੀਵਾ ਜਲ਼ਾ,
ਚਾਨਣ ਮਿਲੇਗਾ,
ਇਸ ਬਾਰ ਸਤਰੰਗੀ ਪੀਂਘ ਵਿੱਚ ਵੀ ਨਵੇਂ ਰੰਗ ਹੋਣਗੇ;
ਕਵੀ ਸੂਚੀ ‘ਤੇ ਜਾਓ
———————-
ਲੋਰੀ
———————-
ਰਮਾਂ ਰਤਨ
ਰੰਗ ਬਦਲਦੀ ਸਾਰੀ ਦੁਨੀਆ,ਮਾਂ ਦਾ ਇਕੋ ਰੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਮਮਤਾ ਮਾਰੀ ਮਾਂ ਬੇਚਾਰੀ,ਕਦੇ ਨਾ ਹੋਵੇ ਤੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਸੱਧਰਾਂ ਹਾਰੀ ਮਾਂ ਬਲਿਹਾਰੀ,ਦੇਖ ਟਪਾਏ ਡੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਸਦਕੇ ਵਾਰੀ ਮਾਂ ਦੁਲਾਰੀ,ਲਵੇ ਅਸੀਸਾਂ ਮੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਭੁੱਲਣਹਾਰੀ ਮਾਂ ਬੇਚਾਰੀ,ਮਾਫੀ ਲੈਦੀ ਮੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਟੂਣੇਹਾਰੀ ਅੱਖ ਸ਼ਿਕਾਰੀ ਦਿੰਦੀ ਸੂਲੀ ਟੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਰਚਣਹਾਰੀ ਮਾਂ ਦਾਤਾਰੀ, ਸੋਚੇ ਸੱਜਰੇ ਢੰਗ ਨੀ
ਸੌ ਜਾ ਮੇਰੀ ਲਾਡਲੀ,ਤੂੰ ਸੌ ਜਾ ਅੰਮੜੀ ਸੰਗ ਨੀ
ਰੰਗ ਬਦਲਦੀ ਸਾਰੀ ਦੁਨੀਆ, ਮਾਂ ਦਾ ਇਕੋ ਰੰਗ ਨੀ
ਸੌ ਜਾ ਮੇਰੀ ਲਾਡਲੀ, ਤੂੰ ਸੌ ਜਾ ਅੰਮੜੀ ਸੰਗ ਨੀ
——-
ਰੰਗ-ਨਾਦ
——-
ਐਚ. ਐਸ ਡਿੰਪਲ
ਤੇਰੇ ਵੀ ਹਜ਼ਾਰ ਰੰਗ,
ਮੇਰੇ ਵੀ ਹਜ਼ਾਰ ਰੰਗ,
ਤੂੰ ਰੰਗ ਬਦਲਦਾ ਏਂ
ਮੈਂ ਰੰਗ ਦਿਖਾਉਂਦਾ ਹਾਂ
ਇਹੀ ਫ਼ਰਕ ਹੈ,
ਤੇਰੇ ‘ਤੇ ਮੇਰੇ ਵਿਚ
ਨਹੀਂ ਤਾਂ ਇਸ ਰੰਗਾਂ ਦੀ ਦੁਨੀਆਂ ਵਿੱਚ
ਸਭ ਕੁਝ ਬੇਰੰਗ ਹੀ ਹੈ
ਤੇਰੇ ‘ਤੇ ਮੇਰੇ ਬਿਨਾਂ………
‘ਤੇ ਜਾਂ ਮੁਹੱਬਤ ਦੀ ਸਤਰੰਗੀ ਪੀਂਘ
‘ਤੇ ਉਸ ਅਹਿਸਾਸ ਦੀ ਹਰਿਆਵਲ
ਉਸਤੋਂ ਖਿ਼ੜੇ ਫੁੱਲਾਂ ਦੇ ਅਥਾਹ ਰੂਪ
‘ਤੇ ਇਨ੍ਹਾਂ ਰੂਪਾਂ ਦੇ ਅਣਗਿਣਤ ਰੰਗ
ਜੋ ਦਿਖਦੇ ਤਾਂ ਨਹੀਂ
ਪਰ ਇਨ੍ਹਾਂ ਦਾ ਨਿੰਮ੍ਹਾਂ-ਨਿੰਮ੍ਹਾ ਅਹਿਸਾਸ
ਇਕ ਅਹਿਸਾਨ ਜਿਹਾ ਹੁੰਦਾ ਹੈ
ਉਨ੍ਹਾਂ ਰਿਸ਼ਤਿਆਂ ਵਰਗਾ
ਜਿਨ੍ਹਾਂ ਦੀ ਹੋਂਦ ਤਾਂ ਹੁੰਦੀ ਹੈ
ਕੋਈ ਨਾਮ ਨਹੀਂ ਹੁੰਦਾ
ਪਰ ‘ਉਹ’ ਬੇਨਾਮ ਵੀ ਨਹੀਂ ਹੁੰਦੇ
ਤੇਰੀ ਅੱਜ ਤੱਕਣੀ ਨੇ ਹੀ
ਮੇਰੇ ਜੀਵਨ ਦੀ ਖਾਲੀ ਕੈਨਵਸ ਤੇ
ਕੁਝ ਰੰਗ ਭਰਨੇ ਸ਼ੁਰੂ ਕਰ ਦਿੱਤੇ ਨੇ
ਜਿਨ੍ਹਾਂ ਵਿਚ ਛੁਪੀ ਹੈ
ਮੇਰੀ ਕਿਸਤਮ ‘ਤੇ ਤੇਰੀ ਮੁਹੱਬਤ
ਅਤੇ ਸਾਡਾ ਦੋਹਾਂ ਦਾ ਭਲਕ, ਅਤੇ ਜਾਂ ਭਰਮ
ਅਤੇ ਉਸੇ ਭਲਕ-ਭਰਮ ਦੀ ਕਸਮ
ਕਿਤੇ ਤੂੰ ਭੁੱਲ ਨਾ ਜਾਵੀਂ
ਅਤੇ ਨਾ ਹੀ ਰੰਗਾਂ ਦੇ ਅਗੰਮੀ ਨਾਦ ਨੂੰ
ਜਿਨ੍ਹਾਂ ਨੇ ਮੇਰੀ ਜਿੰਦਗੀ ਨੂੰ
ਰੰਗਹੀਣ ਤੋਂ ਰੰਗੀਨ ਬਣਾ ਦਿੱਤਾ
ਪਰ ਮੈਂ ਤੇਰੇ ਤੋਂ ਵਾਅਦਾ ਕਿੰਞ ਮੰਗ ਸਕਦਾ ਹਾਂ
ਕਿਉਂਕਿ ਤੇਰੇ ਵੀ ਹਜ਼ਾਰ ਰੰਗ
ਮੇਰੇ ਵੀ ਹਜ਼ਾਰ ਰੰਗ,
ਤੂੰ ਰੰਗ ਬਦਲਦਾ ਏਂ
ਮੈਂ ਰੰਗ ਦਿਖਾਉਂਦਾ ਹਾਂ
ਇਹੀ ਫ਼ਰਕ ਹੈ,
ਤੇਰੇ ਤੇ ਮੇਰੇ ਵਿੱਚ
ਨਹੀਂ ਤਾਂ ਇਸ ਰੰਗਾਂ ਦੀ ਦੁਨੀਆਂ ਵਿਚ
ਸਭ ਕੁਝ ਬੇਰੰਗ ਹੀ ਹੈ
ਤੇਰੇ ਤੇ ਮੇਰੇ ਬਿਨਾਂ………
ਕਵੀ ਸੂਚੀ ‘ਤੇ ਜਾਓ
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply