ਆਪਣੀ ਬੋਲੀ, ਆਪਣਾ ਮਾਣ

ਸਾਹਿਤ ਦੇ ਬਾਹੂਬਲੀ ਬਨਾਮ ਫ਼ਕੀਰ

ਅੱਖਰ ਵੱਡੇ ਕਰੋ+=

ਕਿਸੇ ਸਾਹਿਤਕ ਕਿਰਤ ਨੂੰ ਪੜ੍ਹਨ, ਸੁਣਨ, ਦੇਖਣ ਤੇ ਮਹਿਸੂਸ ਕਰਨ ਦੇ ਹਰ ਪਾਠਕ ਦੇ ਆਪੋ-ਆਪਣੇ ਅਨੁਭਵ ਹੁੰਦੇ ਹਨ। ਹੋਣੇ ਵੀ ਚਾਹੀਦੇ ਹਨ, ਚੰਗੀ ਸਾਹਿਤਕ ਕਿਰਤ ਦੀ ਇਹੀ ਖ਼ਾਸਿਅਤ ਹੁੰਦੀ ਹੈ ਕਿ ਉਹ ਹਰ ਪਾਠਕ ਨੂੰ ਉਸ ਦਾ ਆਪਣੀ ਕਿਸਮ ਦਾ ਵਿਲੱਖਣ ਅਨੁਭਵ ਦੇਵੇ। ਇਹੀ ਗੱਲ ਕਿਸੇ ਸਾਹਿਤਕ ਕਿਰਤ ਨੂੰ ਬਹੁ-ਅਰਥੀ ਤੇ ਚਿਰੰਜੀਵੀ ਬਣਾਉਂਦੀ ਹੈ।

Book and Pen
ਸੈਲਫ਼ੀ ਸੱਭਿਆਚਾਰ: ਪੱਤਰਕਾਰੀ ਦਾ ਨਿਘਾਰ

ਇਕ ਸਾਧਾਰਨ ਪਾਠਕ ਜਦੋਂ ਕਿਸੇ ਸਾਹਿਤਕ ਰਚਨਾ ਜਾਂ ਕਿਤਾਬ ਨੂੰ ਪੜ੍ਹਦਿਆਂ (ਤੇ ਪੜ੍ਹਨ ਤੋਂ ਬਾਅਦ) ਜੋ ਅਨੁਭਵ ਹਾਸਲ ਕਰਦਾ ਹੈ, ਉਸ ਨੂੰ ਆਪਣੇ ਅਵਚੇਤਨ ਵਿਚ ਆਤਮਸਾਤ ਕਰ ਲੈਂਦਾ ਹੈ। ਬਹੁਤ ਹੁੰਦਾ ਹੈ ਤਾਂ ਉਹ ਇਸ ਅਨੁਭਵ ਨੂੰ ਆਪਣੇ ਕਿਸੇ ਦੋਸਤ-ਮਿੱਤਰ ਜਾਂ ਪੜ੍ਹਨ ਵਿਚ ਦਿਲਚਸਪੀ ਰੱਖਣ ਵਾਲੇ ਕਿਸੇ ਜਾਣਕਾਰ ਨਾਲ ਸਾਂਝਾ ਕਰਦਾ ਹੈ। ਜੇਕਰ ਕੋਈ ਕਿਤਾਬ ਪੜ੍ਹਨ ਬਾਰੇ ਸਲਾਹ ਮੰਗੇ ਤਾਂ ਉਸ ਵੇਲੇ ਉਹ ਆਪਣੇ ਪੜ੍ਹਨ ਦੇ ਅਨੁਭਵ ਦੇ ਆਧਾਰ ‘ਤੇ ਸਲਾਹ ਵੀ ਦਿੰਦਾ ਹੈ। ਉਂਝ, ਰੂਟੀਨ ਵਿਚ ਕਿਤਾਬਾਂ ਬਾਰੇ ਵਿਸ਼ਲੇਸ਼ਣਾਤਮਕ ਟਿੱਪਣੀਆਂ ਕਰਨਾ ਖ਼ਾਸ ਕਰਕੇ ਲਿਖਤੀ ਰੂਪ ਵਿਚ ਦਰਜ ਕਰਨਾ, ਉਸ ਦੇ ਮਨੋਰਥ ਦਾ ਹਿੱਸਾ ਨਹੀਂ ਹੁੰਦਾ। ਹਾਂ, ਉਹ ਕਿਤਾਬਾਂ ਬਾਰੇ ਲਿਖੀਆਂ ਸਮੀਖਿਆਵਾਂ ਤੇ ਵਿਸ਼ਲੇਸ਼ਣ ਨੂੰ ਪੜ੍ਹਨ ਵਿਚ ਜ਼ਰੂਰ ਦਿਲਚਸਪੀ ਰੱਖਦਾ ਹੈ।

ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਸਾਧਾਰਨ ਪਾਠਕਾਂ ਵਿਚੋਂ ਵੀ ਪਾਠਕਾਂ ਦਾ ਇਕ ਉਹ ਵਰਗ ਪੈਦਾ ਹੋਇਆ ਹੈ, ਜੋ ਪੜ੍ਹੀ ਗਈ ਕਿਤਾਬ ਦੇ ਅਨੁਭਵ ਨੂੰ ਲਿਖਤੀ (ਜਾਂ ਬੋਲ ਕੇ ਆਡੀਉ/ਵੀਡੀਉ) ਰੂਪ ਵਿਚ ਦਰਜ ਕਰਨ ਵੱਲ ਰੁਚਿੱਤ ਹੋਇਆ ਹੈ। ਇਨ੍ਹਾਂ ਵਿਚੋਂ ਇਕ ਹਿੱਸਾ ਉਨ੍ਹਾਂ ਪਾਠਕਾਂ ਦਾ ਵੀ ਹੈ ਜੋ ਖ਼ੁਦ ਲੇਖਕ ਬਣਨ ਦੀ ਇੱਛਾ ਰੱਖਦੇ ਸਨ/ਹਨ ਤੇ ਲਿਖਣ ਤੋਂ ਪਹਿਲਾਂ ਅਭਿਆਸ ਤੇ ਤਿਆਰੀ ਦੇ ਲਈ ਉਹ ਗੰਭੀਰਤਾ ਨਾਲ ਪੜ੍ਹਨ ਵਿਚ ਰੁੱਝ ਗਏ। ਉਹ ਲੋਕ ਵੀ ਸਨ, ਜੋ ਪੜ੍ਹਨ ਦੇ ਬਹੁਤ ਜ਼ਿਆਦਾ ਸ਼ੌਕੀਨ ਸਨ ਤੇ ਉਨ੍ਹਾਂ ਨੇ ਹਰ ਵਿਸ਼ੇ ‘ਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਫਿਰ ਉਨ੍ਹਾਂ ਨੂੰ ਲੱਗਣ ਲੱਗਾ ਕਿ ਇਨ੍ਹਾਂ ਬਾਰੇ ਹੋਰ ਪਾਠਕਾਂ ਨੂੰ ਵੀ ਦੱਸਿਆ ਜਾਣਾ ਚਾਹੀਦਾ ਹੈ। ਸੋ, ਉਨ੍ਹਾਂ ਨੇ ਸਾਹਿਤਕ ਰਚਨਾਵਾਂ ਤੇ ਕਿਤਾਬਾਂ ਬਾਰੇ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਵਿਚੋਂ ਵੀ ਅੱਗੇ ਕੁਝ ਹਨ, ਜਿਨ੍ਹਾਂ ਦੇ ਲਿਖੇ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਉਨ੍ਹਾਂ ਨੂੰ ਮੌਲਿਕ ਸਿਰਜਣਾ ਲਈ ਪ੍ਰੇਰਿਤ ਕੀਤਾ ਜਾਂ ਕੁਝ ਉਹ ਵੀ ਜੋ ਸਵੈ-ਪ੍ਰੇਰਨਾ ਨਾਲ ਮਹਿਸੂਸ ਕਰਨ ਲੱਗੇ ਕਿ ਅਸੀਂ ਵੀ ਮੌਲਿਕ ਰਚਨਾ ਕਰ ਸਕਦੇ ਹਾਂ। ਇਹ ਸਾਰੀਆਂ ਹੀ ਬਹੁਤ ਸੋਹਣੀਆਂ ਗੱਲਾਂ ਹਨ, ਪੜ੍ਹਨ ਦਾ ਇਸ ਤਰ੍ਹਾਂ ਦਾ ਅਸਰ ਹੋਣਾ ਬਹੁਤ ਹੀ ਸੁਭਾਵਿਕ ਹੈ ਤੇ ਇਸ ਰਸਤੇ ਤੋਂ ਦੁਨੀਆ ਦੇ ਕਈ ਮਹਾਨ ਲੇਖਕ ਆਏ ਹਨ।

ਕਿਤਾਬਾਂ ਪੜ੍ਹ ਕੇ ਉਨ੍ਹਾਂ ਬਾਰੇ ਗੱਲ ਕਰਨਾ ਆਪਣੇ ਆਪ ਵਿਚ ਇਕ ਬਹੁਤ ਹੀ ਕਲਾਤਮਕ ਕਾਰਜ ਹੈ।

ਜਰਮਨ ਕਵੀ ਤੇ ਚਿੰਤਕ ਗੋਟਅ (Goethe) ਜਿਸ ਨੂੰ ਪੰਜਾਬੀ ਵਾਲੇ ਬਹੁਤੇ ਗੋਥੇ ਹੀ ਬੋਲਦੇ ਆ, ਨਾਟਕ ਦੇ ਹਵਾਲੇ ਨਾਲ ਕਹਿੰਦਾ ਹੈ, “ਤਿੰਨ ਤਰ੍ਹਾਂ ਦੇ ਲੋਕ (ਦਰਸ਼ਕ) ਹੁੰਦੇ ਆ, “ਪਹਿਲੇ ਉਹ ਜੋ ਬਿਨਾਂ ਅਲੋਚਨਾ ਦੇ ਪ੍ਰਸ਼ੰਸਾਂ ਕਰਦੇ ਹਨ, ਦੂਜੇ ਉਹ ਜੋ ਪ੍ਰਸ਼ੰਸਾ ਕੀਤੇ ਬਿਨਾਂ ਆਲੋਚਨਾ ਕਰਦੇ ਆ ਤੇ ਦੋਵਾਂ ਦੇ ਵਿਚਾਲੇ ਹੁੰਦੇ ਹੁੰਦੇ ਹਨ, ਉਹ ਜੋ ਪ੍ਰਸ਼ੰਸਾਤਮਕ ਆਲੋਚਨਾ ਕਰਦੇ ਹਨ ਤੇ ਆਲੋਚਨਾਤਮਕ ਪ੍ਰਸ਼ੰਸਾ ਕਰਦੇ ਹਨ; ਇਹ ਤੀਸਰੇ ਵਾਲੇ ਲਾਜ਼ਮੀ ਤੌਰ ”ਤੇ ਇਕ ਵਾਰ ਫੇਰ ਕਲਾਤਮਕ ਕਿਰਤ ਸਿਰਜਦੇ ਹਨ। “

ਪਹਿਲੇ ਦੋ ਕਿਸਮ ਦੇ ਵਿਅਤਕੀਆਂ ਵੱਲੋਂ ਦਰਜ ਕੀਤੀ ਗਈ ਗੱਲ ਨੂੰ ਭਾਵ ਕੇ ਕਿਸੇ ਲਿਖਤ ਨੂੰ ਪੜ੍ਹ ਕੇ ਦਿੱਤੀ ਗਈ ਪ੍ਰਤਿਕਿਰਿਆ ਨੂੰ ਮੁਲਾਂਕਣ (ਐਪ੍ਰੀਸਿਏਸ਼ਨ) ਕਿਹਾ ਜਾਂਦਾ ਹੈ ਤੇ ਤੀਸਰੀ ਕਿਸਮ ਨੂੰ ਸਾਹਿਤਕ ਆਲੋਚਨਾ (ਕ੍ਰਿਟਿਸੀਜ਼ਮ) ਕਿਹਾ ਜਾਂਦਾ ਹੈ।

ਇਸ ਗੱਲ ਨੂੰ ਅੱਗੇ ਤੋਰਦਿਆਂ ਯਨ ਕਲਾਈਨ ਕਹਿੰਦੀ ਹੈ, “ਆਲੋਚਨਾ ਸੂਝ ਤੇ ਸਪੱਸ਼ਟਤਾ ਨਾਲ ਨਾਟਕੀ ਪੇਸ਼ਕਾਰੀਆਂ ਤੇ ਨਾਟਕੀ ਸਾਹਿਤ ਨੂੰ ਦੇਖਣ, ਤੱਤ ਕੱਢਣ, ਵਿਆਖਿਆ ਤੇ ਪਰਖ ਕਰਨ ਦਾ ਜਨਤਕ ਕਾਰਜ ਹੈ। ਇਸ ਦਾ ਕਲਾਤਮਕ ਮਕਸਦ ਇਕ ਵਿਅਕਤੀ ਦੁਆਰਾ ਕਿਸੇ ਨਾਟਕੀ ਪੇਸ਼ਕਾਰੀ ਤੇ ਹੋਰ ਦੇਖਣ ਵਾਲਿਆਂ ‘ਤੇ ਇਸ ਦੇ ਦੇਖੇ ਜਾ ਸਕਣ ਵਾਲੇ ‘ਪ੍ਰਭਾਵਾਂ’ ਨੂੰ ਦੱਸਣਾ ਹੈ, ਜਿਸ ਲਈ ਉਸ ਨੇ ਕਲਾਤਮਕ ਮਾਪਦੰਡਾਂ ਤੇ ਪੇਸ਼ਕਾਰੀਆਂ ਦੀ ਵਿਆਖਿਆ ਰਾਹੀਂ ਨਾਲ ਆਪਣੇ ਵਿਚਾਰਾਂ ਨੂੰ ਸਾਬਿਤ ਕਰਨਾ ਹੁੰਦਾ ਹੈ।

ਇਸ ਦੇ ਉਲਟ ਈਲੀਅਟ ਇਜ਼ਨਰ ਮੁਲਾਂਕਣ (ਐਪ੍ਰੀਸੀਏਸ਼ਨ) ਨੂੰ ਕਿਸੇ ਪੇਸ਼ਕਾਰੀ ਦੇ ਕਲਾਤਮਕ ਗੁਣਾਂ ਦਾ ਇਕ ਨਿੱਜੀ (ਪ੍ਰਾਈਵੇਟ) ਕਾਰਜ ਕਹਿੰਦਾ ਹੈ, ਜਿਸ ਵਿਚ ਇਹ (ਸਮੀਖਿਆ) ਕਰਨ ਵਾਲੇ ਵਿਅਕਤੀ ਵੱਲੋਂ ਆਪਣੇ ‘ਤੇ ਪਏ ਭਾਵਨਾਤਮਕ ਪ੍ਰਭਾਵ ਨੂੰ ਆਪਣੇ ਸਭਿਆਚਾਰਕ ਨਜ਼ਰੀਏ ਅਨੁਸਾਰ ਦੱਸਣ (ਕਹਿਣ ਜਾਂ ਲਿਖਣ) ਤੋਂ ਇਲਾਵਾ ਆਪਣੇ ਵਿਚਾਰਾਂ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ।

ਇੱਥੇ ਆਪਾਂ ਸੌਖ ਲਈ ਐਪ੍ਰੀਸਿਏਸ਼ਨ ਨੂੰ ਸਮੀਖਿਆ ਕਹਿ ਦਿੰਦੇ ਹਾਂ। ਹੋਰ ਜ਼ਿਆਦਾ ਸੌਖ ਲਈ ਇਨ੍ਹਾਂ ਨੂੰ ਆਪਾਂ ਪੰਜਾਬੀ ਸਾਹਿਤ ਦੇ ਬਾਹੂਬਲੀ ਕਹਿ ਦਿੰਦੇ ਹਾਂ, ਕਿਉਂਕਿ ਇਹ ਆਪਣੇ ਨਾਲ ਭਾਵੁਕ ਕਿਸਮ ਦੇ ਪਾਠਕਾਂ ਦੀ ਭੀੜ ਲੈ ਕੇ ਚੱਲਦੇ ਹਨ।

ਆਸਕਰ ਵਾਈਲਡ ਇਸ ਗੱਲ ਨੂੰ ਹੋਰ ਵੀ ਸਪੱਸ਼ਟ ਕਰਦਾ ਹੈ, “ਬਿਹਤਰੀਨ ਕਿਸਮ ਦੀ ਆਲੋਚਨਾ ਆਪਣੇ ਆਪ ਵਿਚ ਮੂਲ ਸਿਰਜਣਾ ਤੋਂ ਵੀ ਜ਼ਿਆਦਾ ਸਿਰਜਣਾਤਮਕ ਸਿਰਜਣਾ ਹੁੰਦੀ ਹੈ।”

ਸੋ, ਆਸਕਰ ਵਾਈਲਡ ਦੇ ਇਸ ਨਜ਼ਰੀਏ ਦੇ ਆਧਾਰ ‘ਤੇ ਆਪਾਂ ਇਨ੍ਹਾਂ ਆਲੋਚਕਾਂ ਨੂੰ ਸਾਹਿਤ ਦੇ ਰਿਸ਼ੀ ਜਾਂ ਫ਼ਕੀਰ ਕਹਿ ਦਿੰਦੇ ਹਾਂ, ਜੋ ਸਾਹਿਤ ਦੇ ਸ਼ਾਸਤਰਾਂ ਦੇ ਅਧਿਐਨ ਕਰਦਿਆਂ ਆਪਣੀ ਸਾਰੀ ਜ਼ਿੰਦਗੀ ਸਾਧਨਾਂ ਵਿਚ ਬਿਤਾ ਦਿੰਦੇ ਹਨ ਤੇ ਕਿਸੇ ਸਾਹਿਤਕ ਕਿਰਤ ਦਾ ਵਿਸ਼ਲੇਸ਼ਣ ਕਰਨ ਲੱਗਿਆਂ ਉਹ ਇਨ੍ਹਾਂ ਸ਼ਾਸਤਰਾਂ ਦੇ ਵਿਗਿਆਨਕ ਸਿਧਾਂਤਾਂ ਨੂੰ ਧਿਆਨ ਵਿਚ ਰੱਖਦੇ ਹਨ।

ਸੋ, ਨੁਕਤਾ ਇਹ ਹੈ ਕਿ ਸਮੀਖਿਆ (ਐਪ੍ਰੀਸੀਏਸ਼ਨ) ਕਰਨ ਵਾਲਾ ਜਿਸ ਕਿਸੇ ਵੀ ਸਾਹਿਤਕ ਕਿਰਤ ਬਾਰੇ ਲਿਖਦਾ ਜਾਂ ਬੋਲਦਾ ਹੈ, ਉਹ ਉਸ ਦਾ ਨਿੱਜੀ ਵਿਚਾਰ ਹੁੰਦਾ ਹੈ, ਜੋ ਮੁੱਖ ਤੌਰ ‘ਤੇ ਭਾਵਨਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ। ਉਸ ਦੇ ਵਿਚਾਰਾਂ ਦਾ ਕਲਾ ਦੇ ਕਿਸੇ ਮਾਪਦੰਡ ‘ਤੇ ਖਰੇ ਉਤਰਨਾ ਲਾਜ਼ਮੀ ਨਹੀਂ ਹੁੰਦਾ। ਜਿਸ ਨੂੰ ਅਕਸਰ ਇਹ ਕਹਿ ਕੇ ਕਿ “ਇਹ ਮੇਰੇ ਨਿੱਜੀ ਵਿਚਾਰ ਹਨ ਜੀ, ਬਾਕੀ ਇਸ ਨਾਲ ਸਹਿਮਤ ਨਹੀਂ ਵੀ ਹੋ ਸਕਦੇ” ਪਰੋਸਿਆ ਜਾਂਦਾ ਹੈ। ਅਸਲ ਵਿਚ ਇਸ ਤਰ੍ਹਾਂ ਦੀ ਸਮੀਖਿਆ ਪਾਠਕਾਂ ਦੇ ਜ਼ਿਆਦਾ ਨੇੜੇ ਹੁੰਦੀ ਹੈ ਕਿਉਂਕਿ ਸਮੀਖਿਅਕ ਲਿਖਤ ਨੂੰ ਇਕ ਆਮ ਪਾਠਕ ਵਾਂਗ ਪੜ੍ਹਦਾ ਤੇ ਮਹਿਸੂਸ ਕਰਦਾ ਹੈ ਤੇ ਇਸ ਦਾ ਮਕਸਦ ਲਿਖਤ ਨੂੰ ਪਰਖਣਾ ਨਹੀਂ ਬਲਕਿ ਉਸ ਲਿਖਤ ਬਾਰੇ ਆਪਣੇ ਅਨੁਭਵ ਨੂੰ ਬਿਆਨ ਕਰਨਾ ਹੁੰਦਾ ਹੈ ਤਾਂ ਜੋ ਹੋਰ ਪਾਠਕ ਇਹ ਫ਼ੈਸਲਾ ਕਰ ਸਕਣ ਕਿ ਉਨ੍ਹਾਂ ਨੇ ਫਲਾਣੀ ਲਿਖਤ ਪੜ੍ਹਨੀ ਹੈ ਜਾਂ ਨਹੀਂ। ਇਸੇ ਕਰਕੇ ਇਸ ਤਰ੍ਹਾਂ ਦੇ ਮੁਲਾਂਕਣ ਵਾਲੀ ਲਿਖਤ (ਜਾਂ ਕਿਤਾਬ) ਜੋ ਕਿਸੇ ਨੂੰ ਬਹੁਤ ਵਧੀਆ ਲੱਗੀ ਹੋਵੇ, ਹੋ ਸਕਦਾ ਹੈ ਕਿਸੇ ਹੋਰ ਨੂੰ ਬਿਲਕੁਲ ਵਧੀਆ ਨਾ ਲੱਗੇ ਕਿਉਂਕਿ ਹੋਰ ਪਾਠਕ ਨੂੰ ਉਹ ਲਿਖਤ ਭਾਵਨਾਤਮਕ ਰੂਪ ਵਿਚ ਹੋਰ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ। ਵਧੀਆ ਲੱਗਣਾ ਜਾਂ ਬੋਰ ਹੋਣਾ ਵੀ ਇਕ ਭਾਵਨਾਤਮਕ ਪ੍ਰਭਾਵ ਹੀ ਹੁੰਦਾ ਹੈ।

ਇਹ ਵੀ ਜ਼ਰੂਰੀ ਨਹੀਂ ਹੈ ਕਿ ਭਾਵਨਾਤਮਕ ਪ੍ਰਭਾਵ ਤੇ ਬਿਆਨ ਕਿਸੇ ਲਿਖਤ ਦਾ ਸਹੀ ਮੁਲਾਂਕਣ (ਸਮੀਖਿਆ) ਹੀ ਕਰਨ, ਇਹ ਸਿਰਫ਼ ਕਿਸੇ ਪਾਠਕ ਦਾ ਨਿੱਜੀ ਅਨੁਭਵ ਹੁੰਦਾ ਹੈ। ਆਮ ਤੌਰ ‘ਤੇ ਸਾਧਾਰਨ ਪਾਠਕ ਨੂੰ ਇਸ ਤਰ੍ਹਾਂ ਦੀ ਸਮੀਖਿਆ ਦੀ ਹੀ ਲੋੜ ਹੁੰਦੀ ਹੈ, ਕਿਉਂਕਿ ਇਸ ਰਾਹੀਂ ਉਸ ਨੇ ਕਿਸੇ ਕਿਤਾਬ ਨੂੰ ਖ਼ਰੀਦਣ ਤੇ ਪੜ੍ਹਨ ਦਾ ਫ਼ੈਸਲਾ ਕਰਨਾ ਹੁੰਦਾ ਹੈ।

ਇਸ ਦੇ ਉਲਟ ਆਲੋਚਨਾ (ਕ੍ਰਿਟਿਸਿਜ਼ਮ) ਇਕ ਬਹੁਤ ਗੰਭੀਰ ਜਨਤਕ ਕਾਰਜ ਹੈ। ਇਸ ਵਿਚ ਆਲੋਚਕ ਨੇ ਆਪਣੇ ਨਿੱਜ ਨੂੰ ਪਾਸੇ ਰੱਖ ਕੇ ਭਾਵ ਆਪਣੀਆਂ ਭਾਵਨਾਵਾਂ ਨੂੰ ਪਾਸੇ ਰੱਖ ਕੇ, ਵਧੀਆ ਤੇ ਬੋਰ ਤੋਂ, ਪਸੰਦ-ਨਾਪਸੰਦ ਤੋਂ ਅੱਗੇ ਜਾ ਕੇ, ਸਾਹਿਤਕ ਲਿਖਤ ਦਾ ਵਿਸ਼ਲੇਸ਼ਣ ਨਾ ਸਿਰਫ਼ ਕਲਾਤਮਕ ਮਾਪਦੰਡਾਂ ਅਨੁਸਾਰ ਕਰਨਾ ਹੁੰਦਾ ਹੈ, ਬਲਕਿ ਪਹਿਲਾਂ ਤੋਂ ਮੌਜੂਦ ਲਿਖਤਾਂ ਦੇ ਹਵਾਲੇ ਨਾਲ ਇਸ ਨੂੰ ਸਾਬਤ ਵੀ ਕਰਨਾ ਹੁੰਦਾ ਹੈ।

ਦੂਜੀ ਗੱਲ ਆਸਕਰ ਵਾਈਲਡ ਨੇ ਜੋ ਕਹੀ ਹੈ ਉਹ ਬਹੁਤ ਜ਼ਰੂਰੀ ਹੈ ਕਿ ਆਲੋਚਕ ਨੇ ਪ੍ਰਸ਼ੰਸਾਤਮਕ ਆਲੋਚਨਾ ਕਰਨੀ ਹੁੰਦੀ ਹੈ ਤੇ ਆਲੋਚਨਾਤਮਕ ਪ੍ਰਸ਼ੰਸਾ ਕਰਨੀ ਹੁੰਦੀ ਹੈ। ਭਾਵ ਪ੍ਰਸ਼ੰਸਾ-ਯੋਗ ਗੱਲਾਂ ਦੀ ਪ੍ਰਸ਼ੰਸਾ ਕਰਦੇ ਹੋਏ, ਕਲਾਤਮਕ ਮਾਪਦੰਡਾਂ ਅਨੁਸਾਰ ਜੋ ਘਾਟਾਂ ਰਹਿ ਗਈਆਂ ਹੋਣ ਉਹ ਦੱਸਣੀਆਂ ਹੁੰਦੀਆਂ ਹਨ। ਘਾਟਾਂ ਦੀ ਵਿਆਖਿਆ ਕਰਦੇ ਹੋਏ, ਜੋ ਪ੍ਰਸ਼ੰਸਾਤਮਕ ਤੱਤ ਕਿਸੇ ਲਿਖਤ ਵਿਚ ਹੁੰਦੇ ਹਨ, ਉਹ ਦੱਸਣੇ ਹੁੰਦੇ ਹਨ। ਇਸ ਸਭ ਕੁਝ ਉਸ ਨੇ ਆਪਣੀ ਪਸੰਦ-ਨਾਪਸੰਦ ਅਨੁਸਾਰ ਨਹੀਂ, ਬਲਕਿ ਕਿਸੇ ਕਲਾ ਭਾਵ ਕਵਿਤਾ, ਗ਼ਜ਼ਲ, ਕਹਾਣੀ, ਨਾਵਲ, ਗੀਤ, ਫ਼ਿਲਮ ਆਦਿ ਦੇ ਪਹਿਲਾਂ ਤੋਂ ਬਣੇ ਹੋਏ ਮਾਪਦੰਡ ਭਾਵ ਨਿਯਮਾਂ ਅਨੁਸਾਰ ਹੀ ਕਰਨਾ ਹੁੰਦਾ ਹੈ। ਇਨ੍ਹਾਂ ਮਾਪਦੰਡਾਂ ਨੂੰ ਹੀ ਸ਼ਾਸਤਰ ਕਿਹਾ ਜਾਂਦਾ ਹੈ। ਇਸ ਲਈ ਕਵਿਤਾ ਦਾ ਆਪਣਾ ਸ਼ਾਸਤਰ ਹੈ, ਗ਼ਜ਼ਲ ਦਾ ਆਪਣਾ, ਕਹਾਣੀ ਦਾ ਆਪਣਾ, ਨਾਵਲ ਦਾ ਆਪਣਾ, ਗੀਤਾਂ ਤੇ ਫ਼ਿਲਮਾਂ ਦਾ ਆਪਣਾ, ਭਾਵ ਕਿ ਇਹ ਕਿਵੇਂ ਲਿਖਣੇ ਹਨ, ਉਨ੍ਹਾਂ ਦੇ ਜੋ ਨਿਯਮ ਕਾਇਦੇ-ਕਾਨੂੰਨ ਹਨ, ਉਹ ਸ਼ਾਸਤਰ ਹਨ।

ਕਲਾਈਨ ਇਸ ਕਾਰਜ ਨੂੰ ਜਨਤਕ ਕਾਰਜ ਇਸ ਲਈ ਕਹਿੰਦਾ ਹੈ ਕਿ ਇਕ ਆਲੋਚਕ ਵੱਲੋਂ ਲਿਖੀ ਗਈ ਆਲੋਚਨਾ ਜਦੋਂ ਮਾਪਦੰਡਾਂ ਅਨੁਸਾਰ ਵਿਸ਼ਲੇਸ਼ਣ ਕਰਦੀ ਹੈ ਤਾਂ ਉਹ ਜਨਤਕ ਤੌਰ ‘ਤੇ ਕਿਸੇ ਕਲਾ ਜਾਂ ਲਿਖਤ ਨੂੰ ਸਮਝਣ ਤੇ ਹੋਰ ਬਿਹਤਰ ਕਰਨ ਦਾ ਵਿਗਿਆਨਕ ਢੰਗ ਦੱਸਦੀ ਹੈ। ਆਲੋਚਨਾ ਦਾ ਮਕਸਦ ਕੋਈ ਕਿਤਾਬ ਪੜ੍ਹੀਏ ਜਾਂ ਨਹੀਂ, ਪਾਠਕ ਨੂੰ ਇਹ ਦੱਸਣਾ ਹੁੰਦਾ ਹੀ ਨਹੀਂ। ਇਹ ਕੰਮ ਤਾਂ ਸਮੀਖਿਆ (ਐਪਰੀਸੀਏਸ਼ਨ) ਵਾਲੇ ਕਰ ਹੀ ਰਹੇ ਹਨ। ਆਲੋਚਕ ਦਾ ਕੰਮ ਤਾਂ ਰਚਨਾ ਦੇ ਲੇਖਕ ਤੇ ਉਸ ਪਾਠਕ ਵਾਸਤੇ ਹੈ, ਜੋ ਕਿਸੇ ਲਿਖਤ ਜਾਂ ਕਿਤਾਬ ਨੂੰ ਸਿਰਫ਼ ਪੜ੍ਹਨ ਤੇ ਅਨੁਭਵ ਕਰਨ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦਾ, ਬਲਕਿ ਇਸ ਨੂੰ ਬਹੁਤ ਡੂੰਘਾਈ ਵਿਚ ਜਾ ਕੇ ਸਮਝਣ ਦੀ ਇੱਛਾ ਰੱਖਦਾ ਹੈ। ਨਾਲ ਹੀ ਉਹ ਇਹ ਜਾਣਨਾ ਚਾਹੁੰਦਾ ਹੈ ਕਿ ਉਸ ਵੱਲੋਂ ਲਿਖੀ/ਪੜ੍ਹੀ ਗਈ ਕਵਿਤਾ, ਕਹਾਣੀ, ਗ਼ਜ਼ਲ, ਨਾਵਲ ਆਦਿ ਨੂੰ ਹੋਰ ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ। ਆਲੋਚਨਾ ਮੂਲ ਰੂਪ ਵਿਚ ਸਾਧਾਰਨ ਤੋਂ ਉੱਪਰ ਵਾਲੇ ਪਾਠਕ ਤੇ ਗੰਭੀਰ ਲੇਖਕ ਲਈ ਹੁੰਦੀ ਹੈ।

ਹੁਣ ਐਪ੍ਰੀਸਿਏਸ਼ਨ ਵਾਲੇ ਸ਼ਾਸਤਰ ਨੂੰ ਤਾਂ ਮੰਨਦੇ ਨਹੀਂ, ਉਹ ਆਪਣੀ ਜਗ੍ਹਾ ਠੀਕ ਵੀ ਹਨ, ਕਿਉਂਕਿ ਉਨ੍ਹਾਂ ‘ਤੇ ਸ਼ਾਸਤਰ ਨੂੰ ਮੰਨਣ ਦੀ ਬਹੁਤੀ ਜ਼ਿੰਮੇਵਾਰੀ ਵੀ ਨਹੀਂ ਤੇ ਨਾ ਹੀ ਆਪਣੇ ਵਿਚਾਰ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਹੈ। ਸਮੱਸਿਆ ਉਦੋਂ ਪੈਦਾ ਹੁੰਦਾ ਹੈ ਜਦੋਂ ਉਹ ਇਹ ਭੁੱਲ ਜਾਂਦੇ ਹਨ ਕਿ ਇਹ ਉਨ੍ਹਾਂ ਦਾ ਨਿੱਜੀ ਕਾਰਜ ਹੈ, ਭਾਵੇਂ ਕਿ ਸੋਸ਼ਲ ਮੀਡੀਆ ‘ਤੇ ਲਿਖ ਕੇ ਹੀ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਇਹ ਨਿੱਜੀ ਕਾਰਜ ਹੈ, ਜੋ ਉਨ੍ਹਾਂ ਦੀਆਂ ਨਿੱਜੀ ਭਾਵਨਾਵਾਂ ‘ਤੇ ਆਧਾਰਤ ਹੈ। ਸਮੱਸਿਆ ਉਦੋਂ ਹੋਰ ਵੀ ਵੱਡੀ ਹੋ ਜਾਂਦੀ ਹੈ ਜਦੋਂ ਉਹ ਭਾਵਨਾਤਮਕ ਨਿੱਜੀ ਲਿਖਤ ਦਾ ਟਕਰਾਅ ਆਲੋਚਨਾਤਮਕ ਲਿਖਤ ਨਾਲ ਕਰਨ ਲੱਗਦੇ ਹਨ। ਇਸ ਤਰ੍ਹਾਂ ਕਰਦਿਆਂ ਉਹ ਜ਼ਿੱਦ ‘ਤੇ ਉਤਰ ਆਉਂਦੇ ਹਨ ਕਿ ਉਹੀ ਠੀਕ ਹਨ, ਬਾਕੀ ਸਭ ਬੇਕਾਰ ਹਨ। ਜਦਕਿ ਆਲੋਚਕ ਤਾਂ ਉਨ੍ਹਾਂ ਦਾ ਇਸ ਗੱਲੋਂ ਸਤਿਕਾਰ ਕਰਦਾ ਹੈ ਕਿ ਉਹ ਪਾਠਕ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਉਸ ਨੂੰ ਸਾਹਿਤ ਨਾਲ ਜੋੜ ਰਹੇ ਹਨ।

ਪਰ ਸਮੀਖਿਆ ਕਰਨ ਵਾਲਿਆਂ ਵੱਲੋਂ ਭਾਵਨਾ ਵੱਸ ਅਜਿਹੀਆਂ ਪ੍ਰਚਾਰੀਆਂ ਗਈਆਂ ਤੇ ਬਹੁਤ ਪਸੰਦ ਕੀਤੀਆਂ ਗਈਆਂ ਲਿਖਤਾਂ ਜਾਂ ਕਿਤਾਬਾਂ ਦਾ ਵਿਸ਼ਲੇਸ਼ਣ ਜਦੋਂ ਆਲੋਚਕ ਵਿਗਿਆਨਕ ਢੰਗ ਨਾਲ ਸ਼ਾਸਤਰ ਅਨੁਸਾਰ ਕਰਦਾ ਹੈ ਤਾਂ ਉਹ ਇਸ ਗੱਲ ਨੂੰ ਮੰਨਣ ਲਈ ਹਰਗ਼ਿਜ਼ ਤਿਆਰ ਨਹੀਂ ਹੁੰਦੇ ਕਿ ਆਲੋਚਕ ਉਨ੍ਹਾਂ ਦੇ ਵਿਰੋਧੀ ਵੱਜੋਂ ਨਹੀਂ, ਬਲਕਿ ਪੂਰਕ ਵੱਜੋਂ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਕਰਕੇ ਆਲੋਚਕ ਉਸ ਗੰਭੀਰ ਤੇ ਸੁਹਿਰਦ ਪਾਠਕ ਨੂੰ ਦੇਖਣ, ਤੱਤ ਕੱਢਣ, ਵਿਆਖਿਆ ਤੇ ਪਰਖ ਕਰਨ ਦਾ ਇਕ ਗਹਿਰਾ ਨਜ਼ਰੀਆ ਦੇ ਰਿਹਾ ਹੈ, ਜਿਸ ਨੂੰ ਅਗਰ ਉਹ ਗ੍ਰਹਿਣ ਕਰਨਾ ਚਾਹੇ ਤਾਂ ਆਪਣੀ ਮਨਪਸੰਦ ਰਚਨਾ ਵਿਚੋਂ ਉਹ ਬਹੁਤ ਕੁਝ ਹਾਸਲ ਕਰ ਸਕਦਾ ਹੈ। ਇਸ ਗਹਿਰੇ ਨਜ਼ਰੀਏ ਨੂੰ ਹਾਸਲ ਕਰਕੇ ਉਸ ਰਚਨਾ ਦੇ ਗੁਣ-ਦੋਸ਼ਾਂ ਤੇ ਉਸ ਦੇ ਭਾਵਨਾਤਮਕ ਪੱਖਾਂ ਨੂੰ ਜ਼ਿਆਦਾ ਬਾਰੀਕੀ ਨਾਲ ਫੜ ਸਕੇਗਾ।

ਇਹ ਅੱਗੋਂ ਪਾਠਕ ਤੇ ਲੇਖਕ ਦੀ ਮਰਜ਼ੀ ਹੈ ਕਿ ਉਸ ਨੇ ਆਲੋਚਕ ਦੀ ਪ੍ਰਸ਼ੰਸਾਤਮਕ ਆਲੋਚਨਾ ਤੇ ਆਲੋਚਨਾਤਮਕ ਪ੍ਰਸ਼ੰਸਾ ਨੂੰ ਗ੍ਰਹਿਣ ਕਰਨਾ ਹੈ ਜਾਂ ਨਹੀਂ। ਜਦ ਕਿ ਇਹ ਆਪੇ ਬਣੇ ਵਿਦਵਾਨ ਸਮੀਖਿਆਕਾਰ ਪਾਠਕਾਂ ਨੂੰ ਕੁਰਾਹੇ ਪਾਉਣ ਲਈ ਬਜਿੱਦ ਹੁੰਦੇ ਹਨ। ਸਮੀਖਿਆ ਵਾਲੇ ਆਪਣੇ ਪਾਠਕ ਨੂੰ ਉਸ ਰਸਤੇ ਲੈ ਜਾਣ ਦੀ ਬਜਾਇ ਆਪਣੀਆਂ ਪੜ੍ਹੀਆਂ ਢੇਰ ਕਿਤਾਬਾਂ ਤੇ ਰੱਟੀਆਂ ਹੋਈਆਂ ਭਾਰੀ-ਭਰਕਮ ਟੂਕਾਂ ਨਾਲ ਉਨ੍ਹਾਂ ਨੂੰ ਤਾਂ ਹੋਰ ਭਟਕਾਉਂਦੇ ਹੀ ਹਨ, ਮਾਪਦੰਡਾਂ ਤੇ ਸ਼ਾਸਤਰ ਦੇ ਦਾਇਰੇ ਵਿਚ ਰਹਿ ਕੇ ਆਲਚੋਨਾ ਕਰ ਰਹੇ ਆਲੋਚਕ ਨੂੰ ਵੀ ਪਾਠਕਾਂ ਅੱਗੇ ਖ਼ਲਨਾਇਕ ਵਾਂਗੂੰ ਪੇਸ਼ ਕਰਦੇ ਹਨ। ਇਸ ਤਰ੍ਹਾਂ ਕਰਕੇ ਉਹ ਕਿਸੇ ਮਹਿੰਗੇ ਬਜਟ ਦੀ ਮਸਾਲਾ ਫ਼ਿਲਮ ਦੇ ਨਾਇਕ ਵਰਗੀ ਫੀਲਿੰਗ ਲੈ ਰਹੇ ਹੁੰਦੇ ਹਨ।

ਇੱਥੋਂ ਤੱਕ ਤਾਂ ਫਿਰ ਵੀ ਠੀਕ ਹੈ, ਪਰ ਅਜਿਹੇ ਸਮੀਖਿਅਕ ਜਦੋਂ ਪਾਠਕਾਂ ਵੱਲੋਂ ਭਾਵਨਾਵਾਂ ਵਿਚ ਵਹਿ ਕੇ ਮਿਲੀ ਪ੍ਰਸ਼ੰਸਾ ਨੂੰ ਆਪਣੀ ਵੈਲੀਡੇਸ਼ਨ (ਮਾਨਤਾ) ਮੰਨ ਕੇ ਆਪ ਰਚਨਾਕਾਰੀ ਦੀ ਜ਼ਿੱਦ ਫੜ ਲੈਂਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਸ਼ਾਸਤਰ ਨੂੰ ਰੱਦ ਕਰਨ ‘ਤੇ ਤੁੱਲ ਜਾਂਦੇ ਹਨ। ਇਸ ਤਰ੍ਹਾਂ ਕਰਨ ਲਈ ਉਹ ਬਹਾਨਾ ਇਹ ਘੜ੍ਹਦੇ ਹਨ ਕਿ ਅਸੀਂ ਤਾਂ ਜੀ ਪਰੰਪਰਾਵਾਦੀ ਨਹੀਂ ਹਾਂ। ਅਸੀਂ ਤਾਂ ਪਰੰਪਰਾ ਨੂੰ ਤੋੜ ਕੇ ਆਪਣਾ ਨਵਾਂ ਸ਼ਾਸਤਰ ਬਣਾ ਰਹੇ ਹਾਂ, ਸਾਡੀ ਰਚਨਾ ਸ਼ਾਸਤਰਾਂ ਤੋਂ ਉੱਤੇ ਹੈ, ਪਾਠਕਾਂ ਦੇ ਦਿਲਾਂ ਦੇ ਨੇੜੇ ਹੈ। ਇਸ ਵਿਚੋਂ ਉਨ੍ਹਾਂ ਦੀ ਸ਼ਾਸਤਰ ਬਾਰੇ ਪੇਤਲੀ ਸਮਝ ਹੀ ਉਜਾਗਰ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿਚ ਕਿਸੇ ਪਰੰਪਰਾਂ ਤੋਂ ਅਗਾਂਹ ਲੰਘਦਿਆਂ ਨਵੇਂ ਖ਼ਾਕੇ ਸਿਰਜੇ ਹਨ, ਉਨ੍ਹਾਂ ਨੇ ਪਹਿਲਾਂ ਉਸ ਖੇਤਰ ਦੇ ਬੁਨਿਆਦੀ ਨੁਕਤਿਆਂ ਨੂੰ ਸਮਝਿਆ ਹੈ, ਆਤਮਸਾਤ ਕੀਤਾ ਹੈ ਤੇ ਫਿਰ ਉਨ੍ਹਾਂ ਦੀ ਬੁਨਿਆਦ ‘ਤੇ ਹੀ ਆਪਣੇ ਨਵੇਂ ਖ਼ਾਕੇ ਖੜ੍ਹੇ ਕੀਤੇ ਹਨ।

ਮਿਸਾਲ ਵੱਜੋਂ ਜੇਕਰ ਤੁਕਬੰਦੀ ਕਰਨ ਵਾਲੇ ਕਿਸੇ ਲੇਖਕ ਨੂੰ ਕਿਹਾ ਜਾਵੇ ਕਿ ਭਾਈ ਅਰੂਜ਼ ਬਾਰੇ ਮਾੜੀ-ਮੋਟੀ ਸਮਝ ਹਾਸਲ ਕਰ ਲਵੇਂ ਤਾਂ ਤੇਰੀ ਤੁਕਬੰਦੀ ਸ਼ਾਇਰੀ ਦਾ ਜਾਮਾ ਪਾ ਲਵੇਗੀ, ਅੱਗੋਂ ਉਹ ਸੁਰਜੀਤ ਪਾਤਰ ਦਾ ਇਹ ਮਸ਼ਹੂਰ ਸ਼ਿਅਰ ਕੱਢ ਮਾਰਦਾ ਹੈ-

ਅਸਾਂ ਤਾਂ ਡੁੱਬਕੇ ਖੂਨ ਵਿਚ ਲਿਖੀ ਏ ਗ਼ਜ਼ਲ ,
ਉਹ ਹੋਰ ਹੋਣਗੇ ਜੋ ਲਿਖਦੇ ਨੇ ਬਹਿਰ ਅੰਦਰ।” (ਡਾ. ਸੁਰਜੀਤ ਪਾਤਰ)

ਉਹ ਜਾਣਦੇ ਨਹੀਂ ਹੁੰਦੇ ਕਿ ਡਾ. ਸੁਰਜੀਤ ਪਾਤਰ ਨੇ ਇਹ ਸ਼ਿਅਰ ਵੀ ਬਾਕਾਇਦਾ ਬਹਿਰ ਵਿਚ ਕਿਹਾ ਹੈ। ਨਾ ਹੀ ਉਹ ਇਸ ਸ਼ਿਅਰ ਵਿਚ ਬਹਿਰ ਦਾ ਵਿਰੋਧ ਕਰ ਰਹੇ ਹਨ। ਬਲਕਿ ਉਹ ਉਨ੍ਹਾਂ ‘ਤੇ ਵਿਅੰਗ ਕਰ ਰਹੇ ਹਨ ਜਿਨ੍ਹਾਂ ਦੀ ਲਿਖਤ ਤਾਂ ਬਹਿਰ ਵਿਚ ਹੁੰਦੀ ਹੈ, ਪਰ ਉਨ੍ਹਾਂ ਵਿਚ ਖ਼ੂਨ ਵਿਚ ਡੁੱਬ ਕੇ ਲਿਖੇ ਅਹਿਸਾਸ ਨਹੀਂ ਹੁੰਦੇ। ਪਾਤਰ ਸਾਹਬ ਕਹਿ ਰਹੇ ਹਨ ਕਿ ਬਹਿਰ ਹੋਵੇ ਤਾਂ ਹੋਵੇ, ਪਰ ਕਲਾਮ ਵਿਚ ਖ਼ੂਨ ਵਿਚ ਡੁੱਬ ਕੇ ਲਿਖਣ ਵਾਲੀ ਸ਼ਿੱਦਤ ਵੀ ਹੋਵੇ। ਇੱਥੋਂ ਪਾਤਰ ਵਰਗੇ ਜ਼ਹੀਨ ਸ਼ਾਇਰ ਦਾ ਗ਼ਜ਼ਲ ਦੀ ਪਰੰਪਰਾਂ ਨੂੰ ਆਪਣੇ ਸਮੇਂ ਦੀ ਸ਼ਿੱਦਤ ਦਾ ਜਾਮਾ ਪਵਾਉਣ ਦਾ ਪ੍ਰਮਾਣ ਹੀ ਮਿਲਦਾ ਹੈ, ਨਾ ਕਿ ਪਰੰਪਰਾ ਨੂੰ ਰੱਦ ਕਰਕੇ ਆਪ-ਹੁਦਰੇਪਣ ‘ਤੇ ਉਤਰ ਆਉਣ ਦੀ ਜ਼ਿੱਦ ਭਾਰੂ ਹੁੰਦੀ ਹੈ।

ਇਹ ਲੋਕ ਫਿਰ ਪਹਿਲਾਂ ਤੋਂ ਮਸ਼ਹੂਰ ਹੋ ਚੁੱਕੀਆਂ ਆਪਣੀਆਂ ਜਾਂ ਦੂਜੀ ਭਾਸ਼ਾਵਾਂ ਦੀਆਂ ਰਚਨਾਵਾਂ ਚੁੱਕ ਕੇ ਉਨ੍ਹਾਂ ਵਿਚ ਆਪਣੀ ਤੁਕਬੰਦੀ, ਕਹਾਣੀ ਜਾਂ ਪਲਾਟ ਫਿੱਟ ਕਰਨ ਲੱਗ ਜਾਂਦੇ ਆ। ਇਨ੍ਹਾਂ ਨੂੰ ਲਗਦਾ ਕਿ ਜਿਸ ਤਰ੍ਹਾਂ ਉਹ ਹਵਾਈ ਗੱਲਾਂ ਕਰਕੇ ‘ਵੱਡੇ ਸਮੀਖਿਅਕ’ ਬਣ ਗਏ, ਇਸ ਤਰ੍ਹਾਂ ਹੀ ਉਹ ਬਿਨਾਂ ਸ਼ਾਸਤਰ ਸਿੱਖੇ, ਵੱਡੇ ਲੇਖਕ ਵੀ ਬਣ ਜਾਣਗੇ।

ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਹਨ ਜੋ ਭੁੱਲ ਜਾਂਦੇ ਹਨ ਕਿ ਇਤਿਹਾਸ ਦੀ ਬੁਨਿਆਦ ‘ਤੇ ਹੀ ਵਰਤਮਾਨ ਤੇ ਭਵਿੱਖ ਟਿਕੇ ਹੁੰਦੇ ਹਨ, ਇਤਿਹਾਸ ਵੱਲ ਪਿੱਠ ਕਰਨ ਵਾਲੇ ਲੋਕ ਭਵਿੱਖ ਵਿਚੋਂ ਸਹਿਜੇ ਹੀ ਖਾਰਜ ਹੋ ਜਾਂਦੇ ਹਨ। ਜਦ ਕਿ ਉਹ ਇਤਿਹਾਸ ਵਿਚ ਕੀਤੀਆਂ ਗ਼ਲਤੀਆਂ ਤੋਂ ਸਿੱਖ ਕਿ ਬਿਹਤਰ ਵਰਤਮਾਨ ਤੇ ਭਵਿੱਖ ਸਿਰਜ ਸਕਦੇ ਸਨ/ਹਨ।

ਅਸਲ ਵਿਚ ਦਿਮਾਗ ਵਿਚ ਇਕੱਠੀ ਕੀਤੀ ਕਿਤਾਬੀ ਜਾਣਕਾਰੀ ਐਨੀ ਭਾਰੂ ਹੋ ਜਾਂਦੀ ਹੈ ਕਿ ਕਲਾਤਮਕਤਾ, ਗਿਆਨ ਤੇ ਬੌਧਿਕਤਾ ਦੇ ਰਸਤੇ ਉੱਤੇ ਤੁਰਨਾ ਉਨ੍ਹਾਂ ਲਈ ਬੋਝਲ ਹੋ ਜਾਂਦਾ ਹੈ। ਜਦ ਕਿ ਕਿਸੇ ਅਧਿਆਤਮਕ ਪੁਰਸ਼ ਨੇ ਕਿਹਾ ਹੈ ਜੇ ਤੁਸੀਂ ਉੱਚਾਈਆਂ ਨੂੰ ਸਰ ਕਰਨਾ ਹੈ ਤਾਂ ਜਿੰਨਾਂ ਭਾਰ ਘਟਾ ਲਵੋਗੇ, ਓਨਾ ਚੰਗਾ ਹੈ।

ਪਰ ਜੇ ਕੋਈ ਗਧੇ ਵਾਂਗ ਮੰਨ ਕੇ ਬੈਠਾ ਹੋਵੇ ਕਿ ਮੇਰਾ ਜਨਮ ਤਾਂ ਭਾਰ ਢੌਣ ਲਈ ਹੀ ਹੋਇਆ ਹੈ ਤਾਂ ਉਸ ਨੂੰ ਤਾਂ ਫਿਰ ਰੱਬ ਆਪ ਵੀ ਧਰਤੀ ‘ਤੇ ਆ ਕੇ ਭਾਰ ਢੋਣ ਤੋਂ ਰੋਕ ਨਹੀਂ ਸਕਦਾ।

ਫ਼ਿਲਹਾਲ ਇਸ ਸਾਰੀ ਚਰਚਾ ਤੋਂ ਆਪਾਂ ਇਸ ਸਿੱਟੇ ‘ਤੇ ਪਹੁੰਚੇ ਹਾਂ ਕਿ ਸਮੀਖਿਆ ਇਕ ਭਾਵਨਾਵਾਂ ਦੇ ਜਵਾਰਭਾਟੇ ਵਿਚ ਘਿਰ ਕੇ ਲਿਖੀ/ਕੀਤੀ ਹੋਈ ਉਹ ਪ੍ਰਤਿਕਿਰਿਆ ਹੁੰਦੀ ਹੈ, ਜਿਸ ਦਾ ਮਕਸਦ ਕਿਸੇ ਲਿਖਤ ਬਾਰੇ ਆਪਣੀਆਂ ਭਾਵਨਾਵਾਂ ਨੂੰ ਦੱਸਣਾ ਹੁੰਦਾ ਹੈ। ਇਸ ਤਰ੍ਹਾਂ ਦੀ ਭਾਵਨਾਤਮਕ ਪ੍ਰਤਿਕਿਰਿਆ ਸਾਧਾਰਨ ਪਾਠਕ ਨੂੰ ਕਿਸੇ ਲਿਖਤ ਜਾਂ ਕਿਤਾਬ ਦੀ ਚੋਣ ਕਰਨ ਵਿਚ ਭਾਵਨਾਤਮਕ ਸਹਿਯੋਗ ਤਾਂ ਦੇ ਸਕਦੀ ਹੈ, ਪਰ ਕਿਸੇ ਰਚਨਾ ਨੂੰ ਨਾ ਉਸ ਦੀ ਡੂੰਘਾਈ ਤੱਕ ਪਹੁੰਚਾ ਸਕਦੀ ਹੈ ਤਾਂ ਨਾ ਹੀ ਉਸ ਦੇ ਸਾਰੇ ਪਹਿਲੂਆਂ ਨੂੰ ਵਿਗਿਆਨਕ ਢੰਗ ਨਾਲ ਸਮਝਾ ਸਕਦੀ ਹੈ।

ਉਂਝ ਵੀ ਅੱਜ-ਕੱਲ੍ਹ ਦੀ ਸਮੀਖਿਆ ਯਾਰੀਆਂ ਤੇ ਗਰੁੱਪਬਾਜੀਆਂ ਪੁਗਾਉਣ ਦੀ ਭਾਵਨਾਵਾਂ ਤੋਂ ਅੱਗੇ ਵਧ ਕੇ ਨਿੱਜੀ ਪਸੰਦ ਤੇ ਨਿੱਜੀ ਕਿੜ੍ਹ ਤੱਕ ਪਹੁੰਚ ਚੁੱਕੀ ਹੈ। ਇਸ ਲਈ ਪੰਜਾਬੀ ਸਾਹਿਤ ਦੇ ਭਲਵਾਨਾਂ ਦਾ ਅੱਜ-ਕੱਲ੍ਹ ਕਾਫ਼ੀ ਬੋਲਬਾਲਾ ਹੈ।

ਵੈਸੇ ਫ਼ਿਲਮਾਂ ਦੀ ਸਮੀਖਿਆ ਦੀ ਸਿਖਲਾਈ ਦੇਣ ਲਈ ਤਾਂ ਫ਼ਿਲਮ ਇੰਸਟੀਚਿਊਟ ਪੁਣੇ ਵਰਗੇ ਵੱਕਾਰੀ ਅਦਾਰੇ ਫ਼ਿਲਮ ਐਪਰੀਸਿਏਸ਼ਨ ਦਾ ਕੋਰਸ ਵੀ ਕਰਵਾਉਂਦੇ ਹਨ। ਸਾਹਿਤ ਦੀ ਸਮੀਖਿਆ ਦੇ ਕੋਰਸ ਹਨ ਜਾਂ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ, ਕਿਉਂਕਿ ਕੋਰਸ ਕਰਕੇ ਸਿੱਖ ਕੇ ਸਾਹਿਤ ਦੀ ਗੱਲ ਕਰਨ ਦੀ ਇੱਛਾ ਹੀ ਕਿਸਦੀ ਹੈ?

ਇਸ ਦੇ ਉਲਟ ਆਲੋਚਨਾ ਭਾਵੇਂ ਸਾਡੀ ਕਿਸੇ ਮਨਪਸੰਦ ਲਿਖਤ ਬਾਰੇ ਗਹਿਰ-ਗੰਭੀਰ ਟਿੱਪਣੀ ਕਰਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਤਾਂ ਪਹੁੰਚਾ ਸਕਦੀ ਹੈ, ਪਰ ਉਹ ਇਕ ਸੁਹਿਰਦ ਤੇ ਗੰਭੀਰ ਪਾਠਕ ਨੂੰ ਰਚਨਾ ਦੀਆਂ ਉਨ੍ਹਾਂ ਪਰਤਾਂ ਤੱਕ ਲੈ ਜਾਂਦੀ ਹੈ, ਜੋ ਉਸ ਨੂੰ ਹੋਰ ਬਿਹਤਰ ਪਾਠਕ ਤੇ ਜ਼ਿਆਦਾ ਸੰਵੇਦਨਸ਼ੀਲ ਮਨੁੱਖ਼ ਬਣਨ ਵਿਚ ਸਹਾਈ ਹੁੰਦੀਆਂ ਹਨ। ਹੋਰ ਪੁਸਤਕਾਂ ਪੜ੍ਹਨ ਦਾ ਮਕਸਦ ਵੀ ਕੀ ਹੈ?

ਪਰ ਇਸ ਤਰ੍ਹਾਂ ਦੇ ਫ਼ਕੀਰ ਆਲੋਚਕ ਅੱਜ-ਕੱਲ੍ਹ ਵਿਰਲੇ ਤੇ ‘ਕੱਲੇ-ਕਾਰੇ ਰਹਿ ਗਏ ਹਨ। ਨਾਲੇ ਉਹ ਚੁੱਪ ਕਰਕੇ ਆਪਣੇ ਭੋਰੇ ਵਿਚ ਬੈਠੇ ਰਹਿੰਦੇ ਹਨ, ਇਸ ਸੋਚਦੇ ਕਿ ਸਾਹਿਤ ਦੇ ਬਾਹੂਬਲੀਆਂ ਦੀ ਪ੍ਰਸ਼ੰਸਕ ਭਾਵੁਕ ਭੀੜ ਨਾਲ ਕੌਣ ਆਡਾ ਲਾਵੇ।

ਬਾਕੀ ਜਿਸ ਨੇ ਕਿਤਾਬਾਂ ਦਾ ਢੇਰ ਦਿਮਾਗ਼ ਵਿਚ ਜਮ੍ਹਾਂ ਕਰਕੇ ਆਪਣੇ ਆਪ ਨੂੰ ਵਿਦਵਤਾ ਦੀ ਟੀਸੀ ‘ਤੇ ਖੜ੍ਹੇ ਹੋਣ ਦਾ ਭਰਮ ਪਾਲ਼ੀ ਰੱਖਣਾ ਹੈ, ਉਸ ਲਈ ਨਾ ਸਮੀਖਿਆ ਮਾਇਨੇ ਰੱਖਦੀ ਹੈ ਨਾ ਆਲੋਚਨਾ। ਉਹ ਤਾਂ ਇਕ ਦਿਨ ਆਪਣੇ ਰੱਟੇ ਹੋਏ ਗਿਆਨ ਦੇ ਭਾਰ ਨਾਲ ਹੀ ਡਿੱਗ ਪਵੇਗਾ। ਉਦੋਂ ਤੱਕ ਉਸ ਨੂੰ ਉਸ ਦੇ ਭਰਮ ਵਿਚ ਹੀ ਜਿਓਣ ਦਿੱਤਾ ਜਾਵੇ ਤਾਂ ਚੰਗਾ ਹੈ।

(ਜਾਰੀ…)

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

Leave a Reply

This site uses Akismet to reduce spam. Learn how your comment data is processed.


Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com