ਆਪਣੀ ਬੋਲੀ, ਆਪਣਾ ਮਾਣ

ਕਿਉਂ ਪੜ੍ਹੀਏ ਨਾਵਲ ਚਿਤ੍ਰਲੇਖਾ ? ਨਿਰੰਜਣ ਬੋਹਾ

ਅੱਖਰ ਵੱਡੇ ਕਰੋ+=

ਸੰਸਾਰਕ ਤੇ ਅਧਿਆਤਮਕ ਖੇਤਰ ਦੇ ਦਵੰਦਾਤਮਕ ਸਬੰਧਾਂ  ਵਿਚੋਂ  ਨਵੇਂ ਜੀਵਨ ਦਰਸ਼ਨ ਨੂੰ ਰੂਪਮਾਨ ਕਰਦਾ ਨਾਵਲ

-ਨਿਰੰਜਣ ਬੋਹਾ-

ਮੂਲ ਹਿੰਦੀ ਲੇਖਕ: ਭਗਵਤੀਚਰਣ ਵਰਮਾ
ਪੰਜਾਬੀ ਅਨੁਵਾਦ: ਦੀਪ ਜਗਦੀਪ ਸਿੰਘ
ਪੰਨੇ-168 ਮੁੱਲ-300 ਰੁਪਏ
ਮਾਨ ਬੁੱਕ ਸਟੋਰ ਪਬਲਿਕੇਸ਼ਨ, ਤੁੰਗਵਾਲੀ (ਬਠਿੰਡਾ)

‘ਚਿਤ੍ਰਲੇਖਾ’ ਭਾਰਤ ਸਰਕਾਰ ਪਾਸੋਂ ਪਦਮ ਭੂਸ਼ਣ ਪ੍ਰਾਪਤ ਕਰਨ ਵਾਲੇ ਹਿੰਦੀ ਭਾਸ਼ਾ ਦੇ ਉੱਘੇ ਨਾਵਲਕਾਰ ਭਗਵਤੀਚਰਣ ਵਰਮਾ ਦਾ ਬਹੁ–ਪ੍ਰਸਿੱਧੀ ਪ੍ਰਾਪਤ ਨਾਵਲ ਹੈ, ਜਿਹੜਾ ਜੀਵਨ ਦੇ ਸੰਸਾਰਕ ਤੇ ਅਧਿਆਤਮਕ ( ਭੋਗੀ ਤੇ ਯੋਗੀ) ਖੇਤਰਾਂ ਵਿਚਲੇ ਦਵੰਦਤਾਮਕ ਸਬੰਧਾਂ ਦੀਆਂ ਸੂਖਮ ਤੰਦਾਂ ਰਾਹੀਂ ਇੱਕ ਵੱਖਰੇ ਤਰ੍ਹਾਂ ਦੇ ਜੀਵਨ ਦਰਸ਼ਨ ਦੀ ਬੁਣਤੀ ਬੁਣਦਾ ਹੈ। ਇਹ ਦੋਵੇਂ ਖੇਤਰ ਆਪਣੀ ਸ੍ਰੇਸ਼ਠਤਾ ਸਿੱਧ ਕਰਨ ਲਈ ਆਪਸੀ ਤਣਾਵਾਂ ਤੇ ਟਕਰਾਵਾਂ ਵਿਚੋਂ ਵੀ ਲੰਘਦੇ ਹਨ ਤੇ ਇੱਕ ਦੂਜੇ ਦੇ ਪੂਰਕ ਵੀ ਬਣੇ ਰਹਿੰਦੇ ਹਨ। ਮਨੁੱਖੀ ਮਨ ਜਿੱਥੇ ਕੁਦਰਤੀ ਤੌਰ ’ਤੇ ਹੀ ਬਦਲਾਓ ਵੱਲ ਆਕ੍ਰਸ਼ਿਤ ਰਹਿੰਦਾ ਹੈ ਉੱਥੇ ਇਹ ਯੋਗੀ ਨੂੰ ਭੋਗੀ ਤੇ ਭੋਗੀ ਨੂੰ ਯੋਗੀ ਬਣਾਉਣ ਦੀ ਸਮਰੱਥਾ ਵੀ ਰੱਖਦਾ ਹੈ। ਇਸ ਤਰ੍ਹਾਂ ਦੋਵੇਂ ਖੇਤਰਾਂ ਵਿਚਲਾ ਵਿਚਾਰਧਾਰਕ ਫ਼ਲਸਫ਼ਾ ਵੀ ਸਮੇਂ ਤੇ ਸਥਿਤੀਆਂ ਅਨੁਸਾਰ ਬਦਲਦਾ ਰਹਿੰਦਾ ਹੈ । ਨਾਵਲ ਪਾਠ ਦੇ ਵਿਸ਼ਲੇਸ਼ਣੀ ਸਿੱਟੇ ਅਨੁਸਾਰ ਹਰ ਸਮਾਜਿਕ ਤੇ ਅਧਿਆਤਮਕ  ਵਿਵਸਥਾ  ਦਾ ਆਪਣਾ ਵੱਖਰਾ ਸੱਚ ਹੁੰਦਾ ਤੇ ਇਹ ਸੱਚ ਅੰਤਿਮ ਨਾ ਹੋ ਕੇ ਜ਼ਿੰਦਗੀ ਵਿੱਚ ਆਉਣ ਵਾਲੇ ਨਿਰੰਤਰ ਬਦਲਾਵਾਂ ਦਾ ਵੀ ਸੂਚਕ ਬਣਦਾ ਹੈ।

ਇਹ ਨਾਵਲ ਪਿਆਰ ਮੁਹੱਬਤ ਨੂੰ ਅਜਿਹੇ ਪਾਕ-ਪਵਿੱਤਰ ਮਨੁੱਖੀ ਜ਼ਜ਼ਬੇ ਵਜੋਂ ਮਾਨਤਾ ਦਿੰਦਾ ਹੈ ਜੋ ਦੁਨਿਆਵੀ ਤੇ ਅਧਿਆਤਮਕ ਜ਼ਾਬਤਿਆਂ ਤੋਂ ਪਾਰ ਜਾਣ ਦੀ ਤਾਕਤ ਰੱਖਦਾ ਹੈ। ਨਾਵਲ ਦੀ ਮੁੱਖ ਪਾਤਰ ਨਾਚੀ ਚਿਤ੍ਰਲੇਖਾ ਅਤੇ ਸਾਮੰਤ ਬੀਜਗੁਪਤ ਦੀ ਪਿਆਰ ਕਹਾਣੀ ਨੂੰ ਵੀ ਪਰਮ ਆਨੰਦ ਦੀ ਅਵਸਥਾ ਤੱਕ ਪਹੁੰਚਣ ਲਈ ਬਹੁਤ ਸਾਰੇ ਸੰਸਾਰਕ ਤੇ ਅਧਿਆਤਮਕ ਪੜਾਅ ਪਾਰ ਕਰਨੇ ਪੈਂਦੇ ਹਨ। ਭਾਵੇਂ ਚਿਤ੍ਰਲੇਖਾ ਸਾਮੰਤ ਬੀਜਗੁਪਤ ਨੂੰ  ਦਿਲ –ਜਾਨ ਤੋਂ ਪਿਆਰ ਕਰਦੀ  ਹੈ ਪਰ ਸੰਸਾਰਕ ਤੇ ਪਦਾਰਥਕ ਸੁੱਖ ਅਰਾਮ ਦੀ ਬਹੁਤਾਤ ਤੋਂ ਪੈਦਾ ਹੋਇਆ ਅਕੇਵਾਂ ਉਸਨੂੰ  ਤਿਆਗ ਤੇ ਵੈਰਾਗ ਦੇ ਪਰਾਭੌਤਿਕ ਸੰਸਾਰ ਵੱਲ  ਵੀ ਖਿੱਚਦਾ ਰਹਿੰਦਾ ਹੈ।

ਇੱਕ ਪੜਾਅ ‘ਤੇ ਇਹ ਖਿੱਚ ਏਨੀ ਵੱਧ ਜਾਂਦੀ ਹੈ ਕਿ  ਭੋਗ ਦੀ ਬਜਾਇ ਯੋਗ ਉਸਦੀ ਪਹਿਲੀ ਪਸੰਦ ਬਣ ਜਾਂਦਾ ਹੈ । ਜਦੋ ਆਰੀਆ ਸ੍ਰੇਸ਼ਠ ਮਿਤ੍ਰਿਯੂੰਜਯ ਵੱਲੋਂ ਆਪਣੀ ਧੀ ਯਸ਼ੋਧਰਾ ਦਾ ਵਿਆਹ ਬੀਜਗੁਪਤ ਨਾਲ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਚਿਤ੍ਰਲੇਖਾ ਦੇ ਪਿਆਰ ਬੰਧਨ ਵਿਚ ਬੱਝਾ ਬੀਜਗੁਪਤ  ਇਹ ਪੇਸ਼ਕਸ਼ ਸਵੀਕਾਰ ਕਰਨ ਤੋਂ ਇਨਕਾਰ ਕਰ ਕਰ ਦਿੰਦਾ ਹੈ ਪਰ ਚਿਤ੍ਰਲੇਖਾ  ਅੰਦਰ ਪੈਦਾ ਹੋਏ ਵੈਰਾਗ ਦੇ ਭਾਵ  ਉਸਨੂੰ ਬੀਜਗੁਪਤ ਦੇ ਜੀਵਨ ਵਿਚ ਨਿਕਲਣ ਲਈ ਉਕਸਾਉਂਦੇ ਰਹਿੰਦੇ ਹਨ।

ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ

Book Review Chitarlekha Punjabi Deep Jagdeep Singh Niranjan Boha

ਸੰਸਾਰਕ ਵਾਸਨਾਵਾਂ ‘ਤੇ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਵਾਲੇ ਯੋਗੀ ਕੁਮਾਰਗਿਰੀ ਵੱਲ ਉਸਦੀ ਵੱਧ ਰਹੀ ਖਿੱਚ ਵੀ ਉਸਨੂੰ ਬੀਜਗੁਪਤ ਨੂੰ ਛੱਡਣ ਲਈ ਪ੍ਰੇਰਿਤ ਕਰਦੀ ਹੈ । ਇਸ ਅਵਸਥਾ ਵਿਚ  ਉਹ ਉਸਨੂੰ ਆਪਣੇ ਪਿਆਰ ਬੰਧਨ ਤੋਂ ਮੁਕਤ ਕਰਨ ਦੀ ਗੱਲ ਕਰਦਿਆਂ ਉਸ ਤੇ ਯਸ਼ੋਧਰਾ ਦੇ ਵਿਆਹ ਨੂੰ ਵੀ ਇਸ ਦਲੀਲ ਨਾਲ ਵਾਜਬ ਠਹਿਰਾਉਂਦੀ ਹੈ ਕਿ ਨਾਚੀ ਦੀ ਬਜਾਇ ਉੱਚ ਖਾਨਦਾਨੀ ਪਰਿਵਾਰ ਦੀ ਕੰਨਿਆ ਨਾਲ ਵਿਆਹ ਕਰਵਾ ਕੇ ਉਹ ਆਪਣੇ ਸਮਾਜਿਕ ਸਨਮਾਨ ਵਿੱਚ ਵੀ ਹੋਰ ਵਾਧਾ ਕਰ ਸਕਦਾ ਹੈ।

ਇੱਥੇ ਨਾਵਲਕਾਰ ਉਸ ਸਮੇ ਦੀਆਂ ਸਾਮੰਤੀ ਕਦਰਾਂ ਕੀਮਤਾਂ ਨੂੰ ਆਪਣੇ ਕਟਾਖਸ਼ ਦਾ ਨਿਸ਼ਾਨਾ ਬਣਾਉਣ ਵਿਚ ਵੀ ਸਫਲ ਹੁੰਦਾ ਹੈ ਕਿ ਉਸ ਵੇਲੇ ਮਨੁੱਖ ਦੀ ਉੱਚਤਾ ਤੇ ਸਮਾਜਿਕ ਪ੍ਰਤਿਸ਼ਠਾ ਦਾ ਮਾਪਦੰਡ ਉਸ ਅੰਦਰਲੀ ਕਲਾ ਜਾਂ ਹੁਨਰ ਨਹੀਂ ਸਗੋਂ ਪੈਸਾ ਹੀ ਰਿਹਾ ਹੈ। ਭਾਵੇਂ ਬੀਜ ਗੁਪਤ ਉਸਨੂੰ ਅੰਦਰਲੇ ਮਨੋ ਪਿਆਰ ਕਰਦਾ ਹੈ ਪਰ ਸਮੇ ਦੀਆਂ ਕਦਰਾਂ ਕੀਮਤਾਂ ਮੁਤਾਬਿਕ ਉਹ ਉਸ ਨਾਲ ਵਿਧੀਵੱਤ ਰੂਪ ਵਿਚ ਵਿਆਹ ਨਹੀਂ ਕਰਾਉਂਦਾ ਤੇ ਨਾਚੀ ਹੋਣ ਕਾਰਨ ਉਸਦੀ ਸਮਾਜਿਕ ਸਥਿਤੀ ਇਕ ਰਖੇਲ ਵਜੋਂ ਹੀ ਬਣੀ ਰਹਿੰਦੀ ਹੈ।

ਭਾਵੇਂ ਉਹ ਸੰਸਾਰਕ ਸੁੱਖ ਤਿਆਗ ਕਰਨ ਦਾ ਮਨ ਬਣਾ ਕੇ ਯੋਗੀ ਕੁਮਾਰਗਿਰੀ ਦੇ ਆਸ਼ਰਮ ਵਿਚ ਪਹੁੰਚਦੀ ਹੈ ਪਰ ਉਸਦੇ ਮਨ ਦੇ ਕਿਸੇ ਕੋਨੇ ਵਿਚ ਯੋਗੀ ਦੀ ਜਿਸਮਾਨੀ ਨੇੜਤਾ ਦਾ ਸੁੱਖ ਮਾਨਣ ਦਾ ਇੱਛਾ ਵੀ ਪਈ ਹੈ। ਉਸਦੇ ਆਸ਼ਰਮ ਉੱਥੇ ਪਹੁੰਚਣ ’ਤੇ  ਯੋਗੀ ਦੇ ਮਨ ਵਿਚ ਇਹ ਡਰ ਬੈਠ ਜਾਂਦਾ ਹੈ ਕਿ ਇਕ  ਸੁੰਦਰ ਔਰਤ ਦੀ ਨੇੜਤਾ ਉਸਦੀ ਤਪੱਸਿਆਂ ਨੂੰ ਭੰਗ ਕਰਕੇ ਉਸਨੂੰ ਯੋਗੀ ਤੋਂ ਭੋਗੀ ਵੀ  ਬਣਾ ਸਕਦੀ। ਇਸ ਡਰ ਕਾਰਨ ਪਹਿਲਾਂ ਉਹ ਉਸਨੂੰ ਦੀਖਿਆ ਦੇਣ ਤੋਂ ਇਨਕਾਰ ਕਰਦਾ ਹੈ ਤੇ ਫਿਰ ਆਪਣੇ ਹੱਠ-ਯੋਗ ਤੇ ਵਿਸ਼ਵਾਸ ਕਰਦਿਆਂ ਇਹ ਚੁਣੌਤੀ ਸਵੀਕਾਰ ਵੀ ਲੈਂਦਾ ਹੈ।

ਦੋਵੇਂ ਕੁਝ ਸਮੇ ਲਈ ਆਪਣੇ-ਆਪਣੇ ਪੱਧਰ ’ਤੇ ਜ਼ਾਬਤਾ ਬਣਾਈ ਰੱਖਦੇ ਹਨ ਪਰ ਸਮਾਂ ਪਾ ਕੇ ਬਦਲਵੇਂ ਵਾਤਾਵਰਣ ਵਿੱਚ ਦੋਵਾਂ ਦੀਆਂ ਮਨੋ- ਸਥੀਤੀਆਂ ਵਿਚ ਵੀ ਨਵਾਂ ਬਦਲਾਓ ਆਉਣ ਲੱਗਦਾ ਹੈ। ਇਕ ਪਾਸੇ ਆਸ਼ਰਮ ਦੇ ਇਕਾਂਤਵਾਸੀ ਅਧਿਆਤਮਕ ਵਾਤਾਵਰਣ ਵਿਚ ਬਦਲੀ ਮਾਨਸਿਕਤਾ ਅਨੁਸਾਰ ਚਿਤ੍ਰਰਲੇਖਾ ਅੰਦਰ ਭੋਗ ਵਿਲਾਸ ਪ੍ਰਤੀ ਉਦਾਸੀਨਤਾ ਪੈਦਾ ਹੋਣ ਲੱਗਦੀ ਹੈ ਤਾਂ ਦੂਜੇ ਪਾਸੇ ਯੋਗੀ ਅੰਦਰ ਅਜਿਹੀਆਂ ਭਾਵਨਾਵਾਂ ਹੋਰ ਵੀ ਪ੍ਰਬਲ ਹੋਣ ਲੱਗਦੀਆਂ ਹਨ। ਇੱਥੇ ਨਾਵਲਕਾਰ ਸਮੇਂ ਨੂੰ ਮਨੁੱਖ ਦੇ ਅਧੀਂਨ ਵਿਖਾਉਣ ਦੀ ਬਜਾਇ ਮਨੁੱਖ ਨੂੰ ਸਮੇਂ ਦੇ ਅਧੀਨ ਵਿਖਾਉਣ ਵਾਲੀ ਵਿਵਹਾਰਕ ਧਾਰਨਾ ਦੀ ਪੁਸ਼ਟੀ ਤੇ ਪ੍ਰੋੜਤਾ ਵੀ ਕਰਦਾ ਹੈ।

ਦੂਜੇ ਪਾਸੇ ਬੀਜਗੁਪਤ ਵੀ ਚਿਤ੍ਰਲੇਖਾ ਦੇ ਪਿਆਰ ਦੀਆਂ ਯਾਦਾਂ ਸਹਾਰੇ ਆਪਣਾ ਜੀਵਨ ਬਤੀਤ ਕਰਨ ਜਾਂ ਨਵੇਂ ਸਿਰੇ ਤੋਂ ਗ੍ਰਹਿਸਥੀ ਜੀਵਨ ਸ਼ੁਰੂ ਕਰਨ ਨੂੰ ਲੈ ਕੇ ਤਿੱਖੇ ਮਾਨਸਿਕ ਦਵੰਦ ਵਿਚੋ ਲੰਘਦਾ ਹੈ।

ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ

Book Review Chitarlekha Punjabi Deep Jagdeep Singh Niranjan Boha

ਕਾਸ਼ੀ( ਬਨਾਰਸ) ਦੀ ਯਾਤਰਾ ਦੌਰਾਨ ਯਸ਼ੋਧਰਾ ਦੀ ਸੁੰਦਰਤਾ ਤੇ ਸੁਹਜ ਸਲੀਕੇ ਕਾਰਨ ਪੈਦਾ ਹੋਈ ਨੇੜਤਾ ਉਸ ਨੂੰ ਯਸ਼ੋਧਰਾ ਦੇ ਪਿਤਾ ਵੱਲੋਂ ਦਿੱਤੀ ਪੇਸ਼ਕਸ਼ ਸਵੀਕਾਰ ਕਰਨ ਲਈ ਪ੍ਰੇਰਿਤ ਤਾਂ ਕਰਦੀ ਹੈ ਪਰ ਉਹ ਆਪਣੇ ਅੰਦਰੋਂ ਚਿਤ੍ਰਲੇਖਾ ਦਾ ਪਿਆਰ ਕੱਢ ਸਕਣ ਤੋਂ ਅਸਮਰੱਥ ਹੈ। ਜਦੋਂ ਉਸ ਦੇ ਗੁਰੂ ਭਾਈ ਤੋ ਸੇਵਕ ਬਣਿਆ ਸ਼ਵੇਤਾਂਕ ਵੀ ਉਸ ਕੋਲ ਯਸ਼ੋਧਰਾ ਨਾਲ ਵਿਆਹ ਕਰਾਉਣ ਦੀ ਇੱਛਾ ਦਾ ਪ੍ਰਗਟਾਵਾ ਕਰਦਾ ਹੈ ਤਾਂ ਉਸਨੂੰ ਇਕ ਵਾਰ ਫਿਰ ‘ਹਾਂ ਜਾਂ ਨਾਂਹ’ ਦੇ ਤਿੱਖੇ ਦਵੰਦ ਵਿੱਚੋ ਲੰਘਣਾ ਪੈਂਦਾ ਹੈ।

ਆਖਿਰ ਆਪਣੇ ਪਹਿਲੇ ਪਿਆਰ ਨੂੰ ਸਦੀਵੀ ਤੇ ਸੱਚਾ ਬਣਾਉਣ ਦੀ ਦ੍ਰਿੜਤਾ ਧਾਰਨ ਕਰਕੇ ਉਹ ਫਕੀਰੀ ਰੂਪ ਵਿਚ ਸੰਸਾਰ ਯਾਤਰਾ ਕਰਨ ਦਾ ਮਨ ਬਣਾ ਲੈਂਦਾ ਹੈ। ਨਵੀਂ  ਵੈਰਾਗੀ ਬਿਰਤੀ ਅਧੀਨ ਉਹ ਆਪਣੇ ਸੇਵਕ ਨੂੰ ਆਪਣੀ ਜਾਇਦਾਦ ਤੇ ਰਾਜਸੀ ਰੁਤਬਾ ਸੌਂਪ ਕੇ ਉਸ ਨੂੰ ਯਸ਼ੋਧਰਾ ਨਾਲ ਵਿਆਹ ਕਰਨ ਦੇ ਯੋਗ ਵੀ ਬਣਾਉਂਦਾ ਹੈ ਤੇ ਖੁਦ ਇਸ ਰਿਸ਼ਤੇ ਦੀ ਪੇਸ਼ਕਸ਼ ਲੈ ਕੇ ਆਰੀਆ ਸ਼੍ਰੇਸ਼ਠ ਮਿਤ੍ਰਿਯੂੰਜਯ ਕੋਲ ਵੀ ਜਾਂਦਾ ਹੈ।

ਸੰਸਾਰ ਯਤਾਰਾ ਤੇ ਨਿਕਲਣ ਵੇਲੇ ਉਸ ਦਾ ਫਕੀਰ ਬਣਿਆ ਮਨ ਪਹਿਲਾਂ ਚਿਤ੍ਰਲੇਖਾ ਨਾਲ ਕੋਈ ਸਬੰਧ ਰੱਖਣ ਲਈ ਇਨਕਾਰੀ ਹੁੰਦਾ ਹੈ ਪਰ ਜਦੋਂ ਚਿਤ੍ਰਲੇਖਾ ਵੀ ਉਸ ਵਾਂਗ ਹੀ ਆਪਣੀ ਧਨ-ਦੌਲਤ ਤਿਆਗ ਤੇ ਮਾਣ ਸਨਮਾਨ ਨੂੰ ਤਿਆਗਣ ਦਾ ਐਲਾਣ ਕਰ ਦਿੰਦੀ ਹੈ ਤਾਂ ਵਿਛੜੀਆਂ ਪਿਆਰ ਰੂਹਾਂ ਫਿਰ ਤੋਂ ਇੱਕ ਮਿੱਕ ਹੋ ਜਾਦੀਆਂ ਹਨ। ਇਸ ਤਰ੍ਹਾਂ ਸਾਮੰਤ ਤੋਂ ਫਕੀਰ ਬਣੇ ਬੀਜਗੁਪਤ ਵੱਲੋਂ ਉਸ ਨੂੰ ਚੁੰਮਦੇ ਹੋਏ ਬੋਲੇ ਇਹ ਬੋਲ “ਅਸੀਂ ਦੋਵੇਂ ਕਿੰਨੇ ਸੁਖੀ ਹਾਂ” ਨਾਵਲ ਦਾ ਉੱਚਤਮ ਕਲਾਤਮਿਕ ਸਿਖ਼ਰ ਸਿਰਜਣ ਵਿੱਚ ਸਫਲ ਜੋ ਜਾਂਦੇ ਹਨ।

ਨਾਵਲ ਦੀ ਸ਼ੁਰੂਆਤ ਚੰਦਰਗੁਪਤ ਮੋਰੀਆਂ ਕਾਲ ਦੇ ਅਧਿਆਤਮਕ ਗੁਰੂ ਮਹਾਂਪ੍ਰਭੂ ਰਤਨਾਂਬਰ ਦੇ ਚੇਲੇ ਸ਼ਵੇਤਾਂਕ ਤੇ ਵਿਸ਼ਾਲਦੇਵ ਵੱਲੋਂ ਉਸ ਤੋਂ ਪੁੱਛੇ ਸਵਾਲ ‘ਪਾਪ ਕੀ ਹੈ’ ਨਾਲ ਸ਼ੁਰੂ ਹੁੰਦੀ ਹੈ ਤੇ ਇਸਦਾ ਅੰਤ ਚਿੱਤ੍ਰਲੇਖਾ ਦੀ ਪਿਆਰ ਕਹਾਣੀ ਦੇ ਹਵਾਲੇ ਨਾਲ ਮਹਾਂਪ੍ਰਭੂ ਵੱਲੋਂ ਦਿੱਤੇ ਜਵਾਬ ਨਾਲ ਹੁੰਦਾ ਹੈ।

ਇਸ ਨਾਵਲ ਨੂੰ ਇਸਦੇ ਰਚਨੇਤਾ ਸਮੇ ਦੇ ਚਿੰਤਨੀ ਮਾਪਦੰਡ ਅਨੁਸਾਰ ਵੇਖਣਾ ਪਰਖਣਾ ਵੀ ਵਾਜਿਬ ਹੈ। ਅੱਜ ਦੇ ਸਮੇਂ ਵਿਚ ਨਾਵਲ ਦੀਆਂ ਜਿਹੜੀਆਂ ਧਾਰਨਾਵਾਂ ਨੂੰ ਅਸੀਂ ਅਸਾਨੀ ਗੈਰ ਯਥਾਰਥਕ ਤੇ ਆਦਰਸ਼ਕ ਕਹਿ ਸਕਦੇ ਹਾਂ, ਉਹ ਆਪਣੇ ਸਮੇ ਦੇ ਗਲਪੀ ਸਾਹਿਤ ਲਈ ਸਭ ਤੋਂ ਮਕਬੂਲ ਸਮਝੀਆਂ ਜਾਂਦੀਆਂ ਧਾਰਨਾਵਾਂ ਤੇ ਜੁਗਤਾਂ ਸਨ। ਉਸ ਸਮੇ ਦਾ ਸਾਹਿਤ ਜੀਵਨ ਨੂੰ ਅਜਿਹੇ ਕੁਰਬਾਨੀਆਂ ਭਰਪੂਰ ਆਦਰਸ਼ ਤੇ ਤੋਰਣ ਦਾ ਵੱਡਾ ਹਾਮੀ ਰਿਹਾ ਹੈ ਤੇ ਅਜਿਹਾ ਆਦਰਸ਼ ਹਕੀਕੀ ਰੂਪ ਵਿਚ ਵੀ ਲੋਕਾਂ ਦੀ ਜੀਵਨ ਜਾਂਚ ਦਾ ਹਿੱਸਾ ਰਿਹਾ ਹੈ।

ਇਸ ਲਈ ਮੈਂ ਇਸ ਨਾਵਲ ਨੂੰ ਤਤਕਾਲੀਨ ਸਮੇ ਦੀ ਯਥਾਰਥਕ ਤੇ ਲੋਕ ਮਾਨਸਿਕਤਾ ਤੇ ਦੀਰਘ ਕਾਲੀ ਪ੍ਰਭਾਵ ਛੱਡਣ ਵਾਲੀ ਗਲਪੀ ਰਚਨਾ ਵਜੋਂ ਹੀ ਸਵੀਕਾਰਦਾ ਹਾਂ। ਮੈਂ ਇਸ ਹਿੰਦੀ ਨਾਵਲ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਦੀਪ ਜਗਦੀਪ ਸਿੰਘ ਦੀ ਇਸ ਰਾਇ ਨਾਲ ਵੀ ਸਹਿਮਤ ਹਾਂ ਕਿ ਨਾਵਲ ਵਿਚਲੀ ਦਾਰਸ਼ਨਿਕ ਡੂਘਾਈ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ ਕਰਨਾ ਇੱਕ ਚਨੌਤੀ ਪੂਰਨ ਕੰਮ ਹੁੰਦਾ ਹੈ । ਇਸ ਚਨੌਤੀ ਨੂੰ ਕਬੂਲ ਕਰਨ ਅਤੇ ਇਸਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਣ ਲਈ ਉਹ ਮੇਰੀ ਤੇ ਤੁਹਾਡੀ ਸਾਬਸ਼ੀ ਦਾ ਪੂਰਾ ਹੱਕਦਾਰ ਹੈ।

ਘਰ ਬੈਠੇ ਨਾਵਲ ਪ੍ਰਾਪਤ ਲਈ ਤਸਵੀਰ ‘ਤੇ ਕਲਿੱਕ ਕਰੋ

Book Review Chitarlekha Punjabi Deep Jagdeep Singh Niranjan Boha

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਸਮੀਖਿਆ ਦਾ ਵੀਡਿਉ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com