ਪੰਜਾਬੀ ਯੂਨੀਵਰਸਿਟੀ (Punjabi University)ਪਟਿਆਲਾ ਦੇ ਕਲਾ ਭਵਨ ਵਿਚ ਪੰਜਾਬ ਲਲਿਤ ਕਲਾ ਅਕਾਡਮੀ, ਚੰਡੀਗੜ੍ਹ ਦੇ ਸਹਿਯੋਗ ਨਾਲ ਆਯੋਜਿਤ ਨਾਟਕ ‘ਡਾਰਕ ਬਾਡਰਜ਼’ (Dark Borders) ਤਿੰਨ ਰੋਜ਼ਾ ਰੰਗਮੰਚ ਉਤਸਵ ਦੀ ਆਖ਼ਰੀ ਪੇਸ਼ਕਾਰੀ ਸੀ। ਸੱਚ ਕਹਾਂ ਤਾਂ ਇਹ ਇਸ ਉਤਸਵ ਦਾ ਸਭ ਤੋਂ ਸਿਖਰਲੇ ਪੱਧਰ ਦਾ ਸਮਾਪਨ ਸੀ।
ਵੰਡ ਦੇ ਹਵਾਲੇ ਨਾਲ ਸ਼ੁਰੂ ਹੁੰਦਾ ਹਿੰਦੀ ਨਾਟਕ ‘ਡਾਰਕ ਬਾਰਡਰਜ਼’ ਵੱਖ-ਵੱਖ ਕਹਾਣੀਆਂ ਅਤੇ ਅਜ਼ੀਮ ਉਰਦੂ ਕਹਾਣੀਕਾਰ ਮੰਟੋ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਆਪੋ ਵਿਚ ਪਰੋ ਕੇ ਪੇਸ਼ ਕਰਦਾ ਹੈ। ਵੱਖ-ਵੱਖ ਕਹਾਣੀਆਂ ਵਿਚ ਔਰਤ ਕਿਰਦਾਰਾਂ ਦੇ ਸਿਆਹ, ਸਫ਼ੈਦ ਅਤੇ ਸਲੇਟੀ ਰੰਗ ਦੇਖਣ ਨੂੰ ਮਿਲਦੇ ਹਨ। ਇੱਥੋਂ ਤੱਕ ਕਿ ਜਦੋਂ ਔਰਤਾਂ ਮੰਚ ਉੱਤੋਂ ਗ਼ੈਰ-ਹਾਜ਼ਰ ਹਨ ਤਾਂ ਮਰਦ ਕਿਰਦਾਰਾਂ ਦੇ ਕਾਰ-ਵਿਹਾਰ ਦੇ ਵਿਚ ਭੁੱਖ ਅਤੇ ਹਵਸ ਦੇ ਰੂਪ ਵਿਚ ਉਹ ਮੌਜੂਦ ਹਨ।
ਕੁਝ ਕਹਾਣੀਆਂ ਵਿਚ ਔਰਤਾਂ ਤਸ਼ਦੱਦ ਅਤੇ ਪਿੱਤਰੀ ਹਉਮੈਂ ਦਾ ਸ਼ਿਕਾਰ ਹਨ, ਜਦਕਿ ਕੁਝ ਵਿਚ ਉਹ ਆਪ ਜ਼ਾਲਮ ਅਤੇ ਮਤਲਬਪ੍ਰਸਤ ਹਨ, ਜਦ ਕਿ ਕਿਸੇ ਕਹਾਣੀ ਵਿਚ ਔਰਤ ਜਾਨ ਬਚਾਉਣ ਲਈ ਵੀ ਆਉਂਦੀ ਹੈ। ਇਕ ਕਹਾਣੀ ਤੋਂ ਦੂਜੇ ਕਹਾਣੀ ਵਿਚ ਜਾਣ ਲੱਗਿਆਂ ਮੰਟੋ ਵਿਚ-ਵਿਚਾਲੇ ਆਉਂਦਾ ਹੈ ਅਤੇ ਆਧੁਨਿਕ ਨੌਜਵਾਨੀ ਨੂੰ ਝੰਜੋੜਦਾ ਹੋਇਆ ਸਮਕਾਲੀ ਸਮਾਜ, ਸਿਆਸਤ ਅਤੇ ਸਭਿਆਚਾਰ ਉੱਪਰ ਕਰਾਰੀ ਚੋਟ ਕਰਦਾ ਹੈ। ਉਹ ਆਖਦਾ ਹੈ ਕਿ ਲੋਕ ਉਸ ਨੂੰ ਨੰਗੇਜ਼ ਦਾ ਲੇਖਕ ਕਹਿੰਦੇ ਹਨ, ਪਰ ਉਸ ਦਾ ਮੰਨਣਾ ਹੈ ਕਿ ਉਹ ਤਾਂ ਇਕ ਸ਼ੀਸ਼ਾ ਹੈ ਜੋ ਸਮਾਜ ਦੇ ਨੰਗੇਜ਼ ਨੂੰ ਉਸ ਦੇ ਹੀ ਸਾਹਮਣੇ ਲਿਆ ਧਰਦਾ ਹੈ।
ਪਹਿਲੀਆਂ ਕਹਾਣੀਆਂ ਵਿਚ ਔਰਤਾਂ ਨੂੰ ਘਰੇਲੂ ਕੰਮ ਕੱਪੜੇ ਧੋਣਾ, ਰੋਟੀ ਪਕਾਉਣਾ ਅਤੇ ਬਿਸਤਰੇ ਵਿਚ ਮਰਦਾਂ ਦੀ ਸੇਵਾ ਕਰਦੇ ਦਿਖਾਇਆ ਗਿਆ ਹੈ। ਘਰੇਲੂ ਕੰਮਾਂ ਦੇ ਮੌਕੇ ਇਨ੍ਹਾਂ ਕਹਾਣੀਆਂ ਵਿਚ ਮਰਦ ਗ਼ੈਰ-ਹਾਜ਼ਰ ਹਨ, ਬੱਸ ਉਹ ਔਰਤਾਂ ਨੂੰ ਭੋਗਣ ਅਤੇ ਤਸ਼ੱਦਦ ਕਰਨ ਲਈ ਹੀ ਆਉਂਦੇ ਹਨ। ਪਰ ਕੁਝ ਕਹਾਣੀਆਂ ਵਿਚ ਮਨੁੱਖ ਦਾਖ਼ਲ ਹੁੰਦੇ ਹਨ; ਇਕ ਗਾਹਕ ਵੇਸਵਾ ਨਾਲ ਵਿਆਹ ਕਰਵਾਉਂਦਾ ਹੈ ਅਤੇ ਇਕ ਪੁੱਤ ਘਰੇਲੂ ਹਿੰਸਾ ਦੀ ਸ਼ਿਕਾਰ ਆਪਣੀ ਮਾਂ ਦੇ ਜਣੇਪੇ ਵਿਚ ਉਸ ਵੇਲੇ ਮਦਦ ਕਰਦਾ ਹੈ ਜਿਸ ਵੇਲੇ ਉਸ ਦਾ ਬਾਪ ਗ਼ਾਇਬ ਹੈ। ਇਨ੍ਹਾਂ ਕਹਾਣੀਆਂ ਵਿਚ ਮਾਹੌਲ ਤੋਂ ਲੈ ਕੇ ਕਪੜਿਆਂ ਤੱਕ ਸਭ ਗੂੜ੍ਹੇ ਰੰਗਾਂ ਦੇ ਹਨ।
ਅੰਤਿਮ ਕਹਾਣੀ ਵਿਚ ਨੀਲਮ ਮਾਨ ਸਿੰਘ ਸਭ ਕੁਝ ਉਲਟਾ ਦਿੰਦੇ ਹਨ। ਉਹ ਦਰਸ਼ਕਾਂ ਨੂੰ ਟੱਪਰੀਵਾਸ ਕਬੀਲਿਆਂ ਦੇ ਦੌਰ ਵਿਚ ਲੈ ਜਾਂਦੇ ਹਨ ਜਿੱਥੇ ਦਿਨ ਭਰ ਦਾ ਕੰਮ ਕਰਕੇ ਆਰਾਮ ਕਰ ਰਹੀਆਂ ਔਰਤਾਂ ਚੁੱਲ੍ਹੇ ਦੁਆਲੇ ਜੁੜਦੀਆਂ ਹਨ, ਜਦ ਕਿ ਮਰਦ ਝੌਂਪੜੀਆਂ ਬਣਾ ਰਹੇ ਹਨ, ਰੋਟੀਆਂ ਪਕਾ ਰਹੇ ਹਨ, ਬਿਸਤਰੇ ਵਿਛਾ ਰਹੇ ਹਨ, ਕੱਪੜੇ ਧੋ ਕੇ ਸੁੱਕਣੇ ਪਾ ਰਹੇ ਹਨ। ਇਸ ਕਹਾਣੀ ਵਿਚ ਸਭ ਕੁਝ ਨਿੱਖਰਿਆ ਹੋਇਆ ਸਫ਼ੈਦ ਰੰਗ ਦਾ ਹੈ, ਝੌਪੜੀਆਂ ਦੀਆਂ ਤਰਪਾਲਾਂ ਤੋਂ ਲੈ ਕੇ ਬਿਸਤਰਿਆਂ ਦੀਆਂ ਚਾਦਰਾਂ ਅਤੇ ਰੌਸ਼ਨੀਆਂ ਤੱਕ ਸਭ ਚਮਕਦਾ ਹੋਇਆ ਸਫ਼ੈਦ ਹੈ। ਇੱਥੋਂ ਤੱਕ ਕਿ ਮੰਚ ਉੱਤੇ ਪੱਕਦੀ ਰੋਟੀ ਦੀ ਖ਼ੁਸ਼ਬੂ ਦਰਸ਼ਕਾਂ ਨੂੰ ਵੀ ਤਾਲਮੇਲ ਵਿਚ ਚੱਲ ਰਹੀ ਸੁਖਦ ਜ਼ਿੰਦਗੀ ਦਾ ਅਹਿਸਾਸ ਕਰਵਾਉਂਦੀ ਹੈ, ਜਿੱਥੇ ਮਰਦ-ਔਰਤ ਦੀ ਹੋਂਦ ਸਮੁੱਚੇ ਰੂਪ ਵਿਚ ਮਨੁੱਖ ਵਾਲੀ ਹੈ।
ਨਾਟਕ ਦੀ ਸਭ ਤੋਂ ਵੱਡੀ ਵਿਲੱਖਣਤਾ ਇਸ ਦਾ ਮੰਚ ਤੋਂ ਪੇਸ਼ ਕੀਤਾ ਗਿਆ ਪਿੱਠਵਰਤੀ ਸੰਗੀਤ ਰਿਹਾ। ਜੋ ਨਾ ਸਿਰਫ਼ ਨਾਟਕ ਦੇ ਮਾਹੌਲ ਨੂੰ ਯਥਾਰਥ ਦਾ ਰੰਗ ਚਾੜ੍ਹਦਾ ਹੈ ਬਲਕਿ ਇਕ ਕਿਰਦਾਰ ਅਤੇ ਇਕ ਕਹਾਣੀ ਵਾਂਗ ਨਾਟਕ ਵਿਚ ਸ਼ਾਮਲ ਰਹਿੰਦਾ ਹੈ। ਲੋਕ ਧੁਨਾਂ ਅਤੇ ਲੋਕ ਸਾਜ਼ਾਂ ਨਾਲ ਸਜਿਆ ਸੰਗੀਤ ਅਤੇ ਧੁਨੀ ਪ੍ਰਭਾਵ, ਲੋਕ ਤਰਜ਼ਾਂ ਵਿਚ ਪੇਸ਼ ਕੀਤੇ ਗਏ ਪੰਜਾਬ ਦੇ ਲੋਕ ਗੀਤਾਂ ਰਾਹੀਂ ਔਰਤ ਦੀ ਹਸਤੀ ਅਤੇ ਹੋਣੀ ਨੂੰ ਬਖ਼ੂਬੀ ਬਿਆਨ ਕਰਦੇ ਹਨ।
ਅੰਤ ਵਿਚ ਨਿਰਦੇਸ਼ਿਕਾ ਦਰਸ਼ਕਾਂ ਨੂੰ ਇਸ ਸਵਾਲ ਦੇ ਨਾਲ ਛੱਡ ਜਾਂਦੀ ਹੈ ਕਿ ਕੀ ਔਰਤ ਦੀ ਹੋਣੀ ਕਬੀਲਿਆਂ ਦੇ ਪ੍ਰਾਚੀਨ ਕਾਲ ਵਿਚ ਅੱਜ ਨਾਲੋਂ ਬਿਹਤਰ ਨਹੀਂ ਸੀ? ਸਾਡੀ ਆਧੁਨਿਕਤਾ ਨੇ ਸਾਡੀ ਆਧੁਨਿਕ ਔਰਤ ਦੇ ਨਾਲ-ਨਾਲ ਮਰਦ ਦਾ ਵੀ ਕੀ ਭਲਾ ਕੀਤਾ ਹੈ?
ਰੌਲੇ-ਰੱਪੇ ਅਤੇ ਸਿਰ-ਚੜ੍ਹ ਕੇ ਬੋਲਦੀਆਂ ਵਿਚਾਰਧਾਰਾਵਾਂ ਵਾਲੇ ਨਾਟਕਾਂ ਦੇ ਉੱਘੇ ਪੰਜਾਬੀ ਰੰਗਕਰਮੀਆਂ ਨੂੰ ਨੀਲਮ ਮਾਨ ਸਿੰਘ ਤੋਂ ਗਹਿਰਾਈ, ਸਪੱਸ਼ਟਤਾ ਅਤੇ ਬੇਬਾਕੀ ਸਿੱਖਣ ਦੀ ਡਾਹਢੀ ਲੋੜ ਹੈ।
ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।
ਕਹਾਣੀਆਂ ਪੜ੍ਹੋ । ਕਵਿਤਾਵਾਂ ਪੜ੍ਹੋ । ਲੇਖ ਪੜ੍ਹੋ । ਬੋਲਦੀਆਂ ਕਿਤਾਬਾਂ
ਰੇਡੀਉ ਸੁਣੋ । ਵੀਡੀਉ ਦੇਖੋ ਸੁਣੋ
Leave a Reply