![Punjabi Poetry ਅਜ਼ਾਦੀ ਦੇ ਅਰਥ – ਇੰਦਰਜੀਤ ਨੰਦਨ Punjabi Poetry ਅਜ਼ਾਦੀ ਦੇ ਅਰਥ – ਇੰਦਰਜੀਤ ਨੰਦਨ](https://ia601407.us.archive.org/3/items/indian-flag-lafzandapul/indian-flag.jpg)
ਅਜ਼ਾਦੀ
ਅਜ਼ਾਦ ਨਹੀਂ ਹਾਂ ਅਸੀਂ
ਗੁਲਾਮ ਮਾਨਿਸਕਤਾ ਦੇ ਸ਼ਿਕਾਰ
ਅਸੀਂ ਹੋ ਹੀ ਨਹੀਂ ਸਕਦੇ ਅਜ਼ਾਦ …
ਆਪਣੇ ਝੰਡੇ ਦਾ ਅਰਥ
ਅਜ਼ਾਦੀ ਨਹੀਂ ਹੁੰਦਾ
ਜਦ ਤੀਕ ਮਨਾਂ ‘ਚ
ਜ਼ਹਿਰ ਹੋਵੇ
ਤੇ ਆਪੋ ਆਪਣੀ
‘ਮੈਂ’ ਦਾ ਅਲਾਪ
ਜਿੱਥੇ ਅਮੀਰਾਂ ਦੀਆਂ ਜੇਬਾਂ ‘ਚ
ਕਾਨੂੰਨ ਗਿਰਵੀ ਪਿਆ ਰਹੇ
ਤੇ ਗ਼ਰੀਬ ਦੀ ਝੁੱਗੀ ਵੀ
ਨਾਜਾਇਜ਼ ਕਰਾਰ ਦਿੱਤੀ ਜਾਵੇ
ਉੱਥੇ ਅਜ਼ਾਦੀ ਦੇ ਮਿਟ ਜਾਂਦੇ ਨੇ ਨਕਸ਼…
ਜਿੱਥੇ ਸ਼ੋਸ਼ਣ ਹੋਵੇ
ਦਾਇਰਿਆਂ ‘ਚ ਸਿਮਟੇ ਹੋਣ ਵਜੂਦ
ਜਿਥੇ ਪੇਸ਼ਿਆਂ ‘ਤੇ ਜਾਤਾਂ ਤੋਂ
ਮਨੁੱਖ ਦੀ ਪਹਿਚਾਣ ਹੋਵੇ
ਜਿਥੇ ਕੁਦਰਤ ਨਾਲ ਹਰ ਪਲ਼
ਮਜ਼ਾਕ ਕੀਤਾ ਜਾਵੇ
ਜਿਥੇ ਮਨੁੱਖ ਦੀ ਹੋਂਦ ਨੂੰ ਹੀ
ਖ਼ਤਰਾ ਹੋਵੇ
ਜਿੱਥੇ ਸੁਰੱਖਿਆ ਲਈ
ਹੋਵੇ ਹਰ ਪਲ਼ ਲੜਾਈ
ਜਿਥੇ ਹੱਕਾਂ ਲਈ
ਹਮੇਸ਼ਾਂ ਦੌੜਦਾ ਰਹੇ ਮਨੁੱਖ
ਜਿੱਥੇ ਹਰ ਕੋਈ
ਆਪਣੇ ਅੰਦਰਲੀ ਗੰਦਗੀ ਨੂੰ
ਢੋਈ ਜਾਵੇ
ਜਿੱਥੇ ਸਵਾਰਥ,
ਹੰਕਾਰ
ਪਸਰਿਆਂ ਹੋਏ ਹਰ ਤਰਫ਼
ਉੱਥੇ ਨਹੀਂ ਹੋ ਸਕਦੀ ਅਜ਼ਾਦੀ …
ਜਦ ਤੀਕ ਅਸੀਂ
ਨਹੀਂ ਹੋ ਜਾਂਦੇ
ਆਪਿਣਆਂ ਹੀ ਵਿਕਾਰਾਂ ਤੋਂ ਮੁਕਤ
ਜਦ ਤੀਕ
ਫੁੱਲਾਂ ਦੀ ਸੁਗੰਧ ਦਾ
ਨਹੀਂ ਹੁੰਦਾ ਅਹਿਸਾਸ
ਜਦ ਤੀਕ ਅਸੀਂ
ਸਭ ਕੁਝ ਦੇਖਣ,
ਸੁਣਨ ਦੇ
ਨਹੀਂ ਹੋ ਜਾਂਦੇ ਸਮਰੱਥ
ਤਦ ਤੱਕ ਨਹੀਂ ਹੋ ਸਕਦੇ ਅਜ਼ਾਦ
‘ਤੇ ਨਾ ਹੀ ਸਮਝ ਸਕਦੇ ਅਸੀਂ
ਅਜ਼ਾਦੀ ਦੇ ਅਸਲ ਅਰਥ…
–ਇੰਦਰਜੀਤ ਨੰਦਨ
Leave a Reply