ਆਇਆ ਸੌਣ ਜਵਾਨ ਹੋ ਗਈ ਕੁਦਰਤ, ਇਹ ਜ਼ਮੀਨ ਏਦਾਂ ਸਬਜ਼-ਜ਼ਾਰ ਹੋਈ
ਜਿੰਦਾਂ ਕੰਤ ਪਰਦੇਸੀ ਦੇ ਘਰੇ ਆਇਆਂ, ਲਾਵੇ ਹਾਰ-ਸ਼ੰਗਾਰ ਮੁਟਿਆਰ ਕੋਈ
ਉਠੀ ਘਟਾ, ਬੱਦਲ ਐਸੇ ਹੋਏ ਨੀਵੇਂ, ਜਿੱਦਾਂ ਧਰਤੀ ’ਤੇ ਆਉਣ ਨੂੰ ਤਰਸਦੇ ਨੇ
ਫੇਰ ਇੰਜ ਬਰਸੇ ਜਿੱਦਾਂ ਸੌਣ ਲੱਗੇ, ਨੈਣ ਕਿਸੇ ਵਿਯੋਗਣ ਦੇ ਬਰਸਦੇ ਨੇ
ਬੱਦਲ ਜਦੋਂ ਟਕਰਾਉਣ, ਖੜਾਕ ਹੋਵੇ, ਛਾਤੀ ਧੜਕਦੀ ਸੁਹਲ ਸੁਆਣੀਆਂ ਦੀ
ਬਿਜਲੀ ਲਿਸ਼ਕਦੇ ਸਾਰ ਅਲੋਪ ਹੋਵੇ, ਜਿੱਦਾਂ ਦੋਸਤੀ ਲਾਲਚੀ ਬਾਣੀਆਂ ਦੀ
ਝੀਲਾਂ ਭਰੀਆਂ ਨੇ ਐਨ ਕਿਨਾਰਿਆਂ ਤਕ, ਅਰਸ਼ੋਂ ਉੱਤਰੀ ਡਾਰ ਮੁਰਗਾਬੀਆਂ ਦੀ
ਵੱਟਾਂ ਟੁੱਟੀਆਂ ਇੰਜ ਹਰ ਖੇਤ ਦੀਆਂ, ਤੌਬਾ ਟੁੱਟਦੀ ਜਿਵੇਂ ਸ਼ਰਾਬੀਆਂ ਦੀ
ਮੋਰ ਨੱਚਦੇ, ਕੋਈਲਾਂ ਕੂਕ ਪਈਆਂ, ਦੀਪਕ ਜਗੇ ਪਤੰਗੇ ਆ ਫੁੜਕਦੇ ਨੇ
ਪਾਉਂਦੇ ਸ਼ੋਰ ਬਰਸਾਤੀ ਦਰਿਆ ਏਦਾਂ, ਜਿੱਦਾਂ ਨਵੇਂ ਰੱਜੇ ਬੰਦੇ ਭੁੜਕਦੇ ਨੇ
ਨਿਰਮਲ ਨੀਰ ਗੰਧਲਾਅ ਗਿਆ ਭੁੰਏਂ ਪੈ ਕੇ , ਅਕਸਰ ਏਦਾਂ ਹੀ ਹੁੰਦੈ ਦੁਸ਼ਵਾਰੀਆਂ ਵਿਚ
ਜਿੱਦਾਂ ਸ਼ਾਇਰ ਦੀ ਬੁੱਧੀ ਮਲੀਨ ਹੋਵੇ, ਰਹਿ ਕੇ ਲੀਡਰਾਂ ਅਤੇ ਵਿਉਪਾਰੀਆਂ ਵਿਚ
ਪਾਣੀ ਪਿੰਡ ਦਾ ਛੱਪੜਾਂ ਵਿੱਚ ਏਦਾਂ, ’ਕੱਠਾ ਹੋ ਗਿਆ ਰੁੜ੍ਹ ਕੇ ਦਲੇਰੀ ਦੇ ਨਾਲ
ਆਸੇ ਪਾਸੇ ਦੀ ਦੌਲਤ ਸਮੇਟ ਲੈਂਦੇ, ਸ਼ਾਹੂਕਾਰ ਜਿੱਦਾਂ ਹੇਰਾ ਫੇਰੀ ਦੇ ਨਾਲ
ਆਇਆ ਹੜ੍ਹ, ਰੁੜ੍ਹੀਆਂ ਛੰਨਾਂ, ਢਹੇ ਢਾਰੇ, ਪਾਣੀ ਦੂਰ ਤਕ ਮਾਰਦਾ ਵਲਾ ਜਾਂਦੈ
ਵਕਤ ਜਿਵੇਂ ਗਰੀਬ ਦੇ ਜਜ਼ਬਿਆਂ ਨੂੰ, ਪੈਰਾਂ ਹੇਠ ਮਧੋਲਦਾ ਚਲਾ ਜਾਂਦੈ
ਰਾਤੀਂ ਜੁਗਨੂੰਆਂ ਦੇ ਝੁਰਮਟ ਫਿਰਨ ਉਡਦੇ, ਝੱਲੀ ਜਾਏ ਨਾ ਤਾਬ ਨਜ਼ਾਰਿਆਂ ਦੀ
ਜਿੱਦਾਂ ਰੁੱਤਾਂ ਦੀ ਰਾਣੀ ਬਰਸਾਤ ਆਈ, ਸਿਰ ’ਤੇ ਓੜ੍ਹ ਕੇ ਚੁੰਨੀ ਸਿਤਾਰਿਆਂ ਦੀ
ਚੰਨ ਬੱਦਲਾਂ ਤੋਂ ਬਾਹਰ ਮਸਾਂ ਆਉਂਦੈ, ਫੌਰਨ ਆਪਣਾ ਮੁੱਖ ਛੁਪਾ ਲੈਂਦੈ
ਲਹਿਣੇਦਾਰ ਨੂੰ ਵੇਖ ਕਰਜ਼ਾਈ ਜਿੱਦਾਂ, ਸ਼ਰਮਸਾਰ ਹੋ ਕੇ ਨੀਵੀਂ ਪਾ ਲੈਂਦੈ
ਮਹਿਕਾਂ ਵੰਡ ਰਹੀਆਂ ਕਲੀਆਂ ਬਾਗ਼ ਅੰਦਰ, ਫੁੱਲ ਆਪਣੀ ਖ਼ੁਸ਼ਬੂ ਖਿੰਡਾ ਰਹੇ ਨੇ
ਬਿਨਾਂ ਲਾਲਚੋਂ ਜਿਵੇਂ ਵਿਦਵਾਨ ਬੰਦੇ, ਆਮ ਲੋਕਾਂ ਨੂੰ ਇਲਮ ਵਰਤਾ ਰਹੇ ਨੇ
ਲੱਗੇ ਫਲ, ਜ਼ਮੀਨ ਵੱਲ ਝੁਕੇ ਪੌਦੇ, ਆਉਂਦੇ ਜਾਂਦੇ ਦੇ ਵੱਟੇ ਸਹਾਰਦੇ ਨੇ
ਜਿੱਦਾਂ ਜਾਹਲਾਂ ਅੱਗੇ ਸ਼ਰੀਫ਼ਜ਼ਾਦੇ, ਨੀਂਵੇਂ ਹੋ ਕੇ ਵਕਤ ਗੁਜ਼ਾਰਦੇ ਨੇ
ਸਾਵਣ ਵਿੱਚ ਬਹਾਰ ਕਮਾਲ ਦੀ ਏ, ਮੈਂ ਕੁਰਬਾਨ ਜਾਵਾਂ ਇਸ ਬਹਾਰ ਉੱਤੇ
ਰੁੱਤਾਂ ਪਰਤ ਕੇ ਆਉਂਦੀਆਂ ਯਾਰ ‘ਦੀਪਕ’, ਮੋਏ ਪਰਤਦੇ ਨਹੀਂ ਸੰਸਾਰ ਉੱਤੇ
–ਮਰਹੂਮ ਉਸਤਾਦ ਦੀਪਕ ਜੈਤੋਈ
Leave a Reply