ਆਪਣੀ ਬੋਲੀ, ਆਪਣਾ ਮਾਣ

ਡਾ. ਸੁਰਜੀਤ ਪਾਤਰ ਦੀ ਸ਼ਾਇਰੀ-ਇਕ ਪੜਚੋਲ-ਬਖ਼ਸ਼ਿੰਦਰ

ਅੱਖਰ ਵੱਡੇ ਕਰੋ+=
ਤਾਂ ਕਿ ਸਨਦ ਰਹੇ

‘ਬਿਰਖ ਜੋ ਸਾਜ਼ ਹੈ’ 
ਸੁਰਜੀਤ ਪਾਤਰ ਦੀ ਇਹ ਕੈਸਿਟ ਮੈਂ ਵੀ ਸੁਣੀ-ਬਖ਼ਸ਼ਿੰਦਰ

ਮਹਿਜ਼ ‘ਕੈਸਿਟ ਸਮੀਖਿਆ’ ਨਾ ਸਮਝੇ ਜਾਣ ਖ਼ਾਤਰ ਇਹ ਲੇਖ, ਇਸ ਦੇ ਕਰਤਾ ਨੇ ਸਾਲ 1994 ਦੇ ਨਵੰਬਰ ਮਹੀਨੇ ਵਿਚ ਲਿਖਿਆ ਸੀ ਤੇ ‘ਜੱਗ ਬਾਣੀ’ ਵਿਚ ਇਸ ਨੂੰ ਛਾਪਣ ਲਈ ਕੰਪੋਜ਼ ਵੀ ਕਰਾ ਲਿਆ ਗਿਆ ਸੀ, ਪਰ ਆਖ਼ਰੀ ਪਲਾਂ ’ਤੇ ਪਤਾ ਨਹੀਂ ਕੀ ਭਾਣਾ ਵਾਪਰਿਆ ਕਿ ਇਹ ਲੇਖ ਨਾ ਛਪਿਆ ਤਾਂ ਕਿਸੇ ਦੋਸਤ ਨੇ ਆਪਣੇ ਰਸੂਖ਼ ਨਾਲ ਇਹ ਲੇਖ 6 ਨਵੰਬਰ, 1994 ਨੂੰ ‘ਅੱਜ ਦੀ ਆਵਾਜ਼’ ਵਿਚ ਛਪਵਾ ਦਿੱਤਾ। ਇਸ ਤੋਂ ਬਾਅਦ ਇਹ ਲੇਖ ਚੰਡੀਗੜ੍ਹ ਤੋਂ ਛਪਦੇ ਮਾਸਕ ਪੱਤਰ ‘ਸਿਰਨਾਵਾਂ’ ਵਿਚ ਵੀ ਛਪਿਆ। ਕਿਹਾ ਜਾਂਦਾ ਹੈ ਕਿ ਉਨ੍ਹੀ ਦਿਨੀਂ ਲੁਧਿਆਣਾ ਵਿਚ ਇਸ ਲੇਖ ਦੀਆਂ ਫੋਟੋਸਟੈਟ ਕਾਪੀਆਂ ਕਰਾ-ਕਰਾ ਕੇ ਪੜ੍ਹੀਆਂ-ਪੜ੍ਹਾਈਆਂ ਗਈਆਂ। ਕਿਸੇ ਨਾਮੀ ਚਰਚਿਤ ਅਤੇ ਬਹੁ-ਗਿਣਤੀ ਵੱਲੋਂ ਪਸੰਦ ਕੀਤੇ ਜਾਣ ਵਾਲੇ  ਫ਼ਨਕਾਰ ਬਾਰੇ ਸਮੀਖ਼ਆ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ, ਕਿਉਂ ਕਿ ਆਮ ਤੌਰ ਤੇ ਫ਼ਨਕਾਰ ਤਾਂ ਅਲੋਚਨਾ ਖਿੜੇ-ਮੱਥੇ ਪਰਵਾਨ ਕਰ ਲੈਂਦੇ ਹਨ, ਪਰ ਉਸ ਦੇ ਚਾਹੁੰਣ ਵਾਲੇ ਸ਼ਰਧਾ ਭਾਵਨਾ ਵਿਚ ਗੱੜੁਚ ਹੋ ਕੇ ਇਸ ਨੂੰ ਸਹਿ ਜਾਣ ਤੋਂ ਅਸਮਰੱਥ ਹੁੰਦੇ ਹਨ। ਇਹੋ ਜਿਹਾ ਹੀ ਕੁਝ ਅਸੀ ਸਤਿੰਦਰ ਸਰਤਾਜ ਬਾਰੇ ਲੇਖ ਛਾਪਣ ਤੋਂ ਬਾਅਦ ਹੰਡਾਇਆ ਹੈ। ਬਾਵਜੂਦ ਇਸਦੇ ਲਫ਼ਜ਼ਾਂ ਦਾ ਪੁਲ ਹਰ ਵਰਤਾਰੇ ਦੇ ਦੋਹਾਂ ਪਾਸਿਆਂ ਨੂੰ ਵਾਚਣ ਅਤੇ ਹਰ ਪਰਤ ਚੋਂ ਉਭਰਦੇ ਵਿਚਾਰ ਪਾਠਕਾਂ ਦੇ  ਨਾਲ ਸਾਂਝੇ ਕਰਨ ਦਾ ਹਾਮੀ ਹੈ, ਬੇਸ਼ਕ ਅਸੀ ਉਸ ਨਾਲ ਸਹਿਮਤ ਹੋਈਏ ਜਾਂ ਨਾ। ਅਸੀ ‘ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਲਾਜ਼ਮੀ ਨਹੀਂ’ ਵਾਲੀ ਫੱਟੀ ਸਿਰਫ਼ ਦਿਖਾਵੇ ਖਾਤਰ ਨਹੀਂ ਲਾਈ। ਇਹ ਲੇਖ ਕਾਫੀ ਸਾਲ ਪੁਰਾਣਾ, ਸੋ ਜਿੱਥੇ-ਜਿੱਥੇ ‘ਹੁਣ’ ਵਰਤਿਆ ਗਿਆ ਹੈ, ਦਾ ਮਤਬਲ ਉਨ੍ਹਾਂ ਦਿਨਾਂ ਤੋਂ ਸਮਝਿਆ ਜਾਵੇ, ਜਿਨ੍ਹਾਂ ਦਿਨਾਂ ਵਿਚ ਇਹ ਲਿਖਿਆ ਗਿਆ।         -ਲਫ਼ਜ਼ਾਂ ਦਾ ਸੇਵਾਦਾਰ  

     
ਕੋਈ ਲੰਬਾ-ਚੌੜਾ ਅਰਸਾ ਨਹੀਂ ਹੋਇਆ, ਸੁਰਜੀਤ ਪਾਤਰ ਨੇ ਆਪਣੀ ਕਿਤਾਬ ‘ਹਵਾ ਵਿਚ ਲਿਖੇ ਹਰਫ਼’ ਬਾਰੇ ਚਾਰ ਕੁ ਹਰਫ਼ ਵੀ ਨਾ ਲਿਖਣ ਲਈ ਮੈਨੂੰ ਉਲਾਂਭਾ ਦਿੱਤਾ ਸੀ।

ਮੈਂ ਉਲਾਂਭਾ ਲੈ ਲਿਆ ਸੀ, ਪਰ ਉਲਾਂਭਾ ਲਾਹਿਆ ਨਹੀਂ ਸੀ। ਹੁਣ ਪਾਤਰ ਦੀ ਆਪਣੀ ਆਵਾਜ਼ ਵਿਚ ਆਈ ਆਡੀਓ ਕੈਸਿਟ ਬਿਰਖ ਜੋ ਸਾਜ਼ ਹੈ ਨੂੰ ਸੁਣ ਕੇ ਲਿਖੀਆਂ ਇਨ੍ਹਾਂ ਸਤਰਾਂ ਦਾ, ਉਸ ਉਲਾਂਭੇ ਨਾਲ ਕੋਈ ਸਬੰਧ ਨਾ ਜੋੜਿਆ ਜਾਵੇ-ਇਹ ਮੇਰੀ ਬੇਨਤੀ ਹੈ।

      ਇਸ ਗੱਲ ਨੂੰ ਵੀ ਕੋਈ ਲੰਬਾ-ਚੌੜਾ ਅਰਸਾ ਨਹੀਂ ਹੋਇਆ, ਜਦੋਂ ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਨੇ ਗਾਇਕ ਗੁਰਦਾਸ ਮਾਨ ਬਾਰੇ ਇਹ ਰਾਇ ਦਿੱਤੀ ਸੀ, “ਇਹ ਮੁੰਡਾ ਗਾਉਣ ਵਾਲ਼ਿਆਂ ਨਾਲੋਂ ਵਧੀਆ ਲਿਖ ਲੈਂਦੈ ਤੇ ਲਿਖਣ ਵਾਲ਼ਿਆਂ ਨਾਲ਼ੋਂ ਵਧੀਆ ਗਾ ਲੈਂਦੈ।” ਇਹ ਤਾਂ ਸੀ ਦੋ ਮਾਨਾਂ ਦੀ ਗੱਲ ਤੇ ਉਨ੍ਹਾਂ ਦਾ ਆਪਸੀ ਮਾਣ-ਤਾਣ। ਪਾਤਰ ਇਕ ਬਹੁਤ ਹੀ ਬੀਬਾ ਤੇ ਸਾਊ ਸ਼ਾਇਰ ਹੈ, ਜੋ ਆਪਣੇ ਸੁਭਾਅ ਨਾਲੋਂ ਵੀ ਸੁਨੱਖਾ ਲਿਖਦਾ ਹੈ ਤੇ ਉਸ ਨਾਲੋਂ ਵੀ ਵਧੀਆ ਗਾ ਲੈਂਦਾ ਹੈ-ਇਹ ਗੱਲ ਬਾਬੂ ਸਿੰਘ ਮਾਨ ਨੇ ਨਹੀਂ ਕਹੀ, ਮੈਂ ਕਹਿ ਰਿਹਾ ਹਾਂ। ਪਾਤਰ ਵਰਗੇ ਸ਼ਾਇਰ ਦੇ ਕਲਾਮ ਤੇ ਗਾਇਨ ਦੀ ਨਿਰਖ਼-ਪਰਖ਼ ਕਰਨੀ, ਗਿੱਲਾ ਕੀਤਾ ਹੋਇਆ ਕੈਪਸੂਲ਼, ਸੰਘ ’ਚੋਂ ਲੰਘਾਓਣ ਵਰਗਾ ਸੌਖਾ ਕੰਮ ਨਹੀਂ ਹੈ ਕਿਉਂ ਕਿ ਅਜਿਹੇ ਬੰਦੇ ਦੀ ਤਾਰੀਫ਼ ਕਰਨ ਲੱਗਿਆਂ ਵੀ ਸੁਰਾਂ ਦੀ ਵਾਧ-ਘਾਟ ਦਾ ਖ਼ਿਆਲ ਰੱਖਣਾ ਪੈਂਦਾ ਹੈ, ਅੱਖਰਾਂ ਤੇ ਸ਼ਬਦਾਂ ਨੂੰ ਅਕਲ ਦਾ ਕੱਪੜਾ ਮਾਰ ਕੇ ਲਿਸ਼ਕਾਉਣਾ-ਚਮਕਾਉਣਾ ਪੈਂਦਾ ਹੈ।

      ਬਿਰਖ ਜੋ ਸਾਜ਼ ਹੈ ਮੈਗਨੈਟਿਕ ਟੇਪ ’ਤੇ ਲਿਖੀ ਸ਼ਾਇਰੀ ਹੈ। ਇਸ ਕੈਸਿਟ ਵਿਚ ਪਾਤਰ ਦੀਆਂ 11 ਰਚਨਾਵਾਂ ਸ਼ਾਮਲ ਹਨ। ਇਨ੍ਹਾਂ 11 ਰਚਨਾਵਾ ਵਿਚੋਂ ਇਕ-ਦੋ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਰਚਨਾਵਾਂ ਪਹਿਲਾਂ ਹੀ ਕਾਫੀ ਮਕਬੂਲ ਹਨ ਤੇ ਪਾਤਰ ਇਨ੍ਹਾਂ ਨੂੰ ਕਈ-ਕਈ ਵਾਰ, ਕਈ-ਕਈ ਮੁਸ਼ਾਇਰਿਆਂ ਵਿਚ ਪੜ੍ਹ ਚੁੱਕਾ ਹੈ। ਇਕ ਤਰ੍ਹਾਂ ਨਾਲ ਇਹ ਰਚਨਾਵਾਂ, ਪਾਤਰ ਦੀਆਂ ਪ੍ਰਤੀਨਿਧ ਰਚਨਾਵਾਂ ਹਨ। ਜੇ ਇਨ੍ਹਾਂ ਰਚਨਾਵਾਂ ’ਤੇ ਆਪਾਂ ਇਸ ਕੈਸਿਟ ਰਾਹੀਂ ਗ਼ੌਰ ਕਰੀਏ ਤਾਂ ਇਸ ਕੈਸਿਟ ਵਿਚ ਸ਼ਾਮਲ ਪਹਿਲੀ ਰਚਨਾ ‘ਪੀਲ਼ੇ ਪੱਤਿਆਂ ’ਤੇ ਪੱਬ ਧਰ ਹਲਕੇ-ਹਲਕੇ’ ਹੈ, ਜਿਸ ਵਿਚ ਇਕ ਸ਼ਿਅਰ ਪਾਤਰ ਨੇ ਇਉਂ ਫ਼ਰਮਾਇਆ ਹੈ:

      ਉਹ ਰਾਤੀਂ ਸੁਣਿਆ ਛੁਪ ਕੇ ਛੰਮ-ਛੰਮ ਰੋਇਆ,
      ਜਿਸ ਗਾਲ੍ਹਾਂ ਦਿੱਤੀਆਂ ਦਿਨੇ ਚੌਰਾਹੇ ਖੜ੍ਹ ਕੇ।

      ਇਹ ਸ਼ਿਅਰ ਕਈ ਵਾਰ ਸੁਣਿਆ ਜਾ ਚੁੱਕਾ ਹੈ ਤੇ ਹਰ ਵਾਰ ਭਰਪੂਰ ਦਾਦ ਵੀ ਲੈਂਦਾ ਰਿਹਾ ਹੈ, ਪਰ ਪਾਤਰ ਦੀ ਗਾਇਨ ਕਲਾ ਨੇ ਇਸ ਸ਼ਿਅਰ ਦਾ ਇਕ ਬਹੁਤ ਵੱਡਾ ਐਬ ਛੁਪਾਇਆ ਹੋਇਆ ਹੈ। ‘ਛੰਮ-ਛੰਮ’ ਨੱਚਣਾ, ‘ਛੰਮ-ਛੰਮ’ ਮੀਂਹ ਵਰਨਾ ਆਪਣੇ-ਆਪ ’ਚ ਖ਼ੁਸ਼ੀ ਨਾਲ, ਖੇੜੇ ਨਾਲ ਜੁੜਦਾ ਕਿਰਿਆ ਵਿਸ਼ੇਸ਼ਣ ਹੈ। ਜੇ ਪਾਤਰ ਇਸ ਸ਼ਿਅਰ ਨੂੰ ਰਤਾ ਕੁ ਇਸ ਤਰ੍ਹਾਂ ਕਰ ਲੈਂਦਾ ਤਾਂ ਕਿਆ ਬਾਤ ਹੋ ਜਾਂਦੀ:

      ਉਹ ਰਾਤੀਂ ਸੁਣਿਆ ਛੁਪ ਕੇ ਫੁਟ-ਫੁਟ ਰੋਇਆ,
      ਜਿਸ ਗਾਲ੍ਹਾਂ ਦਿੱਤੀਆਂ ਦਿਨੇ ਚੌਰਾਹੇ ਖੜ੍ਹ ਕੇ।

      ਇਸ ਕੈਸਿਟ ਵਿਚ ਸ਼ਾਮਲ ਅਗਲੀ ਰਚਨਾ ਬਾਰੇ ਗੱਲ ਕਰਨ ਤੋਂ ਪਹਿਲਾਂ ਇਕ ਹੋਰ ਅਰਜ਼ ਇਹ ਹੈ ਕਿ ਗੀਤ ਲਿਖਣ ਨਾਲ ਨਹੀਂ, ਗਾਏ ਜਾਣ ਨਾਲ ਹੀ ਮੁਕੰਮਲ ਹੁੰਦੇ ਹਨ ਕਿਉਂ ਕਿ ਗੀਤ ਦਾ ਸਬੰਧ ਗਾਇਨ ਨਾਲ ਹੁੰਦਾ ਹੈ ਤੇ ਗਾਈ ਜਾਣ ਵਾਲ਼ੀ ਰਚਨਾ ਹੀ ਗੀਤ ਹੁੰਦੀ ਹੈ। ਸੰਗੀਤ ਦੇ ਉਸਤਾਦ ਲੋਕ ਇਸ ਨੂੰ ‘ਗਾਨਾ’ ਜਾਂ ‘ਗਾਇਨ’ ਵੀ ਇਸੇ ਲਈ ਕਹਿੰਦੇ ਹਨ। ਚੰਗਾ ਗਾਇਕ ਕਈ ਵਾਰ ਆਪਣੇ ਫ਼ਨ ਦੇ ਜਾਦੂ ਨਾਲ ਸ਼ਾਇਰੀ ਦੇ ਐਬ ਵੀ ਛੁਪਾ ਦਿੰਦਾ ਹੈ, ਪਰ ਜੇ ਸ਼ਾਇਰ ਪਹਿਲਾਂ ਹੀ ਨਿੱਖਰੀ ਹੋਈ ਸ਼ਾਇਰੀ ਲਿਖੇ ਤਾਂ ਗਾਇਕ ਉਸ ਨੂੰ ਚਾਰ ਚੰਦ ਹੋਰ ਵੀ ਲਗਾ ਸਕਦਾ ਹੈ। ਚੰਗੀ ਤੇ ਨਿੱਖਰੀ ਸ਼ਾਇਰੀ ਦੇ ਬੋਲ ਗਾਇਨ ਤੋਂ ਬਿਨਾਂ ਵੀ ਕਿਉਂ ਪ੍ਰਭਾਵਤ ਕਰਦੇ ਹਨ, ਉਸ ਦਾ ਕਾਰਨ ਵੀ ਸ਼ਾਇਦ ਇਹੋ ਹੀ ਹੈ।

      ਪਾਤਰ ਨੇ ਆਪਣੀ ਦੂਜੀ ਰਚਨਾ ‘ਤੇਰੇ ਵਿਯੋਗ ਨੂੰ’ ਵਿਚ ‘ਤੁਹਾਡੇ ਸ਼ਹਿਰ ’ਚ ਹੀ ਝਾਂਜਰਾਂ ਦਾ ਕਾਲ ਰਿਹਾ’ ਵਿਚ ‘ਸ਼ਹਿਰ’ ਸ਼ਬਦ ਦਾ ਉਚਾਰਣ ‘ਸ਼ਹਰ’ ਦੇ ਉਚਾਰਣ ਵਾਂਗ ਕੀਤਾ ਹੈ।ਇਸੇ ਹੀ ਗ਼ਜ਼ਲ ਦਾ ਇਕ ਹੋਰ ਸ਼ਿਅਰ ਇਸ ਤਰ੍ਹਾਂ ਹੈ:

      ਮੇਰੀ ਬਹਾਰ ਦੇ ਫੁਲ ਮੰਡੀਆਂ ’ਚ ਸੜਦੇ ਰਹੇ,
      ਇਕ ਅੱਗ ਦਾ ਲਾਂਬੂ ਹਮੇਸ਼ਾ ਮੇਰਾ ਦਲਾਲ ਰਿਹਾ।

      ਇਸ ਸ਼ਿਅਰ ਦਾ ਨਾਇਕ ਆਪਣੀ ਬਹਾਰ ਦੇ ਫੁਲਾਂ ਦਾ ਵਪਾਰੀ ਜਾਪਦੈ, ਜਿਸ ਦੇ ਫੁਲ ਵਿਕਣ ਗਏ, ਪਰ ਵਿਕੇ ਨਹੀਂ, ਸੜ ਗਏ ਕਿਉਂ ਕਿ ਉਸ ਦਾ ਦਲਾਲ ਅੱਗ ਦਾ ਇਕ ਲਾਂਬੂ ਰਿਹਾ ਹੈ। ਪਾਤਰ ਦੇ ਇਸ ਸ਼ਿਅਰ ਵਿਚੋਂ ਕੁੱਝ ਕਿਰਿਆ ਹੋਇਆ, ਕੁੱਝ ਥੁੜਿਆ ਹੋਇਆ ਜਾਪਦਾ ਹੈ। ਉਂਝ ਜਦੋਂ-ਜਦੋਂ ਵੀ ਉਸ ਨੇ ਇਹ ਸ਼ਿਅਰ ਗਾਇਆ ਹੈ, ਸਰੋਤਿਆਂ ਨੇ ਸਿਰ ‘ਹਿਲਾਇਆ’ ਹੈ। ਸ਼ਾਇਦ ਬਹੁਤੇ ਸਰੋਤੇ ‘ਹਿੱਲੇ ਹੋਏ ਸਿਰਾਂ’ ਵਾਲ਼ੇ ਹੀ ਸਨ।

      ਪਾਤਰ ਦੀ ਤੀਜੀ ਰਚਨਾ ‘ਬੰਸਰੀ ਨਾਲ ਬਹਿਸ ਕੌਣ ਕਰੇ’ ਵਿਚ ਅਤੁਲ ਸ਼ਰਮਾ ਨੇ ਬੰਸਰੀ ਦੀ ਚੰਗੀ ਵਰਤੋਂ ਕੀਤੀ ਹੈ। ਇਸ ਗ਼ਜ਼ਲ ਦਾ ਇਕ ਸ਼ਿਅਰ ਇਸ ਤਰ੍ਹਾਂ ਹੈ:

      ਖੜਕ ਹੋਵੇ ਜੇ ਡਿੱਗੇ ਪੱਤਾ ਵੀ,
      ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ।

      ਵਿਦਵਾਨ ਸ਼ਾਇਰ ਪਾਤਰ ਜਾਣਦਾ ਹੈ ਕਿ ਕਿਸੇ ਵੀ ਭਾਸ਼ਾ ਦੇ ਕੁੱਝ ਵਿਆਕਰਣੀ ਅਸੂਲ ਹੁੰਦੇ ਹਨ। ਆਪਾਂ ‘ਡਾਂਗਾਂ ਖੜਕ ਪਈਆਂ’, ‘ਟਕੂਏ ਤੇ ਟਕੂਆ ਖੜਕੇ’, ‘ਖੜਕ ਪੈਂਦੀ ਏ ਗਬਰੂਆ ਵੰਗ ਵੇ’ ਆਦਿ ਅਨੇਕਾਂ ਫਿਕਰੇ ਨਿੱਤ ਸੁਣਦੇ ਹਾਂ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਰਿਆ ਖੜਕ ਪੈਣਾ ਹੈ ਤੇ ਨਾਉਂ ਖੜਾਕ ਜਾਂ ਖੜਾਕਾ ਹੈ। ਜੇ ਖੜਾਕ ਜਾਂ ਖੜਾਕਾ ਵਰਤਣਾ ਹੋਵੇ ਤਾਂ ਉਸ ਨਾਲ ਹੁੰਦਾ ਜਾਂ ਹੋਣਾ ਵਰਤਦੇ ਹਾਂ ਤੇ ਜੇ ‘ਖੜਕ’ ਤਾਂ ਉਸ ਨਾਲ ਵੀ ਪੈਣਾ. ਜਾਣਾ ਆਦਿ ਵਰਤਿਆ ਜਾਂਦਾ ਹੈ। ਖੜਾਕ ਨਾਲ ਹੋਣਾ ਜਾਂ ਹੁੰਦਾ ਵਰਤਿਆ ਜਾਂਦਾ ਹੈ, ਪਰ ਪਾਤਰ ਨੇ ‘ਖੜਕ’ ਕਿਰਿਆ ਨੂੰ ਨਾਉਂ ਦੀ ਥਾਂ ਵਰਤਿਆ ਹੈ, ਜੋ ਵਿਆਕਰਣ ਦੇ ਹਿਸਾਬ ਨਾਲ ‘ਖੜਕ ਹੋਵੇ’ ਗ਼ਲਤ ਹੈ ਤੇ ‘ਖੜਕ ਪੈਣਾ’ ਜਾਂ ‘ਖੜਕ ਜਾਣਾ’ ਹੀ ਸਹੀ ਹੈ। ਜੇ ਇਹ ਕਿਹਾ ਜਾਵੇ ਕਿ ਸ਼ਾਇਰ ਨੂੰ ਵਿਆਕਰਣ ਦੀਆਂ ਕਈ ਗ਼ਲਤੀਆਂ ਮੁਆਫ਼ ਹੁੰਦੀਆਂ ਹਨ ਤਾਂ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਭਾਸ਼ਾ ਵਿਗਾੜਨ ਹੱਕ ਵੀ ਨਹੀਂ ਹੁੰਦਾ। ਜੇ ਸ਼ਬਦ ‘ਖੜਕ’ ਕਿਤੇ ਛਪਿਆ ਹੁੰਦਾ ਤਾ ਇਸ ਨੂੰ ਪਰੂਫ ਦੀ ਗ਼ਲਤੀ ਮੰਨ ਲਿਆ ਜਾਂਦਾ, ਪਰ ਹੁਣ ਤਾਂ ਪਾਤਰ ਨੇ ਇਸ ਨੂੰ ਗਾਇਆ ਹੈ, ਉਚਾਰਿਆ ਹੈ। ਇਸ ਸ਼ਿਅਰ ਦੀ ਦੂਜੀ ਸਤਰ ‘ਐਸੀ ਚੁੱਪ ਹੈ ਤਾਂ ਬਿਰਖ ਅਰਜ਼ ਕਰੇ’ ਇਕ ਦ੍ਰਿਸ਼ ਜਿਹਾ ਹੀ ਪੇਸ਼ ਕਰਦੀ ਹੈ, ਕੋਈ ਗਹਿਰ-ਗੰਭੀਰ ਜਾਂ ਸੂਖਮ ਅਰਥ ਸੰਚਾਰ ਨਹੀਂ ਕਰਦੀ ਕਿਉਂ ਕਿ ਸ਼ਾਇਰ ਨੇ ਫ਼ਰਮਾਇਆ ਹੈ ਕਿ ਜੇ ਪੱਤਾ ਵੀ ਡਿੱਗੇ ਤਾਂ ਉਸ ਦਾ ਖੜਾਕ ਹੁੰਦਾ ਹੈ ਤੇ ਇਹੋ ਜਿਹੀ ਖ਼ਾਮੋਸ਼ੀ ਹੈ ਤਾਂ ਬਿਰਖ ਅਰਜ਼ ਕਰਦਾ ਹੈ। ਪਰ ਅਜਿਹੀ ਖ਼ਾਮੋਸ਼ੀ ’ਚ ਬਿਰਖ ਕੀ ਅਰਜ਼ ਕਰਦਾ ਹੈ, ਪਾਤਰ ਆਪਣੇ ਪਾਠਕਾਂ/ਸਰੋਤਿਆਂ ਨੂੰ ਨਹੀਂ ਦੱਸਦਾ।

      ਪਾਤਰ ਦੀ ਚੌਥੀ ਰਚਨਾ ਇਕ ਗੀਤ ਹੈ। ਇਸ ਵਿਚ ਉਸ ਨੇ ਕਿਹਾ ਹੈ:
 
      ਇਹ ਨੇ ਸਾਜ਼, ਸਾਜ਼ ਨਵਾਜ਼ ਤੂੰ
      ਤੇ ਫ਼ਿਜ਼ਾ ਨੂੰ ਧੁਨ ਦੀ ਉਡੀਕ ਹੈ।
      ਤੇਰੇ ਪੋਟਿਆਂ ਤੇ ਸੁਰਾਂ ’ਚ ਇਹ
      ਕੇਹੇ ਫ਼ਾਸਲੇ ਕੇਹੀ ਲੀਕ ਹੈ।

      ਗੀਤ ਦਾ ਮੁਖੜਾ ਪ੍ਰਭਾਵਤ ਕਰਦਾ ਹੈ, ਖ਼ਾਸ ਤੌਰ ’ਤੇ ਪਾਤਰ ਦੇ ਆਪਣੇ ਮੂੰਹੋਂ ਸੁਣੇ ਜਾਣ ’ਤੇ। ਇਸ ਮੁਖੜੇ ’ਚ ਪਾਤਰ ਨੇ ਸਾਜ਼ਨਵਾਜ਼ ਨੂੰ ਜਾਂ ਸਾਜ਼ਿੰਦੇ ਨੂੰ ਪੁੱਛਿਆ ਹੈ ਕਿ ਤੇਰੇ ਪੋਟਿਆਂ ਤੇ ਸੁਰਾਂ ਵਿਚਾਲੇ ਫ਼ਾਸਲਾ ਤੇ ਲੀਕ ਕਿਉਂ ਹੈ ਜਾਂ ਇਹ ਫ਼ਾਸਲਾ ਤੇ ਲੀਕ ਕੇਹੀ ਹੈ ਜਾਂ ਤੂੰ ਪੋਟਿਆ ਨੂੰ ਸੁਰਾਂ ’ਤੇ ਕਿਉਂ ਨਹੀਂ ਰੱਖਦਾ ਤੇ ਕੋਈ ਧੁਨ ਕਿਉਂ ਨਹੀਂ ਵਜਾਉਂਦਾ। ਸੁਰਜੀਤ ਪਾਤਰ ਨੇ ਜੇ ਇਸ ਮੁਖੜੇ ਦੀ ਆਖ਼ਰੀ ਸਤਰ ’ਚ ‘ਕੇਹੇ ਫ਼ਾਸਲੇ’ ਦੀ ਥਾਂ ‘ਕੇਹਾ ਫ਼ਾਸਲਾ’ ਹੀ ਕਹਿ ਦਿੱਤਾ ਹੁੰਦਾ ਤਾਂ ਕਾਫੀ ਹੀ ਨਹੀਂ ਸੀ, ਸਗੋਂ ਇਸ ਨਾਲ, ਐਵੇਂ ਹੀ ਹੋਈ ਇਕ ਉਕਾਈ, ਦਰੁਸਤ ਹੋ ਜਾਣੀ ਸੀ। ਸੁਰਾਂ ਤੇ ਪੋਟਿਆਂ ਦਰਮਿਆਨ ‘ਫ਼ਾਸਲੇ’ ਹਨ, ਜੋ ਇਕ ਵਚਨ ਨਹੀਂ, ਬਹੁ ਵਚਨ ਹਨ ਤੇ ਪੋਟਿਆਂ ਤੇ ਸੁਰਾਂ ਵਿਚਕਾਰ ‘ਲੀਕ’ ਹੈ, ਜੋ ਇਕ ਵਚਨ ਹੈ। ਇਸ ਤਰ੍ਹਾਂ ਇਕੋ ਹੀ ਮਕਸਦ ਲਈ ਵਰਤੇ ਦੋ ਸ਼ਬਦਾਂ ਵਿਚੋਂ ਇਕ ਦਾ ਇਕ ਵਚਨ ਹੋਣਾ ਤੇ ਦੂਜੇ ਦਾ ਬਹੁ ਵਚਨ ਹੋਣਾ ਠੀਕ ਨਹੀਂ ਹੈ। ਉਂਝ ਵੀ  ਸੁਰਾਂ ਤੇ ਪੋਟਿਆਂ ਵਿਚਾਲੇ ‘ਫ਼ਾਸਲਾ’ ਤੇ ‘ਲੀਕ’ ਮੁਕੰਮਲ ਅਰਥ ਸੰਚਾਰ ਕਰਦੇ ਹਨ।

      ਇਸੇ ਹੀ ਗੀਤ ਦਾ ਇਕ ਅੰਤਰਾ ਇਸ ਤਰ੍ਹਾਂ ਹੈ:
      ਕਿਸੇ ਮਾਂ ਦੇ ਨੈਣਾਂ ’ਚ ਖ਼ਾਬ ਹੈ
      ਉਹ ਦੀ ਗੋਦ ’ਚ ਖਿੜਿਆ ਗੁਲਾਬ ਹੈ
      ਇਹ ਹੈ ਸ਼ਾਇਰੀ, ਇਹ ਹੈ ਬੰਦਗੀ
      ਇਹ ਤਾਂ ਓਸ ਤੋਂ ਵੀ ਵਧੀਕ ਹੈ।

      ਮੈਨੂੰ ਹੋਰ ਕਿਸੇ ਦਾ ਤਾਂ ਇਲਮ ਨਹੀਂ, ਪਰ ਮੈਂ ਇਨ੍ਹਾਂ ਸਤਰਾਂ ਦੇ ਇਹੋ ਅਰਥ ਕੱਢੇ ਹਨ ਕਿ ਕੋਈ ਮਾਂ ਕੋਈ ਖ਼ਾਬ ਦੇਖ ਰਹੀ ਹੈ, ਉਸ ਦੀ ਗੋਦ ’ਚ ਇਕ ਗੁਲਾਬ ਖਿੜਿਆ ਹੋਇਆ ਹੈ ਯਾਨੀ ਉਸ ਦੀ ਗੋਦ ਵਿਚ ਗੁਲਾਬ ਵਰਗਾ ਸੁਨੱਖਾ ਬੱਚਾ ਹੈ। ਇੱਥੋਂ ਤੱਕ ਤਾਂ ਮੈਂ ਸਮਝ ਰਿਹਾ ਹਾਂ, ਪਰ ਅਗਲੀਆਂ ਸਤਰਾਂ ’ਚ ਪਾਤਰ ਨੇ ਕੀ ਕਿਹਾ ਹੈ, ਮੇਰੀ ਸਮਝ ਤੋਂ ਬਾਹਰ ਹੈ। ਪਰ ਫਿਰ ਵੀ ਇਨ੍ਹਾਂ ਸਤਰਾਂ ਦੇ ਅਰਥ ਕੱਢ ਕੇ ਤਾਂ ਦੇਖੀਏ। ਇਹ ਸਭ ਕੁੱਝ ਜੋ ਉੱਪਰ ਦੱਸਿਆ ਗਿਆ ਹੈ, ਸ਼ਾਇਰੀ ਹੈ, ਬੰਦਗੀ ਹੈ, ਜੋ ‘ਓਸ’ ਤੋਂ ਵੀ ਵਧੀਕ ਹੈ। ਇਹ ‘ਓਸ’ ਕਿਤੇ ‘ਤਰੇਲ’ ਤਾਂ ਨਹੀਂ, ਜਿਸ ਨੂੰ ਹਿੰਦੀ ’ਚ ‘ਓਸ’ ਕਿਹਾ ਜਾਂਦਾ ਹੈ?

      ਇਸ ਵਿਚ ਕੋਈ ਸ਼ੱਕ ਨਹੀਂ ਕਿ ਇੱਥੇ ਪਾਤਰ ਦੇ ‘ਓਸ’ ਦਾ ਅਰਥ ‘ਤਰੇਲ’ ਨਹੀਂ, ਸਗੋਂ ਇਹ ‘ਓਸ’ ਇਕ ਪੜਨਾਉਂ ਹੈ, ਜੋ ਆਮ ਤੌਰ ’ਤੇ ‘ਉਸ’ ਹੁੰਦਾ ਹੈ। ਫਿਰ ਇਨ੍ਹਾਂ ਸਤਰਾਂ ਵਿਚ ਇਹ ‘ਓਸ’ ਉਹ ਮਾਂ ਹੈ, ਜਿਸ ਦੇ ਨੈਣਾਂ ’ਚ ਖ਼ਾਬ ਹੈ, ਜਾਂ ਜਿਸ ਦੀ ਗੋਦ ’ਚ ਖਿੜਿਆ ਗੁਲਾਬ ਹੈ ਜਾਂ ਉਹ ਖ਼ਾਬ ਹੈ ਜਾਂ ਗੁਲਾਬ ਹੈ। ਮੁੱਕਦੀ ਗੱਲ ਇਹ ਕਿ ਪਾਤਰ ਜੀ ਨੇ ਇਹ ਨਹੀਂ ਦੱਸਿਆ ਕਿ ‘ਇਹ ਹੈ ਸ਼ਾਇਰੀ, ਇਹ ਹੈ ਬੰਦਗੀ, ਇਹ ਤਾਂ ‘ਕੇਸ’ (ਕਿਸ) ਤੋਂ ਵੀ ਵਧੀਕ ਹੈ।’

      ਪਾਤਰ ਦੀ ਇਸ ਕੈਸਿਟ ਵਿਚ ਪੰਜਵੀਂ ਰਚਨਾ ਹੈ, ‘ਖ਼ੂਬ ਨੇ ਇਹ ਝਾਂਜਰਾਂ…’, ਜੋ ਕਮਾਲ ਦੀ ਗ਼ਜ਼ਲ ਹੈ। ਇਸ ਦੇ ਇਕ ਸ਼ਿਅਰ ਵਿਚ ‘ਕੀ ਹੈ ਤੇਰਾ ਸ਼ਹਿਰ…’ ਨੂੰ ਫਿਰ ਪਾਤਰ ਨੇ ‘ਕੀ ਹੈ ਤੇਰਾ ਸ਼ਹਰ’ ਵਾਂਗ ਉਚਾਰਿਆ ਹੈ। ਸ਼ਾਇਦ ਪਾਤਰ ਨੂੰ ਕਿਸੇ ਸ਼ਬਦ ਦੇ ਵਿਚਾਲੇ ਆਉਂਦੀ ‘ਸਿਹਾਰੀ’ ਦੀ ਮਾਤਰਾ ਦੀ ਧੁਨੀ ਦੇ ਉਚਾਰਣ ’ਚ ਕੋਈ ਦਿੱਕਤ ਆਉਂਦੀ ਹੈ ਤਾਂ ਹੀ ਇਕ ਹੋਰ ਰਚਨਾ ’ਚ ਉਹ ‘ਰਹਿਣਗੇ’ ਨੂੰ ‘ਰਹਣਗੇ’ ਵਾਂਗ ਉਚਾਰ ਗਿਆ ਹੈ। ਚਲੋ, ਇਹ ਪਾਤਰ ਦੀ ਸ਼ਾਇਰੀ ਦਾ ਐਬ ਨਹੀਂ। ਇਸੇ ਹੀ ਗ਼ਜ਼ਲ ਦਾ ਇਕ ਸ਼ਿਅਰ ਮੁਲਾਹਜ਼ਾ ਫ਼ਰਮਾਓ:

      ਖੋਲ਼੍ਹਣਾ ਚਾਹੁੰਦਾ ਹੈ ਦਿਲ ਡੁੱਬਣ ਸਮੇਂ,
      ਇਕ ਸਮੁੰਦਰ ਚਾਹੀਦਾ ਰੰਗਣ ਲਈ।

      ਮੈਂ ਇਸ ਸ਼ਿਅਰ ਨੂੰ ਕਈ ਵਾਰ ਸੁਣ ਕੇ, ਇਸ ਵਿਚੋਂ ਨਿੱਕਲਦੇ ਅਰਥਾਂ ਦੀਆਂ ਵੱਖ-ਵੱਖ ਸੰਭਾਵਨਾਵਾਂ ਕੁੱਝ ਇਸ ਤਰ੍ਹਾਂ ਸਮਝੀਆਂ ਕਿ ਸ਼ਾਇਰ ਡੁੱਬਣ ਸਮੇਂ ਆਪਣਾ ਦਿਲ ਖੋਲ੍ਹਣਾ ਯਾਨੀ ਦਿਲ ਦੀ ਗੱਲ ਕਰਨੀ ਚਾਹੁੰਦਾ ਹੈ ਕਿ ਉਸ ਨੂੰ ਇਕ ਸਮੁੰਦਰ ਚਾਹੀਦਾ ਹੈ, ਜਿਸ ਵਿਚ ਉਸ ਨੇ ਕੁੱਝ ਰੰਗਣਾ ਹੈ ਜਾਂ ਉਸ ਨੂੰ ਇਕ ਸਮੁੰਦਰ ਚਾਹੀਦਾ ਹੈ, ਜਿਸ ਨੂੰ ਉਹ ਰੰਗਣਾ ਚਾਹੁੰਦਾ ਹੈ। ਜੇ ਕਿਸੇ ਨੂੰ ਇਸ ਵਿਚੋਂ ਕੋਈ ਤੀਜਾ ਅਰਥ ਵੀ ਨਿੱਕਲਦਾ ਦਿਸੇ ਤਾਂ ਉਹ ਉਸ ਨੂੰ ਮੁਬਾਰਕ।

      ਪਾਤਰ ਦੀ ਛੇਵੀਂ ਰਚਨਾ ‘ਕੋਈ ਡਾਲ਼ੀਆਂ ’ਚੋਂ ਲੰਘਿਆ’ ਹੈ ਤੇ ਸੱਤਵੀਂ ਰਚਨਾ ‘ਕੁਛ ਕਿਹਾ ਤਾਂ ਹਨ੍ਹੇਰਾ ਜਰੇਗਾ ਕਿਵੇਂ’ ਹੈ। ਇਹ ਰਚਨਾਵਾਂ, ਲੋਕ ਬੜੀ ਵਾਰ ਸੁਣ ਚੁੱਕੇ ਹਨ ਤੇ ਪ੍ਰਵਾਨ ਵੀ ਕਰ ਚੁੱਕੇ ਹਨ। ‘ਕੁਛ ਕਿਹਾ’ ਦੇ ਦੋ-ਤਿੰਨ ਸ਼ਿਅਰ ਹੰਸ ਰਾਜ ਹੰਸ ਨੇ ਵੀ ਆਪਣੀ ਇਕ ਕੈਸਿਟ ’ਚ ਗਾਏ ਹਨ, ਪਰ ਇੱਥੇ ਪਾਤਰ ਨੇ ਉਹ ਗ਼ਜ਼ਲ ਜਿਸ ਤਰਜ਼ ’ਚ ਕਹੀ ਹੈ, ਉਹ ‘ਜਿਨ੍ਹੇਂ ਨਾਜ਼ ਹੈ ਹਿੰਦ ਪਰ ਵੋਹ ਕਹਾਂ ਹੈਂ’ ਦੀ ਤਰਜ਼ ਦੇ ਕਾਫੀ ਨੇੜੇ-ਤੇੜੇ ਲੱਗਦੀ ਹੈ।

      ਪਾਤਰ ਦੀ ਅੱਠਵੀਂ ਰਚਨਾ ਵੀ ਇਕ ਗ਼ਜ਼ਲ ਹੈ, ਜਿਸ ਦਾ ਇਕ ਸ਼ਿਅਰ ਇਸ ਤਰ੍ਹਾਂ ਹੈ:

      ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ,
      ਕੀ ਹੋਇਆ ਜੇ ਪੱਤਿਆਂ ’ਤੇ ਮੇਰਾ ਨਾਮ ਨਹੀਂ।

      ਕਈ ਸੈਂਕੜੇ ਹਕੀਕਤਾਂ ਬਿਆਨਦੀਆਂ ਹਨ, ਇਹ ਦੋ ਸਤਰਾਂ। ਇਹ ਸ਼ਿਅਰ ਮੈਨੂੰ ਆਪਣੇ ਇਕ ਨਿੱਜੀ ਸੰਦਰਭ ਵਿਚ ਵੀ ਬਹੁਤ ਪਸੰਦ ਹੈ। ਇਸੇ ਹੀ ਗ਼ਜ਼ਲ ਦਾ ਇਕ ਹੋਰ ਸ਼ਿਅਰ ਇਸ ਤਰ੍ਹਾ ਹੈ:

      ਮੇਰਾ ਨਾ ਫ਼ਿਕਰ ਕਰੀਂ, ਜੀਅ ਕੀਤਾ ਤਾਂ ਮੁੜ ਜਾਵੀਂ
      ਸਾਨੂੰ ਤਾਂ ਰੂਹਾਂ ਨੂੰ ਆਰਾਮ ਨਹੀਂ ਹੈ।

      ਸ਼ਾਇਰੀ, ਪਾਤਰ ਦੇ ਕਹਿਣ ਮੁਤਾਬਕ ਬੰਦਗੀ ਹੈ। ਪਾਤਰ ਵਰਗੇ ਕਿਸੇ ਸ਼ਾਇਰ ਦੇ ਕਿਸੇ ਸ਼ਿਅਰ ਵਿਚੋਂ ਇਕ ਸਬਦ ਵੀ ਇੱਧਰ-ਉੱਧਰ ਹੋ ਜਾਵੇ ਤਾਂ ਅਜਿਹੀ ਸ਼ਾਇਰੀ ਦਾ ਨਾਸ ਮਾਰਿਆ ਜਾਣ ਸੰਭਵ ਹੁੰਦਾ ਹੈ। ਇਸ ਸ਼ਿਅਰ ਵਿਚ, ਪਾਤਰ ਪਹਿਲੀ ਸਤਰ ਵਿਚ ‘ਮੇਰਾ’ ਲਿਖਦਿਆਂ ਇਕ ਵਚਨ ਹੈ ਤੇ ਦੂਜੀ ਸਤਰ ਵਿਚ ‘ਸਾਨੂੰ’ ਲਿਖਦਿਆਂ ਬਹੁ ਵਚਨ ਹੋ ਜਾਂਦਾ ਹੈ। ਇਹ ਵੀ ਛੱਡੋ, ਮੈਂ ਉਸ ਦੇ ਸ਼ਿਅਰ ਦੀ ਦੂਜੀ ਸਤਰ ਵਿਚ ਸ਼ਬਦ ‘ਰੂਹਾਂ’ ਦੀ ਥਾਂ ‘ਖੂਹਾਂ’ ਜਾਂ ‘ਜੂਹਾਂ’ ਜਾਂ ਇਸੇ ਹੀ ਵਜ਼ਨ ਤੇ ਆਵਾਜ਼ ਦਾ ਕੋਈ ਹੋਰ ਸ਼ਬਦ ਰੱਖ ਕੇ ਪੜ੍ਹਨ ਲਈ ਕਹਿੰਦਾ ਹਾਂ। ਅਜਿਹਾ ਕਰਦਿਆਂ ਇਸ ਸ਼ਿਅਰ ਦੇ ਅਸਲੀ ਅਰਥ ਨਹੀਂ ਬਦਲਦੇ ਜਾਂ ਕਹਿ ਲਓ ਕਿ ਅਰਥ ਪ੍ਰਭਾਵਤ ਨਹੀਂ ਹੁੰਦੇ। ਸਪੱਸ਼ਟ ਹੈ ਕਿ ਉੱਪਰਲੀ ਤੇ ਹੇਠਲੀ ਸਤਰ ਵਿਚਾਲੇ ਕੋਈ ਰਿਸ਼ਤਾ ਹੀ ਨਹੀਂ ਹੈ। ਦਾਨਿਸ਼ਵਰ ਜਾਣਦੇ ਹਨ ਕਿ ਜਿਵੇਂ ‘ਅਰਸ਼’ ਨਾਲ ‘ਫ਼ਰਸ਼’, ‘ਨੀਵਾਣ’ ਨਾਲ ‘ਉਚਾਣ’, ‘ਅੱਗ’ ਨਾਲ ‘ਪਾਣੀ’ ਦੀ ਤੁਲਨਾ ਕੀਤੀ ਜਾਂਦੀ ਹੈ, ਪਾਤਰ ਦੀ ਪਹਿਲੀ ਸਤਰ ਵਿਚ ਜਿਸਮ ਦਾ ਕੋਈ ਜ਼ਿਕਰ ਨਹੀਂ ਹੈ ਤਾਂ ਹੇਠਲੀ ਸਤਰ ਵਿਚ ਸ਼ਬਦ ‘ਰੂਹਾਂ’ ਦਾ ਕੋਈ ਅਰਥ ਨਹੀਂ ਰਹਿੰਦਾ।

      ਨੌਵੀਂ ਰਚਨਾ ’ਚ ਇਕ ਸ਼ਿਅਰ ਹੈ:
      ਲਫ਼ਜ਼ ਤਾਂ ਸਾਊ ਬਹੁਤ ਨੇ, ਯਾ ਖ਼ੁਦਾ ਬਣਿਆ ਰਹੇ
      ਮੇਰਿਆਂ ਲਫ਼ਜ਼ਾਂ ਮੇਰੇ ਜਜ਼ਬਾਤ ਵਿਚਲਾ ਫ਼ਾਸਲਾ ।

      ਪਾਤਰ ਦੇ ਲਫ਼ਜ਼ ਸਾਊ ਹਨ ਤਾਂ ਵੀ ਉਹ ਆਪਣੇ ਲਫ਼ਜ਼ਾਂ ਤੇ ਜਜ਼ਬਾਤ ’ਚ ਫ਼ਾਸਲਾ ਰੱਖਣਾ ਚਾਹੁੰਦਾ ਹੈ। ਕੀ ਪਾਤਰ ਦੇ ਜਜ਼ਬਾਤ ਸਾਊ ਨਹੀਂ ਹਨ? ਇਕ ਹੋਰ ਸ਼ਿਅਰ ਦੇਖੋ:

      ‘ਜੇ ਬਹੁਤ ਹੀ ਪਿਆਸ ਹੈ ਤਾਂ
      ਮੇਟ ਦੇਵਾਂ,’ ਉਸ ਕਿਹਾ,
      ‘ਰਿਸ਼ਤਿਆਂ ਤੇ ਰਿਸ਼ਤਿਆਂ ਦੇ
      ਘਾਤ ਵਿਚਲਾ ਫ਼ਾਸਲਾ?’

      ਰਿਸ਼ਤਿਆਂ ਦੀ ਹੋਂਦ ਤੇ ਰਿਸ਼ਤਿਆਂ ਦੇ ਘਾਤ ਵਿਚਲਾ ਫ਼ਾਸਲਾ ਮਿਟਾਉਣ ’ਤੇ ਉਤਾਰੂ ਕੋਈ ਨਾਇਕਾ ਨਹੀਂ ਹੋ ਸਕਦੀ, ਖਲਨਾਇਕਾ ਹੀ ਹੋ ਸਕਦੀ ਹੈ। ਇਸ ਸ਼ਿਅਰ ਵਿਚ ਵੀ ਪਾਤਰ ਦੀ ਨਾਇਕਾ ਵੀ ਖਲਨਾਇਕਾ ਹੈ।

      ਦਸਵੀਂ ਰਚਨਾ ਦਾ ਇਕ ਸ਼ਿਅਰ ਇਸ ਤਰ੍ਹਾਂ ਹੈ:
      ਮੈਂ ਤਾਂ ਨਹੀਂ ਰਹਾਂਗਾ, ਮੇਰੇ ਗੀਤ ਰਹਿਣਗੇ
      ਪਾਣੀ ਨੇ ਮੇਰੇ ਗੀਤ, ਮੈਂ ਪਾਣੀ ’ਤੇ ਲੀਕ ਹਾਂ।

      ‘ਰਹਿਣਗੇ’ ਨੂੰ ‘ਰਹਣਗੇ’ ਉਚਾਰਨ ਦੀ ਗੱਲ ਮੈਂ ਪਹਿਲਾਂ ਵੀ ਕਰ ਚੁੱਕਾ ਹਾਂ। ਪਾਤਰ ਸਾਹਿਬ ਦੇ ਕਹਿਣ ਮੁਤਾਬਕ, ਉਨ੍ਹਾਂ ਦੇ ਗੀਤ ਰਹਿਣਗੇ, ਪਰ ਨਾਲ਼ ਹੀ ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਗੀਤ ਪਾਣੀ ਹਨ ਤੇ ਉਹ ਉਸ ਪਾਣੀ ’ਤੇ ਲੀਕ ਹਨ। ਪਰਖ਼ ਲਓ ਕਿਸ ਨੂੰ ਅਮਰ ਕਰ ਰਹੇ ਹਨ ਉਹ, ਜਦੋਂ ਮੁਹਾਵਰਾ ‘ਪੱਥਰ ’ਤੇ ਲੀਕ’ ਪਿਘਲ ਜਿਹਾ ਗਿਆ ਲਗਦਾ ਹੈ।

      ਇਸੇ ਹੀ ਰਚਨਾ ਦਾ ਇਕ ਹੋਰ ਅੰਗ ਇਸ ਤਰ੍ਹਾਂ ਹੈ:
      ਜਿਸ ਨਾਲ਼ੋਂ ਮੈਨੂੰ ਚੀਰ ਕੇ ਵੰਝਲੀ ਬਣਾ ਲਿਆ,
      ਵੰਝਲੀ ਦੇ ਰੂਪ ਵਿਚ ਮੈਂ ਉਸ ਜੰਗਲ ਦੀ ਚੀਕ ਹਾਂ।

      ਵੰਝਲੀ ਇਕ ਦਰੱਖਤ (ਬਾਂਸ) ਦੀ ਟਾਹਣੀ ਕੱਟ ਕੇ ਬਣਾਈ ਜਾਂਦੀ ਹੈ। ਚੀਰਨ ਦੀ ਕਿਰਿਆ ਜਾਂ ਅਮਲ ਕਿਸੇ ਲੰਬੀ ਚੀਜ਼ ਨੂੰ ਦੋ ਫਾੜ ਕਰਨ ਦਾ ਅਮਲ ਹੈ। ਵੰਝਲੀ ਕਦੇ ਚੀਰ ਕੇ ਨਹੀਂ ਬਣਦੀ। ਦੂਜੀ ਗੱਲ ਇਹ ਹੈ ਕਿ ਵੰਝਲੀ ਦਰੱਖਤ ਨਾਲੋਂ ਕੱਟ ਕੇ ਬਣੀ ਹੈ, ਜੰਗਲ ਨਾਲ਼ੋਂ ਚੀਰੀ ਨਹੀਂ ਗਈ। ਇਹ ਗੱਲ ਜ਼ੁਬਾਨਦਰਾਜ਼ੀ ਦੀ ਸਮਝੀ ਜਾ ਸਕਦੀ ਹੈ ਜਦੋਂ ਕਿ ਅਸਲ ਵਿਚ ਜ਼ੁਬਾਨਦਾਨੀ ਦੀ ਗੱਲ ਹੈ।

      ਅੰਤ ਵਿਚ ਗਿਆਰ੍ਹਵੀਂ ਰਚਨਾ ’ਚ ਪਾਤਰ ਆਪਣੇ-ਆਪ ਨੂੰ ਮੁਖ਼ਾਤਿਬ ਹੈ। ਪਾਤਰ ਨੇ ਇਸ ਕੈਸਿਟ ਵਿਚ ਬਹੁਤ ਚੰਗੇ ਤੇ ਬਹੁਤ ਸੁਨੱਖੇ ਸ਼ਿਅਰ ਵੀ ਕਹੇ ਹਨ, ਪਰ ਕਈ ਥਾਈਂ ਉਹ ਉਸ ਰੁਝਾਨ ਦਾ ਸ਼ਿਕਾਰ ਹੋ ਜਾਂਦਾ ਹੈ, ਜਿਸ ਦੇ ਸ਼ਿਕਾਰ ਤੋਲ-ਤੁਕਾਂਤ ਵਾਲ਼ੀ ਕਵਿਤਾ ਲਿਖਣ ਵਾਲ਼ੇ ਬਹੁਤ ਸਾਰੇ ਕਵੀ ਹਨ। ਇਹ ਰੁਝਾਨ ਹੈ ਇਕ ਚੰਗੇ ਸ਼ਿਅਰ ਨੂੰ ਮੁਕੰਮਲ ਗ਼ਜ਼ਲ ਬਣਾਉਣ ਲਈ ਸ਼ਿਅਰਾਂ ਦੀ ਭਰਤੀ ਪਾਉਣ ਦਾ। ਚੰਗਾ ਸ਼ਿਅਰ ਇਕੱਲਾ ਵੀ ਤਾਂ ਖ਼ੂਬਸੂਰਤ ਰਹਿੰਦਾ ਹੈ। ਕੁੱਝ ਮਾੜੇ ਸ਼ਿਅਰਾਂ ਵਿਚ ਉਸ ਨੂੰ ਸ਼ਾਮਲ ਕਰ ਕੇ ਲਿਖੀ ਗ਼ਜ਼ਲ ਵੀ ਚੰਗੇ ਸ਼ਿਅਰ ਮਰਵਾ ਦਿੰਦੀ ਹੈ।

      ਖ਼ੈਰ, ਪਾਤਰ ਜਿਹੇ ਲਾਡਲੇ ਸ਼ਾਇਰ ਨੂੰ ਇਹੋ ਜਿਹੇ ‘ਸੈਂਕੜੇ ਖ਼ੂਨ’ ਮੁਆਫ਼ ਕੀਤੇ ਜਾ ਸਕਦੇ ਹਨ, ਕਿਉਂ ਕਿ ਉਹ ਲਿਖਦਾ ਵੀ ਹੈ ਤੇ ਗਾਉਂਦਾ ਵੀ ਹੈ ਅਤੇ ਗਾਇਨ ਦੇ ਫ਼ਨ ਦਾ ਜਾਦੂ ਕਈ ਵਾਰ ਹੀ ਨਹੀਂ, ਸਗੋਂ ਅਕਸਰ ਹੀ ਸ਼ਾਇਰੀ ਦੇ ਐਬ ਛੁਪਾ ਦਿੰਦਾ ਹੈ। ਪਾਤਰ ਦੇ ਇਨ੍ਹਾਂ ‘ਮਾਮੂਲੀ ਗੁਨਾਹਾਂ’ ਦੀ ਸਜ਼ਾ, ਉਸ ਦੀ ਥਾਂ ਉਸ ਦੇ ਲੱਖਾਂ ਪ੍ਰਸ਼ੰਸਕਾਂ ਵਾਂਗ ਮੈਂ ਵੀ ਭੁਗਤਣ ਲਈ ਤਿਆਰ ਹਾਂ, ਕਿਉਂ ਕਿ ਉਹ ਲਿਖਦਾ ਤਾਂ ਵਧੀਆ ਹੈ ਹੀ, ਗਾਉਂਦਾ ਵੀ ਵਧੀਆ ਹੈ।                                                                                    
 
-ਬਖ਼ਸ਼ਿੰਦਰ

Comments

One response to “ਡਾ. ਸੁਰਜੀਤ ਪਾਤਰ ਦੀ ਸ਼ਾਇਰੀ-ਇਕ ਪੜਚੋਲ-ਬਖ਼ਸ਼ਿੰਦਰ”

  1. Anonymous Avatar
    Anonymous

    ਆਪ ਕਿਸੇ ਜਹੀ ਨਾ
    ਗੱਲ ਕਰਨੋ ਰਹੀ ਨਾ

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com