ਦੁਨੀਆਂ ਭਰ ਦੇ ਲੇਖਕਾਂ ਨਾਲ ਜੁੜੇਗੀ ਸਾਹਿਤ ਅਕਾਡਮੀ

“ਪਰਵਾਸੀ ਪੰਜਾਬੀ ਲੇਖਕ ਪੰਜਾਬੀ ਸਾਹਿਤ ਦੀ ਅਮੀਰੀ ਤੇ ਪ੍ਰਫੁੱਲਤਾ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਉਹ ਸੱਤ ਸਮੁੰਦਰ ਪਾਰ ਬੈਠੇ ਵੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਨ। ਦੁਨੀਆ ਭਰ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕਾਂ ਨੂੰ ਉਤਸ਼ਾਹਤ ਕਰਨ ਲਈ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ ਨਾਲ ਜੋੜਨ ਲਈ ਅਕਾਡਮੀ ਵਿਸ਼ੇਸ਼ ਉਪਰਾਲੇ ਕਰੇਗੀ ਤਾਂ ਜੋ ਉਹ ਵਿਦੇਸ਼ਾਂ ਵਿਚ ਬੈਠੇ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਤੇ ਉਨ੍ਹਾਂ ਦੇ ਸਾਹਿਤ ਦਾ ਪਰਸਾਰ ਵੀ ਵੱਡੇ ਘੇਰੇ ਵਿਚ ਹੋ ਸਕੇ”, ਇਹ ਵਿਚਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ, ਕਵੀ ਤੇ ਸੀਨੀਅਰ ਪੱਤਰਕਾਰ ਡਾ. ਲਖਿਵੰਦਰ ਜੌਹਲ ਨੇ ਆਪਣੇ ਕਾਰਜਕਾਲ ਦੀ ਇਕ ਸਾਲ ਦੀ ਰਿਪੋਰਟ ਅਕਾਡਮੀ ਦੇ ਮੈਂਬਰਾਂ ਸਾਹਮਣੇ ਪੇਸ਼ ਕਰਨ ਦੇ ਮੌਕੇ ਪ੍ਰਗਟ ਕੀਤੇ। ਇਹ ਟਿੱਪਣੀ ਡਾ. ਜੌਹਲ ਨੇ ਲਫ਼ਜ਼ਾਂ ਦਾ ਪੁਲ ਦੇ ਸੰਪਾਦਕ ਤੇ ਅਕਾਡਮੀ ਦੇ ਮੈਂਬਰ ਦੀਪ ਜਗਦੀਪ ਸਿੰਘ ਵੱਲੋਂ ਪਰਵਾਸੀ ਪੰਜਾਬੀ ਲੇਖਕ ਮੈਂਬਰਾਂ ਨੂੰ ਅਕਾਡਮੀ ਨਾਲ ਸਰਗਰਮੀ ਨਾਲ ਜੋੜਨ ਬਾਰੇ ਦਿੱਤੇ ਸੁਝਾਅ ‘ਤੇ ਪ੍ਰਤਿਕਿਰਿਆ ਦਿੰਦਿਆਂ ਕੀਤੀ।

ਇਸ ਤੋਂ ਪਹਿਲਾਂ ਮੈਂਬਰਾਂ ਨੂੰ ਮੰਚ ‘ਤੇ ਆ ਕੇ ਅਕਾਡਮੀ ਦੀ ਬਿਹਤਰੀ ਲਈ ਸੁਝਾਅ ਦੇਣ ਦਾ ਸੱਦਾ ਦਿੱਤਾ ਗਿਆ। ਇਸੇ ਦੌਰਾਨ ਦੀਪ ਜਗਦੀਪ ਸਿੰਘ ਨੇ ਕਿਹਾ ਕਿ ਲੰਮੇ ਅਰਸੇ ਤੋਂ ਵਿਦੇਸ਼ਾਂ ਵਿਚ ਰਹਿ ਰਹੇ ਪਰਵਾਸੀ ਪੰਜਾਬੀ ਲੇਖਕ ਸਾਹਿਤ ਅਕਾਡਮੀ ਨਾਲ ਜੁੜੇ ਹੋਏ ਹਨ। ਉਹ ਹਮੇਸ਼ਾ ਅਕਾਡਮੀ ਦੀ ਭਲਾਈ ਲਈ ਤਨ, ਮਨ, ਧਨ ਨਾਲ ਸਹਿਯੋਗ ਦਿੰਦੇ ਹਨ। ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੂੰ ਲਗਾਤਾਰ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ। ਨਾ ਤਾਂ ਉਨ੍ਹਾਂ ਨੂੰ ਅਕਾਡਮੀ ਦੀਆਂ ਸਰਗਰਮੀਆਂ ਵਿਚ ਕਿਸੇ ਤਰ੍ਹਾਂ ਸ਼ਾਮਲ ਕੀਤਾ ਜਾਂਦਾ ਹੈ ਤੇ ਨਾ ਹੀ ਅਕਾਡਮੀ ਦੇ ਕਾਰਜਾਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ। ਪਹਿਲਾਂ ਤਾਂ ਉਨ੍ਹਾਂ ਨੂੰ ਅਕਾਡਮੀ ਦੀਆਂ ਚੋਣਾਂ ਬਾਰੇ ਵੀ ਬਹੁਤੀ ਜਾਣਕਾਰੀ ਨਹੀਂ ਮਿਲਦੀ ਸੀ, ਪਰ ਹੁਣ ਸੋਸ਼ਲ ਮੀਡੀਆ ਦੇ ਆਉਣ ਨਾਲ ਉਨ੍ਹਾਂ ਨੂੰ ਲੇਖਕਾਂ ਦੀਆਂ ਚੋਣਾਂ ਵਿਚ ਬਣਨ ਵਾਲੇ ਮਾਹੌਲ ਬਾਰੇ ਫੇੇਸਬੁੱਕ ਤੋਂ ਪਤਾ ਲੱਗਦਾ ਹੈ। ਇਸ ਨਾਲ ਇਹੀ ਪ੍ਰਭਾਵ ਜਾਂਦਾ ਹੈ ਕਿ ਅਕਾਡਮੀ ਸਿਰਫ਼ ਲੇਖਕਾਂ ਦੀਆਂ ਚੋਣਾਂ ਹੀ ਕਰਵਾਉਂਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਇੰਟਰਨੈਟ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਪਰਵਾਸੀ ਪੰਜਾਬੀ ਲੇਖਕ ਮੈਂਬਰਾਂ ਨੂੰ ਲਗਾਤਾਰਤਾ ਨਾਲ ਅਕਡਾਮੀ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਸ ਨਾਲ ਪਾਰਦਰਸ਼ਤਾ ਵੀ ਵਧੇਗੀ ਤੇ ਲੇਖਕਾਂ ਵਿਚ ਉਤਸ਼ਾਹ ਵੀ ਵਧੇਗਾ।

ਇਸ ਬਾਰੇ ਆਪਣੀ ਪ੍ਰਤਿਕਿਰਿਆ ਦਿੰਦਿਆਂ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪਰਵਾਸੀ ਲੇਖਕ ਮੈਂਬਰਾਂ ਨਾਲ ਸੰਬੰਧਤ ਇਹ ਸੁਝਾਅ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾ ਰਿਹਾ ਹੈ। ਛੇਤੀ ਹੀ ਇਸ ਲਈ ਲੋੜੀਂਦੇ ਤਕਨੀਕੀ ਪ੍ਰਬੰਧ ਕਰਕੇ ਦੁਨੀਆ ਭਰ ਵਿਚ ਰਹਿੰਦੇ ਪਰਵਾਸੀ ਪੰਜਾਬੀ ਲੇਖਕ ਮੈਂਂਬਰਾਂ ਨੂੰ ਅਕਾਡਮੀ ਨਾਲ ਜੋੜਿਆ ਜਾਵੇਗਾ। ਇਸ ਵਾਸਤੇ ਜਲਦੀ ਹੀ ਪੰਜਾਬੀ ਸਾਹਿਤ ਅਕਾਡਮੀ ਦੀ ਵੈੱਬਸਾਈਟ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੋਸ਼ਲ ਮੀਡੀਆ ‘ਤੇ ਅਕਾਡਮੀ ਦੀਆਂ ਸਰਗਰਮੀਆਂ ਦੀ ਜਾਣਕਾਰੀ ਦੇਣ ਲਈ ਪੇਜ ਤਿਆਰ ਕੀਤੇ ਜਾਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਰਾਹੀਂ ਅਕਾਡਮੀ ਦਾ ਮੈਂਬਰਾਂ ਨਾਲ ਸਿੱਧਾ ਸੰਪਰਕ ਬਣੇਗਾ ਤੇ ਉਨ੍ਹਾਂ ਤੋਂ ਸੁਝਾਅ ਲੈ ਕੇ ਇਸ ਆਦਾਨ-ਪ੍ਰਦਾਨ ਦੇ ਵਸੀਲਿਆਂ ਵਿਚ ਹੋਰ ਪੁਖ਼ਤਗੀ ਲਿਆਂਦੀ ਜਾਵੇਗੀ।

ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਦੀ ਸ਼ੁਰੂਆਤ ਅਕਾਡਮੀ ਪਰਿਵਾਰ ਦੇ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਇਆ। ਉਪਰੰਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵਲੋਂ ਸਾਲ 2022 ਦੀਆਂ ਸਾਹਿਤਕ ਸਰਗਰਮੀਆਂ ਅਤੇ ਕੰਮਕਾਜ ਦੀ ਰਿਪੋਰਟ ਅਤੇ ਵਿੱਤੀ ਲੇਖਾ-ਜੋਖਾ ਪੇਸ਼ ਕੀਤੀ ਗਿਆ। ਨਾਲ ਹੀ ਉਨ੍ਹਾਂ ਨੇ ਸਾਲ 2023-2024 ਦਾ ਬਜਟ ਵੀ ਪੇਸ਼ ਕੀਤਾ। ਇਨ੍ਹਾਂ ਰਿਪੋਰਟਾਂ ਤੇ ਬਜਟ ਬਾਰੇ ਹਾਜ਼ਰ ਮੈਂਬਰਾਂ ਸ. ਸਵਰਨ ਸਿੰਘ ਸਨੇਹੀ, ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਕਰਨਲ ਦੇਵਿੰਦਰ ਸਿੰਘ ਗਰੇਵਾਲ, ਸ. ਮਲਕੀਅਤ ਸਿੰਘ ਔਲਖ, ਸ. ਮਨਜਿੰਦਰ ਸਿੰਘ ਧਨੋਆ, ਸ੍ਰੀ ਜਸਵੀਰ ਝੱਜ, ਡਾ. ਹਰਵਿੰਦਰ ਸਿੰਘ ਸਿਰਸਾ, ਸ੍ਰੀ ਹਰਬੰਸ ਮਾਲਵਾ, ਸ੍ਰੀ ਦੀਪ ਜਗਦੀਪ ਸਿੰਘ, ਸ. ਜਨਮੇਜਾ ਸਿੰਘ ਜੌਹਲ ਨੇ ਪੇਸ਼ ਕੀਤੇ ਗਏ ਲੇਖੇ-ਜੋਖੇ ਦੀਆਂ ਵੱਖ-ਵੱਖ ਮਦਾਂ ਬਾਰੇ ਸੁਆਲ ਪੁੱਛੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਅਕਾਡਮੀ ਦੀ ਬੇਹਤਰੀ ਲਈ ਮੁੱਲਵਾਨ ਸੁਝਾਅ ਦਿੱਤੇ। ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਪੁੱਛੇ ਗਏ ਸੁਆਲਾਂ ਦੇ ਵਿਸਤਾਰ ਸਹਿਤ ਜੁਆਬ ਦਿੰਦਿਆਂ ਕਿਹਾ ਕਿ ਅਕਾਡਮੀ ਦੇ ਕੰਮ-ਕਾਜ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਲਈ ਸੁਆਲਾਂ ਦਾ ਆਉਣਾ ਤੇ ਇਨ੍ਹਾਂ ਦੇ ਜੁਆਬ ਦੇਣਾ ਲਾਜ਼ਮੀ ਹੈ। ਉਨ੍ਹਾਂ ਤਾਕੀਦ ਕਰਦਿਆਂ ਕਿਹਾ ਕਿ ਅਕਾਡਮੀ ਦੇ ਆਹੁਦੇਦਾਰਾਂ ਨੂੰ ਵੀ ਸੁਆਲਾਂ ਨੂੰ ਨਿਮਰਤਾ ਨਾਲ ਪ੍ਰਵਾਨ ਕਰਨਾ ਚਾਹੀਦਾ ਹੈ। ਜਿੱਥੇ ਅਹੁਦੇਦਾਰਾਂ ਵੱਲੋਂ ਰਹਿ ਗਈ ਕਿਸੇ ਘਾਟ ਬਾਰੇ ਦੱਸਿਆ ਜਾਂਦਾ ਹੈ ਤਾਂ ਉਸ ਨੂੰ ਖੁੱਲ੍ਹੇ ਦਿਲ ਨਾਲ ਪਰਵਾਨ ਕਰਨ ਤੋਂ ਕੋਈ ਗ਼ੁਰੇਜ਼ ਨਹੀਂ ਕਰਨਾ ਚਾਹੀਦਾ।

ਇਸ ਸਾਰੀ ਚਰਚਾ ਤੋਂ ਬਾਅਦ ਸਰਗਰਮੀਆਂ ਤੇ ਵਿੱਤੀ ਰਿਪੋਰਟਾਂ ਨੂੰ ਮੈਂਬਰਾਂ ਵੱਲੋਂ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜਨਰਲ ਇਜਲਾਸ ਵਲੋਂ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ ਦੇ ਸਰਵੋਤਮ ਸਨਮਾਨ ਫ਼ੈਲੋਸ਼ਿਪ ਲਈ ਅਕਾਡਮੀ ਦੇ ਸਾਬਕਾ ਪ੍ਰਧਾਨ ਵਜੋਂ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਸ੍ਰੀ ਪ੍ਰੇਮ ਪ੍ਰਕਾਸ਼ (ਜਲੰਧਰ), ਸ੍ਰੀ ਰਵਿੰਦਰ ਰਵੀ (ਕੈਨੇਡਾ), ਸ੍ਰੀ ਗੁਲਜ਼ਾਰ ਸਿੰਘ ਸੰਧੂ (ਚੰਡੀਗੜ੍ਹ), ਡਾ. ਸ. ਪ. ਸਿੰਘ (ਲੁਧਿਆਣਾ) ਦੇ ਦੇਣ ਦਾ ਐਲਾਨ ਕੀਤਾ ਗਿਆ। ਜਨਰਲ ਕਾਉਂਸਲ ਵਲੋਂ 49 ਨਵੇਂ ਜੀਵਨ ਮੈਂਬਰ ਅਕਾਡਮੀ ਪਰਿਵਾਰ ਵਿਚ ਸ਼ਾਮਲ ਕੀਤੇ ਗਏ। ਪ੍ਰਬੰਧਕੀ ਬੋਰਡ ਵਲੋਂ ਲਏ ਗਏ ਫ਼ੈਸਲਿਆਂ ‘ਤੇ ਹੋਈ ਕਾਰਵਾਈ ਨੂੰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।

ਇਜਲਾਸ ਦੌਰਾਨ ਮੈਂਬਰਾਂ ਵਲੋਂ ਸੰਵਿਧਾਨਕ ਨੁਕਤਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਗਿਆ। ਇਸੇ ਤਰ੍ਹਾਂ ਵਿਦੇਸ਼ ਵਿਚ ਰਹਿੰਦੇ ਅਕਾਡਮੀ ਦੇ ਮੈਂਬਰਾਂ ਦੀ ਸਰਗਰਮੀਆਂ ਤੇ ਚੋਣਾਂ ਵਿਚ ਸ਼ਮਹੂਲੀਅਤ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਤਕਨੀਕੀ ਕਮੇਟੀ ਬਣਾਉਣ ਦੀ ਤਜਵੀਜ਼ ਪੇਸ਼ ਹੋਈ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਧਾਨਗੀ ਭਾਸ਼ਨ ਵਿਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਿਰਾਸ਼ਾ ਨੂੰ ਆਸ਼ਾ ਵਿਚ ਬਦਲਣ ਦੀ ਭਾਵਨਾ ਹਰ ਮੈਂਬਰ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਤੋਂ ਅਕਾਡਮੀ ਦੇ ਹਰ ਕੰਮਕਾਰ ਨੂੰ ਪਾਰਦਰਸ਼ਿਕ ਢੰਗ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਅਗਿਆਨਤਾ ਨੂੰ ਗਿਆਨ ਵਿਚ ਬਦਲਣਾ ਹੋਣਾ ਚਾਹੀਦਾ ਹੈ ਅਤੇ ਗ਼ਲਤੀਆਂ ਨੂੰ ਤਾਕਤ ਵਿਚ। ਉਨ੍ਹਾਂ ਨੇ ਸਰਬਸੰਮਤੀ ਨਾਲ ਅਕਾਡਮੀ ਦੇ ਕੰਮਕਾਰ ਦੀ ਰਿਪੋਰਟ, ਬਜਟ, ਫ਼ੈਲੋਸ਼ਿਪ, ਨਵੀਂ ਮੈਂਬਰਸ਼ਿਪ ਨੂੰ ਪਾਸ ਕਰਨ ਲਈ ਜਨਰਲ ਇਜਲਾਸ ਵਿਚ ਸ਼ਾਮਲ ਮੈਂਬਰਾਂ ਨੂੰ ਵਧਾਈ ਦਿੱਤੀ।

ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਹੋਰਾਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਕਾਡਮੀ ਦੀ ਪ੍ਰਫੁੱਲਤਾ ਲਈ ਸਾਨੂੰ ਰਲ-ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਜਨਰਲ ਇਜਲਾਸ ਵਿਚ ਸੁਯੋਗ ਭਾਵਨਾ ਨਾਲ ਹੋਈ ਕਾਰਵਾਈ ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਅਕਾਡਮੀ ਦੇ ਬਿਹਤਰੀ ਲਈ ਇਹ ਇਕ ਵਧੀਆ ਮਿਸਾਲ ਹੈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਲੋਂ ਅਕਾਡਮੀ ਦੇ ਮੈਂਬਰਾਂ ਸ੍ਰੀ ਬਲਵਿੰਦਰ ਗਰੇਵਾਲ, ਸ੍ਰੀ ਜਾਵੇਦ ਬੂਟਾ ਅਤੇ ਅਰਵਿੰਦਰ ਕੌਰ ਧਾਲੀਵਾਲ ਨੂੰ ਢਾਹਾਂ ਪੁਰਸਕਾਰ, ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਵਲੋਂ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ ਅਤੇ ਲੋਕ ਮੰਚ ਪੰਜਾਬ ਵਲੋਂ ਨੰਦ ਲਾਲ ਨੂਰਪੁਰੀ ਪੁਰਸਕਾਰਸ੍ਰੀ ਜਸਵੀਰ ਰਾਣਾ ਨੂੰ ਸ. ਜਸਵੰਤ ਸਿੰਘ ਪੁਰੇਵਾਲ ਪੁਰਸਕਾਰ, ਸ੍ਰੀ ਬੀਬਾ ਬਲਵੰਤ ਨੂੰ ਲਿਖਾਰੀ ਸਭਾ ਰਾਮਪੁਰ, ਵਲੋਂ ਸ੍ਰੀ ਗੁਰਚਰਨ ਰਾਮਪੁਰੀ ਪੁਰਸਕਾਰ, ਸ. ਹਰਪਾਲ ਸਿੰਘ ਪੰਨੂੰ ਨੂੰ ਰਾਗ ਵਾਰਤਕ ਪੁਰਸਕਾਰ, ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਰਾਗ ਕਥਾ ਪੁਰਸਕਾਰ, ਸ੍ਰੀ ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ ਨੂੰ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਸ੍ਰੀ ਵਰਿਆਮ ਸੰਧੂ ਨੂੰ ਆਪਣੀ ਆਵਾਜ਼ ਪੁਰਸਕਾਰ, ਸ੍ਰੀ ਮਦਨਵੀਰਾ ਨੂੰ ਕਾਵਿ ਲੋਕ ਪੁਰਸਕਾਰ ਪੁਰਸਕਾਰ ਮਿਲਣ ‘ਤੇ ਵਧਾਈ ਦਿੱਤੀ ਗਈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਜਨਰਲ ਇਜਲਾਸ ਵਿਚ ਪਹੁੰਚੇ ਪ੍ਰਬੰਧਕੀ ਬੋਰਡ ਦੇ ਮੈਂਬੁਰਾਂ, ਸਮੂਹ ਮੈਂਬਰਾਂ, ਦਾਨੀ ਸੱਜਣਾਂ, ਸਟਾਫ਼ ਅਤੇ ਮੀਡੀਆ ਦਾ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਖਜੀਤ, ਸ੍ਰੀ ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਕੇ. ਸਾਧੂ ਸਿੰਘ, ਡਾ. ਗੁਰਮੇਲ ਸਿੰਘ, ਡਾ. ਬਲਵਿੰਦਰ ਸਿੰਘ ਚਹਿਲ, ਸੁਰਿੰਦਰ ਸਿੰਘ ਸੁੱਨੜ, ਡਾ. ਹਰਵਿੰਦਰ ਸਿਰਸਾ, ਹਰਦੀਪ ਢਿੱਲੋਂ, ਕਰਮ ਸਿੰਘ ਜ਼ਖ਼ਮੀ, ਪਰਮਜੀਤ ਸਿੰਘ ਮਾਨ, ਅਮਰਜੀਤ ਸ਼ੇਰਪੁਰੀ, ਕੇਵਲ ਧੀਰ, ਗੁਲਜ਼ਾਰ ਸਿੰਘ ਸ਼ੌਂਕੀ, ਇੰਜ. ਡੀ. ਐਮ. ਸਿੰਘ, ਜਸਵੰਤ ਜ਼ਫ਼ਰ, ਮਨਜਿੰਦਰ ਧਨੋਆ, ਪਰਮਜੀਤ ਕੌਰ ਮਹਿਕ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਪਰਮਜੀਤ ਕੌਰ, ਖੁਸ਼ਵੰਤ ਬਰਗਾੜੀ, ਡਾ. ਕੁਲਵਿੰਦਰ ਮਿਨਹਾਸ, ਡਾ. ਚਰਨਜੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਰਜਿੰਦਰ ਵਰਮਾ, ਡਾ. ਹਰੀ ਸਿੰਘ ਜਾਚਕ, ਰਵਿੰਦਰ ਰਵੀ, ਦਰਸ਼ਣ ਸਿੰਘ ਢੋਲਣ, ਨੀਲੂ ਬੱਗਾ, ਸਰਦਾਰਾ ਸਿੰਘ ਚੀਮਾ ਸਮੇਤ ਕਾਫ਼ੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

Leave a Reply


Posted

in

, ,

Tags:

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com