Punjabi Story । ਕਹਾਣੀ । ਤੂਫ਼ਾਨ ਤੋਂ ਬਾਅਦ । ਗੁਰਮੀਤ ਪਨਾਗ

ਸੁੱਘੜ ਸਿਆਣੀ ਕਾਰੋਬਾਰੀ, ਮੈਰਾਥਨ ਦੀ ਦੌੜਾਕ ਅਤੇ ਸਮਾਜ-ਸੇਵੀ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੀ, ਗੁਰਮੀਤ ਪਨਾਗ, ਪੰਜਾਬੀ ਪਾਠਕਾਂ ਵਿਚ ਸਮਰੱਥ ਕਹਾਣੀਕਾਰਾ ਵੱਜੋਂ ਜਾਣੀ ਜਾਂਦੀ ਹੈ। ਲਫ਼ਜ਼ਾਂ ਦਾ ਪੁਲ ‘ਤੇ ਪਹਿਲੀ ਵਾਰ ਉਨ੍ਹਾਂ ਦੀ ਕਹਾਣੀ ਛਾਪਣ ਦੀ ਖੁਸ਼ੀ ਲੈ ਰਹੇ ਹਾਂ। -ਸੰਪਾਦਕ

ਪੰਜਾਬੀ ਕਹਾਣੀ – ਤੂਫ਼ਾਨ ਤੋਂ ਪਹਿਲਾਂ – ਗੁਰਮੀਤ ਪਨਾਗ – Punjabi Short Story – Toofan Ton Pehla – Gurmeet Panag

ਵੇਨਕਾਊਂਟੀ ਏਅਰਪੋਰਟ, ਮਿਸ਼ੀਗਨ ਪਹੁੰਚ ਦੀਪਕ ਨੇ ਅਪਣਾ ਆਈਫ਼ੋਨ ਕੱਢਿਆ ਤੇ ਅਪਣੇ ਡੇਲੀ ਕੈਲੰਡਰ ‘ਤੇ ਨਿਗਾਹ ਮਾਰੀ। 6:30 ਏ ਐੱਮ ਦੇ ਖਾਨੇ ‘ਚ ਟਰਾਂਟੋ ਲਿਖਿਆ ਸੀ। ਇਸ ਹਿਸਾਬ ਨਾਲ ਤਾਂ ਉਹਨੂੰ ਕਦੋਂ ਦਾ ਟਰਾਂਟੋ ਪਹੁੰਚ ਜਾਣਾ ਚਾਹੀਦਾ ਸੀ। ਸੱਤ ਵੱਜ ਕੇ ਬਵੰਜਾ ਮਿੰਟ ਫ਼ੋਨ ਦੱਸ ਰਿਹਾ ਸੀ। ਖ਼ੈਰ, ਉਹਨੇ ਅਪਣਾ ਬੈਗ ਚੁੱਕਿਆ ਤੇ ਬਾਕੀ ਦੇ ਪੈਸੈਂਜਰਾਂ ਨਾਲ’ਹੈਲਪ ਡੈਸਕ’ ਵੱਲ ਨੂੰ ਚੱਲ ਪਿਆ।
“ਮਿਸ਼ੀਗਨ ਤੋਂ ਟਰਾਂਟੋ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ ਗਈਆਂ ਹਨ” ਡੈਸਕ ਦੇ ਪਿਛਲੇ ਪਾਸੇ ਬੈਠੇ ਏਅਰਲਾਈਨ ਦੇ ਵਰਕਰ ਨੇ ਸੂਚਨਾ ਨਸ਼ਰ ਕੀਤੀ। ਲੋਕੀਂ ਖਲਬਲੀ ਜਿਹੀ ਮਚਾਉਂਦੇ ਫੇਰ ਖਿੱਲਰ ਗਏ।
“ਵੀ ਆਰ ਸੌਰੀ, ਸਨੋ-ਸਟੌਰਮ ਦੇ ਅੱਜ ਸ਼ਾਮ ਤੱਕ ਹਟ ਜਾਣ ਦੀ ਸੰਭਾਵਨਾ ਸੀ ਪਰ ਹੁਣ ਤਾਂ ਮੌਸਮ ਦੀ ਰਿਪੋਰਟ ਮੁਤਾਬਿਕ ਕੱਲ੍ਹ ਸਵੇਰ ਤੱਕ ਹੀ ਜਾ ਕੇ ਹਟੇਗਾ” ਵਰਕਰ ਨੇ ਕਾਰਨ ਦੱਸਣ ਦੀ ਕੋਸ਼ਿਸ਼ ਕੀਤੀ।
“ਪਰ ਔਨਲਾਈਨ ਤਾਂ ਸਭ ਠੀਕ ਠਾਕ ਲੱਗ ਰਿਹਾ ਸੀ, ਤਦੇ ਹੀ ਤਾਂ ਮੈਂ ਘਰੋਂ ਚੱਲਿਆਂ” ਇੱਕ ਆਦਮੀ ਦੀਪਕ ਨੂੰ ਦੱਸ ਰਿਹਾ ਸੀ। ਦੀਪਕ ਤਾਂ ਅਪਣੇ ਆਪਨੂੰ ਕੋਸ ਰਿਹਾ ਸੀ ਕਿ ਕਿੱਥੇ ਸੀ ਉਹਦੇ ਕੋਲ ਵਿਹਲ ਉਹ ਦੋ ਦਿਨ ਘਰ ਹੋ ਆਏ… ਇਹ ਤਾਂ ਬੱਸ ਉਹਦੀ ਭੈਣ ਨੀਟਾ ਨੇ ਜ਼ਿੱਦ ਹੀ ਫੜ ਲਈ ਸੀ ਕਿ ਉਹ ਅਪਣਾ ਭਾਣਜਾ ਦੇਖ ਕੇ ਜਾਵੇ।
“ਦੀਪਕ ਤੈਨੂੰ ਸ਼ਰਮ ਤਾਂ ਨ੍ਹੀ ਆਉਂਦੀ, ਕਿੰਨਾ ਚਿਰ ਹੋ ਗਿਆ ਘਰ ਆਇਆਂ…”
“ਪਤੈ ਮੈਂ ਕਿੰਨਾ ਬਿਜ਼ੀ ਆਂ”
“ਨਹੀਂ ਮੈਨੂੰ ਨੀ ਪਤਾ, ਸਾਡੇ ਨਾਲ ਕਿਹੜਾ ਤੂੰ ਗੱਲਾਂ ਕਰਦੈਂ ਕਿ ਸਾਨੂੰ ਪਤਾ ਹੋਵੇ। ਤੂੰ ਤਾਂ ਹਾਲੇ ਆਸ਼ਿਤ ਵੀ ਨਹੀਂ ਦੇਖਿਆ, ਛੇ ਮਹੀਨੇ ਦਾ ਹੋ ਗਿਐ”।
“ਆਈ ਨੋ, ਪਰ ਪਹਿਲਾਂ ਇਹ ਦੱਸ ਕਿ ‘ਆਸ਼ਿਤ’ ਨਾਂ ਕੀਹਨੇ ਰੱਖਿਐ?”
“ਕੀ ਮਤਲਬ?”
“ਜਦੋਂ ਸਕੂਲ ਜਾਣ ਲੱਗਾ ਤਾਂ ਨਾਲ ਦੇ ਬੱਚੇ ਪਤੈ ਕੀ ਕਹਿਣਗੇ? ‘ਆ ਸ਼ਿਟ’…”
“ਓਹ ਗੌਡ! ਮੈਂ ਤਾਂ ਸੋਚਿਆ ਹੀ ਨਹੀਂ ਸੀ ਇਹ”
“ਚੱਲ ਕੱਲ੍ਹ ਨੂੰ ਆ ਜਾ, ਪਲੀਜ਼। ਮੌਮ ਡੈਡ ਤੇ ਮੈਂ… ਅਸੀਂ ਬਹੁਤ ਮਿੱਸ ਕਰ ਰਹੇ ਆਂ ਤੈਨੂੰ”
ਦੀਪਕ ਨੂੰ ਬੁਰਾ ਲੱਗ ਰਿਹਾ ਸੀ ਕਿ ਉਹਨੂੰ ਘਰ ਗਿਆਂ ਦੋ ਕੁ ਸਾਲ ਹੋ ਗਏ ਸਨ। ਪਰ ਕਾਰਪੋਰੇਟ ਸੈਕਟਰ ‘ਚ ਕਿਸੇ ਮੁਕਾਮ ‘ਤੇ ਪਹੁੰਚਣ ਲਈ ਤਾਂ ਛੁੱਟੀਆਂ ਲੈ ਕੇ ਪਹੁੰਚਣਾ ਸੰਭਵ ਨਹੀਂ। ਉਸ ਨੇ ਬੈਂਕ ਦੇ ਡਾਇਰੈਕਟਰ ਤੱਕ ਦੇ ਅਹੁਦੇ ਤੱਕ ਪਹੁੰਚਣ ਦੀ ਪੂਰੀ ਵਾਹ ਲਗਾਈ ਹੋਈ ਸੀ। ‘ਆਖਿਰਕਾਰ, ਕਿਉਂ ਮੌਮ ਨੂੰ ਇਸ ਉਮਰ ‘ਚ ਵੀ ਘਰ ਦੇ ਖਰਚੇ ਚਲਾਉਣ ਲਈ ਫੈਕਟਰੀਆਂ ‘ਚ ਕੰਮ ਕਰਨਾ ਪਵੇ… ਡੈਡ ਨੂੰ ਵੀ ਹੁਣ ਆਰਾਮ ਚਾਹੀਦੈ… ਕਿੰਨਾ ਕੰਮ ਕੀਤੈ ਉਹਨਾਂ ਨੇ ਸਾਰੀ ਉਮਰ, ਟੈਕਸੀ ਚਲਾਉਂਦਿਆਂ ਹੁਣ ਵੀ ਤੀਜੇ ਕੁ ਦਿਨ ਮਾੜੀ ਸਵਾਰੀ ਮਿਲ ਹੀ ਜਾਂਦੀ ਹੈ ਜੋ ਕਿਰਾਇਆ ਵੀ ਨਹੀਂ ਦਿੰਦੀ ਤੇ ਮਾਰਨ ਦੀ ਧਮਕੀ ਵੀ ਦੇ ਜਾਂਦੀ ਹੈ… ਕਿੰਨੀ ਖ਼ਤਰਨਾਕ ਜੌਬ ਹੈ ਕੈਬੀਆਂ ਦੀ… ਕੀ ਪਤਾ ਹੁੰਦੈ ਕਿ ਕਿਹੋ ਜਿਹੇ ਬੰਦੇ ਨਾਲ ਵਾਹ ਪੈਣ ਵਾਲਾ ਹੈ’
ਉਸ ਨੇ ਫੇਰ ਟਾਈਮ ਦੇਖਿਆ। ਜੇ ਸਵੇਰ ਦੀ ਫਲਾਈਟ ਮਿਲੀ ਤਾਂ ਉਹਦੇ ਕੋਲ ਸਿਰਫ਼ ਚਾਲੀ ਘੰਟੇ ਹੀ ਹੋਣਗੇ ਘਰਦਿਆਂ ਨਾਲ ਬਿਤਾਉਣ ਲਈ। ਉਹ ਵੀ ਜੇ ਸਵੇਰੇ ਮੌਸਮ ਠੀਕ ਹੋ ਜਾਵੇ ਤਾਂ।
ਘੁੰਮਣਘੇਰੀਆਂ ‘ਚ ਪਿਆ ਉਹ ਏਅਰਪੋਰਟ ਦੀ ਵੱਡੀ ਸ਼ੀਸ਼ੇ ਦੀ ਦੀਵਾਰ ਕੋਲ ਆ ਬਾਹਰ ਨੂੰ ਦੇਖਣ ਲੱਗਾ। ਬਰਫ਼ ਦੇ ਤਾਂ ਢੇਰ ਲੱਗ ਚੁੱਕੇ ਸਨ ਤੇ ਪਈ ਵੀ ਜਾ ਰਹੀ ਸੀ। ਇੱਕ ਦੋ ਵੱਡੇ ਸਨੋ-ਰਿਮੂਵਲ ਟਰੱਕ ਹੀ ਹੌਲੀ ਹੌਲੀ ਚੱਲਦੇ ਅਪਣਾ ਕੰਮ ਕਰਦੇ ਨਜ਼ਰ ਆ ਰਹੇ ਸਨ। ਆਲਾ ਦੁਆਲਾ ਸਭ ਧੁੰਦਲਾ ਹੋ ਚੁੱਕਾ ਸੀ।
“ਐਕਸਕਿਊਜ਼ ਮੀ” ਉਸ ਨੇ ਕੋਲੋਂ ਲੰਘਦੀ ਨੇਵੀ ਯੂਨੀਫਾਰਮ ਵਾਲੀ ਇੱਕ ਸਟਾਫ਼ ਮੈਂਬਰ ਨੂੰ ਕਿਹਾ।

ਯੈੱਸ, ਹਾਓ ਕੈਨ ਆਈ ਹੈਲਪ ਯੂ ਸਰ?” ਉਹ ਰੁਕੀ, ਪਹਿਲਾਂ ਤਾਂ ਉਹ ਔਖੀ ਜਿਹੀ ਲੱਗੀ ਪਰ ਉਹਦੇ ਡਿਜ਼ਾਈਨਰ ਕੋਟ ਵੱਲ ਵੇਖ ਥੋੜ੍ਹੀ ਮੁਸਕਰਾਈ।
“ਵਿੱਚ ਵੇ ਇਜ਼ ਕਾਰ ਰੈਂਟਲ?”
“ਔਨ ਦ ਲੋਅਰ ਲੈਵਲ… ਬੈਗੇਜ ਕਲੇਮ ਦੇ ਸਾਈਨ ਵੱਲ ਨੂੰ ਜਾਓ ਤੇ ਅੱਗੋਂ ਕਾਰ ਰੈਂਟਲ ਦੇ ਸਾਈਨ ਆ ਜਾਣਗੇ। ਪਰ ਮੈਨੂੰ ਲੱਗਦੈ ਜ਼ਿਆਦਾ ਕਾਰਾਂ ਨਹੀਂ ਰਹੀਆਂ ਹੋਣੀਆਂ ਕਿਉਂਕਿ ਨੇੜੇ ਤੇੜੇ ਜਾਣ ਵਾਲੇ ਲੋਕ ਤਾਂ ਕਾਰਾਂ ਰੈਂਟ ਕਰਕੇ ਲੈ ਗਏ”
“ਥੈਂਕ ਯੂ ਫੌਰ ਯੂਅਰ ਹੈਲਪ” ਉਹਨੇ ਅਪਣਾ ਸਿਰ ਨਿਵਾ ਮੁਸਕਰਾਉਂਦਿਆਂ ਕਿਹਾ ਤੇ ਤੁਰ ਪਿਆ।
ਸੱਚਮੁੱਚ ਹੀ ਕਾਰਾਂ ਦੇ ਕਾਊਂਟਰ ‘ਤੇ ਤਾਂ ਸੁੰਨਮਸਾਣ ਸੀ। ਕਾਊਂਟਰ ਤੇ ਪਹੁੰਚ ਉਹਨੇ ਦਫ਼ਤਰ ਵੱਲ ਝਾਤੀ ਮਾਰੀ। ਅੰਦਰ ਕਿਸੇ ਦੇ ਗੱਲਾਂ ਕਰਨ ਦੀ ਆਵਾਜ਼ ਆਈ।
“ਲਾਸਟ ਕਾਰ, ਯੂ ਆਰ ਲੱਕੀ”, ਇੱਕ ਆਦਮੀ ਨੇ ਦੂਜੇ ਨੂੰ ਚਾਬੀਆਂ ਫੜਾਉਂਦਿਆਂ ਕਿਹਾ।
“ਡੋਂਟ ਯੂ ਹੈਵ ਮੋਰ ਕਾਰਜ਼?” ਦੀਪਕ ਨੇ ਪੁੱਛਿਆ।
“ਦੈਟ ਵਾਜ਼ ਦ ਲਾਸਟ ਵੰਨ, ਸੌਰੀ” ਉਸ ਆਦਮੀ ਦੇ ਲਿਬੜੇ ਜਿਹੇ ਹੱਥਾਂ ਤੇ ਨਹੁੰਆਂ ਥੱਲੇ ਜੰਮੀ ਮੈਲ ਵਾਲੀਆਂ ਉਂਗਲਾਂ ਨੂੰ ਮਲਦਿਆਂ ਕਿਹਾ।
“ਯਾਰ ਮੈਥੋਂ ਸੌ ਡਾਲਰ ਵੱਧ ਲੈ ਲਾ… ਮੈਨੂੰ ਜ਼ਰੂਰੀ ਚਾਹੀਦੀ ਸੀ ਕਾਰ” ਉਸ ਨੇ ਚਾਬੀਆਂ ਵਾਲੇ ਆਦਮੀ ਨੂੰ ਤਰਲਾ ਪਾਇਆ।
“ਨੋ ਵੇਅ… ਵੀ ਆਰ ਗੈਟਿੰਗ ਮੈਰਿਡ ਟੁਮੌਰੋ, ਕੈਂਟ ਡੂ ਦੈਟ ਬਡੀ… ਆਈ ਐਮ ਸੌਰੀ” ਉਸ ਆਦਮੀ ਨੇ ਅਪਣੇ ਭੂਰੇ ਵਾਲ ਮੱਥੇ ਤੋਂ ਪਿੱਛੇ ਕਰਦਿਆਂ ਅਪਣੀਆਂ ਗੋਲ ਸ਼ੀਸ਼ੇ ਦੀਆਂ ਐਨਕਾਂ ‘ਚੋਂ ਉਸ ਵੱਲ ਤੱਕਿਆ।
ਦੀਪਕ ਮਨ ਹੀ ਮਨ ਸੋਚ ਰਿਹਾ ਸੀ ਕਿ ਕੋਈ ਭਲਾ ਵਿਆਹ ਤੋਂ ਇੱਕ ਦਿਨ ਪਹਿਲਾਂ ਘਰ ਜਾਂਦਾ ਹੁੰਦੈ… ਸ਼ਾਇਦ ਇਹ ਮੈਥੋਂ ਵੀ ਜਿ਼ਆਦਾ ਬਿਜ਼ੀ ਹੋਵੇ… ਹਾਲੇ ਸੋਚ ਹੀ ਰਿਹਾ ਸੀ ਕਿ ਪਿੱਛੋਂ ਆਵਾਜ਼ ਆਈ,
“ਸ਼ੁਕਰ ਐ ਰੌਜਰ, ਆਪਾਂ ਨੂੰ ਕਾਰ ਮਿਲ ਗਈ… ਨਹੀਂ ਤਾਂ ਰਾਤ ਇਸ ਏਅਰਪੋਰਟ ਦੀਆਂ ਕੁਰਸੀਆਂ ‘ਤੇ ਹੀ ਕੱਟਣੀ ਪੈਣੀ ਸੀ” ਉਹ ਹੱਸੀ ਤੇ ਦੌੜ ਕੇ ਆਣ ਕਰਕੇ ਹੱਫੀ ਹੋਈ ਵੀ ਸੀ।
ਦੀਪਕ ਤਾਂ ਉਸ ਨੂੰ ਦੇਖ ਸੁੰਨ ਹੀ ਹੋ ਗਿਆ। ਉਹਦਾ ਸਾਹ ਹੀ ਅਟਕ ਗਿਆ। ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਾ।

ਉਹ ਥੋੜ੍ਹਾ ਪਰ੍ਹੇ ਨੂੰ ਇੱਕ ਬੈਂਚ ‘ਤੇ ਬੈਠ ਗਈ, ਪਤਾ ਨਹੀਂ ਅਪਣੇ ਪਰਸ ‘ਚੋਂ ਕੀ ਲੱਭ ਰਹੀ ਸੀ। ਹਿੰਮਤ ਕਰ ਦੀਪਕ ਨੇ ਉੱਧਰ ਵੇਖਿਆ। ਉਹੀ ਚਿਹਰਾ ਜਿਹੜਾ ਕਦੇ ਕਿੰਨਾ ਖਿੜ ਜਾਂਦਾ, ਕਦੇ ਰੁੱਸ ਜਾਂਦਾ ਤੇ ਕਦੇ ਜਦੋਂ ਕਿਸੇ ਚੀਜ਼ ‘ਚ ਖੁਭਿਆ ਹੋਵੇ ਤਾਂ ਨੱਕ ਜਿਹਾ ਚੜ੍ਹਾ ਕੇ ਬੁੱਲ੍ਹ ਘੁੱਟ ਲੈਂਦਾ, ਅੱਜ ਵੀ ਉਹੀ ਹਾਵ ਭਾਵ, ਉਹੀ ਸਭ ਕੁਝ। ਬੜੀ ਕੋਸਿ਼ਸ਼ ਕੀਤੀ ਉਹਨੇ ਕਿ ਉੱਧਰ ਨਾ ਦੇਖੇ ਪਰ ਧਿਆਨ ਬਾਰ ਬਾਰ ਉੱਧਰ ਹੀ ਦੌੜਦਾ। ਘੁੰਗਰਾਲੇ ਵਾਲਾਂ ਦਾ ਢਿੱਲਾ ਜਿਹਾ ਜੂੜਾ ਉਸ ਨੇ ਉੱਚਾ ਕਰਕੇ ਕੀਤਾ ਹੋਇਆ ਸੀ ਤੇ ਕਿੰਨੀਆਂ ਹੀ ਪਤਲੀਆਂ ਜਿਹੀਆਂ ਲਟਾਂ ਉਸ ਦੇ ਮੂੰਹ ਨੂੰ ਚੁੰਮ ਰਹੀਆਂ ਸਨ। ਹਾਈਨੈੱਕ ਵਾਲੇ ਲਾਲ ਸਵੈਟਰ ਤੇ ਜੀਨਜ਼ ਵਿੱਚ ਉਹ ਬੈਠੀ ਕਿੰਨੀ ਸੋਹਣੀ ਲੱਗ ਰਹੀ ਸੀ।
ਇਹ ਸੀ ਹਰਲੀਨ, ਉਸ ਦੀ ਅਪਣੀ ਲੀਨਾ… ਸੋਚਾਂ ਅਪਣੇ ਵਹਾਅ ‘ਚ ਰੋੜ੍ਹ ਉਹਨੂੰ ਕਿੰਨੇ ਸਾਲ ਪਿੱਛੇ ਲੈ ਗਈਆਂ।
ਜਦੋਂ ਅਪਣੇ ਲਿਵਿੰਗ ਰੂਮ ਦੇ ਘਸਮੈਲੇ ਜਿਹੇ ਗਲੀਚੇ ‘ਤੇ ਉਹ ਪਰੇਸ਼ਾਨੀ ‘ਚ ਐਵੇਂ ਚੱਕਰ ਕੱਢੀ ਜਾ ਰਿਹਾ ਸੀ। ਕਿਤੇ ਜੇ ਉਹ ਅੱਜ ਨਾ ਆਈ? ਆਉਣਾ ਤਾਂ ਚਾਹੀਦਾ ਹੈ… ਇਫ਼ ਸ਼ੀ ਰੀਅਲੀ ਲਵਜ਼ ਮੀ…”
ਠੱਕ ਠੱਕ ਠੱਕ…
ਉਹਨੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਬਾਹਰ ਖੜੀ ਸੀ। ਬਾਹਰ ਪਈ ਬਰਫ਼ ‘ਚ ਖੜੀ ਉਹ ਅਪਣੀ ਕਾਲੀ ਡਰੈੱਸ ‘ਚ ਹੋਰ ਵੀ ਚਮਕ ਰਹੀ ਸੀ।
“ਯੂ ਆਰ ਹਿਅਰ” ਉਹਨੂੰ ਯਕੀਨ ਨਹੀਂ ਸੀ ਹੋ ਰਿਹਾ।
“ਯੈੱਸ” ਹਰਲੀਨ ਨੇ ਅਪਣੇ ਦੋਨੋਂ ਅੰਗੂਠੇ ਖੜੇ ਕਰ ਮੁੱਠੀਆਂ ਮੀਚੀਆਂ। ਉਹਦੇ ਮੋਤੀਆਂ ਵਰਗੇ ਦੰਦ ਮੁਸਕਰਾਹਟ ਦੇ ਵਿੱਚ ਹੋਰ ਵੀ ਸੋਹਣੇ ਲੱਗੇ। ਠੰਢ ਨਾਲ ਉਹਦੀਆਂ ਗੱਲ੍ਹਾਂ ਲਾਲ ਹੋ ਗਈਆਂ ਸਨ।
ਇਸ ਸ਼ਾਮ ਦੀ ਤਾਂ ਊਹਨਾਂ ਨੇ ਕਿੰਨੀ ਇੰਤਜ਼ਾਰ ਕੀਤੀ ਸੀ। ਦੀਪਕ ਦੇ ਘਰਦਿਆਂ ਨੇ ਤਾਂ ਅੱਜ ਕਿਸੇ ਬੈਂਕੁਇਟ ਹਾਲ ‘ਚ ਇੱਕ ਰਿਸ਼ਤੇਦਾਰ ਦੀ ਰਿਸੈਪਸ਼ਨ ਪਾਰਟੀ ‘ਤੇ ਜਾਣਾ ਸੀ।
ਉਹਨੇ ਥੋੜ੍ਹਾ ਨੇੜੇ ਹੋ ਉਸ ਨੂੰ ਮੋਢਿਆਂ ਤੋਂ ਫੜ ਅੰਦਰ ਲੈ ਆਂਦਾ। ਸ਼ੈਂਪੂ ਕੀਤੇ ਖੁੱਲ੍ਹੇ ਵਾਲਾਂ ਦੀ ਹਲਕੀ ਸੰਤਰੀ ਜਿਹੀ ਮਹਿਕ ਦੀਪਕ ਨੂੰ ਮਦਹੋਸ਼ ਕਰਨ ਲੱਗੀ। ਅੱਜ ਪਹਿਲੀ ਵਾਰ ਉਹ ਇੰਨਾ ਨਜ਼ਦੀਕ ਆਏ ਸਨ। ਦਿਲਾਂ ਦੀਆਂ ਧੜਕਣਾਂ ਨੇ ਸਾਰੀ ਉਮਰ ਸੰਗ ਰਹਿਣ ਦਾ ਇਕਰਾਰ ਵੀ ਉਸ ਰਾਤ ਹੀ ਕਰ ਲਿਆ।
ਦੀਪਕ ਨੇ ਇੱਕ ਲੰਮਾ ਹੌਕਾ ਭਰਿਆ।
ਯਾਦਾਂ ‘ਚੋਂ ਨਿਕਲਣ ਲਈ ਉਹਨੇ ਅਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲਈਆਂ। ਉਹ ਚਾਹੁੰਦਾ ਸੀ ਕਿ ਉਹ ਜਦੋਂ ਹੌਲੀ ਹੌਲੀ ਅੱਖਾਂ ਖੋਲ੍ਹੇ ਤਾਂ ਉਹ ਸਾਹਮਣਿਓਂ ਗ਼ਾਇਬ ਹੋ ਜਾਵੇ ਜਿਵੇਂ ਕਿ ਉਹਦੀ ਯਾਦ ਕਈ ਵਾਰ ਹੋ ਜਾਂਦੀ ਹੈ ਪਰ ਉਹ ਤਾਂ ਉੱਥੇ ਹੀ ਬੈਠੀ ਅਪਣੇ ਪਰਸ ‘ਚ ਹੱਥ ਮਾਰ ਰਹੀ ਸੀ, ਸ਼ਾਇਦ ਕਰੈਡਿਟ ਕਾਰਡ ਨਹੀਂ ਸੀ ਲੱਭ ਰਿਹਾ ਉਸ ਦਾ… ਇਸ ਗੱਲੋਂ ਬਿਲਕੁਲ ਬੇਖ਼ਬਰ ਕਿ ਕੌਣ ਉਹਨੂੰ ਦੇਖ ਰਿਹੈ। ਦੀਪਕ ਦਾ ਦਿਲ ਕਰੇ ਕਿ ਉਹ ਜਾ ਕੇ ਉਹਨੂੰ ਓਦਾਂ ਹੀ ਅਪਣੀਆਂ ਬਾਹਾਂ ‘ਚ ਲੈ ਲਵੇ ਜਿਵੇਂ ਉਸ ਸ਼ਾਮ ਹੋਇਆ ਸੀ। ਪਰ ਉਦੋਂ ਤਾਂ ਅਠਾਰਾਂ ਸਾਲ ਦੇ ਸਨ ਉਹ ਦੋਨੋਂ… ਲੱਗਦੈ ਜਿਵੇਂ ਮੁੱਦਤਾਂ ਬੀਤ ਗਈਆਂ ਹੋਣ।
“ਹੈ ਤਾਂ ਕਿਤੇ ਇੱਥੇ ਹੀ, ਬੱਸ ਲੱਭ ਹੀ ਨਹੀਂ ਰਿਹਾ” ਉਹ ਬੁੜਬੁੜਾਈ।
“ਡੋਂਟ ਵਰੀ” ਰੌਜਰ ਨੇ ਜੁਆਬ ਦਿੱਤਾ।
ਦੀਪਕ ਨੂੰ ਤਾਂ ਭੁੱਲ ਹੀ ਗਿਆ ਸੀ ਕਿ ਕੋਈ ਤੀਜਾ ਵੀ ਉੱਥੇ ਸੀ। ਹਰਲੀਨ ਰੌਜਰ ਵੱਲ ਦੇਖ ਮੁਸਕਰਾਈ ਤੇ ਨਾਲ ਹੀ ਉਸ ਦੀ ਨਿਗਾਹ ਦੀਪਕ ‘ਤੇ ਪਈ। ਧੁਰ ਅੰਦਰ ਤੱਕ ਉਹਨੂੰ ਹੌਲ ਜਿਹਾ ਪਿਆ। ਬਿਲਕੁਲ ਬੇਜਾਨ ਹੋ ਗਈ ਸੀ ਉਹ। ਖੜੀ ਹੋਣ ਲੱਗੀ ਦਾ ਪਰਸ ਵੀ ਹੱਥੋਂ ਛੁਟ ਗਿਆ। ਟਿਕਟਿਕੀ ਲਗਾ ਉਸ ਵੱਲ ਦੇਖਣ ਲੱਗੀ, ਦੀਪਕ ਨੇ ਉਹਦਾ ਪਰਸ ਚੁੱਕ ਉਸ ਨੂੰ ਫੜਾਇਆ।ਅੰਦਰ ਇੱਕ ਚੀਸ ਉੱਠੀ ਪਰ ਉਸ ਨੂੰ ਇੱਕਦਮ ਰੌਜਰ ਦਾ ਖਿਆਲ ਆਇਆ।
‘ਕੀ ਇਹ ਆਦਮੀ ਹੁਣ ਹਰਲੀਨ ਦਾ ਫਿ਼ਆਂਸੀ ਹੈ? ਮੈਂ ਕਿਉਂ ਨਹੀਂ? ਸ਼ੀ ਇਜ਼ ਮਾਈਨ… ਐਂਡ ਮਾਈਨ ਓਨਲੀ’
“ਦੀਪਕ?”

“ਇਜ਼ ਦੈਟ ਰੀਅਲੀ ਯੂ!!” ਅਪਣੇ ਆਪ ਨੂੰ ਥੋੜ੍ਹਾ ਠੀਕ ਕਰ ਹਰਲੀਨ ਦੇ ਮੂੰਹੋਂ ਨਿਕਲਿਆ।
“ਵੱਟ ਆਰ ਯੂ ਡੂਇੰਗ ਹਿਅਰ? ਵੈੱਲ, ਯੂ ਆਰ ਗੈਟਿੰਗ ਦ ਕਾਰ ਟੂ…” ਉਸ ਨੇ ਆਪਣੇ ਸੁਆਲ ਦਾ ਆਪ ਹੀ ਜੁਆਬ ਵੀ ਦੇ ਦਿੱਤਾ, “ਆਰ ਯੂ ਗੋਇੰਗ ਟੂ ਬਰੈਂਪਟਨ?”
“ਟਰਾਇੰਂਗ” ਉਹ ਐਨਾ ਹੀ ਕਹਿ ਸਕਿਆ ਪਰ ਉਹਦੀ ਗੱਲ੍ਹ ‘ਚ ਪੈਂਦਾ ਟੋਆ ਅਪਣਾ ਕੰਮ ਕਰ ਗਿਆ।
‘ਟੋਆ’, ਕਿੰਨਾ ਚੰਗਾ ਲੱਗਦਾ ਸੀ ਹਰਲੀਨ ਨੂੰ ਇਹ! ਜਦੋਂ ਵੀ ਊਹ ਥੋੜ੍ਹਾ ਨਰਾਜ਼ ਹੁੰਦਾ ਸੀ ਕਿੰਨਾ ਛੇੜਦੀ ਹੁੰਦੀ ਸੀ ਇਹ ਲਾਈਨਾਂ ਗਾ ਕੇ, “ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ…”। ਉਹਨੇ ਹਿੰਮਤ ਕਰ ਇੱਕ ਵਾਰ ਫੇਰ ਦੀਪਕ ਦੀਆਂ ਅੱਖਾਂ ‘ਚ ਝਾਕਿਆ। ਹਰਲੀਨ ਦਾ ਦਿਲ ਉਹਨੂੰ ਛੂਹ ਕੇ ਦੇਖਣ ਨੂੰ ਕਰਦਾ ਸੀ ਕਿ ਉਹ ਸੱਚੀਂ ਮੁੱਚੀਂ ਹੀ ਉੱਥੇ ਖੜਾ ਹੈ। ਦੀਪਕ ਨੂੰ ਤਾਂ ਰੌਜਰ ਦੀ ਹੀ ਸ਼ਰਮ ਮਾਰ ਰਹੀ ਸੀ। ਵਾਲਾਂ ਦਾ ਬਜ਼ ਕੱਟ, ਡਿਜ਼ਾਈਨਰ ਸੂਟ ਤੇ ਵਧੀਆ ਡੀਲ ਡੌਲ ਵਾਲਾ ਦੀਪਕ ਉਹਨੂੰ ਪਹਿਲਾਂ ਤੋਂ ਵੀ ਕਿਤੇ ਸੋਹਣਾ ਲੱਗ ਰਿਹਾ ਸੀ।
“ਹਰਲੀਨ, ਤੁਸੀਂ ਜਾਣਦੇ ਹੋ ਇੱਕ ਦੂਜੇ ਨੂੰ?” ਰੌਜਰ ਨੂੰ ਪੁੱਛਣਾ ਹੀ ਪਿਆ।
“ਯੈੱਸ, ਦਿਸ ਇਜ਼ ਦੀਪਕ” ਉਹ ਸਹਿਜ ਹੀ ਕਹਿ ਗਈ।
‘ਕੀ ਮੈਂ ਜਾਣਦੀ ਹਾਂ ਇਸ ਨੂੰ? ਮੇਰੇ ਤੋਂ ਜਿ਼ਆਦਾ ਕੌਣ ਜਾਣਦਾ ਹੋਵੇਗਾ ਭਲਾ? ਚਾਹੇ ਬਹੁਤ ਸਮਾਂ ਹੋ ਗਿਆ ਵਿਛੜਿਆਂ… ਜੇ ਯਾਦ ਨਹੀਂ ਤਾਂ ਭੁੱਲਿਆ ਵੀ ਤਾਂ ਨਹੀਂ… ਕਿੱਥੇ ਮਿਲਣਾ ਸੀ ਅੱਜ? ਕੌਣ ਸੋਚ ਸਕਦਾ ਸੀ? ਸੱਤ ਸਾਲ ਤੋਂ ਇੱਕ ਦੂਜੇ ਬਾਰੇ ਕੁਝ ਨਹੀਂ ਪਤਾ… ਕੀ ਕੀ ਵਾਪਰਿਆ ਸਾਡੀ ਜਿ਼ੰਦਗੀ ‘ਚ…’ ਉਹਦੀ ਖਿ਼ਆਲਾਂ ਦੀ ਗਲੀ ‘ਚ ਉਹ ਦਿਨ ਘੁੰਮਣ ਲੱਗੇ ਜਦੋਂ ਉਹ ਪਹਿਲੇ ਸਾਲ ਯੂਨੀਵਰਸਿਟੀ ਜਾਣ ਦੀਆਂ ਤਿਆਰੀਆਂ ‘ਚ ਸਨ।
“ਦੀਪਕ! ਮੇਰੇ ਨਾਲ ਮੈਕਮਾਸਟਰ ਯੂਨੀਵਰਸਿਟੀ ਚੱਲ… ਤੇਰੀਆਂ ਕਲਾਸਾਂ ਮੇਰੇ ਨਾਲੋਂ ਹਫ਼ਤਾ ਬਾਅਦ ਸ਼ੁਰੂ ਹੋਣੀਆਂ ਨੇ” ਹਰਲੀਨ ਨੇ ਉਸ ਦੇ ਹੱਥੋਂ ਕਿਤਾਬ ਖੋਹਦਿਆਂ ਕਿਹਾ ਸੀ।
“ਮੈਂ ਤੈਨੂੰ ਕਿੰਨੀ ਵਾਰ ਦੱਸਾਂ ਕਿ ਨਹੀਂ ਜਾ ਸਕਦਾ? ਮੈਂ ਵੈਸਟਰੱਨ ਜਾਣ ਦੀ ਤਿਆਰੀ ਕਰਨੀ ਐ… ਪਤੈ ਕਿੰਨਾ ਔਖਾ ਹੋਣੈ ਮੇਰਾ ਪਹਿਲਾ ਕੌਮਰਸ ਦਾ ਸਮੈਸਟਰ?” ਉਸ ਨੇ ਔਖਾ ਜਿਹਾ ਹੁੰਦਿਆਂ ਕਿਹਾ।
“ਚੱਲ, ਇੱਕ ਦਿਨ ਲਈ ਆ ਜਾ। ਮੈਂ ਅਪਣੀਆਂ ਨਵੀਆਂ ਰੂਮ-ਮੇਟਸ ਨੂੰ ਤੇਰੇ ਨਾਲ ਮਿਲਾਉਣੈ” ਉਹਨੇ ਦੀਪਕ ਦੇ ਘਸੇ ਪਿਟੇ ਸੋਫ਼ੇ ‘ਤੇ ਥੋੜ੍ਹਾ ਉਸ ਵੱਲ ਸਰਕ ਉਸ ਦੇ ਕੰਨ ਨਾਲ ਖੇਡਦਿਆਂ ਕਿਹਾ। ਇੱਕ ਨਜ਼ਰ ਉਸ ਨੇ ਆਲੇ ਦੁਆਲੇ ਵੀ ਮਾਰੀ ਕਿਤੇ ਉਹਦੇ ਘਰ ਦੇ ਦੇਖਦੇ ਹੀ ਨਾ ਹੋਣ, ਫਟਾਫਟ ਉਹਨੂੰ ਚੁੰਮਿਆ ਤੇ ਉਹਦੇ ਜੁਆਬ ਦਾ ਇੰਤਜ਼ਾਰ ਕਰਨ ਲੱਗੀ।
“ਆਈ ਕੈਂਟ, ਹਰਲੀਨ” ਉਹਨੇ ਹਰਲੀਨ ਦਾ ਹੱਥ ਚੁੱਕ ਪਿੱਛੇ ਕੀਤਾ, “ਮੈਂ ਪੜ੍ਹਾਈ ‘ਤੇ ਫੋਕੱਸ ਕਰਨੈ ਤੇ ਅਪਣੇ ਨੰਬਰ ਨੱਬੇ ਪਰਸੈਂਟ ਤੋਂ ਉੱਪਰ ਰੱਖਣੇ ਪੈਣੇ ਨੇ”
ਦੀਪਕ ਦੇ ਰੁੱਖੇਪਨ ਨਾਲ ਉਹਦਾ ਦਿਲ ਵਿਲਕਿਆ। ਉਹ ਪੜ੍ਹਾਈ ‘ਚ ਜਿ਼ਆਦਾ ਹੀ ਖੁੱਭਦਾ ਜਾ ਰਿਹਾ ਸੀ।
“ਨੰਬਰਾਂ ਦੀ ਕੀ ਪ੍ਰੌਬਲਮ ਐ, ਹਾਈ ਸਕੂਲ ‘ਚ ਵੀ ਤੂੰ ਟੌਪ ਕੀਤੈ ਤੇ ਹੁਣ ਫੇਰ ਕਰੇਂਗਾ”, ਉਸ ਨੇ ਹੱਸਦਿਆਂ ਹੋਇਆਂ ਉਹਦੀ ਗੱਲ ਨੂੰ ਸਲਾਹਿਆ, “ਯੂ ਆਰ ਜੀਨੀਅਸ”
“ਨੋ, ਆਈ ਨੀਡ ਟੂ ਸਟੱਡੀ… ਕਈਆਂ ਦਾ ਤਾਂ ਜਿ਼ੰਦਗੀ ‘ਚ ਬੱਸ ਛੋਟੇ ਨਿਆਣਿਆਂ ਨੂੰ ਪੜ੍ਹਾਉਣ ਦੇ ਕੋਰਸ ਕਰ ਕੇ ਹੀ ਸਰ ਜਾਂਦੈ ਤੇ ਕਈਆਂ ਦੇ ਸਿਰ ‘ਤੇ ਫ਼ੈਮਿਲੀ ਦੇ ਹਾਲਾਤ ਨੂੰ ਬਦਲਣ ਦਾ ਬੋਝ ਹੁੰਦੈ”
“ਕੀ ਮਤਲਬ?” ਕੀ ਇਹੀ ਸੋਚਦੈਂ ਤੂੰ ਮੇਰੇ ਕੈਰੀਅਰ ਬਾਰੇ? ਹਾਓ ਡੇਅਰ ਯੂ?” ਹਰਲੀਨ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ ਸੀ।
“ਯੂ ਨੀਡ ਟੂ ਅੰਡਰਸਟੈਂਡ ਦੈਟ ਆਈ ਹੈਵ ਕਮਿੱਟਮੈਂਟਸ… ਸਮ ਗੋਲਜ਼ ਐਂਡ ਡਰੀਮਜ਼… ਮੇਰੇ ਮਾਂ ਬਾਪ ਸੱਤ ਦਿਨ ਕੰਮ ਕਰਦੇ ਨੇ… ਇੱਕ ਫੈਕਟਰੀ ‘ਚ, ਦੂਜਾ ਟੈਕਸੀ ‘ਤੇ। ਉਹਨਾਂ ਦੀ ਖ਼ੂਨ ਪਸੀਨੇ ਦੀ ਕਮਾਈ ਸਾਡੀ ਪੜ੍ਹਾਈ ‘ਤੇ ਲੱਗੀ ਹੈ ਤੇ ਮੈਂ ਪਤਾ ਨਹੀਂ ਕਦੋਂ ਉਹਨਾਂ ਨੂੰ ਇਹ ਕਹਿਣ ਜੋਗਾ ਹੋਵਾਂਗਾ ਕਿ ਬੱਸ, ਬੱਸ ਕਰੋ ਹੁਣ ਮਸ਼ੀਨਾਂ ਨਾਲ ਮਸ਼ੀਨਾਂ ਹੋਣਾ… ਕਿਤੇ ਛੁੱਟੀਆਂ ‘ਤੇ ਜਾਓ, ਜ਼ਿੰਦਗੀ ਮਾਣੋ। ਡੈਡੀ ਵੀ ਕਹਿੰਦੇ ਰਹਿੰਦੇ ਨੇ ਬਈ ਆਸ਼ਕੀਆਂ ਕਰ ਕੇ ਨ੍ਹੀ ਪੜ੍ਹਾਈਆਂ ਹੋਣੀਆਂ, ਘਰ ‘ਚ ਇਸ ਗੱਲ ਤੋਂ ਝਗੜਾ ਸ਼ੁਰੂ ਹੋ ਜਾਂਦੈ ਤੇ ਮਾਹੌਲ ਵੀ ਖ਼ਰਾਬ ਹੁੰਦੈ” ਉਹਨੇ ਕੋਲ ਪਈ ਕਿਤਾਬ ਫੇਰ ਚੁੱਕ ਕੇ ਖੋਲ੍ਹ ਲਈ।
“ਮੇਰੇ ਮਾਂ ਬਾਪ ਵੀ ਬਹੁਤ ਕੁਝ ਕਹਿੰਦੇ ਨੇ ਦੀਪਕ। ਤੈਨੂੰ ਮਿਲਣਾ ਮੇਰੇ ਲਈ ਇੰਨਾ ਆਸਾਨ ਨਹੀਂ ਜਿੰਨਾ ਤੂੰ ਸੋਚਦਾ ਹੈਂ… ਮੈਂ ਹੀ ਅਪਣੀ ਜ਼ਿੱਦ ‘ਤੇ ਅੜੀ ਹੋਈ ਹਾਂ। ਕਿੰਨੇ ਕਿੰਨੇ ਦਿਨ ਤਾਂ ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦੇ… ਤੇ ਗੋਲ, ਡਰੀਮ ਤਾਂ ਮੇਰੇ ਵੀ ਹਨ ਪਰ ਮੇਰੇ ਗੋਲਾਂ ਤੇ ਡਰੀਮਾਂ ‘ਚ ਤੂੰ ਵੀ ਸ਼ਾਮਿਲ ਹੈਂ, ਬੱਸ ਐਨਾ ਹੀ ਫ਼ਰਕ ਹੈ” ਉਹਦੀਆਂ ਅੱਖਾਂ ‘ਚ ਹੰਝੂ ਸਨ ਤੇ ਬੁੱਲ੍ਹਾਂ ‘ਤੇ ਕਠੋਰ ਵਿਅੰਗ ਭਰੀ ਮੁਸਕਰਾਹਟ…
“… ਤੂੰ ਬਹੁਤ ਬਦਲ ਗਿਆ ਏਂ ਦੀਪਕ, ਚਲੋ ਤੇਰੀ ਮਰਜ਼ੀ” ਹੰਝੂ ਉਹਦੇ ਦੁੱਖ ‘ਤੇ ਕੋਸੀ ਟਕੋਰ ਕਰਦੇ ਰਹੇ।
“ਯੂ ਆਰ ਰਾਈਟ, ਆਈ ਐਮ ਗਰੋਇੰਗ ਅੱਪ” ਉਹਨੇ ਕਿਤਾਬ ‘ਤੋਂ ਨਜ਼ਰ ਹਟਾਉਂਦਿਆਂ ਕਿਹਾ।
“ਮੈਨੂੰ ਨ੍ਹੀ ਪਤਾ ਕੀ ਹੋਇਐ ਪਰ ਤੂੰ ਹੱਸਣਾ ਖੇਡਣਾ ਸਭ ਭੁੱਲ ਗਿਐਂ… ਯੂ ਥਿੰਕ ਓਨਲੀ ਗੋਲਜ਼ ਮੈਟਰ”
“ਜੇ ਮੈਂ ਸਭ ਕੁਝ ਭੁੱਲ ਗਿਆ ਹਾਂ ਤਾਂ ਇਹ ਵੀ ਸਮਝ ਲੈ ਕਿ ਭੁੱਲੇ ਸਭ ਕੁਝ ਵਿੱਚ ਤੂੰ ਵੀ ਹੈਂ” ਉਹਨੇ ਅਪਣਾ ਇਰਾਦਾ ਸਪੱਸ਼ਟ ਕੀਤਾ ਤੇ ਅੱਖਾਂ ਕਿਤਾਬ ‘ਚ ਗੱਡ ਲਈਆਂ, “ਸ਼ਾਇਦ ਇਹਦੇ ‘ਚ ਹੀ ਅਪਣੀ ਭਲਾਈ ਹੈ” ਉਹ ਰੁਕ ਕੇ ਬੋਲਿਆ।
ਹਰਲੀਨ ਦੀ ਹਿੰਮਤ ਜੁਆਬ ਦੇ ਗਈ। ਨਿਢਾਲ ਜਿਹੀ ਉਹ ਸੋਫ਼ੇ ਤੋਂ ਉੱਠੀ ਤੇ ਦਰਵਾਜ਼ੇ ਕੋਲ ਜਾ ਅਪਣੇ ਬੂਟ ਤੇ ਕੋਟ ਪਾਇਆ। ਇੱਕ ਵਾਰ ਫੇਰ ਦੀਪਕ ਵੱਲ ਦੇਖਿਆ। ਉਹ ਮੱਥੇ ‘ਤੇ ਤਿਊੜੀ ਜਿਹੀ ਪਾ ਕਿਤਾਬ ਨੂੰ ਗਹੁ ਨਾਲ ਪੜ੍ਹਨ ਦਾ ਨਾਟਕ ਜਿਹਾ ਕਰ ਰਿਹਾ ਸੀ। ਕਿਤਾਬ ਦੇ ਬਾਹਰ ਕਵਰ ‘ਤੇ ਸੁਨਹਿਰੀ ਅੱਖਰਾਂ ‘ਚ ਲਿਖਿਆ ਸੀ “ਇਨਵੈਸਟਮੈਂਟ ਬੈਂਕਿੰਗ”।
ਉਸ ਨੇ ਬਾਹਰ ਨਿਕਲ ਠਾਹ ਕਰ ਦਰਵਾਜ਼ਾ ਮਾਰਿਆ।
ਦਰਵਾਜ਼ੇ ਦੀ ਠਾਹ ਹੁਣ ਫੇਰ ਦੀਪਕ ਦੇ ਕੰਨਾਂ ‘ਚ ਪਟਾਕੇ ਵਾਂਗ ਵੱਜੀ।

“ਆਰ ਯੂ ਗੋਇੰਗ ਟੂ ਟਰਾਂਟੋ?” ਰੌਜਰ ਪੁੱਛ ਰਿਹਾ ਸੀ।
“ਯੈੱਸ, ਐਕਚੁਅਲੀ ਆਈ ਐਮ…”
“ਹੈਵ ਰਾਈਡ ਵਿੱਦ ਅੱਸ” ਰੌਜਰ ਨੇ ਸੁਲ੍ਹਾ ਮਾਰੀ।
“ਨਹੀਂ, ਨਹੀਂ… ਨੌਟ ਅ ਗੁੱਡ ਆਈਡੀਆ… ਅਪਣੇ ਕੋਲ ਸਮਾਨ ਵੀ ਹੈ ਤੇ ਕਾਰ ਵੀ ਛੋਟੀ ਐ” ਹਰਲੀਨ ਬੋਲੀ।
ਅਸਲ ‘ਚ ਉਹ ਦੀਪਕ ਨਾਲ ਲੰਮਾ ਸਮਾਂ ਬੈਠਣ ਲਈ ਤਿਆਰ ਨਹੀਂ ਸੀ। ਦੀਪਕ ਨੇ ਵੀ ਉਸ ਵੱਲ ਇਉਂ ਦੇਖਿਆ ਜਿਵੇਂ ਉਹ ਸਮਝ ਗਿਆ ਹੋਵੇ ਕਿ ਕਿਉਂ ਮਨ੍ਹਾਂ ਕਰ ਰਹੀ ਹੈ।
“ਹੋਰ ਕੋਈ ਕਾਰ ਮਿਲਣੀ ਵੀ ਤਾਂ ਨ੍ਹੀ, ਮੇਰਾ ਖਿਆਲ ਆਪਾਂ ਮੈਨੇਜ ਕਰ ਲਵਾਂਗੇ ਸਾਰੇ” ਰੌਜਰ ਦਾ ਸੁਝਾਅ ਫੇਰ ਆਇਆ।
“ਓਹ ਵੈੱਲ, ਫ਼ਾਈਨ ਦੈੱਨ…” ਹਰਲੀਨ ਅੰਦਰੋਂ ਹਾਲੇ ਵੀ ਨਹੀਂ ਸੀ ਚਾਹੁੰਦੀ।
“ਗੈਰੀ ਨੂੰ ਤਾਂ ਹੁਣ ਤੱਕ ਕੌਫ਼ੀ ਲੈ ਕੇ ਆ ਜਾਣਾ ਚਾਹੀਦਾ ਸੀ, ਮੈਂ ਦੇਖਦਾਂ ਕਿੱਧਰ ਗਿਆ” ਕਹਿ ਰੌਜਰ ਉਪਰਲੇ ਲੈਵਲ ਵੱਲ ਨੂੰ ਤੁਰ ਪਿਆ।
ਹਰਲੀਨ ਨੇ ਬਿਲਕੁਲ ਨਾਲ ਖੜੇ ਦੀਪਕ ਵੱਲ ਨਜ਼ਰ ਮਾਰੀ। ਉਹਦੇ ਸਰੀਰ ਦਾ ਸੇਕ ਉਹ ਦੂਰੋਂ ਵੀ ਮਹਿਸੂਸ ਕਰ ਰਹੀ ਸੀ।
“ਇੱਕ ਪੁਰਾਣੇ ਦੋਸਤ ਨੂੰ ਰਾਈਡ ਦੇਣੀ ਤਾਂ ਬਣਦੀ ਹੈ… ਮੇਰੇ ਖਿਆਲ ‘ਚ…”
“…ਨੋ, ਆਈ… ਇਟਸ ਜਸਟ… ਇਟਸ ਫ਼ਾਈਨ” ਹਰਲੀਨ ਬੁੜਬੁੜਾਈ।
“ਮੈਂ ਕਿਹੜਾ ਰੌਜਰ ਨੂੰ ਦੱਸਣ ਲੱਗਿਆਂ ਕਿ…”
ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਹਿਣਾ ਚਾਹੁੰਦਾ ਹੈ। ਰੌਜਰ ਤੇ ਉਹਦੇ ਪਾਰਟਨਰ ਗੈਰੀ ਨੂੰ ਤਾਂ ਉਹ ਆਪ ਏਅਰਪੋਰਟ ‘ਤੇ ਹੀ ਮਿਲੀ ਸੀ। ਫਲਾਈਟ ਦੇ ਲੇਟ ਹੋਣ ਕਰਕੇ ਉਹ ਸਾਰੇ ਗੱਲਾਂ ਕਰਨ ਲੱਗੇ ਤੇ ਜ਼ਾਹਿਰ ਹੋਇਆ ਕਿ ਉਹ ਤਾਂ ਸਾਰੇ ਟਰਾਂਟੋ ਹੀ ਜਾ ਰਹੇ ਹਨ ਤਾਂ ਕਿਉਂ ਨਾ ਇੱਕੋ ਕਾਰ ਕਿਰਾਏ ਤੇ ਲੈ ਕੇ ਚਾਰ ਪੰਜ ਘੰਟੇ ‘ਚ ਘਰ ਪਹੁੰਚ ਜਾਣ।
ਚੁੱਪ ਬੋਝਲ ਹੋ ਰਹੀ ਸੀ।
“ਜਾਂ ਫੇਰ ਰੌਜਰ ਨੂੰ ਦੱਸ ਹੀ ਦਿਆਂ ਕਿ ਪਹਿਲਾਂ ਵੀ ਇੱਕ ਵਾਰ ਤੂੰ ਵਿਆਹ ਕਰਾਉਣ ਬਾਰੇ ਸੋਚਿਆ ਸੀ” ਦੀਪਕ ਐਵੇਂ ਉਸ ਨੂੰ ਛੇੜ ਰਿਹਾ ਸੀ।
“ਹਾਂ ਹਾਂ, ਜ਼ਰੂਰ ਦੱਸ ਪਰ ਉਹ ਨ੍ਹੀ ਪਰਵਾਹ ਕਰਦਾ ਇਹਨਾਂ ਗੱਲਾਂ ਦੀ” ਉਹ ਥੋੜ੍ਹਾ ਮੁਸਕਰਾਈ।
“ਕੀ ਗੱਲ? ਜੈਲੱਸ ਟਾਈਪ ਨੀ ਐ ਉਹ?” ਦੀਪਕਨੇ ਹੈਰਾਨ ਹੁੰਦੇ ਹੋਏ ਉਹਦੇ ਵੱਲ ਦੇਖਿਆ।
ਉਹ ਜੁਆਬ ਦੇਣ ਹੀ ਲੱਗੀ ਸੀ ਕਿ ਦੀਪਕ ਨੇ ਉਹਦੇ ਚਿਹਰੇ ‘ਤੇ ਉੱਡ ਉੱਡ ਪੈਂਦੇ ਵਾਲ ਹੌਲੀ ਜਿਹੀ ਪਿੱਛੇ ਕਰ ਦਿੱਤੇ। ਉਹਦੀਆਂ ਉਂਗਲਾਂ ਦੀ ਛੋਹ ਉਸ ਦੀਆਂ ਗੱਲ੍ਹਾਂ ਨੂੰ ਚੁੱਪ ਚੁਪੀਤੇ ਬਹੁਤ ਕੁਝ ਕਹਿ ਗਈ।
“ਜੈਲੱਸ ਤਾਂ ਹੋਵੇਗਾ ਹੀ ਜੇ ਉਹਨੇ ਮੈਨੂੰ ਇੱਦਾਂ ਕਰਦੇ ਦੇਖ ਲਿਆ”
ਉਹਨੇ ਹਰਲੀਨ ਦਾ ਚਿਹਰਾ ਅਚਾਨਕ ਅਪਣੇ ਦੋਹਾਂ ਹੱਥਾਂ ‘ਚ ਲੈ ਲਿਆ।
“ਕਿਉਂ ਦੀਪਕ? ਕਿਉਂ ਤੂੰ ਐਨੀ ਦੇਰ ਬਾਅਦ ਫੇਰ ਮੇਰੇ ਸਾਹਮਣੇ ਆ ਖੜਾ ਹੋਇਆ? ਪਤੈ ਕਿੰਨਾ ਔਖਾ ਤੈਨੂੰ ਭੁਲਾਇਆ ਸੀ?”
ਉਹ ਥੋੜ੍ਹਾ ਪਿੱਛੇ ਹਟਿਆ। ਉਸ ਨੂੰ ਯਾਦ ਆਇਆ ਕਿ ਹਰਲੀਨ ਹੁਣ ਕਿਸੇ ਹੋਰ ਦੀ ਹੋ ਚੁੱਕੀ ਸੀ।
“ਹੇਅਰ ਵੀ ਆਰ! ਲਓ ਕੌਫ਼ੀ ਪੀਓ” ਰੌਜਰ ਦੇ ਨਾਲ ਇੱਕ ਲੰਮਾ ਉੱਚਾ ਸੋਹਣੇ ਜੁੱਸੇ ਵਾਲਾ ਗੈਰੀ ਹੀ ਸੀ। ਦੋਹਾਂ ਦੇ ਹੱਥਾਂ ‘ਚ ਕੌਫ਼ੀ ਦੇ ਦੋ-ਦੋ ਕੱਪ ਸਨ। ਸਭ ਨੇ ਅਪਣੇ ਅਪਣੇ ਕੱਪ ਫੜ ਲਏ।
“ਦੀਪਕ!”ਰੌਜਰ ਨੇ ਮੁਸਕਰਾਉਂਦਿਆਂ ਗੈਰੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਦਿਸ ਇਜ਼ ਗੈਰੀ”
“ਰੌਜਰ ਕਹਿੰਦਾ ਤੂੰ ਵੀ ਸਾਡੇ ਨਾਲ ਸਨੋਅ ਐਂਡਵੈਂਚਰ ‘ਤੇ ਜਾ ਰਿਹੈਂ?” ਗੈਰੀ ਨੇ ਅਪਣੇ ਚਿੱਟੇ ਦੰਦਾਂ ਦੀ ਮੁਸਕਰਾਹਟ ਬਿਖੇਰਦੇ ਦੀਪਕ ਵੱਲ ਹੱਥ ਵਧਾਇਆ।
“ਇਫ਼ ਦੈਟਸ ਓ ਕੇ ਵਿਦ ਯੂ”
“ਸ਼ੋਅਰ” ਗੈਰੀ ਦਾ ਜੁਆਬ ਸੀ।
“ਥੈਂਕਸ, ਆਈ ਐਪਰੀਸ਼ੀਏਟ ਇਟ”, ਦੀਪਕ ਨੇ ਕੌਫ਼ੀ ਦਾ ਘੁੱਟ ਭਰਿਆ। ਰੌਜਰ ਥੋੜ੍ਹਾ ਚੁੱਪ ਜਿਹਾ ਹੋ ਗਿਆ ਤੇ ਦੀਪਕ ਨੂੰ ਲੱਗਾ ਜਿਵੇਂ ਉਹਨੂੰ ਕੋਈ ਸ਼ੱਕ ਹੋ ਗਿਆ ਹੋਵੇ।
“ਚਲੋ, ਹੁਣ ਕਾਰ ‘ਚ ਬੈਠੀਏ ਤੇ ਚੱਲੀਏ” ਹਰਲੀਨ ਨੇ ਸਭ ਨੂੰ ਨਾਲ ਤੋਰ ਲਿਆ।
ਇੱਕ ਥੱਕੀ ਹਾਰੀ, ਛੋਟੀ ਜਿਹੀ ਟਯੋਟਾ ਟਰਸਲ ਉਹਨਾਂ ਦੇ ਸਾਹਮਣੇ ਖੜੀ ਸੀ। ਸਾਰਿਆਂ ਨੇ ਅਪਣਾ ਅਪਣਾ ਸਮਾਨ ਡਿੱਕੀ ‘ਚ ਸੁੱਟਿਆ। ਹਰਲੀਨ ਦਾ ਪਿਛਲੀ ਸੀਟ ‘ਤੇ ਆ ਬੈਠਣਾ ਉਹਨੂੰ ਬਹੁਤ ਅਜੀਬ ਲੱਗਾ। ਅਗਲੀਆਂ ਸੀਟਾਂ ‘ਤੇ ਰੌਜਰ ਡਰਾਈਵਰ ਬਣ ਤੇ ਗੈਰੀ ਉਹਦੇ ਨਾਲ ਬੈਠ ਗਿਆ।
ਹਰਲੀਨ ਦੇ ਲਗਾਏ ਰੈੱਡ ਡਾਇਮੰਡ ਪਰਫਿ਼ਊਮ ਨਾਲ ਕਾਰ ‘ਚੋਂ ਆਉਂਦੀ ਗਰੀਸ ਦੀ ਗੰਧ ਕੁਝ ਘਟੀ ਤੇ ਸਾਹ ਲੈਣਾ ਸੌਖਾ ਹੋ ਗਿਆ। ਅਪਣੇ ਤੇ ਦੀਪਕ ਦੇ ਵਿਚਕਾਰ ਉਸ ਨੇ ਅਪਣਾ ਕੋਟ ਤੇ ਪਰਸ ਰੱਖ ਦਿੱਤਾ।
ਇੱਕ ਵਾਰ ਹਾਈਵੇਅ ‘ਤੇ ਪੈਣ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋਇਆ ਕਿ ਸਾਰੀਆਂ ਫਲਾਈਟਾਂ ਦਾ ਕੈਂਸਲ ਹੋਣਾ ਕਿੰਨਾ ਸੁਭਾਵਿਕ ਸੀ। ਤੇਜ਼ ਹਵਾ ਨਾਲ ਬਰਫ਼ ਉੱਡ ਕੇ ਸਾਹਮਣੇ ਕੁਝ ਵੀ ਦਿਖਣ ਨਹੀਂ ਸੀ ਦੇ ਰਹੀ। ਸੜਕਾਂ ਦੇ ਆਲੇ ਦੁਆਲੇ ਦੀ ਜ਼ਮੀਨ ਗੋਡੇ-ਗੋਡੇ ਬਰਫ਼ ਨਾਲ ਉੱਭਰੀ ਪਈ ਸੀ। ਕਾਰ ਵੀ ਕਈ ਵਾਰ ਅਜੀਬ ਜਿਹੀਆਂ ਅਵਾਜ਼ਾਂ ਕੱਢਦੀ ਤੇ ਸਾਰਿਆਂ ਨੂੰ ਡਰਾ ਦਿੰਦੀ।
ਬਾਹਰਲਾ ਮੌਸਮ ਤਾਂ ਕੁਝ ਵੀ ਨਹੀਂ ਉਸ ਦੇ ਮੁਕਾਬਲੇ ਜੋ ਝੱਖੜ ਉਹਨਾਂ ਦੋਹਾਂ ਦੇ ਮਨ ‘ਚ ਝੁੱਲ ਰਿਹਾ ਸੀ। ਸਭ ਚੁੱਪ ਸਨ।
“ਇਹ ਗਾਇਕ ਕੌਣ ਐ?” ਰੌਜਰ ਨੇ ਚੁੱਪ ਨੂੰ ਤੋੜਦਿਆਂ ਰੇਡੀਓ ‘ਤੇ ਚੱਲਦੇ ਗਾਣੇ ਬਾਰੇ ਪੁੱਛਿਆ।
“ਮੈਨੂੰ ਸੁਣ ਨਹੀਂ ਰਿਹਾ, ਅਵਾਜ਼ ਉੱਚੀ ਕਰੀਂ” ਹਰਲੀਨ ਬੋਲੀ।
“ਓ ਮਾਈ ਗੌਡ… ਮੇਰੀ ਜ਼ੁਬਾਨ ‘ਤੇ ਪਿਐ ਇਹਦਾ ਨਾਂ… ਨਿੱਕ ਕਾਰਟਰ”
“ਹਾਓ ਕੁੱਡ ਆਈ ਨੌਟ ਰਿਮੈਂਬਰ? ਮੈਨੂੰ ਤਾਂ ਨਿੱਕ ਕਾਰਟਰ ਬਹੁਤ ਚੰਗਾ ਲੱਗਦੈ” ਰੌਜਰ ਦੇ ਮੂੰਹੋਂ ਨਿਕਲਿਆ।
“ਸਟੌਪ… ਆਈ ਡੋਂਟ ਵਾਂਟ ਟੂ ਹਿਅਰ ਐਨੀਥਿੰਗ” ਗੈਰੀ ਨੂੰ ਵੱਟ ਜਿਹਾ ਚੜ੍ਹਿਆ।
ਦੀਪਕ ਨੂੰ ਉਹਨਾਂ ਦੀ ਗੱਲ ਬਾਤ ਬੜੀ ਅਜੀਬ ਲੱਗੀ। ਹਰਲੀਨ ਨੇ ਅਪਣੇ ਪਰਸ ‘ਚੋਂ ਟਿਸ਼ੂ ਪੇਪਰ ਲਈ ਹੱਥ ਮਾਰਿਆ ਤਾਂ ਉਹਦੀ ਕੂਹਣੀ ਦੀਪਕ ਨੂੰ ਵੱਜੀ।
“ਸੌਰੀ” ਕਹਿੰਦਿਆਂ ਉਹ ਸਿੱਧੀ ਜਿਹੀ ਹੋ ਬੈਠ ਗਈ।
“ਸੌਰੀ ਤਾਂ ਮੈਨੂੰ ਕਹਿਣਾ ਚਾਹੀਦੈ, ਮੈਂ ਕਿਉਂ ਐਵੇਂ ਤੁਹਾਡੇ ਸਫ਼ਰ ‘ਚ ਵਿਘਨ ਪਾਇਆ। ਅਪਣੇ ਫ਼ਿਆਂਸੀ ਨਾਲ ਤੂੰ ਬੜਾ ਵਧੀਆ ਹੱਸਦੇ ਖੇਡਦੇ ਪਹੁੰਚ ਜਾਣਾ ਸੀ”।
“ਫ਼ਿਆਂਸੀ?” ਅੱਗੇ ਬੈਠੇ ਦੋਹਾਂ ਨੇ ਪਿੱਛੇ ਨੂੰ ਗਰਦਨ ਘੁੰਮਾਉਂਦਿਆਂ ਕਿਹਾ।
ਡਰਾਈਵਿੰਗ ਤੋਂ ਧਿਆਨ ਹਟਣ ਕਰਕੇ ਕਾਰ ਇੱਕਦਮ ਫਿਸਲੀ, ਤੇਜ਼ੀ ਨਾਲ ਗੋਲ ਘੁੰਮੀ ਤੇ ਸੜਕ ਦੇ ਨਾਲ ਟੋਏ ‘ਚ ਜਾ ਫਸੀ। ਹਰਲੀਨ ਦੀਪਕ ‘ਤੇ ਜਾ ਡਿੱਗੀ ਤੇ ਉਹਨੇ ਅਪਣੀਆਂ ਦੋਹਾਂ ਬਾਹਾਂ ‘ਚ ਉਹਨੂੰ ਜਕੜ ਲਿਆ। ਸਾਰਿਆਂ ਨੇ ਡੌਰ ਭੌਰ ਇੱਕ ਦੂਜੇ ਵੱਲ ਦੇਖਿਆ।
“ਆਰ ਯੂ ਓ ਕੇ?” ਦੀਪਕ ਨੇ ਧੜਕਦੇ ਦਿਲ ਤੇ ਕੰਬਦੇ ਹੱਥਾਂ ਨਾਲ ਉਹਨੂੰ ਝੰਜੋੜਿਆ।
ਹਰਲੀਨ ਤਾਂ ਕਾਰ ‘ਚੋਂ ਔਖੀ ਸੌਖੀ ਬਾਹਰ ਹੀ ਨਿਕਲ ਗਈ। ਬਾਹਰ ਠੰਢੀ ਸੀਤ ਹਵਾ ਜਦੋਂ ਉਸ ਦੇ ਮੂੰਹ ‘ਤੇ ਪਈ ਤਾਂ ਜਜ਼ਬਾਤਾਂ ਦਾ ਵੇਗ ਵੀ ਕੁਝ ਸ਼ਾਂਤ ਹੋਇਆ। ਦੀਪਕ ਵੀ ਉਸ ਕੋਲ ਆ ਖੜਾ ਹੋਇਆ।
“ਪਤੈ ਕਿੰਨੀ ਦੇਰ ਲੱਗੀ ਮੈਨੂੰ ਸੰਭਲਣ ਲਈ ਜਦੋਂ ਤੋਂ ਤੂੰ ਛੱਡ ਕੇ ਤੁਰਦਾ ਬਣਿਆ? ਪਤਾ ਨਹੀਂ ਤੈਨੂੰ ਦਿਲ ਦੇ ਕਿਹੜੇ ਕੋਨੇ ‘ਚ ਦਫ਼ਨ ਕੀਤਾ ਹੋਇਆ ਸੀ ਮੈਂ ਕਿ ਤੂੰ ਫੇਰ…ਮੈਂ ਅਪਣੇ ਲਈ ਜਿ਼ੰਦਗੀ ਨੂੰ ਦੁਬਾਰਾ ਤਰਤੀਬ ਦਿੱਤੀ ਤੇ ਤੂੰ ਪਿਛਲੇ ਕੁਝ ਘੰਟਿਆਂ ‘ਚ ਹੀ ਫੇਰ ਤਰਥੱਲੀ ਮਚਾ ਦਿੱਤੀ… ਕਿਉਂ?”
“ਆਇ ‘ਮ ਸੌਰੀ, ਆਈ ਹੋਪ ਯੂ ਐਂਡ ਰੌਜਰ ਵਿੱਲ ਫੌਰਗਿਵ ਮੀ, ਆਈ ਵਿਸ਼ ਬੋਥ ਔਫ਼ ਯੂ ਹੈਪੀਨੈੱਸ”

“ਹੀ ਇਜ਼ ਗੇਅ ਦੀਪਕ… ਗੈਰੀ ਇਜ਼ ਹਿਜ਼ ਪਾਰਟਨਰ ਤੇ ਮੈਂ ਇਹਨਾਂ ਨੂੰ ਏਅਰਪੋਰਟ ‘ਤੇ ਹੀ ਮਿਲੀ ਹਾਂ”
ਉਹਨੇ ਕਾਰ ਦੇ ਅੰਦਰ ਝਾਤੀ ਮਾਰੀ ਤਾਂ ਉਹਨਾਂ ਦੋਹਾਂ ਨੇ ਹਾਂ ‘ਚ ਸਿਰ ਹਿਲਾਇਆ।
“ਤਾਂ ਫੇਰ ਤੂੰ ਵਿਆਹ ਨਹੀਂ ਕਰਵਾ ਰਹੀ…” ਉਹਨੂੰ ਯਕੀਨ ਨਹੀਂ ਸੀ ਹੋ ਰਿਹਾ।
“ਨਹੀਂ… ਪਰ ਤੂੰ ਹੁਣ ਮੈਨੂੰ ਕਦੀ ਇਹ ਨਹੀਂ ਕਹਿ ਸਕੇਂਗਾ ਕਿ ਮੇਰੇ ਵੀ ਕੁਝ ਸੁਪਨੇ ਨੇ…ਮੈਂ ਨਹੀਂ ਆਉਣ ਦਿਆਂਗੀ ਤੈਨੂੰ ਕਿਸੇ ਵੀ ਕੀਮਤ ‘ਤੇ ਅਪਣੀ ਜਿ਼ੰਦਗੀ ‘ਚ” ਕਹਿੰਦਿਆਂ ਉਸ ਨੇ ਬਰਫ਼ ‘ਤੇ ਇੱਕ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿੱਤਾ। ਹਾਈ ਹੀਲ ਵਾਲੇ ਸਨੋਅ ਬੂਟਾਂ ‘ਚ ਉਹ ਡਿੱਗਦੀ ਲੜਖੜਾਉਂਦੀ ਪਤਾ ਨਹੀਂ ਕਿੱਧਰ ਨੂੰ ਚੱਲ ਪਈ ਸੀ। ਉਹਨੂੰ ਉਦੋਂ ਹੀ ਪਤਾ ਲੱਗਾ ਜਦੋਂ ਪਿੱਛੋਂ ਆ ਕੇ ਦੀਪਕ ਨੇ ਉਹਨੂੰ ਚੁੱਕ ਲਿਆ।
“ਛੱਡ! ਛੱਡ ਮੈਨੂੰ” ਉਹ ਅਪਣੀਆਂ ਕੂਹਣੀਆਂ ਮਾਰਦੀ ਤੇ ਲੱਤਾਂ ਛਟਪਟਾਉਂਦੀ ਰਹੀ।
“ਹਰਲੀਨ, ਆਈ ਐਮ ਸੋ ਸੌਰੀ” ਉਹ ਉਹਦੀ ਗਰਦਨ ਕੋਲ ਮੂੰਹ ਕਰ ਉਹਦੇ ਕੰਨ ‘ਚ ਬੁੜਬੁੜਾਉਂਦਾ ਰਿਹਾ।
ਦੀਪਕ ਨੇ ਉਹਨੂੰ ਚੁੱਕੀ ਰੱਖਿਆ ਤੇ ਜਿਵੇਂ ਤਿਵੇਂ ਕਾਰ ਦਾ ਦਰਵਾਜ਼ਾ ਖੋਲ੍ਹ ਅੰਦਰ ਸੀਟ ‘ਤੇ ਲਿਆ ਬਿਠਾਇਆ। ਉਹਦੇ ਦੰਦ ਠੰਢ ਨਾਲ ਵੱਜ ਰਹੇ ਸਨ ਤੇ ਦੀਪਕ ਨੇ ਅਪਣੇ ਕੋਟ ਨਾਲ ਉਸ ਨੂੰ ਢੱਕਿਆ।
“ਕਾਰਸਟਾਰਟ ਹੋਏਗੀ ਕਿ ਨਹੀਂ?”
ਰੌਜਰ ਨੇ ਇਗਨੀਸ਼ਨ ‘ਚ ਚਾਬੀ ਪਾ ਘੁੰਮਾਈ ਪਰ ਕਾਰ ਤਾਂ ਟਰਰ ਟਰਰ ਕਰ ਦਮ ਤੋੜ ਗਈ।
“ਉਹ ਸਾਹਮਣੇ ਕਿਹੜੀ ਬਿਲਡਿੰਗ ਦਿਖਾਈ ਦੇ ਰਹੀ ਹੈ?” ਰੌਜਰ ਨੇ ਥੋੜ੍ਹੀ ਦੂਰ ਜਲਦੀਆਂ ਲਾਈਟਾਂ ਵੱਲ ਇਸ਼ਾਰਾ ਕੀਤਾ। ਬਰਫ਼ ‘ਚ ਗੱਡੀ ਬਿਲਡਿੰਗ ‘ਮਲਟੀਸਟੋਰੀ ਵੈੱਡਿੰਗ ਕੇਕ’ ਦੀ ਤਰ੍ਹਾਂ ਰੁਸ਼ਨਾ ਰਹੀ ਸੀ।
ਸਾਰੇ ਬਰਫ਼ ਦੇ ਉੱਪਰੋਂ ਚੱਲਦੀ ਸੀਤ ਹਵਾ ਦੇ ਥਪੇੜਿਆਂ ਨਾਲ ਹਾਲੋਂ ਬੇਹਾਲ ਹੋਏ ਹੋਟਲ ਵੱਲ ਤੁਰ ਪਏ। ਦੀਪਕ ਨੇ ਹਰਲੀਨ ਦਾ ਹੱਥ ਫੜੀ ਰੱਖਿਆ ਤੇ ਖਿਆਲਾਂ ਦੀਆਂ ਘੁੰਮਣਘੇਰੀਆਂ ‘ਚ ਉਹ ਫੇਰ ਕਿੰਨੇ ਸਾਲ ਪਹਿਲਾਂ ਹੋਈ ਹਰਲੀਨ ਨਾਲ ਆਖ਼ਰੀ ਮੁਲਾਕਾਤ ਤੱਕ ਪਹੁੰਚ ਗਿਆ।
ਓਹੀ ‘ਠਾਹ’ ਕਰ ਕੇ ਦਰਵਾਜ਼ਾ ਬੰਦ ਹੋਣ ਦੀ ਆਵਾਜ਼…
ਉਹ ਅਪਣੀ ਕਿਤਾਬ ‘ਚ ਨਜ਼ਰਾਂ ਗੱਡੀ ਬੈਠਾ ਰਿਹਾ ਪਰ ਅੱਖਰ ਤਾਂ ਧੁੰਦਲੇ ਹੋ ਗਏ ਸਨ। ਇਹ ਉਹਨੇ ਕੀ ਕੀਤਾ? ਕਿਉਂ ਐਨਾ ਰੁੱਖਾ ਬੋਲਿਆ ਉਸ ਨੂੰ? ਕਿਤਾਬ ਪਰ੍ਹੇ ਸੁੱਟ ਉਹ ਖਿੜਕੀ ਕੋਲ ਆ ਖੜਾ ਹੋਇਆ। ਉਹ ਤਾਂ ਉਨੀ ਹੀ ਤੇਜ਼ੀ ਨਾਲ ਤੁਰੀ ਜਾ ਰਹੀ ਸੀ ਜਿੰਨੀ ਤੇਜ਼ ਬਰਫ਼ ਚੁੱਕ ਕੇ ਉੱਡ ਰਹੀ ਹਵਾ… ‘ਭੱਜ ਕੇ ਉਹਨੂੰ ਮੋੜ ਲਿਆਵਾਂ … ਮੁਆਫ਼ੀ ਮੰਗ ਲਵਾਂ ਤੇ ਸਮਝਾਵਾਂ ਕਿ ਕਿਉਂ ਮੇਰੇ ਲਈ ਪੜ੍ਹ ਕੇ ਕਿਸੇ ਮੁਕਾਮ ‘ਤੇ ਪਹੁੰਚਣਾ ਇੰਨਾ ਜ਼ਰੂਰੀ ਹੈ। ਕਿੰਨਾ ਮੁਸ਼ਕਿਲ ਹੈ ਮਾਂ ਬਾਪ ਨੂੰ ਹਰ ਰੋਜ਼ ਅਲਾਰਮ ਲਾ ਕੇ ਚਾਰ ਵਜੇ ਉੱਠਦੇ ਦੇਖਣਾ ਤੇ ਚਾਹ ਦਾ ਪਹਿਲਾ ਕੱਪ ਵੀ ਕਾਰ ‘ਚ ਹੀ ਪੀਣਾ… ਲੰਚ ਰਾਤ ਨੂੰ ਹੀ ਬੰਨ੍ਹ ਕੇ ਕਿਚਨ ਕਾਊਂਟਰ ‘ਤੇ ਰੱਖਿਆ ਹੋਣਾ ਤੇ ਸਵੇਰੇ ਡੱਬਾ ਚੁੱਕ ਕੰਮਾਂ ‘ਤੇ ਭੱਜ ਜਾਣਾ। ਆ ਕੇ ਫੇਰ ਸਾਰਾ ਘਰ ਦਾ ਕੰਮ ਕਰਨਾ…ਆਪ ਤਾਂ ਉਹ ਇਕੱਲੀ ਬੱਚੀ ਹੈ ਮਾਂ ਬਾਪ ਦੀ, ਕਦੇ ਉਹਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਹੀ ਨਹੀਂ ਕਰਨਾ ਪਿਆ ਹੋਣਾ…’
ਹਰਲੀਨ ਮੋੜ ਕੱਟ ਚੁੱਕੀ ਸੀ ਪਰ ਉਹ ਖਿੜਕੀ ‘ਚੋਂ ਬਾਹਰ ਦੇਖਦਾ ਰਿਹਾ। ਉਹਦੇ ਬੂਟਾਂ ਦੇ ਨਿਸ਼ਾਨ ਵੀ ਉੱਡਦੀ ਬਰਫ਼ ਨਾਲ ਮਿਟ ਗਏ ਸਨ। ਡੈਡ ਦੀਆਂ ਗੱਲਾਂ ਮਨ ‘ਚ ਸਿਰ ਕੱਢਣ ਲੱਗੀਆਂ, “ਅਸੀਂ ਤੁਹਾਡੀ ਚੰਗੀ ਜ਼ਿੰਦਗੀ ਲਈ ਐਥੇ ਆਏ… ਸਭ ਕੁਝ ਛੱਡਿਆ ਤੇ ਕਿਹੋ ਜਿਹੇ ਕੰਮਾਂ ‘ਚ ਧੱਕੇ ਖਾ ਰਹੇ ਹਾਂ ਪਰ ਜੇ ਹੁਣ ਵੀ ਤੁਸੀਂ ਕੁਝ ਨਾ ਬਣੋ ਤਾਂ…”। ਉਹ ਮੁੜ ਸੋਫ਼ੇ ‘ਤੇ ਆ ਬੈਠਾ।
“ਥੈਂਕ ਗੌਡ, ਇਟ ਇਜ਼ ਅ ਹੋਟਲ!” ਰੌਜਰ ਬਿਲਡਿੰਗ ਦੇ ਨੇੜੇ ਆ ਬੱਚਿਆਂ ਵਾਂਗ ਚਹਿਕਿਆ।
ਹੋਟਲ ਲੌਬੀ ‘ਚ ਬੈਠੇ ਗੈਰੀ ਤੇ ਰੌਜਰ ਦੀ ਨੋਕ ਝੋਂਕ ਸ਼ੁਰੂ ਹੋ ਗਈ।
“ਤੂੰ ਨਿੱਕ ਕਾਰਟਰ ਨੂੰ ਜਿ਼ਆਦਾ ਪਸੰਦ ਕਰਦੈਂ, ਮੈਨੂੰ ਪਤਾ ਲੱਗ ਗਿਆ ਹੁਣ…” ਗੈਰੀ ਅਪਣੇ ਪਾਰਟਨਰ ਨਾਲ ਨਾਰਾਜ਼ ਸੀ।
ਹੋਟਲ ਰਿਸੈਪਸ਼ਨ ਤੋਂ ਪਤਾ ਲੱਗਾ ਕਿ ਸਿਰਫ਼ ਇੱਕ ਰੂਮ ਖਾਲੀ ਸੀ।
“ਸੋ, ਯੂ ਆਰ ਓ ਕੇ ਸ਼ੇਅਰਿੰਗ ਅ ਰੂਮ?” ਰੌਜਰ ਨੇ ਉਨ੍ਹਾਂ ਦੋਹਾਂ ਨੂੰ ਪੁੱਛਿਆ।
“ਅਸੀਂ ਤਾਂ ਲੌਬੀ ਦੇ ਵੇਟਿੰਗ ਲੌਜ ‘ਚ ਹੀ ਠੀਕ ਹਾਂ… ਨੋ ਪ੍ਰੌਬਲਮ” ਹਰਲੀਨ ਦਾ ਫ਼ੈਸਲਾ ਸੀ। ਪਰਸ ‘ਚੋਂ ਦੋ ਗਰੋਨੋਲਾ ਬਾਰ ਕੱਢ ਇੱਕ ਦੀਪਕ ਨੂੰ ਫੜਾਉਂਦਿਆਂ ਉਸ ਨੇ ਸੁਆਲ ਕੀਤਾ, “ਪਿਛਲੇ ਸਾਲਾਂ ‘ਚ ਕੋਈ ਡੇਟਿੰਗ ਕੀਤੀ?”

“ਹਾਂ, ਥੋੜ੍ਹੀ ਜਿਹੀ… ਦੋ ਵਾਰ ਸੀਰੀਅਸ ਰਿਲੇਸ਼ਨਸਿ਼ੱਪ ਹੋਏ ਪਰ ਪਤਾ ਨਹੀਂ ਕਿਉਂ ਮੈਂ ਪੂਰੀ ਤਰ੍ਹਾਂ ਖੁਲ੍ਹ ਨਹੀਂ ਸਕਿਆ…ਕਿਉਂਕਿ ਇੱਕ ਉਮੀਦ ਦਿਲ ਦੇ ਕਿਸੇ ਕੋਨੇ ‘ਚ ਹਾਲੇ ਵੀ ਜ਼ਿੰਦਾ ਸੀ ਕਿ ਤੂੰ ਜ਼ਰੂਰ ਮਿਲੇਂਗੀ”
ਹਰਲੀਨ ਨੇ ਲੰਮਾ ਸਾਹ ਭਰਿਆ। ਉਹਦੇ ਲਈ ਇਹ ਸਭ ਇੱਕ ਖ਼ਾਬ ਦੀ ਤਰ੍ਹਾਂ ਸੀ। ‘ਪਰ ਉਹ ਕਿਵੇਂ ਆ ਸਕਦੀ ਐ ਉਹਦੀ ਜ਼ਿੰਦਗੀ ‘ਚ? ਉਹਦੇ ਲਈ ਤਾਂ ਅਪਣਾ ਕੈਰੀਅਰ ਹੀ ਸਭ ਕੁਝ ਹੈ…’
“ਮੈਂ ਤਾਂ ਇਸ ਸੋਫ਼ੇ ‘ਤੇ ਤੇਰੇ ਨਾਲ ਬੈਠ ਬਾਕੀ ਦੀ ਜਿ਼ੰਦਗੀ ਕੱਟ ਸਕਦਾ ਹਾਂ”
ਦੇਰ ਰਾਤ ਤੱਕ ਗੱਲਾਂ ਕਰਦੇ ਉਹਨਾਂ ਨੂੰ ਪਤਾ ਨਹੀਂ ਕਦੋਂ ਨੀਂਦ ਦੀ ਘੂਕੀ ਚੜ੍ਹ ਗਈ।
“ਕਾਰ ਰੈਂਟਲ ਕੰਪਨੀ ਨੇ ਹੋਰ ਕਾਰ ਭੇਜ ਦਿੱਤੀ ਹੈ” ਸਵੇਰੇ ਰੌਜਰ ਸਿਰ ‘ਤੇ ਖੜ੍ਹਾ ਸੀ।
ਕਾਰ ‘ਚ ਬੈਠ ਦੀਪਕ ਦਾ ਦਿਲ ਬੈਠਦਾ ਜਾ ਰਿਹਾ ਸੀ। ਬਰੈਂਪਟਨ ਆਉਣ ਵਾਲਾ ਸੀ।
‘ਕੈਂਟਨ ‘ਚ ਹੀ ਤਾਂ ਦੋਨੋਂ ਰਹਿੰਦੇ ਹਾਂ… ਪਰ ਹਰਲੀਨ ਨੇ ਤਾਂ ਇੱਕ ਵਾਰ ਵੀ ਨਹੀਂ ਕਿਹਾ ਕਿ ਆਪਾਂ ਹੁਣ ਮਿਲਦੇ ਰਹਾਂਗੇ… ਇਹ ਮੁਲਾਕਾਤ ਤਾਂ ਅਚਾਨਕ ਹੀ ਹੋ ਗਈ… ਸ਼ਾਇਦ ਹਾਲੇ ਇਹਦਾ ਗੁੱਸਾ ਉੱਤਰਿਆ ਨਹੀਂ’
ਕਾਰ ਹਰਲੀਨ ਦੇ ਘਰ ਅੱਗੇ ਆ ਖੜੀ ਹੋਈ। ਦੀਪਕ ਨੇ ਬਾਹਰ ਨਿਕਲ ਉਹਦਾ ਦਰਵਾਜ਼ਾ ਖੋਲ੍ਹਿਆ। ਸਮਾਨ ਬਾਹਰ ਕੱਢਿਆ ਤੇ ਉਹਨੇ ਸਭ ਦਾ ਸ਼ੁਕਰੀਆ ਕਰਦਿਆਂ ਕਿਹਾ, “ਯੂ ਆਰ ਲੇਟ ਫੌਰ ਯੂਅਰ ਓਨ ਵੈੱਡਿੰਗ”।
“ਵੈੱਲ, ਇਟ ਇਜ਼ ਮਾਈ ਥਰਡ” ਰੌਜਰ ਬੋਲਿਆ।
“ਥਰਡ ਟਾਈਮ ਇਜ਼ ਲੱਕੀ” ਹਰਲੀਨ ਦੇ ਮੂੰਹੋਂ ਨਿਕਲਿਆ। ਸਾਰੇ ਹੱਸ ਪਏ।
“ਓ ਲੌਰਡ! ਆਈ ਹੋਪ” ਗੈਰੀ ਨੇ ਡਰਾਮਾ ਜਿਹਾ ਕਰਦੇ ਰੱਬ ਵੱਲ ਨੂੰ ਦੋਨੋਂ ਹੱਥ ਕਰਦਿਆਂ ਕਿਹਾ।
“ਬਾਏ”
ਦੀਪਕ ਉਹਨੂੰ ਦਰਵਾਜ਼ੇ ਤੱਕ ਛੱਡਣ ਗਿਆ।
“ਗੁੱਡ ਬਾਏ ਦੀਪਕ” ਉਹ ਉਸ ਵੱਲ ਮੁੜੀ, ਮਿੰਨ੍ਹਾ ਜਿਹਾ ਮੁਸਕਰਾਈ ਤੇ ਅੰਦਰ ਚਲੀ ਗਈ।
ਦਰਵਾਜ਼ਾ ਬੰਦ ਹੋਣ ਦੀ ਅਵਾਜ਼ ਨਾਲ ਇੱਕ ਵਾਰ ਫੇਰ ਦੀਪਕ ਨੂੰ ਅਪਣਾ ਦਿਲ ਧੱਸਦਾ ਜਾਪਿਆ।
ਜਦੋਂ ਘਰ ਪਹੁੰਚਿਆ ਤਾਂ ਬੈੱਲ ਕਰਨ ਦੀ ਦੇਰ ਸੀ ਕਿ ਸਾਰਾ ਪਰਿਵਾਰ ਦਰਵਾਜ਼ੇ ‘ਤੇ ਉਸ ਨੂੰ ਆ ਚਿੰਮੜਿਆ।
ਲਿਵਿੰਗ ਰੂਮ ਦੇ ਕਾਰਪੈੱਟ ‘ਤੇ ਬੈਠ ਉਹਨੇ ਅਪਣਾ ਅਟੈਚੀ ਖੋਲ੍ਹਿਆ। ਡੈਡ ਲਈ ‘ਸਵਿੱਸ ਆਰਮੀ’ ਦੀ ਘੜੀ, ਮੌਮ ਲਈ ਡਾਇਮੰਡ ਸੈੱਟ, ਨੀਟਾ ਲਈ ‘ਲੂਈ ਵਿੱਤੋ’ ਦਾ ਹੈਂਡਬੈਗ, ਨੀਲ ਲਈ ਪਰਫ਼ਿਊਮ ਤੇ ਆਸ਼ਿਤ ਲਈ ਖਿਡੌਣੇ ਅਟੈਚੀ ‘ਚੋਂ ਕੱਢ ਬਜ਼ਾਰ ਲਗਾ ਦਿੱਤਾ।
“ਹਾਏ ਮੈਂ ਮਰ ਜਾਂ… ਕਿੰਨਾ ਸੋਹਣਾ ਸੈੱਟ!” ਮੌਮ ਨੇ ਹਾਰ ਨੂੰ ਅਪਣੇ ਗਲੇ ਨਾਲ ਲਾਉਂਦਿਆਂ ਕਿਹਾ।
ਉਹ ਓਵਨ ‘ਚ ਬਣ ਰਹੇ ਗਰਿੱਲ ਚਿਕਨ ਨੂੰ ਦੇਖਣ ਲਈ ਉੱਠੇ ਤਾਂ ਦੀਪਕ ਕੋਲੋਂ ਲੰਘਦਿਆਂ ਉਹਨਾਂ ਨੇ ਉਹਦਾ ਮੱਥਾ ਚੁੰਮਿਆ।
ਅਗਲੀ ਸ਼ਾਮ ਉਹਨੂੰ ਲਿਵਿੰਗ ਰੂਮ ‘ਚ ਟੁੱਟਿਆ ਭੱਜਿਆ ਫਰਨੀਚਰ ਤੇ ਦੀਵਾਰਾਂ ਤੋਂ ਲੱਥਦਾ ਵਾਲ ਪੇਪਰ ਵੀ ਅੱਖੜ ਨਹੀਂ ਸੀ ਰਿਹਾ। ਉਹਦਾ ਦਿਲ ਤਾਂ ਉੱਡੂੰ-ਉੱਡੂੰ ਕਰ ਰਿਹਾ ਸੀ। ਡੈਡ ਤੋਤਲੀ ਅਵਾਜ਼ ‘ਚ ਆਸ਼ਿਤ ਨਾਲ ਗੱਲਾਂ ਕਰ ਰਹੇ ਸਨ। ਨੀਟਾ ਤੇ ਨੀਲ ਮੋਹ ਭਰੀਆਂ ਨਜ਼ਰਾਂ ਨਾਲ ਇੱਕ ਦੂਜੇ ਵੱਲ ਦੇਖਦੇ ਅਪਣੇ ਬੱਚੇ ਦੀਆਂ ਹਰਕਤਾਂ ‘ਤੇ ਹੱਸ ਰਹੇ ਸਨ ਤੇ ਮੌਮ ਕਿਚਨ ‘ਚ ‘ਮੈਨੂੰ ਹੀਰੇ-ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾਂ ਦਾ’ ਗਾ ਰਹੇ ਸੀ।
ਅਚਾਨਕ ਹੀ ਉਹਨੂੰ ਹਰਲੀਨ ਦੀ ਮੁੱਦਤਾਂ ਪਹਿਲਾਂ ਕਹੀ ਗੱਲ ਯਾਦ ਆਈ…
‘ਕਾਮਯਾਬੀ ਦਾ ਪੈਸੇ ਜਾਂ ਪਰਮੋਸ਼ਨ ਨਾਲ ਕੋਈ ਲੈਣਾ ਦੇਣਾ ਨ੍ਹੀ ਹੁੰਦਾ, ਇਹ ਤਾਂ ਬੱਸ ਪਿਆਰ ਹੀ ਹੈ ਜੋ ਜ਼ਿੰਦਗੀ ਜੀਣ ਲਾਇਕ ਬਣਾਉਂਦਾ ਹੈ… ਖ਼ਾਹਿਸ਼ਾਂ ਦਾ ਹੋਣਾ ਠੀਕ ਹੈ ਪਰ ਐਨਾ ਵੀ ਨਹੀਂ ਕਿ ਉਹ ਦਿਨ ਰਾਤ ਤੁਹਾਨੂੰ ਬੇਚੈਨ ਕਰਦੀਆਂ ਰਹਿਣ… ਤੇ ਤੁਹਾਡੇ ਕੋਲ ਅਪਣੀਆਂ ਖ਼ਾਹਿਸ਼ਾਂ ਨੂੰ ਸਾਂਝਾ ਕਰਨ ਵਾਲਾ ਵੀ ਕੋਈ ਨਾ ਬਚੇ…’
“ਮੈਂ ਹੁਣੇ ਆਇਆ” ਕਹਿ ਉਹ ਉੱਠਿਆ।
ਮੌਮ ਵੀ ਰੂਮ ‘ਚ ਆ ਗਏ। ਸਾਰੇ ਜਣੇ ਉਹਦੇ ਮੂੰਹ ਵੱਲ ਤੱਕਣ ਲੱਗੇ।
“ਮੈਂ… ਹਰਲੀਨ ਦੇ ਘਰ ਜਾ ਰਿਹਾਂ”
ਉਹ ਅਪਣੇ ਘਰ ਬੈਠੀ ਟੀ. ਵੀ. ਦੇਖ ਰਹੀ ਸੀ ਤੇ ਜਿਵੇਂ ਹੀ ਬੈੱਲ ਹੋਈ, ਉਹਨੇ ਅਪਣੇ ਡੈਡ ਨੂੰ ਕਿਹਾ, “ਮੈਂ ਦੇਖਦੀ ਹਾਂ”।
“ਦੀਪਕ!” ਦਰਵਾਜ਼ਾ ਖੋਲ੍ਹ ਉਹ ਦੇਖਦੀ ਹੀ ਰਹਿ ਗਈ।
ਦੀਪਕ ਦਾ ਚਿਹਰਾ ਠੰਢ ਨਾਲ ਲਾਲ ਤੇ ਵਾਲਾਂ ‘ਚ ਬਰਫ਼ ਦੇ ਕਤਰੇ ਫਸੇ ਹੋਏ ਸਨ।
“ਗੁੱਡ ਈਵਨਿੰਗ”
“ਹੈਲੋ” ਕਹਿ ਉਹ ਚੁੱਪ ਹੋ ਗਈ।
“ਘਰ ਸਭ ਠੀਕ ਠਾਕ ਨੇ?” ਹਰਲੀਨ ਨੇ ਐਵੇਂ ਹੀ ਪੁੱਛਿਆ। ਸਮਝ ਨਹੀਂ ਸੀ ਆ ਰਹੀ ਕੀ ਕਹੇ।
“ਹਰਲੀਨ, ਸੱਚਮੁੱਚ ਹੀ ਸਫ਼ਲ ਕੈਰੀਅਰ ਹੋਣ ਦੇ ਬਾਵਜੂਦ ਵੀ ਜੇ ਕੋਈ ਤੁਹਾਨੂੰ ਪਿਆਰ ਕਰਨ ਵਾਲਾ ਸਾਥੀ ਨਾ ਹੋਵੇ ਤਾਂ ਸਭ ਕੁਝ ਵਿਅਰਥ ਜਿਹਾ ਹੀ ਲੱਗਦਾ ਹੈ”।
ਉਹ ਸੁਣਦੀ ਰਹੀ।
“ਕਿੰਨਾ ਦੁਖੀ ਕੀਤਾ ਮੈਂ ਤੈਨੂੰ… ਤੇਰੀ ਪੜ੍ਹਾਈ ਬਾਰੇ ਪੁੱਠਾ ਸਿੱਧਾ ਕਹਿੰਦਾ ਰਿਹਾ। ਕਿੰਨਾ ਗਲਤ ਸੀ ਮੇਰਾ ਉਹ ਰਵੱਈਆ…”
“ਕੀ ਕਹਾਂ ਹੁਣ ਮੈਂ? ਚੱਲ, ਤੈਨੂੰ ਮੁਆਫ਼ ਕੀਤਾ…” ਉਹਨੇ ਬਹੁਤ ਹੀ ਭੋਲ਼ੇਪਣ ਨਾਲ ਕਿਹਾ।
“ਲੀਨਾ!” ਉਹ ਥੋੜ੍ਹਾ ਹੋਰ ਅੱਗੇ ਵਧਿਆ ਤੇ ਉਹਦੇ ਗਰਮ ਹੱਥ ਅਪਣੇ ਠੰਢੇ ਹੱਥਾਂ ‘ਚ ਫੜ ਲਏ।
“ਆਈ ਵਾਂਟ ਟੂ ਸ਼ੇਅਰ ਆਲ ਯੂਅਰ ਡਰੀਮਜ਼… ਐਂਡ ਸਪੈਂਡ ਦ ਰੈਸਟ ਔਫ਼ ਮਾਈ ਲਾਈਫ਼ ਵਿੱਦ ਯੂ”
ਹਰਲੀਨ ਦੀ ਧੜਕਣ ਵਧ ਗਈ ਤੇ ਦੀਪਕ ਦੀ ਮੁਸਕਰਾਹਟ ‘ਚ ਉਹਦੀ ਗੱਲ੍ਹ ਦਾ ਟੋਆ ਹੋਰ ਵੀ ਗਹਿਰਾ ਹੋ ਗਿਆ ਸੀ।

ਗੁਰਮੀਤ ਪਨਾਗ ਦੀਆਂ ਸਾਰੀਆਂ ਰਚਨਾਵਾਂ ਪੜ੍ਹੋ

ਲਫ਼ਜ਼ਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। 

2 thoughts on “Punjabi Story । ਕਹਾਣੀ । ਤੂਫ਼ਾਨ ਤੋਂ ਬਾਅਦ । ਗੁਰਮੀਤ ਪਨਾਗ”

  1. ਕਾਮਯਾਬੀ ਦਾ ਪੈਸੇ ਜਾਂ ਪਰਮੋਸ਼ਨ ਨਾਲ ਕੋਈ ਲੈਣਾ ਦੇਣਾ ਨ੍ਹੀ ਹੁੰਦਾ, ਇਹ ਤਾਂ ਬੱਸ ਪਿਆਰ ਹੀ ਹੈ ਜੋ ਜ਼ਿੰਦਗੀ ਜੀਣ ਲਾਇਕ ਬਣਾਉਂਦਾ ਹੈ… ਖ਼ਾਹਿਸ਼ਾਂ ਦਾ ਹੋਣਾ ਠੀਕ ਹੈ ਪਰ ਐਨਾ ਵੀ ਨਹੀਂ ਕਿ ਉਹ ਦਿਨ ਰਾਤ ਤੁਹਾਨੂੰ ਬੇਚੈਨ ਕਰਦੀਆਂ ਰਹਿਣ… ਤੇ ਤੁਹਾਡੇ ਕੋਲ ਅਪਣੀਆਂ ਖ਼ਾਹਿਸ਼ਾਂ ਨੂੰ ਸਾਂਝਾ ਕਰਨ ਵਾਲਾ ਵੀ ਕੋਈ ਨਾ ਬਚੇ…’wah kya khoob likhya .great writer

    Reply

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com

%d bloggers like this: