ਆਪਣੀ ਬੋਲੀ, ਆਪਣਾ ਮਾਣ

ਸ਼ਿਵ ਕੁਮਾਰ ਬਟਾਲਵੀ: ਮੌਤ, ਖ਼ੁਦਕੁਸ਼ੀ ਜਾਂ ਕਤਲ !

ਅੱਖਰ ਵੱਡੇ ਕਰੋ+=
Shiv Kumar Batalavi
Shiv Kumar Batalvi

ਬਟਾਲੇ ਵਾਲੇ ਕਵੀ ਸ਼ਿਵ ਕੁਮਾਰ ਦੀ 50ਵੀਂ (06 ਮਈ 2023) ਬਰਸੀ ਹੈ। ਸ਼ਿਵ ਨੂੰ ਪਿਆਰ ਕਰਨ ਵਾਲੇ ਸ਼ਿਵ ਨੂੰ ਯਾਦ ਕਰ ਰਹੇ ਹਨ। ਜਿਨ੍ਹਾਂ ਨੇ ਸ਼ਿਵ ਨੂੰ ਵੇਖਿਆ, ਸੁਣਿਆ ਹੈ, ਉਹ ਸ਼ਿਵ ਨਾਲ ਜੁੜੀਆਂ ਆਪਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਸ਼ਿਵ ਆਪਣੀ ਹਯਾਤੀ ਦੇ ਪੌਣੇ ਚਾਰ ਕੁ ਦਹਾਕਿਆਂ ਵਿਚ ਜਿਉਂਦੇ ਜੀਅ ਹੀ ਮਿੱਥ ਬਣ ਗਿਆ ਸੀ। ਸ਼ਿਵ ਦੀ ਮੌਤ ਤੋਂ ਬਾਅਦ ਉਸ ਦੀ ਆਪਣੀ ਸਿਰਜੀ ਫੁੱਲ ਜਾਂ ਤਾਰਾ ਬਣਨ ਦੀ ਮਿੱਥ ਹੋਰ ਵੀ ਵੱਡੀ ਹੋ ਗਈ ਸੀ। ਸ਼ਿਵ ਨੇ ਇਹ ਤਾਂ ਦੱਸਿਆ ਸੀ ਕਿ ਜੋ ਜੋਬਨ ਰੁੱਤੇ ਮਰਦਾ ਹੈ ਉਹ ਫੁੱਲ ਜਾਂ ਤਾਰਾ ਬਣਦਾ ਹੈ, ਇਹ ਵੀ ਕਿ ਜੋਬਨ ਰੁੱਤੇ ਕਰਮਾਂ ਵਾਲਾ ਮਰਦਾ ਹੈ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਮੌਤ ਕੁਦਰਤੀ ਹੋਵੇ, ਖ਼ੁਦਕੁਸ਼ੀ ਜਾਂ ਕਤਲ?

ਸੁਆਲ ਤਾਂ ਉਸ ਤੋਂ ਵੱਡਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਜੋਬਨ ਰੁੱਤੇ ਕੁਦਰਤੀ ਮੌਤ ਮਰਿਆ ਸੀ ਜਾਂ ਸ਼ਰਾਬ ਦੀ ਆਦਤ ਕਰਕੇ ਇਸ ਨੂੰ ਖ਼ੁਦਕੁਸ਼ੀ ਕਹੀਏ ਜਾਂ ਫਿਰ ਜਿਸ ਦਾ ਇਸ਼ਾਰਾ ਉਹ ਅਕਸਰ ਆਪਣੀਆਂ ਗੱਲਾਂ ਵਿਚ ਕਰਦਾ ਸੀ, ਉਸ ਦਾ ਉਹੀ ਕਤਲ ਹੋਇਆ ਸੀ?

ਅਕਸਰ ਸਮਾਜ ਨੂੰ ਚਲਾਉਣ ਵਾਲਾ ਨਿਜ਼ਾਮ ਦਾ ਢਾਂਚਾ ਜਦੋਂ ਆਮ ਬੰਦੇ ਦੇ ਜੀਣ-ਥੀਣ ਦੀਆਂ ਬੁਨਿਆਦੀ ਲੋੜਾਂ ਤੋਂ ਉਸ ਨੂੰ ਵਿਰਵਾ ਕਰ ਦਿੰਦਾ ਹੈ ਤੇ ਕੋਈ ਆਮ ਬੰਦਾ ਉਨ੍ਹਾਂ ਥੁੜਾਂ ਕਾਰਨ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ਤਾਂ ਸਮਾਜ ਵਿਗਿਆਨੀ ਉਸ ਨੂੰ ਸਿਆਸੀ ਜਾਂ ਸਮਾਜਿਕ ਕਤਲ ਕਹਿੰਦੇ ਹਨ।

ਕੀ ਸਿਰਫ਼ ਸਰੀਰ ਵਾਸਤੇ ਰੋਟੀ, ਕਪੜਾ, ਮਕਾਨ, ਇਲਾਜ ਵਰਗੀਆਂ ਬੁਨਿਆਦੀ ਲੋੜਾਂ ਦੀ ਪੈਦਾ ਕੀਤੀ ਗਈ ਮਹਿਰੂਮੀ ਤੋਂ ਹੋਈ ਮੌਤ ਨੂੰ ਸਮਾਜਿਕ ਕਤਲ ਦੀ ਸ਼੍ਰੇਣੀ ਵਿਚ ਰੱਖਾਂਗੇ ਜਾਂ ਮਾਨਸਿਕ ਤੌਰ ’ਤੇ ਇਨਸਾਨ ਨੂੰ ਲਗਾਤਾਰ ਸਮਾਜਿਕ ਸਪੇਸ ਵਿਚੋਂ ਲਗਾਤਾਰ ਮਨਫੀ ਕਰਦੇ ਜਾਣਾ ਵੀ ਸਮਾਜਿਕ ਕਤਲ ਗਿਣਿਆ ਜਾਵੇਗਾ। ਖ਼ਾਸ ਕਰਕੇ ਉਸ ਦੌਰ ਵਿਚ ਜਦੋਂ ਮਾਨਸਿਕ ਸਿਹਤ ਨੂੰ ਕੋਈ ਬਹੁਤਾ ਵੱਡਾ ਮਸਲਾ ਨਹੀਂ ਸਮਝਿਆ ਜਾਂਦਾ ਸੀ। ਪੰਜਾਬੀ ਸਮਾਜ ਵਿਚ ਅੱਜ ਵੀ ਮਾਨਸਿਕ ਸਿਹਤ ਕੋਈ ਸਮੱਸਿਆ ਨਹੀਂ ਹੈ।

ਸ਼ਿਵ ਕੁਮਾਰ ਦੇ ਸਮਕਾਲੀਆਂ ਵਿਚੋਂ ਪੰਜਾਬੀ ਦੇ ਵੱਡੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਜਦੋਂ ਅੱਜ ਉਸ ਨੂੰ ਯਾਦ ਕਰਦੇ ਹਨ ਤਾਂ ਉਹ ਆਪਣੀ ਗੱਲ ਇੱਥੇ ਮੁਕਾਉਂਦੇ ਹਨ, “ਮੇਰਾ ਮੰਨਣਾ ਹੈ ਕਿ ਹੋਰ ਕਾਰਨਾਂ ਤੋਂ ਇਲਾਵਾ ਸ਼ਿਵ ਦੀ ਮੌਤ ਨੂੰ ਨੇੜੇ ਲਿਆਉਣ ਵਾਲਾ ਇਕ ਕਾਰਨ ਉਸ ਵੇਲੇ ਦੇ ਸਾਹਿਤਕ ਮਾਹੌਲ ਵਿਚ ਸ਼ਿਵ ਦਾ ਅਪ੍ਰਸੰਗਿਕ ਹੋ ਜਾਣਾ ਵੀ ਸੀ।”

ਕੀ ਇਹ ਗੱਲ ਐਨੀ ਸਾਧਾਰਨ ਸੀ? ਕੀ ਸ਼ਿਵ ਆਪਣੇ-ਆਪ ਸੁਭਾਵਿਕ ਹੀ ਬਦਲੇ ਵਰਤਾਰਿਆਂ ਦੇ ਪ੍ਰਸੰਗ ਵਿਚ ਅਪ੍ਰਸੰਗ ਹੋ ਗਿਆ ਸੀ? ਕੀ ਜਾਂ ਫਿਰ ਉਸ ਨੂੰ ਅਪ੍ਰਸੰਗਿਕ ਕਰ ਦੇਣ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਗਈਆਂ ਸਨ? ਉਹ ਮੁਹਿੰਮ ਜਿਸ ਵਿਚ ਕਵੀ ਲਈ ‘ਕ੍ਰਾਂਤੀ’ ਨੂੰ ‘ਪਵਿੱਤਰ’ ਐਲਾਨ ਦਿੱਤਾ ਗਿਆ ਤੇ ਮੁਹੱਬਤ ਨੂੰ ‘ਨਖਿੱਧ’ ਗਰਦਾਨ ਦਿੱਤਾ ਗਿਆ। ਕੀ ਇਸੇ ਵਿਚੋਂ ਪਾਸ਼ ਦੇ ‘ਚਗਲੇ ਹੋਏ ਸਵਾਦਾਂ’ ਦੀ ਗੱਲ ਨਾ ਕਰਨ ਦੇ ਕਾਵਿਕ ਮੁਹਾਵਰੇ ਨਿਕਲਦੇ ਹਨ? ਕੀ ਇਸੇ ਕਰਕੇ ਉਹ ਆਪਣੀ ਦੋਸਤ (ਮਹਿਬੂਬ ਕੁੜੀ) ਤੋਂ ‘ਕ੍ਰਾਂਤੀਕਾਰੀ’ ਕਾਵਿਕ ਵਿਦਾ ਲੈਂਦਾ ਹੈ ਤਾਂ ਜੋ ਬਿਰਹਾ ਵਿਚ ਤੜਪ ਰਹੇ ਸ਼ਾਇਰ ਨੂੰ ਨਿਗੁਣਾ ਸਾਬਤ ਕਰ ਸਕੇ?

ਪਾਸ਼ ਤਾਂ ਸਿਰਫ਼ ਹਵਾਲਾ ਮਾਤਰ ਹੈ ਅਨੇਕ ਜੁਝਾਰਵਾਦੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕਵਿਤਾ ਤੇ ਸਾਹਿਤਕ ਸਿਰਜਣਾ ਨੂੰ ਕ੍ਰਾਂਤੀ ਬਨਾਮ ਮੁਹੱਬਤ ਦੀ ਜੰਗ ਦਾ ਮੈਦਾਨ ਬਣਾਈ ਰੱਖਿਆ ਹੈ ਤੇ ਇਹ ਜੰਗ ਅੱਜ ਵੀ ਜਾਰੀ ਹੈ।

ਇਕ ਪਾਸੇ ਸ਼ਿਵ ਦੀ ਚੜ੍ਹਤ ਸੀ।  ਵਰਿਆਮ ਸੰਧੂ ਹੁਰਾਂ ਦੇ ਸ਼ਬਦਾਂ ਵਿਚ “ਲੋਕ ਸ਼ਿਵ ਕੁਮਾਰ ਨੂੰ ਨੇੜੇ ਢੁਕ-ਢੁਕ ਵੇਖਦੇ, ਜਿਵੇਂ ਕੋਈ ਅਸਮਾਨੀ ਜੀਵ ਹੋਵੇ। ਏਨਾ ਜਲਵਾ ਤੇ ਕਸ਼ਿਸ਼ ਸੀ ਉਹਦੀ ਸ਼ਾਇਰੀ ਤੇ ਸ਼ਖ਼ਸੀਅਤ ਦੀ।” ਦੂਜੇ ਪਾਸੇ ਖੱਬੇ-ਪੱਖੀ ਲਹਿਰ ਦਾ ਧਮਾਕਾਖ਼ੇਜ਼ ਐਡਵੈਂਚਰ ਆਪਣੇ ਨਾਲ ਸਭ ਕੁਝ ਵਹਾ ਕੇ ਲੈ ਜਾਣਾ ਚਾਹੁੰਦਾ ਸੀ। ਇੱਥੋਂ ਤੱਕ ਕਿ ਹਰ ਉਸ ਲੇਖਕ ਨੂੰ ਤੇ ਉਸ ਲਿਖਤ ਨੂੰ ਜੋ ਉਸ ਦੀ ਲਹਿਰ ਦੇ ਫਿੱਟ ਨਹੀਂ ਬੈਠਦੀ ਸੀ, ਭਾਵੇਂ ਕਿ ਉਹ ਉਸ ਦੇ ਵਿਰੋਧ ਵਿਚ ਨਾ ਵੀ ਹੋਵੇ। ਉਦੋਂ ਹੀ ਇਹ ਮੁਹਾਵਰਾ ਵੀ ਘੜਿਆ ਗਿਆ ਸੀ ਕਿ ਜਦੋ ਸਾਡੇ ਨਾਲ ਨਹੀਂ, ਉਹ ‘ਦੁਸ਼ਮਨ’ ਦੇ ਨਾਲ ਹੈ।

ਸ਼ਾਇਦ ਇਸੇ ਦੇ ਹਵਾਲੇ ਨਾਲ ਜੀਤ ਕਮਲ ਕੁਹਾਲੀਵਾਲਾ ਆਖਦਾ ਹੈ

“ਖੱਬੇ-ਪੱਖੀ ਅਤੇ ‘ਸੁਧਾਰ ਪੱਖੀ’ ਲੇਖਕਾਂ ਦੁਆਰਾ ਕੀਤੀ ਜਾ ਰਹੀ ਨੁਕਤਾਚੀਨੀ ਤੋਂ ਸ਼ਿਵ ਬਹੁਤ ਨਿਰਾਸ਼ ਸੀ। ਆਪਣੀ ਸ਼ਾਇਰੀ ਦੀ ਇਸ ਤਰ੍ਹਾਂ ਦੀ ਨੁਕਤਾਚੀਨੀ ਤੋਂ ਖਫ਼ਾ ਹੋ ਕੇ ਹੁਣ ਉਸ ਨੇ ਖੁੱਲ੍ਹੇਆਮ ਬੋਲਣਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਵੱਲੋਂ ਉਸਦੀਆਂ ਕਵਿਤਾਵਾਂ ਅਤੇ ਸ਼ੇਅਰਾਂ ਦੀ ਨੁਕਤਾਚੀਨੀ ਨੇ ਉਹਦੇ ਦਿਲੋ-ਦਿਮਾਗ ’ਤੇ ਬੜਾ ਅਸਰ ਕੀਤਾ।” ਕੀ ਇਹ ਸ਼ਿਵ ਨੂੰ ਬਦਲੇ ਸਮਾਜਿਕ ਮਾਹੌਲ ਵਿਚ ਬਹੁਤ ਮਿੱਥ ਕੇ ਅਪ੍ਰਸੰਗਿਕ ਕਰ ਦੇਣ ਦੀ ‘ਸਾਜ਼ਿਸ਼’ ਨਹੀਂ ਸੀ?

ਇਸ ਕਰਕੇ ਹੀ ਨੌਜਵਾਨ ਚਿੰਤਕ ਗੁਰਦੀਪ ਸਿੰਘ ਕਹਿੰਦਾ ਹੈ, “ਸ਼ਿਵ ਕੁਮਾਰ, ਜਿੰਨਾਂ ਸਮਿਆਂ ਵਿੱਚ ਜਿਉਂਇਆਂ ਉਨ੍ਹਾਂ ਸਮਿਆਂ ਵਿੱਚ ਪੰਜਾਬੀ ਚਿੰਤਨ ਨੇ ਉਸ ਵੱਲ ਪਿੱਠ ਕੀਤੀ। ਬਾਅਦ ਵਿੱਚ ਲੰਮਾ ਸਮਾਂ, ਸੱਚੀ ਗੱਲ ਕਿ ਹੁਣ ਤੱਕ ਉਸਦੀ ਲਿਖਤ ਨੂੰ ਸਮਝਿਆ ਨਹੀਂ ਗਿਆ। ਉਸ ਦਾ ਵੱਡਾ ਕਾਰਨ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿੱਚ ਸਾਹਿਤ ਸਿਰਜਣਾ ਦੀ ਵੰਡ ਰਹੀ। ਜਿੰਨਾਂ ਸਮਿਆਂ ਵਿੱਚ ਉਸਨੇ ਸਿਰਜਣਾ ਕੀਤੀ ਉਹ ਸਮਾਂ ਕਦੇ ਪ੍ਰਗਤੀਵਾਦ ਦੇ ਕੰਧੇੜੇ ਚੜ੍ਹਿਆ, ਕਦੇ ਪ੍ਰਯੋਗਵਾਦ ਦੇ ਅਤੇ ਕਦੇ ਜੁਝਾਰਵਾਦ ਦੇ। ਉਸ ਸਮੇਂ ਸ਼ਿਵ ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਖ਼ਬਰ ਸਿਰਜਣਾ ਕਰਦਾ ਰਿਹਾ। ਸ਼ਾਇਦ ਇਹ ਅਚੇਤ ਉਸ ’ਤੇ ਪ੍ਰਭਾਵ ਸੀ ਕਿ ਉਸਨੂੰ ‘ਲੂਣਾ’ ਵਰਗੀ ਮੈਨੂਫੈਕਚਰਡ ਲਿਖਤ ਲਿਖਣੀ ਪਈ।”

ਲਗਦਾ ਹੈ ਇਸੇ ਕਰਕੇ ਸ਼ਿਵ ਨੇ ਇੰਗਲੈਂਡ ਵਿਚ ਬੀਬੀਸੀ ਵਾਸਤੇ ਮਹਿੰਦਰ ਕੌਲ ਨਾਲ ਕੀਤੀ ਮੁਲਾਕਾਤ ਵਿਚ ਕਿਹਾ ਸੀ ਕਿ ਉਹ ਜਿਸ ਸਮਾਜ ਵਿਚੋਂ ਆਇਆ ਹੈ, ਉੱਥੇ ਸੰਵੇਦਨਾਸ਼ੀਲ ਬੰਦੇ ਨੂੰ ‘ਸਲੌ ਸੁਸਾਇਡ’ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ। ਹਰ ਜ਼ਹੀਨ ਬੰਦਾ ਉੱਥੋਂ ਭੱਜ ਜਾਣਾ ਚਾਹੁੰਦਾ ਹੈ।  ਕਹਿੰਦੇ ਨੇ ਇੰਗਲੈਂਡ ਹੀ ਉਹ ਬੇਤਹਾਸ਼ਾ ਸ਼ਰਾਬ ਪੀਣ ਲੱਗ ਗਿਆ ਸੀ ਤੇ ਵਾਪਸ ਆ ਕੇ ਲਗਾਤਾਰ ਉਹ ਨਿਰਾਸ਼ਾ ਵਿਚ ਡੁੱਬਦਾ ਜਾ ਰਿਹਾ ਸੀ। ਨਿਰਾਸ਼ਾ ਉਸ ਨੂੰ ਅੰਦਰੋਂ ਤੋੜ ਰਹੀ ਸੀ ਤੇ ਸ਼ਰਾਬ ਬਾਹਰੋਂ।

ਇਹ ਨਹੀਂ ਹੈ ਕਿ ਸ਼ਿਵ ਪੂਰੀ ਤਰ੍ਹਾਂ ਬਿਰਹਾ ਤੇ ਸ਼ਰਾਬ ਵਿਚ ਡੁੱਬ ਗਿਆ ਸੀ ਜਾਂ ਸਮਾਜਿਕ ਸਰੋਕਾਰ ਉਸ ਦੀ ਕਵਿਤਾ ਵਿਚੋਂ ਮਨਫ਼ੀ ਸਨ। ਸ਼ਿਵ ਵੱਲੋਂ ਪ੍ਰੀਤ ਨਗਰ ਵਿਚ ਹੋਏ ਭਰਵੇਂ ਜਲਸੇ ਵਿਚ ਪੜ੍ਹੀ ਗਈ ਬਾਗ਼ੀ ਸੁਰ ਵਾਲੀ ਕਵਿਤਾ ਦੇ ਹਵਾਲੇ ਨਾਲ ਵਰਿਆਮ ਸੰਧੂ ਇਸ ਗੱਲ ਦੀ ਅੱਖੀ-ਡਿੱਠੀ ਗਵਾਹੀ ਭਰਦੇ ਹੋਏ ਕਹਿੰਦੇ ਹਨ, “ਸ਼ਿਵ-ਕੁਮਾਰ ਜਿਹਾ ‘ਬਿਰਹਾ ਦਾ ਸ਼ਾਇਰ’ ਵੀ ਬਗ਼ਾਵਤ ਦੀ ਆਵਾਜ਼ ਬੁਲੰਦ ਕਰ ਰਿਹਾ ਸੀ। ਲੋਕ ਇਹੋ ਜਿਹੀ ਆਵਾਜ਼ ਹੀ ਸੁਣਨਾ ਚਾਹੁੰਦੇ ਸਨ। ਤੁਰਸ਼ ਅਤੇ ਤਿੱਖੀ। ਇਹ ਆਵਾਜ਼ ਉਹਨਾਂ ਦੇ ਦਿਲ ਦੀ ਆਵਾਜ਼ ਸੀ। ਉਹਨਾਂ ਦੀ ਆਪਣੀ ਆਵਾਜ਼। ਭਾਰਤ ਦੇ ਦੱਬੇ ਕੁਚਲੇ ਲੋਕਾਂ ਦੀ ਸਥਾਪਤ ਤਾਕਤਾਂ ਵਿਰੁੱਧ ਰੋਹ ਭਰੀ ਬੁਲੰਦ ਆਵਾਜ਼। ”

ਕਵਿਤਾ ਪੜ੍ਹਨ ਵੇਲੇ ਸ਼ਿਵ ਨੇ ਮੰਚ ਤੋਂ ਦੱਸਿਆ ਸੀ ਕਿ ਪ੍ਰੀਤਲੜੀ ਵਿਚ ਬਾਗ਼ੀ ਸੁਰ ਵਾਲੀ ਇਹ ਕਵਿਤਾ ਛਾਪਣ ਵੇਲੇ ਸੰਪਾਦਕ ਨਵਤੇਜ ‘ਵੀਰ’ ਨੇ ਇਸ ਕਵਿਤਾ ਦੀਆਂ ਕੁਝ ਸਤਰਾਂ ਕੱਟ ਦਿੱਤੀਆਂ ਸਨ। ਸ਼ਿਵ ਨੇ ਇਸ ਨੂੰ ਨਵਤੇਜ ਦੀ ਮਜਬੂਰੀ ਕਹਿ ਕੇ ‘ਮੁਆਫ਼’ ਕਰ ਦਿੱਤਾ ਸੀ। ਸਤੱਰਿਵਾਂ ਵਿਚ ਜਦੋਂ ਪੰਜਾਬ ਵਿਚ ਨਕਸਲੀ ਲਹਿਰ ਦੀ ਚੜ੍ਹਤ ਸੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਉਨ੍ਹਾਂ ਮੁੰਡਿਆਂ ਦੀ ਚੜ੍ਹਤ ਸੀ ਤਾਂ ਭਰੇ ਪੰਡਾਲ ਵਿਚ ਸ਼ਿਵ ਕੁਮਾਰ ਬਟਾਲਵੀ ਦੀ ‘ਹੂਟਿੰਗ’ ਹੁੰਦੀ ਹੈ। ਉਹ ਜਵਾਨ ਮੁੰਡੇ ਕਿਸ ਸਕੂਲਿੰਗ ਦੇ ਪ੍ਰਭਾਵ ਵਿਚ ਮੰਚ ’ਤੇ ਖੜ੍ਹੇ ਕਮਜ਼ੋਰ ਜਿਹੇ ਹੋ ਚੁੱਕੇ ਸ਼ਿਵ ਨੂੰ ਠਿੱਠ ਕਰ ਰਹੇ ਸਨ? ਕੀ ਲਗਾਤਾਰ ਸਾਹਿਤਕ ਮੰਚਾਂ ਤੋਂ ਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਰਚਿਆਂ ਵਿਚ ਜੋ ਉਸ ਵੇਲੇ ਸ਼ਿਵ ਬਾਰੇ ਕਿਹਾ-ਲਿਖਿਆ ਜਾ ਰਿਹਾ ਸੀ, ਇਹ ਉਸ ਦਾ ਨਤੀਜਾ ਨਹੀਂ ਸੀ? ਸੋਚਣ ਵਾਲੀ ਗੱਲ ਇਹ ਹੈ ਜਿਉਂਦੇ ਜੀਅ ਕਿਸੇ ਨੂੰ ਹੋਰ ਕਿਵੇਂ ਅਪ੍ਰਸੰਗਕ ਕੀਤਾ ਜਾਂਦਾ ਹੈ?

ਬਾਗ਼ੀ ਸੁਰ ਵਾਲੀਆਂ ਕਵਿਤਾਵਾਂ ਰਾਹੀਂ ਉਸ ਨੇ ਆਪਣੇ ਅੰਦਰ ਪਏ ਪ੍ਰਗਤੀਵਾਦੀ ਤੇ ਲੂਣਾ ਰਾਹੀਂ ਨਾਰੀਵਾਦੀ ਨੂੰ ਪ੍ਰਗਟ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਕੋਈ ਸ਼ੱਕ ਨਹੀਂ ਕਿ ਇਨ੍ਹਾਂ ਕਵਿਤਾਵਾਂ ਵਿਚ ਵੀ ਸ਼ਿਵ ਕੁਮਾਰ ਵਾਲਾ ਪੂਰਾ ਜਲੌ ਸੀ।  ‘ਲੂਣਾ’ ਨੇ ਉਸ ਨੂੰ ਸਭ ਤੋਂ ਛੋਟੀ ਉਮਰ ਵਿਚ ਸਾਹਿਤ ਅਕਾਦਮੀ ਸਨਮਾਨ ਤਾਂ ਦਿਵਾ ਦਿੱਤਾ ਪਰ ਧੜੇਬੰਦੀ ਦੀ ਲਾਗ ਨਾਲ ਪੀੜਿਤ ਸਾਹਿਤਕ ਵਰਤਾਰੇ ਸ਼ਿਵ ਨੂੰ ਹੌਲੀ-ਹੌਲੀ ਅਸਪ੍ਰਸੰਗਕਤਾ ਦਾ ਜ਼ਹਿਰ ਦਿੰਦੇ ਰਹੇ।

ਫਿਰ ਕਿਉਂ ਨਾ ਕਹੀਏ ਕਿ ਸ਼ਿਵ ਕੁਮਾਰ ਨਾ ਕੁਦਰਤੀ ਮੌਤ ਮਰਿਆ ਤੇ ਨਾ ਹੀ ਉਸ ਨੇ ਸ਼ਰਾਬ ਪੀ-ਪੀ ਕੇ ਖ਼ੁਦਕੁਸ਼ੀ ਕੀਤੀ, ਬਲਕਿ ਸਿਆਸੀ-ਸਾਹਿਤਕ ਸੰਕੀਰਨਤਾ ਨੇ ਹੌਲੀ-ਹੌਲੀ ਉਸ ਦਾ ਮਾਨਸਿਕ ਕਤਲ ਕੀਤਾ। ਜਿੰਨੀ ਦੇਰ ਤੱਕ ਸ਼ਿਵ ਇਸ ਮਾਨਸਿਕ ਤਸ਼ੱਦਦ ਨੂੰ ਝੱਲ ਸਕਦਾ ਸੀ ਝੱਲੀ ਗਿਆ। ਆਖ਼ਰਕਾਰ ਜੋਬਨ ਰੁੱਤੇ ਮਰਨ ਦੀਆਂ ਗੱਲਾਂ ਕਰਦੇ-ਕਰਦੇ ਆਪਣੇ ਮਾਨਸਿਕ ਕਤਲ ਦਾ ਅਨੁਵਾਦ ਸ਼ਿਵ ਨੇ ਸ਼ਰਾਬ ਰਾਹੀਂ ਆਪਣੇ ਜਿਸਮ ਦੀ ਮੌਤ ਦੇ ਰੂਪ ਵਿਚ ਕਰ ਦਿੱਤਾ।

ਅਖ਼ੀਰ ਵਿਚ ਵਰਿਆਮ ਸੰਧ ਹੁਰਾਂ ਦੇ ਹੀ ਸ਼ਬਦਾਂ ਵਿਚ ਕਹਿਣਾ ਵਾਜਬ ਹੋਵੇਗਾ- “…ਸ਼ਿਵ ਕਦੀ ਵੀ ਅਪ੍ਰਸੰਗਿਕ ਨਹੀਂ ਹੋਣ ਲੱਗਾ। ਬੰਦੇ ਅੰਦਰਲੀ ਉਦਾਸੀ ਨੂੰ ਜ਼ਬਾਨ ਦੇਣ ਵਾਲੀ ਕਵਿਤਾ ਕਦੀ ਨਹੀਂ ਮਰਦੀ। ਏਸੇ ਕਰ ਕੇ ਸ਼ਿਵ ਅੱਜ ਵੀ ਜਿਊਂਦਾ ਏ।”

ਲਫ਼ਜਾਂ ਦਾ ਪੁਲ ਇਕ ਸੁਤੰਤਰ ਸਾਹਿਤਕ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਸਾਹਿਤ, ਸਭਿਆਚਾਰ, ਵਿਰਸੇ ਨਾਲ ਸਬੰਧਤ ਲਿਖਤਾਂ, ਆਡਿਓ, ਵੀਡਿਓ, ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ।

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com