ਕਵੀ ਦੀ ਕਲਮ
’ਤੇ ਸਫ਼ਿਆਂ ਤੋਂ ਬਹੁਤ ਦੂਰ
ਕਈ ਡੰਗਾਂ ਤੋਂ ਠੰਡੇ ਚੁੱਲੇ ਦੀ ਸੁਆਹ ਵਿੱਚ
ਪੋਹ ਦੇ ਮਹੀਨੇ ਨੰਗੇ ਪੈਰੀਂ
ਕੂੜਾ ਚੁਗ਼ਦੀ ਬਾਲ੍ਹੜੀ ਦੇ ਪੈਰਾਂ ਦੀਆਂ ਚੀਸਾਂ ’ਚ
60 ਸਾਲਾਂ ਦੇ ਬੁੱਢੇ ਦੇ ਮੌਰਾਂ ਤੇ ਰੱਖੀ
ਭਾਰ ਢੋਣੇ ਗੱਡੇ ਦੀ ਪੰਜਾਲੀ ਦੀ ਰਗੜ ’ਚ
ਕਵੀ ਦੀ ਕਲਮ ਤੇ ਸਫ਼ਿਆਂ ਤੋਂ ਬਹੁਤ ਦੂਰ,
ਕਵਿਤਾ ਸਿਰ ਝੁਕਾਈ ਬੈਠੀ ਹੈ
ਚੁੱਲ੍ਹੇ-ਚੌਂਕੇ ਦੇ ਦਸ ਮੀਟਰ ਦੇ ਘੇਰੇ ’ਚ
ਸਿਮਟੀ ਔਰਤ ਦੀ ਹੋਂਦ ਵਿੱਚ
ਘਰ ਤੋਂ ਖੇਤ ਦੇ ਸਫ਼ਰ ’ਚ ਗੁਆਚੀਆਂ
ਬਚਪਨ ਤੇ ਜਵਾਨੀ ਦੀਆਂ ਹੁਸੀਨ ਰਾਤਾਂ ਦੀ ਉਮਰ ’ਚ
ਰਿਕਸ਼ੇ ਦੇ ਤੁਰਦੇ ਰਹਿਣ ਨਾਲ ਜੁੜੀ
ਪਰਵਾਸੀ ਮਜ਼ਦੂਰ ਦੀ ਤਕਦੀਰ ’ਚ
ਮਹਿਜ਼ ਬਿੰਬਾਂ, ਅਲੰਕਾਰਾਂ, ਉਪਮਾਵਾਂ ‘ਤੇ ਪ੍ਰਤੀਕਾਂ ਦੀ ਭੀੜ ਤੋਂ,
ਸ਼ਬਦਾਂ ਦੇ ਜਾਦੂਮਈ ਵਿਰੋਧਾਭਾਸ ਦੀ,
ਵਾਹ-ਵਾਹ ’ਚੋਂ ਓੱਠਦੇ ਜੋਸ਼ ਤੋਂ,
ਕਵੀ ਦੀ ਸਵੈ-ਪੀੜ ਦੇ ਬਹੁਤ ਹੀ ਸੂਖ਼ਮ
ਅਹਿਸਾਸਾਂ ਤੋਂ ਬਹੁਤ ਦੂਰ
ਕਵਿਤਾ ਸਿਰ ਝੁਕਾਈ ਬੈਠੀ ਹੈ।
ਉਂਝ ਤਾਂ ਮੈਂ ਸੁਣਿਆ ਹੈ
ਕਲਮਾਂ ਇਤਿਹਾਸ ਲਿਖਦੀਆਂ ਨੇ
ਬੁਝ੍ਹੇ ਜਜ਼ਬਿਆਂ ’ਚ ਸੇਕ ਭਰਦੀਆਂ ਨੇ
ਕਿ ਕਵਿਤਾ ਦੇ ਲਫ਼ਜ਼
ਮੁਰਝਾਈਆਂ ਅੱਖਾਂ ਦੀ ਲਿਸ਼ਕ ਬਣਦੇ ਨੇ
[ਪਰ] ਕਵਿਤਾ ਦੀ ਸਿਖ਼ਰ ਦੇ ਦੌਰ ’ਚ ਅੱਜ
ਲਫ਼ਜ਼
ਟੇਬਲ ਲੈਂਪ ਦੀ ਰੌਸ਼ਨੀ ਨਾਲ ਹੀ ਪੰਘਰ ਕੇ
ਪਦਵੀਆਂ ‘ਤੇ ਸਨਮਾਨ ਚਿੰਨ੍ਹਾ ’ਚ
ਢਲ ਗਏ ਨੇ
‘ਤੇ ਡਰਾਇੰਗ ਰੂਮ ਦੇ ਸ਼ਿੰਗਾਰ ਖਾਨਿਆਂ ਦੇ ਪਿੱਛੇ
ਕਵੀ ਦੀ ਜ਼ਮੀਰ ਦੇ ਤਹਿਖਾਨਿਆਂ ’ਚ ਕਿਧਰੇ
ਕਵਿਤਾ ਸਿਰ ਝੁਕਾਈ ਬੈਠੀ ਹੈ
– ਮਨਪ੍ਰੀਤ
bahut hi khoobsoorat ehsaas,mapreet ji;te bhaavaatmil lafz;thoRii hor polish ho sadi hai,lekin ih sirf merii raaye hai
ਬਹੁਤ ਹੀ ਸ਼ਾਨਦਾਰ ਰਚਨਾ ਹੈ ਅਜੋਕੀ ਪੰਜਾਬੀ ਕਵਿਤਾ ਦੀ ਤ੍ਰਾਸਦੀ ਨੂੰ ਬਹੁਤ ਵਧੀਆ ਬਿਆਨ ਕੀਤਾ ਤੁਸੀਂ ਅਜੋਕੇ ਦੌਰ ਦੀ ਲੁਕਾਈ ਨਾਲੋਂ ਟੁੱਟੀ ਹੋਈ ਕਵਿਤਾ ਤੇ ਉਸਦੇ ਰਚਨਹਾਰਿਆਂ ਨੂੰ ਬਹੁਤ ਸੂਖਮ ਸਪੱਸ਼ਟ ਤੇ ਕਰੜੀ ਚੋਟ ਮਾਰੀ ਹੈ………………