ਖੁਦਕੁਸ਼ੀ: ਕਰਨ ਭੀਖੀ


ਖੁਦਕੁਸ਼ੀ ਬੁਜ਼ਦਿਲੀ ਹੈ            
ਅਵਾਮ ਲਈ ਖੜ੍ਹਨਾ
ਹੱਕਾਂ ਲਈ ਲੜਨਾ
ਲੜਦਿਆਂ ਮਰਨਾ ਜ਼ਿੰਦਗੀ ਹੈ

ਕਿਰਤੀ ਹੱਡਾਂ ‘ਚ ਵੀ
ਕਿਉਂ ਬੈਠ ਗਈ ਆਲਸ
ਹੱਕਾਂ ਦੀ ਆਵਾਜ਼ ਕਿਉਂ ਪੈ ਗਈ ਮੱਧਮ

ਹਰ ਚਿਹਰਾ ਹੋ ਗਿਆ
ਵੇ ਵਕਤਾ
ਦੇਸ਼ ਦਾ ਨੇਤਾ
ਕਿਸੇ ਹੋਰ ਦੁਨੀਆਂ ‘ਚ ਵਸਦਾ ਹੈ
ਹੱਸਦਾ ਹੈ
ਲੋਕਾਈ ਨੂੰ ਲਗਾਤਾਰ ਡੱਸਦਾ ਹੈ ।

ਆਤਮ ਹੱਤਿਆ ਹੱਲ ਨਹੀਂ
ਜ਼ਿੰਦਗੀ ਦਾ
ਕਿ ਚੱਲੋ ਤੁਰੋ
ਚੁੱਕੋ ਪਰਚਮ
ਲਹਿਰਾਓ ਹਵਾ ਵਿਚ
ਪਰਚਮ ਖੁਦ ਗਾਏਗਾ
ਬਰਾਬਰਤਾ ਦੇ ਸਮਾਜ ਦਾ ਗੀਤ
ਵਿਖੇਗਾ ਹਰ ਚਿਹਰੇ ‘ਤੇ ਖੁਸ਼ੀ ਦਾ ਸੰਗੀਤ

ਕੀ ਹਿੰਮਤ ਧਾੜਵੀ ਦੀ
ਕਿ ਕਦਮ ਹੀ ਰੱਖ ਜਾਏ
ਇਸ ਸਰਜਮੀਂ ‘ਤੇ
ਅੰਦਰੋਂ ਹੀ ਪੈਦਾ ਹੋ ਗਏ ਧਾੜਵੀ
ਧਾੜਵੀ ਜੋ ਦੇਸ਼ ਦੇ ਰਾਖੇ ਕਹਾਉਂਦੇ ਰਹੇ

ਆਓ
ਇਤਿਹਾਸ ਦੇ ਪੰਨੇ ਫਰੋਲੀਏ
ਪੰਨਿਆਂ ‘ਚੋਂ
ਅੱਗ ਦੀ ਚਿਣਗ ਢੋ ਲੀਏ
ਤੇ ਦਸੀਏ
ਨਾਇਕ ਕੌਣ ਨੇ
ਤੇ ਨਾਇਕ ਕਦੇ ਵੀ
ਖੁਦਕੁਸ਼ੀ ਨਹੀਂ ਕਰਦੇ
ਉਹ ਤੱਤੀਆਂ ਹਵਾਵਾਂ ਖਿਲਾਫ
ਖੜ੍ਹਦੇ ਨੇ ਤੇ ਲੜਦੇ ਨੇ
ਲੜਦਿਆਂ ਮਰਦੇ ਨੇ
ਖੁਦਕੁਸ਼ੀ ਬੁਜ਼ਦਿਲੀ ਹੈ ।

-ਕਰਨ ਭੀਖੀ, ਮਾਨਸਾ


Posted

in

,

by

Tags:

Comments

Leave a Reply

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com