ਆਪਣੀ ਬੋਲੀ, ਆਪਣਾ ਮਾਣ

ਗੁਰਮੁਖੀ ਲਿਖਤ ਵਿਚ ਆ ਵੜੀ ਬੇਲੋੜੀ ਬਿੰਦੀ

ਅੱਖਰ ਵੱਡੇ ਕਰੋ+=

     ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ। ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਹਾਰ-ਸ਼ਿੰਗਾਰ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘੱਟੋ-ਘੱਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ। ਇਹ ਤਾਂ ਮੰਨਣਾ ਹੀ ਪਵੇਗਾ ਕਿ ਜਿਹੜੀ ਵਸਤੂ ਸਦੀਆਂ ਤੋਂ ਨਹੀਂ ਬਲਕਿ ਕਈ ਸਦੀਆਂ ਤੋਂ ਇਸਤਰੀ ਦੇ ਸ਼ਿੰਗਾਰ ਦਾ ਹਿੱਸਾ ਬਣੀ ਹੋਈ ਹੈ ਤੇ ਕਿਸੇ ਨੇ ਇਸ ਨੂੰ ਹਟਾਉਣ ਦਾ ਯਤਨ ਨਹੀ ਕੀਤਾ ਤਾਂ ਨਿਸਚੇ ਹੀ ਇਹ ਸੁੰਦਰਤਾ ਵਿਚ ਵਾਧਾ ਕਰਦੀ ਹੀ ਹੋਵੇਗੀ। ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਖ਼ੂਬਸੂਰਤੀ ਵਿਚ ਵਾਧਾ ਕਰਨ ਦੀ ਥਾਂ, ਇਸ ਦੀ ਬਦਸੂਰਤੀ ਵਿਚ ਘਨੇਰਾ ਯੋਗਦਾਨ ਪਾ ਰਹੀ ਹੈ।
      ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ; ਇਸ ਲਈ ਇਸ ਵਰਣਮਾਲ਼ਾ ਦਾ ਨਾਂ ਵੀ ‘ਪੈਂਤੀ’ ਹੀ ਸੀ ਤੇ ਹੈ। ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਉਹਨਾਂ ਦਾ ਸਹੀ ਉਚਾਰਨ ਕਰਨ ਵਾਸਤੇ ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਸਮੱਸਿਆ ਦਾ ਹੱਲ ਕੱਢ ਕੇ ਕਾਰਜ ਸਾਰ ਲਿਆ; ਜਿਵੇਂ:
ਸ਼ ਖ਼ ਗ਼ ਜ਼ ਫ਼
      ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਲ਼ ਬਣਾ ਕੇ, ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ, ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ। ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ ਹਾਹਾ ਪਾ ਕੇ ਲਿਖਣ ਦੀ ਗ਼ਲਤ ਜ਼ਿਦ ਕਰਦੇ ਹਨ।
      ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ। ਜਦੋਂ ਲੋੜ ਪਈ ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ, ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਜਿਹਾ ਹੀ ਪੈ ਗਿਆ ਹੈ। ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਣ ਲਈ ਇਹਨਾਂ ਦੀ ਲੋੜ ਨਹੀਂ ਸੀ। ਸੋ, ਜੇ ਇਹ ਬਿੰਦੀ ਨਾ ਵੀ ਵਰਤੀ ਜਾਵੇ ਤਾਂ ਪੰਜਾਬੀ ਦੇ ਉਚਾਰਣ ਵਿਚ ਕੋਈ ਦੋਸ਼ ਨਹੀ। ਹਾਂ, ਜੇ ਇਹ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ।
      ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ, ਵੱਧ ਤੋਂ ਵੱਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪ੍ਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਅਤੇ ਇਸ ‘ਮਹਾਨ ਕਾਰਜ’ ਵਿਚ ਦੂਜਿਆਂ ਨੂੰ ਪਛਾੜਨ ਲਈ, ਆਪਣੀਆਂ ਲਿਖਤਾਂ ਵਿਚ ਬਿੰਦੀਆਂ ਦੇ ਵਾਧੇ ਵਾਲਾ, ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ। ਏਥੋਂ ਤੱਕ ਕਿ ਪੰਜਾਬੀ ਦੇ ਅਧਿਆਪਕ ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ। ਠੀਕ ਵੀ ਹੈ, “ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ‘ਕੱਲੀ।”
ਦੱਸੋ ਭਾਈ:
ਤਰਜ਼ੀਹ, ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼, ਜ਼ਾਰੀ, ਫੌਜ਼, ਜ਼ੋ, ਬਿਜ਼ਲੀ, ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਤਰਜ਼ਮਾਨ, ਜ਼ਨਾਨੀ, ਜ਼ਲਵਾ, ਰਿਫ਼ਿਊਜ਼ੀ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, ਜ਼ਬਰ, ਜ਼ੋੜ, ਹੇਜ਼, ਸਟੇਜ਼, ਹਾਜ਼ਰੀ, ਅਜ਼ੇ, ਮੌਜ਼ੂਦ, ਬਜ਼ਟ,
ਵਾਲ਼ੇ ਚੰਗੇ ਭਲੇ ਜ ਦੇ ਪੈਰ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਣ ਦੀ ਯੱਖਣਾ ਪੁੱਟਣ ਦਾ ‘ਸ਼ੁਭ ਕਾਰਜ’ ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ। ਇਹ ਮੰਨਣ ਵਿਚ ਨਹੀ ਆਉਂਦਾ ਕਿ ਡਾ. ਮਹੀਪ ਸਿੰਘ ਵਰਗਾ ਚਾਰ ਜ਼ਬਾਨਾਂ ਦਾ ਵਿਦਵਾਨ, ਤਰਜੀਹ ਨੂੰ ਤਰਜ਼ੀਹ ਲਿਖਦਾ ਹੋਵੇ। ਇਹ ਮੰਨਣਾ ਵੀ ਬੜਾ ਹੀ ਔਖਾ ਲੱਗਦਾ ਹੈ ਕਿ ਪੋਸਟ ਗਰੈਜੂਏਟ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ, ਸੁਰਿੰਦਰ ਮੰਡ, ਅਜੇ ਨੂੰ ਅਜ਼ੇ ਲਿਖਣ ਦੀ ਗ਼ਲਤੀ ਕਰਦਾ ਹੋਵੇ! ਫਿਰ ਇਹ ਗ਼ਲਤੀ ਹੈ ਕਿੱਥੇ? ਕਿਤੇ ਇਹ ਤਾਂ ਨਹੀਂ ਕਿ ਕੰਪਿਊਟਰ ਵਿਚ ਫ਼ੌਂਟ ਦੀ ਬਦਲੀ ਕਰਨ ਸਮੇ ਅਜਿਹੀਆਂ ਗ਼ਲਤੀਆਂ ਸਹਿਵਨ ਹੀ ਹੋ ਜਾਂਦੀਆਂ ਹੋਣ ਅਤੇ ਜੋ ਪਰੂਫ਼-ਰੀਡਰ ਠੀਕ ਕਰਨ ਵੱਲੋਂ ਅਣਗਹਿਲੀ ਕਰ ਜਾਂਦੇ ਹੋਣ। ਅਜਿਹਾ ਕੁਝ ਮੇਰੇ ਲੇਖਾਂ ਨਾਲ ਵੀ ਹੋ ਜਾਂਦਾ ਹੈ। ਮੈ ਕੁਝ ਦੇ ਉਤੇ ਅਧਕ ਲਾਉਣ ਦੇ ਹੱਕ ਵਿਚ ਨਹੀ ਤੇ ਕਦੀ ਵੀ ਨਹੀ ਲਾਉਂਦਾ, ਪਰ ਮੇਰੇ ਹਰ ਲੇਖ ਵਿਚ, ਛਪਣ ਸਮੇ ਕੁਝ ਉਪਰ ਇਹ ਅਧਕ ਬਦੋ ਬਦੀ ਟਾਂਕਿਆ ਹੋਇਆ ਹੁੰਦਾ ਹੈ, ਜੋ ਮੈਨੂੰ ਬੜਾ ਹੀ ਚੁਭਦਾ ਹੈ, ਪਰ ਸੰਪਾਦਕਾਂ ਦੀ ਨਾਰਾਜ਼ਗੀ ਤੋਂ ਡਰਦਾ, ਮੈਂ ਚੁੱਪ ਰਹਿੰਦਾ ਹਾਂ। ਇਕ ਸੰਪਾਦਕ ਜੀ ਨੇ ਇਸ ਗੱਲ ਦਾ ਵਾਹਵਾ ਗੁੱਸਾ ਕਰ ਲਿਆ ਸੀ। ਇਸ ਦੇ ਬਾਵਜੂਦ ਵੀ ਉਹ ਮੇਰੇ ਹਰੇਕ ਲੇਖ ਵਿਚਲੇ ਕੁਝ ਉਪਰ ਅਧਕ ਲਾਉਂਦਾ ਹੈ। ਮੈ ਫਿਰ ਏਹੀ ਸਮਝਿਆ ਕਿ ਫ਼ੌਂਟ ਦੀ ਬਦਲੀ ਸਮੇ ਇਹ ਅਧਕ ਮੇਰੇ ਕੁਝ ਉਪਰ ਸਵਾਰ ਹੋ ਕੇ, ਇਸ ਨੂੰ ਕੁੱਝ ਬਣਾ ਧਰਦਾ ਹੈ, ਜੋ ਕਿ ਕਤਈ ਗ਼ਲਤ ਹੈ।
      ਪਹਿਲਾਂ ਨਾਲ਼ੋਂ ਹੁਣ ਵੱਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈੱਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ। ਸੰਪਾਦਕਾਂ ਪਾਸ ਨਾ ਸਮਾਂ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ। ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵੱਧ ਹੈ। ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਜਰੂਰੀ ਨਹੀ ਸਮਝਦੇ। ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪਾਸੇ ਉੱਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਨਾਮੀ, ਵੱਡਾ ਗ੍ਰੰਥ ਵੀ ਰਚਿਆ ਸੀ, ਪਰ ਉਸ ਵਿਚ ਮਿੱਥੇ ਗਏ ਨਿਯਮਾਂ ਉਪਰ ਵੀ, ਉਸ ਸਮੇ ਸਾਰੇ ਵਿਦਵਾਨਾਂ ਦੀ ਸੰਮਤੀ ਨਹੀ ਹੋ ਸਕੀ ਸੀ। ਇਸ ਤੋਂ ਇਲਾਵਾ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਹੋਏ ਨਿਯਮਾਂ ਉਪਰ ਅਮਲ ਨਹੀ ਕਰਦੀ। ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ। ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ। ਉਹਨਾਂ ਵਿਚੋਂ ਇਕ ਗ੍ਰੰਥ ‘ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ’, ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈ ਆਪਣੇ ਨਾਲ਼ ਏਥੇ ਸਿਡਨੀ ਵੀ ਲੈ ਆਇਆ। ਹੁਣ ਜਦੋਂ ਮੈਂ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵੱਧ ਮੈਂ ਹੋਰ ਕਿਤੇ ਨਹੀ ਵੇਖੀ। ਲੱਗਦਾ ਹੈ ਕਿ ਜਿਵੇਂ ਜੋ ਇਸ ਕਿਤਾਬ ਦੇ ਲੇਖਕ ਨੇ, ਕਾਹਲ਼ੀ ਵਿਚ ਲਿਖ ਦਿਤਾ, ਉਸ ਦੀ ਪਰੂਫ਼ ਰੀਡਿੰਗ ਕਰਕੇ, ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ ਗਈ। ਇਹ ਉਸ ਸੰਸਥਾ ਦਾ ਹਾਲ ਹੈ ਜੋ ਕੇਵਲ ਅਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਤਰੱਕੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ। ਬਾਕੀ ਅਦਾਰਿਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ।
      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲੋਂ ਸ਼ਬਦ ਜੋੜਾਂ ਦੀ ਸ਼ੁੱਧਤਾ ਤੇ ਸਰਲਤਾ ਵਧੇਰੇ ਹੋਇਆ ਕਰਦੀ ਸੀ, ਪਰ ਹੁਣ ਓਥੇ ਵੀ ਥੋਹੜੇ ਜਿਹੇ ਘਾਟੇ ਨਾਲ, ਇਹੋ ਹਾਲ ਹੋ ਗਿਆ ਹੈ।
      ਇਸ ਤੋਂ ਇਲਾਵਾ ਕੁਝ ਸ਼ਬਦ ਪੰਜਾਬੀ ਵਿਚ ਅਜਿਹੇ ਵੀ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚ ਬਿੰਦੀ ਲਾਉਣ ਨਾਲ ਜਾਂ ਨਾ ਲਾੳਣ ਨਾਲ, ਉਹਨਾਂ ਦੇ ਅਰਥਾਂ ਵਿਚ ਫਰਕ ਪੈ ਜਾਂਦਾ ਹੈ। ਉਹਨਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
      ਰਾਜ਼ (ਭੇਤ) ਤੇ ਰਾਜ (ਰਿਆਸਤ), ਜਾਤ (ਜਾਤੀ) ਤੇ ਜ਼ਾਤ (ਨਿਜ), ਜਨ (ਵਿਅਕਤੀ) ਤੇ ਜ਼ਨ (ਔਰਤ)
ਇਹਨਾਂ ਨੂੰ ਲਿਖਣ ਛਾਪਣ ਵੇਲੇ, ਅਸੀਂ ਇਹਨਾਂ ਦੇ ਅਰਥਾਂ ਵਿਚ ਕੋਈ ਫ਼ਰਕ ਨਹੀ ਸਮਝਦੇ।
      ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ। ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ। ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ। ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾਂ ਵੀ ਉਹ ਸਾਰ ਹੀ ਲੈਣਗੇ। ਇਸ ਬਾਰੇ ਸਾਨੂੰ ਬੇਲੋੜੇ ਫ਼ਿਕਰ ਦੀ ਲੋੜ ਨਹੀਂ।
-ਗਿਆਨੀ ਸੰਤੋਖ ਸਿੰਘ

Comments

Leave a Reply

This site uses Akismet to reduce spam. Learn how your comment data is processed.

You cannot copy content of this page.

ਕਾਪੀ ਕਰਨਾ ਮਨ੍ਹਾਂ ਹੈ।

ਆਪਣੀ ਪਸੰਦ ਦੀ ਪੋਸਟ ਪ੍ਰਾਪਤ ਕਰਨ ਲਈ ਈ-ਮੇਲ ਕਰੋ lafzandapul@gmail.com