ਮਾਰਚ 2008 ਤੋਂ ਅਸੀ ਹਰ ਵਰ੍ਹਾ ਨਾਰੀ ਵਰ੍ਹੇ ਵੱਜੋਂ ਮਨਾਉਣ ਅਤੇ ਔਰਤਾਂ ਦੀ ਬਰਾਬਰੀ, ਸਵੈ-ਹੋਂਦ ਅਤੇ ਤਿੰਨ ਸੌ ਪੈਂਹਠ ਦਿਨਾਂ ਲਈ ਸਤਿਕਾਰ ਕੀਤੇ ਜਾਣ ਦੇ ਹੱਕ ਵਿਚ ਭਰੂਣ-ਹੱਤਿਆ, ਦਾਜ ਅਤੇ ਹੋਰ ਸਾਮਾਜਿਕ ਕੁਰੀਤੀਆਂ ਕਰ ਕੇ ਮਰਦ-ਪ੍ਰਧਾਨ ਸਮਾਜ ਦਾ ਸ਼ਿਕਾਰ ਬਣਾਏ ਜਾਣ ਦੇ ਖ਼ਿਲਾਫ਼ ਕਲਮਾਂ ਦਾ ਇਕ ਕਾਫ਼ਲਾ ਤੋਰਿਆ ਸੀ। ਸੁਰਜੀਤ ਹੁਰਾਂ ਪਹਿਲੇ ਦਿਨ ਤੋਂ ਉਸ ਕਾਫ਼ਿਲੇ ਵਿਚ ਆਪਣਾ ਯੌਗਦਾਨ ਪਾਇਆ ਹੈ। ਇਸੇ ਲੜੀ ਵਿਚ ਇਸ ਵਰ੍ਹੇ ਵੀ ਉਨ੍ਹਾਂ ਦੀ ਇਕ ਕ੍ਰਾਂਤੀਕਾਰੀ ਕਵਿਤਾ ਆਈ ਹੈ। ਲਫ਼ਜ਼ਾਂ ਦਾ ਪੁਲ ਸਮੁੱਚੀ ਪੰਜਾਬੀ ਕੌਮ ਅਤੇ ਲੋਕਾਈ ਵਿਚ ਅਜਿਹੇ ਹੌਂਸਲੇ ਅਤੇ ਸੋਚ ਵਾਲੀਆਂ ਔਰਤਾਂ ਨੂੰ ਸਲਾਮ ਕਰਦਾ ਹੈ, ਜੋ ਇਸ ਕਵਿਤਾ ਵਾਲੀ ਨਾਇਕਾ ਪ੍ਰਗਟਾ ਰਹੀ ਹੈ। -ਲਫ਼ਜ਼ਾਂ ਦਾ ਸੇਵਾਦਾਰ
ਤੂੰ ਮੇਰਾ ਰੱਬ ਨਹੀਂ
ਨਾ ਹੀ ਮੇਰਾ ਰਿਜਕਦਾਤਾ ਏਂ
ਮੈਂ ਤਾਂ ਸਦੀਆਂ ਤੋਂ
ਤੇਰੀਆਂ ਨਸਲਾਂ ਦੀ
ਮੁਸ਼ੱਕਤ ਕੀਤੀ ਹੈ
ਭੱਤਾ ਢੋਇਆ ਹੈ
ਚੱਕੀ ਪੀਸੀ ਹੈ
ਤੇ………
ਚੌਂਕਿਆਂ ‘ਚ
ਆਪਣੀ ਕਾਇਆ ਬੁੱਢੀ ਕੀਤੀ ਹੈ !
ਤੇਰੀ ਕੁਲ ਨੂੰ
ਤੋਰੀ ਰੱਖਣ ਲਈ
ਮੈਂ ਹੀ…..
ਹਰ ਵਾਰ…..
ਮਾਰੂ ਪੀੜਾਂ ‘ਚੋਂ ਲੰਘਦੀ ਰਹੀਂ ਹਾਂ !
ਤੇਰੀ ਹਸਤੀ ਦੇ
ਅਨੇਕਾਂ ਰੰਗ ਸਹੇ ਨੇ
ਮੈਂ………
ਆਪਣੇ ਜ਼ਿਹਨ ‘ਤੇ
ਆਪਣੇ ਜਿਸਮ ‘ਤੇ
ਘਰ ਤੇ ਬਾਹਰ ਦੇ
ਫ਼ਾਸਲੇ ਨਾਪਦੀ
ਮੇਰੀ ਦੇਹੀ……….
ਉਮਰ ਤੋਂ ਪਹਿਲਾਂ
ਕੁੱਬੀ ਹੋ ਜਾਂਦੀ ਰਹੀ !
ਚੇਤੇ ਰਖੀਂ…..
ਮੈਂ ਸਾਰੀ ਉਮਰ
ਮਿਹਨਤ ਦਾ ਤੇ ਸਬਰ ਦਾ
ਘੋਰ ਤਪ ਕੀਤਾ ਹੈ
ਤੇ ਤੈਨੂੰ ਜੀਵਨ ਦਿਤਾ ਹੈ….. !
ਤੂੰ ਮੇਰਾ ਰਿਜਕਦਾਤਾ ਨਹੀਂ
ਮੈਂ ਤੇਰੀ ਜੀਵਨਦਾਤੀ ਹਾਂ !!
-ਸੁਰਜੀਤ
Leave a Reply