ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

ਮਿੱਤਰੋ ਔਰਤ ਨੂੰ ਹਮੇਸ਼ਾ ਬਾਬਲ ਦੀ ਪੱਗ ਨਾਲ ਜੋੜ ਕੇ ਦੇਖਿਆ ਗਿਆ ਹੈ, ਕਦੇ ਮਾਂ ਦੀ ਗੋਦ ਨਾਲ ਨਹੀਂ। ਪੁੱਤ ਦੀਆਂ ਪੀੜੀਆਂ ਦੀ ਗੱਲ ਚੱਲਦੀ ਹੈ ਤਾਂ ਪੜਦਾਦੇ, ਦਾਦੇ, ਪਿਉ,ਪੁੱਤ, ਪੋਤਰੇ, ਪੜਪੋਤਰੇ ਦੀ ਗੱਲ ਹੁੰਦੀ ਹੈ, ਪਰ ਧੀਆਂ ਦੇ ਬਾਰੇ ਕਦੀ ਨਾਨੀ, ਮਾਂ, ਦੋਹਤੀ ਬਾਰੇ ਗੱਲ ਨਹੀਂ ਕੀਤੀ ਜਾਂਦੀ। ਅੱਜ ਲੋੜ ਇਸੇ ਸੋਚ ਨੂੰ ਅਪਣਾਉਣ ਦੀ ਹੈ ਕਿ ਧੀਆਂ ਜਿਸ ਘਰ ਜਾਂਦੀਆਂ ਹਨ ਨਾ ਸਿਰਫ ਉਸ ਵੰਸ਼ ਦਾ ਵਿਸਤਾਰ ਕਰਦੀਆਂ ਹਨ, ਬਲਕਿ ਆਪਣੀ ਕੁੱਲ ਦਾ ਵੀ ਨਾਮ ਰੌਸ਼ਨ ਕਰਦੀਆਂ ਹਨ। ਆਉ ਪ੍ਰਣ ਕਰੀਏ ਨੂੰਹਾਂ ਨੂੰ ਧੀਆਂ ਸਮਝੀਏ ‘ਤੇ ਧੀਆਂ ਦੀਆਂ ਜਾਈਆਂ ਨੂੰ ਪਿਆਰ ‘ਤੇ ਸਤਿਕਾਰ ਦੇਈਏ। ਤਦੇ ਸਾਡਾ ਸਮਾਜ ਸੰਪੂਰਨ ਥੀਵੇਗਾ। ਨਾਰੀ ਦਿਵਸ ਦੇ ਮੌਕੇ ‘ਤੇ ਇਸੇ ਖਿਆਲ ਨੂੰ ਸਮਰਪਿਤ ਇਕ ਕਵਿਤਾ, ਆਪਣੀ ਟਿੱਪਣੀ ਨਾਲ ਹੁੰਗਾਰਾ ਜ਼ਰੂਰ ਦੇਣਾ।

ਧੀ ਦੀ ਜਾਈ

ਅੱਜ ਫੇਰ ਮੇਰੀ ਗੋਦੀ ਵਿੱਚ
ਇਕ ਨਿੱਕੀ ਜਿੰਦ ਹੈ ਖੇਡ ਰਹੀ
ਇਕ ਨਿੱਕੀ ਜਿੰਦ ਕਈ ਸਾਲ ਪਹਿਲਾਂ ਵੀ
ਇਸ ਗੋਦੀ ਵਿੱਚ ਖੇਡੀ ਸੀ

ਯਾਦ ਹੈ ਮੈਨੂੰ
ਮੈਂ ਉਸਨੂੰ
ਕਦੇ ਚੁੰਮਦੀ ਕਦੇ ਥਪਥਪਾਉਂਦੀ
ਉਹ ਰੋਂਦੀ ਤਾਂ ਘੁੱਟ ਸੀਨੇ ਨਾਲ ਲਾਉਂਦੀ
ਬਾਹਾਂ ਦੇ ਪੰਘੂੜੇ ‘ਚ
ਮਸਤੀ ਨਾਲ ਝੁਲਾਂਉਂਦੀ
ਦੁੱਧ ਚੁੰਘਾਂਉਂਦੀ
ਫੇਰ ਏਸ ਦੁਨੀਆ ਤੋਂ ਅਚੇਤ ਉਹ
ਗੂੜੀ ਨੀਂਦੇ ਸੋਂ ਜਾਂਦੀ
ਉਹ ਹੌਲੀ ਹੌਲੀ ਵੱਧਦੀ ਗਈ
ਰਿਵਾਜ਼ ਦੁਨੀਆ ਦੇ ਸਿੱਖਦੀ ਗਈ
ਪਤਾ ਵੀ ਨਾ ਲੱਗਾ ਕਦ ਮੇਰੇ
ਮੋਢੇ ਨਾਲ ਮੋਢਾ ਜੋੜ ਆ ਖੜੀ
‘ਤੇ ਆਖ਼ਿਰ ਇਕ ਦਿਨ ਮੈਨੂੰ ਰੋਂਦਾ ਛੱਡ
ਉਹ ਘਰ ਬੇਗਾਨੇ ਚਲੀ ਗਈ

ਅੱਜ ਫੇਰ ਉਹ ਆਈ ਹੈ
ਪਰ ਉਹ ਹੁਣ ਮੇਰੀ ਗੋਦੀ ਵਿੱਚ ਨਹੀਂ ਬਹਿੰਦੀ
ਹਾਂ ਮੇਰੀ ਗੋਦੀ ਵਿੱਚ ਬਿਠਾਉਣ ਲਈ
ਇੱਕ ਨਿੱਕੀ ਜਿੰਦ ਲਿਆਈ ਹੈ
ਬਿਲਕੁਲ ਆਪਣੇ ਵਰਗੀ
ਜਿਵੇਂ ਮੁੜ ਧਰਤੀ ‘ਤੇ ਆਈ ਹੈ
ਅੱਜ ਮੇਰੀ ਗੋਦ ‘ਚ ਖੇਡੇ ਜੋ
ਮੇਰੀ ਧੀ ਦੀ ਜਾਈ ਹੈ

-ਦੀਪ ਜਗਦੀਪ ਸਿੰਘ


ਚੰਗੀ ਲੱਗੀ ਤਾਂ ਸ਼ਿਅਰ ਕਰੋ, ਨਹੀਂ ਤਾਂ ਹੇਠਾਂ ਕਮੈਂਟ ਵਿਚ ਆਪਣੇ ਵਿਚਾਰ ਦਿਉ।

7 thoughts on “ਧੀ ਦੀ ਜਾਈ

  1. ਦੀਪ ਜੀ..ਮਾਂ ਤੇ ਫੇਰ ਨਾਨੀ ਬਣਨ ਦੇ ਸਫ਼ਰ ਦੀ ਸੰਵੇਦਨਾ ਤੁਸੀਂ ਲਫ਼ਜ਼ਾਂ 'ਚ ਬਹੁਤ ਹੀ ਵਧੀਆ ਢੰਗ ਨਾਲ਼ ਪੇਸ਼ ਕੀਤੀ ਹੈ। ਮੁਬਾਰਕਬਾਦ ਕਬੂਲ ਕਰੋ!
    ਮੈਂ ਆਰਸੀ ਕਰਕੇ ਜ਼ਰੂਰਤ ਤੋਂ ਜ਼ਿਆਦਾ ਰੁੱਝੀ ਹੋਣ ਕਰਕੇ ਕਈ ਵਾਰੀ ਦੋਸਤਾਂ ਦੇ ਬਲੌਗਾਂ ਤੇ ਹਾਜ਼ਰੀ ਦੇਰੀ ਨਾਲ਼ ਲਵਾਉਂਣ ਦੀ ਖ਼ਤਾ ਨਾ ਚਾਹੁੰਦੇ ਹੋਏ ਵੀ ਕਰ ਜਾਂਦੀ ਹਾਂ..ਮੁਆਫ਼ੀ ਦੀ ਹੱਕਦਾਰ ਹਾਂ।
    ਇੱਕ ਵਾਰ ਫੇਰ ਦੁਹਰਾ ਰਹੀ ਹਾਂ ਕਿ 'ਲਫ਼ਜ਼ਾਂ ਦਾ ਪੁਲ' ਸਾਈਟ ਦੀ ਨਵੀਂ ਦਿੱਖ ਆਕ੍ਰਸ਼ਕ ਹੈ। ਪੰਜਾਬੀ ਭਾਸ਼ਾ ਦੇ ਪਾਸਾਰ ਲਈ ਸਾਨੂੰ ਰਲ਼ ਕੇ ਹੰਭਲ਼ਾ ਮਾਰਨਾ ਚਾਹੀਦਾ ਹੈ।

    ਸ਼ੁੱਭ ਇੱਛਾਵਾਂ ਸਹਿਤ
    ਤਨਦੀਪ 'ਤਮੰਨਾ'

Leave a Reply

Your email address will not be published.